New Court Documents Reveal Brampton Man Gurpreet Singh’s Alleged Underworld Links
ਬਰੈਂਪਟਨ ਦੇ ਗੁਰਪ੍ਰੀਤ ਸਿੰਘ ਦੇ ਕਥਿਤ ਅੰਡਰਵਰਲਡ ਸਬੰਧਾਂ ਬਾਰੇ ਨਵੇਂ ਖੁਲਾਸੇ
ਰਾਇਨ ਵੇਡਿੰਗ ਗਿਰੋਹ ਨਾਲ ਜੁੜੇ ਬਰੈਂਪਟਨ ਦੇ ਗੁਰਪ੍ਰੀਤ ਸਿੰਘ ਦੇ ਕਥਿਤ ਅੰਡਰਵਰਲਡ ਸਬੰਧਾਂ ਬਾਰੇ ਨਵੇਂ ਅਦਾਲਤੀ ਖੁਲਾਸੇ
ਕੁਝ ਮਹੀਨੇ ਪਹਿਲਾਂ ਸਾਬਕਾ ਕੈਨੇਡੀਅਨ ਉਲੰਪੀਅਨ ਰਾਇਨ ਵੇਡਿੰਗ ਦੇ ਵੱਡੇ ਅੰਡਰਵਰਲਡ ਅਪਰਾਧੀ ਗਿਰੋਹ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤੇ ਗਏ ਬਰੈਂਪਟਨ ਦੇ ਜੰਮਪਲ 32 ਸਾਲਾ ਗੁਰਪ੍ਰੀਤ ਸਿੰਘ ਦੇ ਅੰਡਰਵਰਲਡ ਸਬੰਧਾਂ ਬਾਰੇ ਨਵੇਂ ਅਦਾਲਤੀ ਦਸਤਾਵੇਜ਼ ਸਾਹਮਣੇ ਹਨ। ਉਹ “ਪੋਪੀ” (Popey) ਅਤੇ “ਫਾਰਮਰ” (Farmer) ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ।
(ਇਹ ਗੁਰਪ੍ਰੀਤ ਸਿੰਘ ਕੱਲ੍ਹ ਐਫਬੀਆਈ ਵਲੋਂ ਲੱਭੇ ਜਾ ਰਹੇ ਗੁਰਪ੍ਰੀਤ ਸਿੰਘ ਨਾਲੋਂ ਵੱਖਰਾ ਹੈ, ਮਤਲਬ ਹੋਰ ਵਿਅਕਤੀ ਹੈ)

ਕੈਨੇਡਾ ਦੇ ਕੌਮੀ ਮੀਡੀਆ ਅਦਾਰੇ ਸੀਬੀਸੀ ਵਲੋਂ ਹਾਸਲ ਕੀਤੇ ਅਦਾਲਤੀ ਦਸਤਾਵੇਜਾਂ ਅਤੇ ਆਰਸੀਐਮਪੀ ਦੇ ਦਾਅਵੇ ਮੁਤਾਬਕ ਗੁਰਪ੍ਰੀਤ ਸਿੰਘ ਦੀ ਜਾਂਚ ਇੱਕ ਸੀਨੀਅਰ ਜੇਲ੍ਹ ਅਧਿਕਾਰੀ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਵਿੱਚ ਸੰਭਾਵਿਤ ਭੂਮਿਕਾ ਲਈ ਕੀਤੀ ਗਈ ਸੀ, ਜੋ ਅਮਰੀਕਾ ਵਿੱਚ ਨਸ਼ਾ ਤਸਕਰੀ ਦੀ ਸਾਜ਼ਿਸ਼ ਦੇ ਦੋਸ਼ਾਂ ਹੇਠ ਹਵਾਲਗੀ (Extradition) ਦਾ ਸਾਹਮਣਾ ਕਰ ਰਿਹਾ ਹੈ।
ਹਾਲ ਹੀ ਵਿੱਚ ਜਨਤਕ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਗੁਰਪ੍ਰੀਤ ਸਿੰਘ, ਜਿਸ ਨੂੰ ਕਥਿਤ ਕੋਕੀਨ ਤਸਕਰ ਦੱਸਿਆ ਗਿਆ ਹੈ, ਦਾ ਨਾਮ ਟੋਰਾਂਟੋ ਪੁਲਿਸ ਦੀ ਇੱਕ ਚਰਚਿਤ ਭ੍ਰਿਸ਼ਟਾਚਾਰ ਜਾਂਚ ਨਾਲ ਸਬੰਧਤ ਫਾਈਲਾਂ ਵਿੱਚ ਵੀ ਦਰਜ ਹੈ।
ਆਰਸੀਐਮਪੀ ਦੇ ਕਾਰਪੋਰਲ ਜੋਨਾਥਨ ਹੈਚੀ ਵੱਲੋਂ ਦਸਤਖ਼ਤ ਕੀਤੀ ਗਈ ਅਰਜ਼ੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੁਰਪ੍ਰੀਤ ਸਿੰਘ “ਅਨੇਕਾਂ ਅਪਰਾਧਿਕ ਗਤੀਵਿਧੀਆਂ” ਵਿੱਚ ਸ਼ਾਮਲ ਹੈ। ਦਸਤਾਵੇਜ਼ ਅਨੁਸਾਰ ਉਹ ਓਂਟਾਰੀਓ ਦੇ ਲਗਭਗ ਸਾਰੇ ਵੱਡੇ ਨਸ਼ਾ ਤਸਕਰਾਂ ਅਤੇ ਟਰਾਂਸਪੋਰਟਰਾਂ ਨੂੰ ਜਾਣਦਾ ਹੈ ਅਤੇ ਕਈ ਗਰੁੱਪਾਂ ਨਾਲ ਕੰਮ ਕਰਦਾ ਹੈ। ਇਨ੍ਹਾਂ ਵਿੱਚ ਇੱਕ ਅਣਪਛਾਤਾ ਬਰਤਾਨੀਆ ਦਾ ਵਿਅਕਤੀ ਵੀ ਸ਼ਾਮਲ ਹੈ, ਜਿਸ ਨੂੰ “ਨਸ਼ਾ ਤਸਕਰੀ ਦੇ ਕਾਰੋਬਾਰ ਦਾ ਬਹੁਤ ਵੱਡਾ ਖਿਡਾਰੀ” ਦੱਸਿਆ ਗਿਆ ਹੈ।
ਆਰਸੀਐਮਪੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੁਰਪ੍ਰੀਤ ਸਿੰਘ ਨੇ ਖੁਦ ਵੀ ਕਈ ਕਤਲ ਕੀਤੇ ਹਨ।
ਹਾਲਾਂਕਿ ਗੁਰਪ੍ਰੀਤ ਸਿੰਘ ਦੇ ਵਕੀਲ ਬ੍ਰਾਇਨ ਗ੍ਰੀਨਸਪੈਨ ਮੁਤਾਬਕ ਉਨ੍ਹਾਂ ਦੇ ਮੁਅੱਕਲ ਖ਼ਿਲਾਫ਼ ਕੈਨੇਡਾ ਵਿੱਚ ਇਸ ਜਾਂਚ ਸਬੰਧੀ ਕੋਈ ਅਪਰਾਧਿਕ ਦੋਸ਼ ਦਰਜ ਨਹੀਂ ਹੋਏ।

+++++++++++++++++++
ਅਮਰੀਕਾ ਵੱਲੋਂ ਹਵਾਲਗੀ ਦੀ ਮੰਗ
+++++++++++++++++++
32 ਸਾਲਾ ਗੁਰਪ੍ਰੀਤ ਸਿੰਘ ਅਤੇ ਉਸਦੇ ਚਾਚੇ ਹਰਦੀਪ ਰੱਤੇ ਨੂੰ ਅਕਤੂਬਰ 2024 ਵਿੱਚ ਟੋਰਾਂਟੋ ਇਲਾਕੇ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਅਮਰੀਕੀ ਨਿਆਂ ਵਿਭਾਗ ਨੇ ਕੈਲੀਫੋਰਨੀਆ ਵਿੱਚ ਰਾਇਨ ਵੇਡਿੰਗ ਦੇ ਕਥਿਤ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਖ਼ਿਲਾਫ਼ ਇਲਜ਼ਾਮਨਾਮਾ ਜਨਤਕ ਕੀਤਾ ਸੀ। ਗੁਰਪ੍ਰੀਤ ਸਿੰਘ ਅਤੇ ਉਸਦੇ ਚਾਚੇ ਉੱਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ।
ਦੋਵੇਂ ਇਸ ਵੇਲੇ ਟੋਰਾਂਟੋ ਦੀ ਇੱਕ ਜੇਲ੍ਹ ਵਿੱਚ ਹਿਰਾਸਤ ਵਿੱਚ ਹਨ, ਜਦਕਿ ਅਮਰੀਕੀ ਸਰਕਾਰੀ ਵਕੀਲ ਉਨ੍ਹਾਂ ਨੂੰ ਮੁਕੱਦਮੇ ਲਈ ਲਾਸ ਏਂਜਲਸ ਭੇਜਣ ਦੀ ਮੰਗ ਕਰ ਰਹੇ ਹਨ।
++++++++++++++++++++++++++
ਮੈਕਸੀਕਨ ਕਾਰਟੈਲ ਨਾਲ ਕੰਮ ਕਰਨ ਦਾ ਤਰੀਕਾ
++++++++++++++++++++++++++
ਕੈਨੇਡਾ ਦੀ ਓਲੰਪਿਕ ਸਨੋਅ-ਬੋਰਡ ਟੀਮ ਦੇ ਸਾਬਕਾ ਖਿਡਾਰੀ ਰਾਇਨ ਵੇਡਿੰਗ ‘ਤੇ ਇੱਕ ਅਜਿਹੇ ਹਿੰਸਕ ਅਪਰਾਧਿਕ ਨੈੱਟਵਰਕ ਦੀ ਅਗਵਾਈ ਕਰਨ ਦੇ ਦੋਸ਼ ਹਨ, ਜੋ ਹਰ ਸਾਲ ਉੱਤਰੀ ਅਮਰੀਕਾ ਵਿੱਚ ਲਗਭਗ 60 ਟਨ ਕੋਕੀਨ ਦੀ ਤਸਕਰੀ ਕਰਦਾ ਸੀ।
ਇਲਜ਼ਾਮਨਾਮੇ ਅਨੁਸਾਰ ਇਸ ਵੱਡੇ ਗੈਂਗ ਨਾਲ ਕਥਿਤ ਤੌਰ ‘ਤੇ ਕੰਮ ਕਰਦੇ ਗੁਰਪ੍ਰੀਤ ਸਿੰਘ ਅਤੇ ਉਸਦ ਚਾਚਾ ਹਰਦੀਪ ਰੱਤੇ ਕੈਨੇਡਾ ਲਈ ਨਸ਼ਿਆਂ ਦੀਆਂ ਖੇਪਾਂ ਭੇਜਣ ਦਾ ਪ੍ਰਬੰਧ ਕਰਦੇ ਸਨ ਅਤੇ ਹਰ ਟਰਾਂਸਪੋਰਟ ਟਰੱਕ ਦੇ ਬਦਲੇ 2 ਲੱਖ 20 ਹਜ਼ਾਰ ਕੈਨੇਡੀਅਨ ਡਾਲਰ ਦੀ ਪੱਕੀ ਮਿੱਥੀ ਹੋਈ ਰਕਮ ਲੈਂਦੇ ਸਨ।
ਗੁਰਪ੍ਰੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ਅਗਸਤ 2024 ਵਿੱਚ ਮੈਕਸੀਕੋ ਦੇ ਸਿਨਾਲੋਆ ਸੂਬੇ ਦੇ ਦੌਰੇ ਦੌਰਾਨ ਮੈਕਸੀਕਨ ਕਾਰਟੈਲ ਦੇ ਮੈਂਬਰਾਂ ਨੇ ਉਸਨੂੰ ਅਗਵਾ ਕਰ ਲਿਆ ਸੀ ਅਤੇ ਬੰਨ੍ਹ ਕੇ ਰੱਖਿਆ ਸੀ। ਕਥਿਤ ਤੌਰ ‘ਤੇ ਇਹ 6 ਲੱਖ ਡਾਲਰ ਦੇ ਨਸ਼ਿਆਂ ਦੇ ਕਰਜ਼ੇ ਕਾਰਨ ਹੋਇਆ ਸੀ।
ਰਿਕਾਰਡ ਮੁਤਾਬਕ ਰਾਇਨ ਵੇਡਿੰਗ ਨੇ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਦੀ ਰਿਹਾਈ ਯਕੀਨੀ ਬਣਾਉਣ ਲਈ ਉਸਨੂੰ ਖੁਦ ਦਖ਼ਲ ਦੇਣਾ ਪਿਆ।
ਨਵੇਂ ਜਨਤਕ ਹੋਏ ਦਸਤਾਵੇਜ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸੇ ਸਾਲ ਐਫਬੀਆਈ ਦੇ ਇੱਕ ਮੁਖਬਰ ਨੇ ਦੱਸਿਆ ਸੀ ਕਿ ਗੁਰਪ੍ਰੀਤ ਸਿੰਘ ਉੱਤੇ “ਮੈਕਸੀਕਨਾਂ ਵੱਲੋਂ 2023 ਵਿੱਚ ਮਿਲੀਆਂ ਕੋਕੀਨ ਦੀਆਂ ਖੇਪਾਂ ਦਾ ਬਕਾਇਆ ਕਰਜ਼ਾ ਚੁਕਾਉਣ ਲਈ ਭਾਰੀ ਦਬਾਅ ਸੀ।”
++++++++++++++++++++++++++
ਜੇਲ੍ਹ ਅਧਿਕਾਰੀ ਦੀ ਕਥਿਤ ਹੱਤਿਆ ਦੀ ਸਾਜ਼ਿਸ਼
++++++++++++++++++++++++++
ਟੋਰਾਂਟੋ ਖੇਤਰ ਵਿੱਚ ਚੱਲੀ ਪੁਲਿਸ ਮੁਲਾਜ਼ਮਾਂ ਦੇ ਭ੍ਰਿਸ਼ਟਾਚਾਰ ਦੀ ਜਾਂਚ ‘ਪ੍ਰੋਜੈਕਟ ਸਾਊਥ’ ਨਾਲ ਸਬੰਧਤ ਤਲਾਸ਼ੀ ਵਾਰੰਟ ਦਸਤਾਵੇਜ਼ਾਂ ਤੋਂ ਇਹ ਵੀ ਸਾਹਮਣੇ ਆਇਆ ਕਿ ਜਾਂਚਕਰਤਾਵਾਂ ਨੂੰ ਸ਼ੱਕ ਸੀ ਕਿ ਗੁਰਪ੍ਰੀਤ ਸਿੰਘ ਅਤੇ ਉਸਦੀ ਇੱਕ ਜਾਣ-ਪਛਾਣ ਵਾਲੀ ਔਰਤ ਮਿੱਤਰ ਜੇਲ੍ਹ ਗਾਰਡ ਸੀ, ਉਸ ਜੇਲ੍ਹ ਦੇ ਹੀ ਇੱਕ ਸੀਨੀਅਰ ਅਧਿਕਾਰੀ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ, ਜਿੱਥੇ ਗੁਰਪ੍ਰੀਤ ਸਿੰਘ ਨੂੰ ਰੱਖਿਆ ਗਿਆ ਹੈ।
ਹਾਲਾਂਕਿ ਇਸ ਮਾਮਲੇ ਵਿੱਚ ਨਾ ਤਾਂ ਉਸ ਔਰਤ ਜੇਲ੍ਹ ਗਾਰਡ ਉੱਤੇ ਅਤੇ ਨਾ ਹੀ ਗੁਰਪ੍ਰੀਤ ਸਿੰਘ ਖ਼ਿਲਾਫ਼ ‘ਪ੍ਰੋਜੈਕਟ ਸਾਊਥ’ ਤਹਿਤ ਕੋਈ ਅਪਰਾਧਿਕ ਦੋਸ਼ ਲਗਾਏ ਗਏ ਹਨ।
+++++++++++++++++++++++++
ਕਾਰ ਚੋਰੀ ਅਤੇ ਦੁਬਈ ਨਾਲ ਕਥਿਤ ਸਬੰਧ
+++++++++++++++++++++++++
ਲਾਸ ਏਂਜਲਸ (ਅਮਰੀਕਾ) ਦੇ ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਗੁਰਪ੍ਰੀਤ ਸਿੰਘ ਕੈਨੇਡਾ ਤੋਂ ਚੋਰੀ ਕੀਤੀਆਂ ਮਹਿੰਗੀਆਂ ਲਗਜ਼ਰੀ ਕਾਰਾਂ ਨੂੰ ਮਾਂਟਰੀਅਲ ਬੰਦਰਗਾਹ ਰਾਹੀਂ ਦੁਬਈ ਭੇਜਣ ਦੀ ਯੋਜਨਾ ਵਿੱਚ ਵੀ ਸ਼ਾਮਲ ਸੀ।
ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਗੁਰਪ੍ਰੀਤ ਸਿੰਘ ਦੇ ਦੁਬਈ ਵਿੱਚ ਸੰਗਠਿਤ ਅਪਰਾਧਿਕ ਗਿਰੋਹਾਂ ਨਾਲ ਗੂੜ੍ਹੇ ਸਬੰਧ ਹਨ, ਜਿਨ੍ਹਾਂ ਵਿੱਚ ‘ਕਿਨਾਹਨ ਆਰਗੇਨਾਈਜ਼ਡ ਕਰਾਈਮ ਗਰੁੱਪ’ ਦੇ ਮੈਂਬਰ ਵੀ ਸ਼ਾਮਲ ਹਨ।
ਆਇਰਲੈਂਡ ਵਿੱਚ ਸਥਾਪਿਤ ਕਿਨਾਹਨ ਅਪਰਾਧਿਕ ਗਰੁੱਪ ਦਾ ਨਾਮ ਯੂਰਪ ਭਰ ਵਿੱਚ ਨਸ਼ਾ ਤਸਕਰੀ, ਹਥਿਆਰਾਂ ਦੀ ਵਿਕਰੀ, ਮਨੀ ਲਾਂਡਰਿੰਗ ਅਤੇ ਕਤਲਾਂ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਨਾਲ ਜੋੜਿਆ ਜਾਂਦਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Punjab Spectrum
You must be logged in to post a comment.