ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖ਼ਿਲਾਫ਼ ਹਨ – ਭਾਗ ਤੀਜਾ
—
ਪਹਿਲੇ ਭਾਗ ਵਿਚ ਆਪਾਂ ਵਿਚਾਰ ਕੀਤੀ ਸੀ ਕਿ ਜਾਤੀ ਇਕ ਭਾਈਚਾਰਕ ਵੰਡ ਹੈ ਜਿਸ ਨੂੰ ਸਮਾਜ ਨੇ ਵੱਖ-ਵੱਖ ਤਰਾਂ ਸ਼੍ਰੈਣੀਬੱਧ ਕੀਤਾ ਹੋਇਆ ਹੈ। ਜਾਤ ਨਸਲ ਦੇ ਪਿਛੋਕੜ ਨੂੰ ਸਾਂਭਕੇ ਰਖਦੀ ਹੈ ਇਸੇ ਤਰਾਂ ਗੋਤ ਸਾਡਾ ਪਰਿਵਾਰਕ ਪਿਛੋਕੜ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸਾਡੇ ਵੱਡੇ ਵਡੇਰੇ ਕੌਣ ਹਨ। ਕਿਸੇ ਵੱਲੋਂ ਆਪਣੇ ਨਾਮ ਨਾਲ ਜਾਤ ਗੋਤ ਲਿਖਣਾ ਜਾਤੀ ਹੰਕਾਰ ਨਹੀਂ ਹੈ ਪਰ ਜੇ ਕੋਈ ਆਪਣੀ ਜਾਤ-ਗੋਤ ਦੇ ਅਧਾਰ ਤੇ ਦੂਜਿਆਂ ਨਾਲੋਂ ਉੱਚ ਅਖਵਾਉਂਦਾ ਹੈ ਤਾਂ ਉਸ ਨੂੰ ਗੁਰਮਿਤ ਵਿਚ ਮੂਰਖ ਆਖਿਆ ਗਿਆ ਹੈ। ਇਸ ਭਾਗ ਵਿਚ ਗੁਰੂ ਗਰੰਥ ਸਾਹਿਬ ਜੀ ਵਿਚ ਜਾਤਾਂ ਗੋਤਾਂ ਬਾਰੇ ਵਿਚਾਰ ਕੀਤੀ ਗਈ ਸੀ।
ਇਸ ਲੜੀ ਦੇ ਦੂਜੇ ਭਾਗ ਵਿਚ ਦੱਸਿਆ ਗਿਆ ਸੀ ਕਿ ਜੱਟ ਨਸਲ ਜਿਸ ਨੂੰ ਅੱਜ-ਕੱਲ੍ਹ ਹਰ ਪੱਖੋਂ ਨਿਕਾਰਨ ਦਾ ਜੋਰ ਲੱਗਿਆ ਹੋਇਆ ਹੈ ਖਾਸਕਰ ਗੁਰਮਤਿ ਨਜਰੀਏ ਤੋਂ ਦਾਗੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਪੂਰੀ ਤਰਾਂ ਗਲਤ ਹੈ। ਦੂਜੇ ਭਾਗ ਵਿਚ ਸਿੱਖ ਗ੍ਰੰਥਾਂ ਅਤੇ ਗੁਰੂ ਸਾਹਿਬ ਦੇ ਹੁਕਮਨਾਮਿਆਂ ਵਿਚ ਜੱਟਾਂ ਦੇ ਮਾਣਮੱਤੇ ਵਰਨਨ ਨੂੰ ਦਰਸਾਇਆ ਗਿਆ ਹੈ ਜਿਸ ਵਿਚ ਸਿੱਖ ਧਰਮ ਦੀ ਇਤਿਹਾਸਕ ਉਸਾਰੀ ਵਿਚ ਜੱਟ ਸਿੱਖਾਂ ਵੱਲੋਂ ਪਾਏ ਯੋਗਦਾਨ ਦੇ ਹਵਾਲੇ ਹਨ।
ਹੁਣ ਤੀਜੇ ਭਾਗ ਵਿਚ ਆਪਾਂ ਦਲ ਖਾਲਸਾ ਬਾਰੇ ਗੱਲ ਕਰਦੇ ਹਾਂ। ਦਲ ਖਾਲਸਾ ਨੇ ਵੱਡੀ ਪੱਧਰ ਤੇ ਲਹੂ ਡੋਲ੍ਹਕੇ ਸਿੱਖ ਕੌਮ ਦੀ ਉਸਾਰੀ ਵਿਚ ਹਿੱਸਾ ਪਾਇਆ। ਦਲ ਖਾਲਸਾ ਨੂੰ ਆਪਣਾ ਖਰਚ ਚਲਾਉਣ ਲਈ ਕਈ ਤਰਾਂ ਦੀਆਂ ਮੁਸ਼ਕਲਾਂ ਆ ਰਹੀਆਂ ਸਨ। ਇਸ ਦਾ ਪ੍ਰਬੰਧ ਕਰਨ ਲਈ 29 ਮਾਰਚ ਸੰਨ 1734 ਈ: ਵਿਚ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਖਾਲਸੇ ਦਾ ਇਕੱਠ ਹੋਇਆ। ਇਹਦਾ ਮਕਸਦ ਸਿੱਖਾਂ ਨੂੰ ਜਥੇਬੰਧਕ ਤੌਰ ਤੇ ਵੰਡਣਾ ਸੀ। ਇਸ ਵੇਲੇ ਸਿੱਖ ਕੌਮ ਦੇ ਲੜਾਕੇ ਸਿੰਘ 65 ਜਥਿਆਂ ਵਿਚ ਵੰਡੇ ਹੋਏ ਸਨ। ਜਿਆਦਾ ਜਥੇ ਜਾਤੀ ਅਧਾਰਿਤ ਹੀ ਸਨ। ਸਾਰੇ ਜਥਿਆਂ ਨੂੰ ਇਕ ਥਾਂ ਕਰਕੇ ਇਸ ਨੂੰ ‘ਦਲ ਖਾਲਸਾ’ ਆਖਿਆ ਗਿਆ। ਨਵਾਬ ਕਪੂਰ ਸਿੰਘ ਜੀ ਨੇ ਇਸ ਨੂੰ ਮੁੱਖ ਦੋ ਦਲਾਂ ਵਿਚ ਵੰਡ ਦਿੱਤਾ ਬੁੱਢਾ ਦਲ ਅਤੇ ਤਰਣਾ ਦਲ। ਫਿਰ ਇਸ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਗਿਆ। ਇਹ ਵੰਡ ਇਸ ਤਰਾਂ ਕੀਤੀ ਗਈ । ਪ੍ਰਾਚੀਨ ਪੰਥ ਪ੍ਰਕਾਸ਼ (ਭਾਈ ਰਤਨ ਸਿੰਘ ਭੰਗੂ) ਵਿਚ ਇਸ ਦਾ ਵੇਰਵਾ ਬਿਆਨਿਆ ਗਿਆ ਹੈ।
ਦੋਹਿਰਾ।
ਪੰਜ ਡੇਰਨ ਬਿਧ ਰਚ ਦਈ, ਪੰਜ ਨਿਸ਼ਾਨ ਬਨਾਇ।।
ਪੰਜੇ ਝੰਡੇ ਤੌ ਗੱਡੇ ਸ੍ਰੀ ਅਕਾਲ ਬੁੰਗੇ ਤੇ ਲਯਾਇ।।26।।
ਅਕਾਲ ਤਖਤ ਤੇ ਪੰਜ ਨਿਸ਼ਾਨ ਸਾਹਿਬ ਲਿਆ ਕੇ ਸਜਾਏ ਗਏ। ਇਸ ਨੂੰ ਜਾਤ ਅਧਾਰਿਤ ਜਥਿਆਂ ਵਿਚ ਵੰਡਿਆ ਗਿਆ।
1. ਜੱਥਾ ਸ਼ਹੀਦਾਂ : ਇਹ ਜੱਟਾਂ ਦਾ ਜਥਾ ਸੀ ਇਸ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਉਨ੍ਹਾਂ ਦੇ ਨਾਲ ਨੱਥਾ ਸਿੰਘ ਤੇ ਗੁਰਬਖਸ਼ ਸਿੰਘ ਪ੍ਰਸਿੱਧ ਸਰਦਾਰ ਸਨ।
2. ਜੱਥਾ ਅੰਮ੍ਰਿਤਸਰੀਆਂ: ਇਹ ਖੱਤਰੀ ਸਿੰਘਾਂ ਦਾ ਜਥਾ ਸੀ ਇਸ ਦੇ ਜਥੇਦਾਰ ਸ. ਕਰਮ ਸਿੰਘ ਤੇ ਸ. ਧਰਮ ਸਿੰਘ ਸਨ।
3. ਜੱਥਾ ਬਾਬਾ ਕਾਹਨ ਸਿੰਘ : ਇਸ ਜਥੇ ਵਿਚ ਤੇਹਣ ਅਤੇ ਭੱਲੇ ਸਿੰਘ ਸਨ। ਇਸ ਜੱਥੇ ਦਾ ਜਥੇਦਾਰ ਬਾਬਾ ਕਾਹਨ ਸਿੰਘ ਤ੍ਰੇਹਣ ਸੀ। ਉਸ ਦੇ ਨਾਲ ਹੀ ਸ. ਮੀਰੀ ਸਿੰਘ ਤ੍ਰੇਹਣ , ਬਾਘ ਸਿੰਘ ਹਲੋਵਾਲੀਆ ਸਨ ।
4. ਜੱਥਾ ਡੱਲੇਵਾਲੀਆ : ਫਿਰ ਜੱਟਾਂ ਦਾ ਸੀ ਇਸ ਦੇ ਜਥੇਦਾਰ ਦਸੌਂਧਾ ਸਿੰਘ ਗਿੱਲ ਜੱਟ ਸਨ।
5. ਰੰਗਰੇਟੇ ਸਿੰਘਾਂ ਦਾ ਜੱਥਾ: ਇਹ ਮਜਬੀ ਸਿੰਘਾਂ ਦਾ ਜਥਾ ਸੀ ਇਸ ਵਿਚ ਰਵਿਦਾਸੀਏ ਸਿੰਘ ਅਤੇ ਭਾਈ ਬੀਰ ਸਿੰਘ, ਸ. ਜਿਉਣ ਸਿੰਘ, ਸ. ਮਦਨ ਸਿੰਘ , ਸ.ਅਮਰ ਸਿੰਘ ਨਾਮੀ ਸਰਦਾਰ ਸਨ ।
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸ ਦਾ ਉਲੇਖ ਇਸ ਤਰਾਂ ਆਇਆ ਹੈ:
ਪ੍ਰਥਮ ਸ਼ਹੀਦਨ ਔ ਨਿਹੰਗਨ ਫੜਾਯੋ। ਦੀਪ ਸਿੰਘ ਕਰਮ ਸੁ ਗਾਯੋ।
ਦੂਏ ਕਰਮ ਧਰਮ ਸਿੰਘ ਅੰਮ੍ਰਿਤਸਰੀਏ। ਦਯੋ ਉਨੈ ਥੋਊ ਜਾਤ ਖੱਤਰੀਏ। ੨੭।
ਤੀਜੋ ਚਕਯੋ ਬਾਖਨ ਬਡ ਅੰਸੀ। ਤੇਹਣ ਭੱਲੇ ਥੇ ਆਦਿ ਗੁਰ ਐਸੀ।
ਚੌਥੋ ਸਿੰਘ ਦਸੌਂਧਾ ਨਾਮ। ਗਿੱਲ ਜੱਟ ਕੋਟ ਬੁਢੈਂ ਥੋ ਧਾਮ। ੨੮।
ਪੈਜਵੋਂ ਰੰਘਰੇਟੋ ਬੀਰ ਸਿੰਘ ਨਾਇ! ਹੁੜ਼ੋ ਤੇਰਾਂ ਸੈ ਘੋੜੇ ਵਾਇ`
ਐਸੀ ਲੀਨੀ ਜੁਗਤ ਬਨਾਇ! ਜੋ ਸੁਨੀ ਰਤਨ ਸਿੰਘ ਸੋ ਦਈ ਗਾਇ। ੨੯।
(ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ)
ਇਸ ਸਾਾਰੇ ਸਮਾਗਮ ਦਾ ਨਕਸ਼ਾ ਗਿਆਨੀ ਗਿਆਨ ਸਿੰਘ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ (ਉੱਤਰਾਰਧ) ਵਿਚ ਇਸ ਤਰਾਂ ਉਲੀਕਿਆ ਹੈ:
ਚੌਪਈ:
ਇਕ ਦਿਨ ਲਾਇ ਨੁਵਾਬ ਦਿਵਾਨੈ।
ਕਰਿ ਸਲਾਹਿ ਸੰਗ ਪੰਥ ਮਹਾਨੈ।
ਪਾਂਚ ਨਿਸ਼ਾਨ ਤੁਰਤ ਮੰਗਵਾਏ।
ਆਗੇ ਤਖਤ ਅਕਾਲ ਝੁਲਾਏ ॥ ੪੨ ॥
ਪੰਥ ਖਾਲਸੇ ਕਾ ਰਚਿ ਠਾਟੈਂ”।
ਪਾਂਚ ਨੌਰ ਕੀਨੀ ਪੁਨ ਬਾਂਟੈ’।
ਦੀਪ ਸਿੰਘ ਸ਼ਾਹੀਦ, ਕਰਮ ਹਰਿ’।
ਦਯੋ ਜਥਾ ਇਕ ਇਨੈਂ ਮੋਦ ਭਰਿ ॥੪੩॥
ਕਰਮ’, ਧਰਮ ਸਿੰਘ ਅੰਮ੍ਰਿਤਸਰੀਏ।
ਦੀਨੋ ਦੂਜਾ ਜਾਤਿ ਖਤਰੀਏ।
ਕਾਨ੍ਹ, ਬਿਨੋਦ ਸਿੰਘ ਦੁਇ ਬਾਵੇ।
ਤੇਹਣ ਭੁੱਲਾ ਗੋਤ ਸਦਾਵੇ ॥ ੪੪ ॥
ਤੀਸਰ ਕਰਯੋ ਸਪੁਰਦ ਸੁ ਇਨ ਕੇ।
ਸਤਿਗੁਰੁ ਅੰਸ ਕਹੈਂ ਗੁਨਿ ਜਿਨ ਕੇ’।
ਸਿੰਘ ਦਸੋਂਧੈ ਚਤਰਥ ਦੀਨਾ।
ਗਿੱਲ ਗੋਤ ਜਟ ਜਾਤਿ ਪੁਬੀਨਾ ॥ ੪੫॥
ਬੁੱਢੇ-ਕੋਟ’ ਸੁ ਗਹਿਨੇ ਵਾਰਾ।
ਪੰਚਮ ਕੀ ਅਬਿ ਸੁਣੋਂ ਵਿਚਾਰਾ।
ਬਾਲਮੀਕ ਜੋ ਲਿਯ ਅਵਤਾਰੈ।
ਜੀਵਣ ਸਿੰਘ, ਬੀਰ ਸਿੰਘ ਧਾਰੈ’ ॥ ੪੬॥
ਪੁਨਰਵਿਦਾਸ ਭਗਤ ਅਵਤਾਰੀ।
ਮਦਨ ਸਿੰਘ, ਸੂਰਾ ਸਿੰਘ ਭਾਰੀ’।
ਸਤਿਗੁਰੁ ਢਿਗ ਜਿਨ ਸੇਵ ਕਰੀ ਬਹੁ।
ਬ੍ਰਿਧ ਭਏ ਥੇ ਜੰਗ ਕਰਤ ਵਹੁ ॥੪੭॥
ਪੰਚਮ ਜਥਾ ਦੀਨ ਇਨ ਤਾਈਂ।
ਥਾ ਅਸਵਾਰ ਹਜਾਰ ਤਦਾਈ’।
ਜਿਸ ਮੈਂ ਬਹੁ ਰਵਿਦਾਸੀਏ ਮਜ਼ਬੀ।
ਜੰਗ ਜਦਲ ਹਿਤ ਜੋਧੇ ਗਜ਼ਬੀ’ ॥ ੪੮॥
ਇਸ ਤਰਾਂ ਸਾਰੀਆਂ ਜਾਤਾਂ-ਗੋਤਾਂ ਨੇ ਰਲ਼ਕੇ ਸਿੱਖ ਕੌਮ ਦੀ ਉਸਾਰੀ ਕੀਤੀ। ਜਾਤ-ਗੋਤ ਪਹਿਲਾਂ ਵੀ ਸਨ ਇਹ ਖ਼ਤਮ ਨਹੀਂ ਹੋਣੇ ਘਿਰਣਾ ਕਰਨ ਦੀ ਥਾਂ ਆਪਣੇ ਭਾਈਚਾਰੇ ਵਿਚ ਚੰਗੇ ਉੱਦਮੀ ਲੋਕਾਂ ਨੂੰ ਪੈਦਾ ਕਰਨ ਦੀ ਲੋੜ ਹੈ ਜਿਹੜੇ ਉਸ ਭਾਈਚਾਰੇ ਦਾ ਨਾਮ ਉੱਘਾ ਕਰਨ।
ਹੁਣ ਜੇ ਕੋਈ ਆਖੇ ਕਿ ਜੱਟ ਸ਼ੁਰੂ ਤੋਂ ਗਦਾਰ ਹਨ ਜਾਂ ਇਹ ਮਾੜੇ ਲੋਕ ਹਨ ਤਾਂ ਇਹ ਉਨ੍ਹਾਂ ਦੇ ਮਨਾਂ ਅੰਦਰਲੀ ਨਫਰਤ ਅਤੇ ਹੀਣਤਾ ਬੋਲਦੀ ਹੈ। ਇਹ ਲੋਕ ਸਿੱਖ ਕੌਮ ਦੇ ਭਲੇ ਲਈ ਸਭ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਣ ਕਰਨ। -ਗੁਰਸੇਵਕ ਸਿੰਘ ਧੌਲਾ
(ਇਹ ਲੜੀ ਅਜੇ ਚਲਦੀ ਹੈ ਅਗਲਾ ਭਾਗ ਛੇਤੀ ਆਵੇਗਾ)
You must be logged in to post a comment.