Breaking News

Charanjit Singh Channi – ਚੰਨੀ ਵੱਲੋਂ ਪਾਰਟੀ ਬਦਲਣ ਦੀਆਂ ਅਫ਼ਵਾਹਾਂ ਖਾਰਜ, ਕਿਹਾ ‘ਮੈਂ ਕਾਗਰਸ ਦਾ ਸਿਪਾਹੀ ਹਾਂ’

Charanjit Singh Channi – ਚੰਨੀ ਵੱਲੋਂ ਪਾਰਟੀ ਬਦਲਣ ਦੀਆਂ ਅਫ਼ਵਾਹਾਂ ਖਾਰਜ, ਕਿਹਾ ‘ਮੈਂ ਕਾਗਰਸ ਦਾ ਸਿਪਾਹੀ ਹਾਂ’

ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵਿਚ ਚੱਲ ਰਹੀ ਖਿਚੋਤਾਣ ਦਰਮਿਆਨ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ‘ਕਾਂਗਰਸ ਦੇ ਸਿਪਾਹੀ’ ਹਨ ਤੇ ਰਹਿਣਗੇ। ਚੰਨੀ ਬਰਨਾਲਾ ਜ਼ਿਲ੍ਹੇ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਰਟੀ ਬਦਲਣ ਦੀਆਂ ਅਟਕਲਾਂ ਬਾਰੇ ਸਵਾਲਾਂ ਦੇ ਜਵਾਬ ਵਿੱਚ ਚੰਨੀ ਨੇ ਕਿਹਾ, ‘‘ਮੈਂ ਖੁੱਲ੍ਹ ਕੇ ਕਹਿੰਦਾ ਹਾਂ ਕਿ ਜੇਕਰ ਚੰਨੀ ਕਦੇ ਆਪਣੀ ਪਾਰਟੀ ਬਦਲਦਾ ਹੈ, ਤਾਂ ਲੋਕਾਂ ਨੂੰ ਉਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ।’’

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਜਨਤਕ ਮੰਗ ਦੇ ਆਧਾਰ ’ਤੇ ਮੁੱਦੇ ਉਠਾਏ ਹਨ। ਚੰਨੀ ਨੇ ਕਿਹਾ, ‘‘ਜਦੋਂ ਕਿਸਾਨ ਮੈਨੂੰ ਸੱਦਾ ਦਿੰਦੇ ਹਨ, ਮੈਂ ਉਨ੍ਹਾਂ ਲਈ ਬੋਲਦਾ ਹਾਂ। ਜਦੋਂ ਪੱਛੜੇ ਵਰਗ ਮੇਰੇ ਕੋਲ ਆਉਂਦੇ ਹਨ, ਮੈਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉਠਾਉਂਦਾ ਹਾਂ। ਜਦੋਂ ਉੱਚ ਜਾਤੀਆਂ ਦੇ ਮੈਂਬਰ ਆਪਣੀਆਂ ਸ਼ਿਕਾਇਤਾਂ ਦਾ ਨਿਵਾਰਣ ਮੰਗਦੇ ਹਨ, ਤਾਂ ਮੈਂ ਉਨ੍ਹਾਂ ਲਈ ਇੱਕ ਕਮਿਸ਼ਨ ਬਣਾਇਆ।’’ ਚੰਨੀ ਨੇ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਵਜੋਂ ਆਪਣੇ ਸੰਖੇਪ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਿਸੇ ਇੱਕ ਸਮੂਹ ਲਈ ਨਹੀਂ, ਸਗੋਂ ਸਾਰੇ ਭਾਈਚਾਰਿਆਂ ਦੀ ਭਲਾਈ ਲਈ ਕੰਮ ਕੀਤਾ।’’ ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਦਾ ਧਿਆਨ ਸਮਾਵੇਸ਼ੀ ਵਿਕਾਸ ‘ਤੇ ਸੀ।’’