Breaking News

Barnala ‘ਚ ਸਿਲੰਡਰ ਲਈ ਲਾਈਨ ‘ਚ ਲੱਗੇ ਬਜ਼ੁਰਗ ਦੀ ਮੌਤ

Barnala ‘ਚ ਸਿਲੰਡਰ ਲਈ ਲਾਈਨ ‘ਚ ਲੱਗੇ ਬਜ਼ੁਰਗ ਦੀ ਮੌਤ

ਗੈਸ ਦੀ ਕਿੱਲਤ ਨੇ ਲਈ ਇੱਕ ਹੋਰ ਜਾਨ: ਬਰਨਾਲਾ ‘ਚ ਸਿਲੰਡਰ ਲਈ ਲਾਈਨ ‘ਚ ਲੱਗੇ ਬਜ਼ੁਰਗ ਦੀ ਮੌਤ

ਪਿੰਡ ਸ਼ਹਿਣਾ ਦੀ ਘਟਨਾ, 25ਵੇਂ ਨੰਬਰ ‘ਤੇ ਖੜ੍ਹੇ 66 ਸਾਲਾ ਭੂਸ਼ਣ ਕੁਮਾਰ ਨੇ ਮੌਕੇ ‘ਤੇ ਹੀ ਤੋੜਿਆ ਦਮ; ਇਲਾਕੇ ‘ਚ ਸੋਗ ਦੀ ਲਹਿਰ

 

 

 

ਬਰਨਾਲਾ/ਸ਼ਹਿਣਾ 13 ਮਾਰਚ 2026: ਪੰਜਾਬ ਵਿੱਚ ਗੈਸ ਸਿਲੰਡਰਾਂ ਦੀ ਕਿੱਲਤ ਅਤੇ ਲੰਬੀਆਂ ਲਾਈਨਾਂ ਹੁਣ ਜਾਨਲੇਵਾ ਸਾਬਤ ਹੋਣ ਲੱਗੀਆਂ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਵਿੱਚ ਅੱਜ ਸਵੇਰੇ ਗੈਸ ਸਿਲੰਡਰ ਲੈਣ ਲਈ ਲਾਈਨ ਵਿੱਚ ਲੱਗੇ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ਹਿਣਾ ਦੇ ਰਹਿਣ ਵਾਲੇ ਭੂਸ਼ਣ ਕੁਮਾਰ ਮਿੱਤਲ (66), ਪੁੱਤਰ ਦੇਵਰਾਜ ਮਿੱਤਲ, ਅੱਜ ਸਵੇਰੇ 8 ਵਜੇ ਤੋਂ ਹੀ ਗੈਸ ਸਿਲੰਡਰ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਸਨ।

 

 

 

 

ਬਜ਼ੁਰਗ ਪਿਛਲੇ ਦੋ ਘੰਟਿਆਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ ਅਤੇ ਲਾਈਨ ਵਿੱਚ ਉਸ ਦਾ 25ਵਾਂ ਨੰਬਰ ਸੀ। ਸਿਲੰਡਰ ਉੱਤੇ ਬੈਠ ਕੇ ਇੰਤਜ਼ਾਰ ਕਰਦਿਆਂ ਹੀ ਉਨ੍ਹਾਂ ਨੂੰ ਅਚਾਨਕ ਤੇਜ਼ ਹਾਰਟ ਅਟੈਕ ਆਇਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਦੀ ਲਹਿਰ ਹੈ। ਪਰਿਵਾਰਕ ਮੈਂਬਰ ਮ੍ਰਿਤਕ ਦੀ ਦੇਹ ਨੂੰ ਘਰ ਲੈ ਗਏ ਹਨ ਅਤੇ ਪੋਸਟਮਾਰਟਮ ਦੀ ਤਿਆਰੀ ਕੀਤੀ ਜਾ ਰਹੀ ਹੈ।

 

 

 

 

ਸਰਕਾਰਾਂ ਨੂੰ ਠਹਿਰਾਇਆ ਜ਼ਿੰਮੇਵਾਰ

ਹਲਕਾ ਭਦੌੜ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਇਸ ਦੁਖਾਂਤ ਲਈ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ, ਮਜਬੂਰੀ ਦੀ ਮੌਤ: ਮ੍ਰਿਤਕ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ, ਪਰ ਸਰਕਾਰ ਦੀਆਂ ਨਾਕਾਮੀਆਂ ਕਾਰਨ ਉਸ ਨੂੰ ਆਪਣੀ ਜਾਨ ਗੁਆਉਣੀ ਪਈ। ਦੇਸ਼ ਦੇ ਲੋਕਾਂ ਨੂੰ ਇੱਕ ਸਿਲੰਡਰ ਲੈਣ ਲਈ ਘੰਟਿਆਂ ਬੱਧੀ ਸੜਕਾਂ ‘ਤੇ ਖੜ੍ਹਨਾ ਪੈ ਰਿਹਾ ਹੈ, ਜੋ ਕਿ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਤੁਰੰਤ ਮੁਆਵਜ਼ਾ ਦਿੱਤਾ ਜਾਵੇ।