Breaking News

EU Canada relations: ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ‘associate member’ ਬਣਨ ਦੀ ਪੇਸ਼ਕਸ਼

EU Canada relations: ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ‘associate member’ ਬਣਨ ਦੀ ਪੇਸ਼ਕਸ਼

ਇਸ ਪੇਸ਼ਕਸ਼ ‘ਤੇ ਕੈਨੇਡਾ ਦਾ ਰੁਖ਼ ਸਪਸ਼ਟ ਨਹੀਂ

ਯੂਰਪੀਅਨ ਯੂਨੀਅਨ ਨੇ ਕੈਨੇਡਾ ਨਾਲ ਆਪਣੇ ਸਬੰਧਾਂ ਨੂੰ ਨਵੇਂ ਪੱਧਰ ’ਤੇ ਲਿਜਾਣ ਲਈ ਅਸਧਾਰਨ ਪੇਸ਼ਕਸ਼ ਕੀਤੀ ਹੈ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਯਨ ਨੇ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ‘ਐਸੋਸੀਏਟ ਮੈਂਬਰ’ ਬਣਾਉਣ ਲਈ ਦਰਵਾਜ਼ਾ ਖੋਲ੍ਹਣ ਦੀ ਗੱਲ ਆਖੀ ਹੈ। ਹਾਲਾਂਕਿ ਓਟਾਵਾ ਨੇ ਇਸ ਪੇਸ਼ਕਸ਼ ’ਤੇ ਫ਼ਿਲਹਾਲ ਕੋਈ ਰਸਮੀ ਸਹਿਮਤੀ ਨਹੀਂ ਦਿੱਤੀ।

 

 

 

 

 

ਸਟ੍ਰਾਸਬਰਗ ਵਿੱਚ ‘ਸਟੇਟ ਆਫ਼ ਦ ਯੂਨੀਅਨ’ ਸੰਬੋਧਨ ਦੌਰਾਨ ਵੌਨ ਡੇਰ ਲੇਯਨ ਨੇ ਕਿਹਾ ਕਿ ਕੈਨੇਡਾ ਅਤੇ ਯੂਰਪ ਦਾ ਰਿਸ਼ਤਾ ਸਿਰਫ਼ ਮੁਕਤ ਵਪਾਰ ਸਮਝੌਤੇ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਆਪਣੇ ਸਬੰਧਾਂ ਬਾਰੇ ਨਵੇਂ ਸਿਰੇ ਤੋਂ ਸੋਚਦਿਆਂ ਇੱਕ ਸਾਂਝਾ ਭਵਿੱਖ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਵੱਲੋਂ ‘ਐਸੋਸੀਏਟ ਮੈਂਬਰ’ ਦਾ ਪ੍ਰਸਤਾਵ ਰੱਖੇ ਜਾਣ ’ਤੇ ਯੂਰਪੀਅਨ ਪਾਰਲੀਮੈਂਟ ਵਿੱਚ ਖ਼ੂਬ ਤਾੜੀਆਂ ਵੱਜੀਆਂ। ਪਹਿਲੀ ਕਤਾਰ ਵਿੱਚ ਬੈਠੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਆਪਣੀ ਸੀਟ ਤੋਂ ਉੱਠੇ, ਵੌਨ ਡੇਰ ਲੇਯਨ ਨਾਲ ਗਲੇ ਮਿਲੇ ਅਤੇ ਮੁੜ ਆਪਣੀ ਸੀਟ ’ਤੇ ਜਾ ਬੈਠੇ।

 

 

 

 

 

 

 

 

 

 

 

 

 

 

ਪਰ ਇਸ ਜਨਤਕ ਗਰਮਜੋਸ਼ੀ ਦੇ ਬਾਵਜੂਦ ਕੈਨੇਡਾ ਵੱਲੋਂ ਸ਼ਬਦਾਂ ਦੀ ਚੋਣ ਕਾਫ਼ੀ ਸਾਵਧਾਨੀ ਨਾਲ ਕੀਤੀ ਗਈ ਹੈ। ਕਾਰਨੀ ਦੇ ਦਫ਼ਤਰ ਨੇ ਪ੍ਰਸਤਾਵ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਨੂੰ ਮੌਜੂਦਾ ਮੁਕਤ ਵਪਾਰ ਸਮਝੌਤੇ ਤੋਂ ਅੱਗੇ ਵਧ ਕੇ ਇੱਕ ਵਿਆਪਕ ਗੱਠਜੋੜ ਬਣਾਉਣਾ ਚਾਹੀਦਾ ਹੈ। ਪਰ ‘ਐਸੋਸੀਏਟ ਮੈਂਬਰਸ਼ਿਪ’ ਨੂੰ ਸਵੀਕਾਰ ਕਰਨ ਬਾਰੇ ਕੋਈ ਵਚਨਬੱਧਤਾ ਨਹੀਂ ਦਿੱਤੀ ਗਈ।ਕਾਰਨੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਕੈਨੇਡਾ ਯੂਰਪੀਅਨ ਯੂਨੀਅਨ ਦਾ ਪੂਰਾ ਮੈਂਬਰ ਬਣਨ ਦੀ ਕੋਸ਼ਿਸ਼ਾਂ ਨਹੀਂ ਕਰ ਰਿਹਾ। ਉਨ੍ਹਾਂ ਦਾ ਜ਼ੋਰ ਇੱਕ ਵਿਲੱਖਣ ਅਤੇ ਰਣਨੀਤਕ ਭਾਈਵਾਲੀ ’ਤੇ ਹੈ।

 

 

 

 

 

 

 

 

 

 

 

 

 

 

 

ਕੈਨੇਡਾ ਦੇ ਯੂਰਪੀਅਨ ਯੂਨੀਅਨ ਲਈ ਆਉਣ ਵਾਲੇ ਰਾਜਦੂਤ ਜੌਨਾਥਨ ਵਿਲਕਿਨਸਨ ਨੇ ਵੀ ‘ਐਸੋਸੀਏਟ ਮੈਂਬਰ’ ਸ਼ਬਦਾਵਲੀ ਨੂੰ ਲੈ ਕੇ ਸੰਜਮ ਦਿਖਾਇਆ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਅਜੇ ਇਸ ਮੁਕਾਮ ’ਤੇ ਨਹੀਂ ਪਹੁੰਚੀਆਂ ਕਿ ਕਿਸੇ ਨਵੇਂ ਰਿਸ਼ਤੇ ਦਾ ਨਾਮ ਜਾਂ ਰਸਮੀ ਪਰਿਭਾਸ਼ਾ ਤੈਅ ਕੀਤੀ ਜਾ ਸਕੇ। ਉਨ੍ਹਾਂ ਮੁਤਾਬਕ ਇਸ ਵੇਲੇ ਧਿਆਨ ਨਾਮਕਰਨ ਦੀ ਬਜਾਏ ਠੋਸ ਨਤੀਜੇ ਹਾਸਲ ਕਰਨ ’ਤੇ ਹੈ।

 

 

 

 

 

 

 

 

 

 

 

ਇਸ ਪੇਸ਼ਕਸ਼ ਨੇ ਕੈਨੇਡਾ ਵਿੱਚ ਸਿਆਸੀ ਚਰਚਾ ਵੀ ਤੇਜ਼ ਕਰ ਦਿੱਤੀ ਹੈ। ਕੰਜ਼ਰਵੇਟਿਵ ਆਗੂ ਪੀਅਰ ਪੌਲਿਵਰ ਨੇ ਕਿਹਾ ਹੈ ਕਿ ਕੈਨੇਡਾ ਨਾ ਅਮਰੀਕਾ ਦਾ ‘51ਵਾਂ ਰਾਜ’ ਬਣੇਗਾ ਅਤੇ ਨਾ ਹੀ ਯੂਰਪੀਅਨ ਯੂਨੀਅਨ ਦਾ ‘28ਵਾਂ ਰਾਜ’। ਉਨ੍ਹਾਂ ਨੇ ਕੈਨੇਡਾ ਦੀ ਸੁਤੰਤਰ ਪਛਾਣ ਨੂੰ ਕੇਂਦਰ ਵਿੱਚ ਰੱਖਦਿਆਂ ਸਰਕਾਰ ’ਤੇ ਸਵਾਲ ਚੁੱਕੇ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

ਇਸ ਦੌਰਾਨ ਕਾਰਨੀ ਦੇ ਯੂਰਪ ਦੌਰੇ ਦਾ ਕੇਂਦਰ ਵਪਾਰ, ਰੱਖਿਆ ਅਤੇ ਰਣਨੀਤਕ ਸਹਿਯੋਗ ਹੈ। ਆਰਕਟਿਕ, ਊਰਜਾ, ਨਾਜ਼ੁਕ ਖਣਿਜ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਜਲਵਾਯੂ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਵੀ ਧਿਆਨ ਹੈ। ਵੀਰਵਾਰ ਨੂੰ ਕਾਰਨੀ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਭਾਸ਼ਣ ਤੋਂ ਇਹ ਹੋਰ ਸਪਸ਼ਟ ਹੋ ਸਕਦਾ ਹੈ ਕਿ ਓਟਾਵਾ ਇਸ ਨਵੇਂ ਯੂਰਪੀ ਪ੍ਰਸਤਾਵ ਨੂੰ ਕਿਹੜੇ ਰੂਪ ਵਿੱਚ ਅੱਗੇ ਲਿਜਾਣਾ ਚਾਹੁੰਦਾ ਹੈ।