Breaking News

ਕਾਂਗਰਸ-ਆਰਜੇਡੀ ਨੇ ‘ਛਠੀ ਮਈਆ’ ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਤੇ ਆਰਜੇਡੀ ਬਿਹਾਰ ਚੋਣਾਂ ਵਿਚ ਵੋਟਾਂ ਲਈ ‘ਛਠੀ ਮਈਆ’ ਦਾ ਨਿਰਾਦਰ ਕਰ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਆਰਜੇਡੀ ਆਗੂਆਂ ਲਈ ਛੱਠ ਪੂਜਾ ਮਹਿਜ਼ ਇਕ ਡਰਾਮਾ ਹੈ ਅਤੇ ਬਿਹਾਰ ਦੇ ਲੋਕ ਸਾਲਾਂਬੱਧੀ ਇਸ ‘ਨਿਰਾਦਰ’ ਨੂੰ ਨਹੀਂ ਭੁੱਲਣਗੇ ਤੇ ਨਾ ਹੀ ਉਨ੍ਹਾਂ ਨੂੰ ਮੁਆਫ਼ ਕਰਨਗੇ। ਉਨ੍ਹਾਂ ਦੂਜੇ ਰਾਜਾਂ ਵਿੱਚ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਲਈ ਵੀ ਕਾਂਗਰਸ ਨੂੰ ਘੇਰਿਆ।

ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 2022 ਦੇ ਇਕ ਬਿਆਨ ਨੂੰ ਯਾਦ ਕੀਤਾ, ਜਿੱਥੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਨੀ ਵੱਲੋਂ ਬਿਹਾਰੀ ਲੋਕਾਂ ਦੇ ਅਪਮਾਨ ਦੇ ਬਾਵਜੂਦ, ਪ੍ਰਿਯੰਕਾ ਗਾਂਧੀ ਉਸ ਮੌਕੇ ਮੁਸਕਰਾ ਰਹੀ ਸੀ। ਗੌਰਤਲਬ ਹੈ ਕਿ 2022 ਦੀਆਂ ਚੋਣਾਂ ਮੌਕੇ ਪੰਜਾਬ ਵਿੱਚ ਚੋਣ ਪ੍ਰਚਾਰ ਸਮਾਗਮ ਦੌਰਾਨ ਚੰਨੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਭਈਆਂ ਨੂੰ ਰਾਜ ਵਿੱਚ ਦਾਖਲ ਨਾ ਹੋਣ ਦੇਣ। ਜਦੋਂ ਚੰਨੀ ਨੇ ਇਹ ਟਿੱਪਣੀਆਂ ਕੀਤੀਆਂ ਸਨ, ਤਾਂ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਖੜ੍ਹੀ ਸੀ। ਪ੍ਰਧਾਨ ਮੰਤਰੀ ਮੁਜ਼ੱਫ਼ਰਪੁਰ ਤੇ ਛਪਰਾ ਵਿਚ ਦੋ ਵੱਖੋ ਵੱਖਰੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਮੁਜ਼ੱਫਰਪੁਰ ਵਿਚ ਕਿਹਾ, ‘‘ਛੱਠ ਪੂਜਾ ਤੋਂ ਬਾਅਦ ਇਹ ਮੇਰਾ ਬਿਹਾਰ ਦਾ ਪਹਿਲਾ ਦੌਰਾ ਹੈ। ਇਹ ਤਿਉਹਾਰ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਤਿਉਹਾਰ ਸਿਰਫ਼ ਸ਼ਰਧਾ ਲਈ ਹੀ ਨਹੀਂ ਸਗੋਂ ਸਮਾਨਤਾ ਲਈ ਵੀ ਹੈ, ਇਸੇ ਕਾਰਨ ਮੇਰੀ ਸਰਕਾਰ ਇਸ ਤਿਉਹਾਰ ਲਈ ਯੂਨੈਸਕੋ ਵਿਰਾਸਤੀ ਟੈਗ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’ ਸ੍ਰੀ ਮੋਦੀ ਨੇ ਕਿਸੇ ਆਗੂ ਦਾ ਨਾਮ ਲਏ ਬਗੈਰ ਕਿਹਾ, ‘‘ਮੈਂ ਯਾਤਰਾ ਦੌਰਾਨ ਛੱਠ ਦੇ ਗੀਤ ਸੁਣਦਾ ਹਾਂ। ਮੈਂ ਇੱਕ ਵਾਰ ਨਾਗਾਲੈਂਡ ਦੀ ਇੱਕ ਕੁੜੀ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਗੀਤਾਂ ਵਿੱਚੋਂ ਇੱਕ ਨੂੰ ਸੁਣਨ ਲਈ ਪ੍ਰੇਰਿਤ ਹੋਇਆ ਸੀ। ਪਰ ਜਦੋਂ ਤੁਹਾਡਾ ਇਹ ਪੁੱਤਰ ਇਹ ਯਕੀਨੀ ਬਣਾਉਣ ਵਿੱਚ ਰੁੱਝਿਆ ਹੋਇਆ ਹੈ ਕਿ ਛੱਠ ਨੂੰ ਉਸ ਦਾ ਬਣਦਾ ਸਨਮਾਨ ਮਿਲੇ, ਤਾਂ ਕਾਂਗਰਸ-ਆਰਜੇਡੀ ਦੇ ਲੋਕ ਤਿਉਹਾਰ ਦਾ ਮਜ਼ਾਕ ਉਡਾ ਰਹੇ ਹਨ, ਇਸ ਨੂੰ ਇੱਕ ਡਰਾਮਾ, ਨੌਟੰਕੀ ਕਹਿ ਰਹੇ ਹਨ।’’