ਸਰਕਸ ‘ਚ ਨਵੇਂ ਆਏ ਸ਼ੇਰ ਨੇ ਬਾਕੀ ਦੇ ਜਾਨਵਰਾਂ ਨੂੰ ਏ ਦੱਸਣਾ ਸ਼ੁਰੂ ਕਰ ਦਿੱਤਾ ਕਿ ਅਸੀ ਗੁਲਾਮ ਹਾਂ, ਏ ਸੁਣਦਿਆਂ ਹੀ ਬਾਕੀਆਂ ਨੇ ਮਾਲਕ ਅੱਗੇ ਅਰਜ਼ ਕੀਤੀ ਕਿ “ਇਹਨੂੰ ਜਿੰਨੀ ਛੇਤੀ ਹੋ ਸਕੇ ਪਿੰਜਰੇ ਤਾੜਿਆ ਜਾਵੇ। ਭਲਾ ਸਾਨੂੰ ਨਹੀ ਪਤਾ ਕਿ ਅਸੀਂ ਗੁਲਾਮ ਹਾਂ?
ਪਰ ਇਸ ਗੁਲਾਮੀ ‘ਚ ਸਰੀਰਿਕ ਸੁਖ ਸਹੂਲਤਾਂ ਤੇ ਐਸ਼ੋ ਅਰਾਮ ਦੀ ਕੋਈ ਥੋੜ ਨਹੀ। ਹਾਂ ਜਮੀਰਾਂ ਦੀ ਗੱਲ ਕਰਨ ਅਤੇ ਸੁਣਨ ਤੇ ਪਾਬੰਦੀ ਜ਼ਰੂਰ ਏ, ਪਰ ਫਿਰ ਕੀ ਹੋਇਆ! ਏ ਬਹੁਤਾ ਸਿਆਣਾ ਆ ਗਿਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਓਣ? ਏਨੂੰ ਪਿੰਜਰੇ ਪਾਓ ਤੇ ਸਾਨੂੰ ਆਪਣੀ ਰਜ਼ਾ ‘ਚ ਰੱਖੋ।”
ਸ਼ੀਹਣੀ ਮਾਂ ਦੇ ਜੰਮੇ ਸ਼ੇਰ ਨੂੰ ਮਾਲਕ ਨੇ ਪਿੰਜਰੇ ਪਾ ਦਿੱਤਾ। ਸਰਕਸ ਦੇ ਸਾਰੇ ਦਾਨਿਸ਼ਵਰ, ਵਿਦਵਾਨ ਚੁੱਪ ਹੋ ਗਏ। ਮਾਲਕ ਕੋਲ ਸ਼ਿਕਾਇਤ ਲੈਕੇ ਜਾਣ ਵਾਲਿਆਂ ਮਗਰਮੱਛ ਦੇ ਹੰਝੂ ਸੁੱਟ ਨੈਤਿਕ ਕੱਦ ਬਚਾਓਣ ਦੀ ਅਸਫਲ ਕੋਸ਼ਿਸ਼ ਕੀਤੀ। ਪਰ ਸ਼ਹਿਰ ਨੂੰ ਪਤਾ ਲੱਗ ਗਿਆ ਕਿ ਇਹ ਅੰਦਰੋਂ ਖੁਸ਼ ਨੇ।
ਸਭ ਨੇ ਮਾਲਕ ਦੇ ਇਸ ਕਾਰੇ ਨੂੰ ਏਦਾਂ ਸਹਿਮਤੀ ਦਿੱਤੀ ਜਿਵੇਂ ਸਰਕਸ ਦੇ ਅਖੌਤੀ ਸਭਿਅਕ ਸਮਾਜ ਲਈ ਖਤਰਾ ਹੋ ਗਏ ਕਿਸੇ ਸ਼ੀਹਣੀ ਦੇ ਸ਼ੇਰ ਨੂੰ ਪਿੰਜਰੇ ਤਾੜਨਾ ਜਾਇਜ਼ ਹੋਵੇ, ਕਿਉਂਕਿ ਗੁਲਾਮਾਂ ਦੇ ਸਮਾਜ ਨੂੰ ਅਜ਼ਾਦੀ ਦੀਆਂ ਪੱਟੀਆਂ ਪੜ੍ਹਾ ਰਿਹਾ ਸੀ।
ਸ਼ੀਹਣੀ ਮਾਂ ਨੇ ਆਪਣੇ ਸ਼ੇਰ ਲਈ ਜਿਊਂਦੇ ਸਿਰਾਂ ਦਾ ਸਾਥ ਮੰਗਿਆ, ਜਮੀਰਾਂ ਵਾਲੇ ਨਾਲ ਤੁਰੇ, ਪਰ ਗੁਲਾਮੀ ਦੀ ਪਿਓਂਦ ਨਾਲ ਪਲ਼ੇ ਤੇ ਖਾਸ ਅਮਲਾਂ ਨਾਲ ਚੁਣੇ ਗੁਲਾਮ ਆਗੂਆਂ ਨੇ ਜਮੀਰਾਂ ਵਾਲੇ ਲਾਰੇ ਲਾ ਘਰਾਂ ਨੂੰ ਤੋਰ ਦਿੱਤੇ। ਮਾਲਕ ਨੇ ਸ਼ੀਹਣੀ ਨੂੰ ਵੀ ਚੁੱਕ ਪਿੰਜਰੇ ਪਾ ਦਿੱਤਾ ਗਿਆ।
ਸ਼ੇਰਾਂ ਦੀਆਂ ਖੱਲਾਂ ‘ਚ ਲੁਕੇ ਗਿੱਦੜ ਸ਼ੀਹਣੀ ਦੇ ਹਲਾਤ ਵੇਖ ਹੱਥਾਂ ਤੇ ਹੱਥ ਮਾਰ ਹੱਸੇ। ਕੁੱਲ ਸਰਕਸ ਸਮਾਜ ਅੰਦਰ ਜਾਨਵਰਾਂ ਦੇ ਹੱਕਾਂ ਦੇ ਕਾਰਕੁੰਨ, ਖਬਰੀ ਅਦਾਰੇ, ਨੈਤਿਕਤਾ ਦੇ ਪਾਠ ਪੜਾਓਣ ਵਾਲੇ ਅਧਿਆਪਕ, ਸੰਪਾਦਕ, ਲੇਖਕ, ਧਾਰਮਿਕ ਆਗੂ, ਸਾਰਿਆਂ ਦੀਆਂ ਜੁਬਾਨਾਂ ਵੱਢੀਆਂ ਗਈਆਂ, ਕਲਮਾਂ ਟੁੱਟ ਗਈਆਂ।
ਸਿਰ ਤੋਂ ਚੁੰਨੀ ਨਾ ਖਿਸਕਣ ਦੇਣ ਵਾਲੀ ਸ਼ੀਹਣੀ ਮਾਂ ਦੀ ਪੱਤ ਨਾਲੋਂ ਸਰਕਸ ਦੇ ਪੱਤਰਕਾਰਾਂ ਤੇ ਵਿਦਵਾਨਾਂ ਨੂੰ ਕਿਸੇ ਵਿਆਹ ਦੀ ਸਟੇਜ ਤੇ ਲੂੰਬੜੀ ਨਾਲ ਹੋਏ ਦੁਰਵਿਹਾਰ ਦਾ ਹੇਜ ਮਾਰਨ ਲੱਗਾ।
ਕਈ ਸਾਲਾਂ ਤੋਂ ਜਮੀਰਾਂ ਮਾਰ ਸਰੀਰਿਕ ਤੌਰ ਤੇ ਜਿਊਂਦੇ ਰਹਿ ਰਹੇ ਸਰਕਸ ਦੇ ਆਗਿਆਕਾਰੀ ਜਾਨਵਰਾਂ ਨੂੰ ਫਿਕਰ ਪੈਣ ਲੱਗਾ। ਇੰਝ ਇੱਕ ਸ਼ੀਹਣੀ ਦੇ ਸ਼ੇਰ ਨੇ ਸਰਕਸ ਦਾ ਸਰਕਾਰੀ ਜ਼ਾਬਤਾ ਖਰਾਬ ਕਰ ਕਈਆਂ ਨੂੰ ਜਵਾਬਦੇਹ ਬਣਾ ਦਿੱਤਾ।
ਪਿੱਪਲ਼ ਸਿੰਘ