Breaking News

‘ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਵਾਲੇ ਨੌਜਵਾਨ ਨੂੰ ਰਾਜਾ ਵੜਿੰਗ ਨੇ ਸਟੇਜ ‘ਤੇ ਸੱਦਿਆ… ਕਿਹਾ- ਚੰਨੀ ਸਾਬ੍ਹ ਨੂੰ ਫ਼ੋਨ ਲਾਓ

‘ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਵਾਲੇ ਨੌਜਵਾਨ ਨੂੰ ਰਾਜਾ ਵੜਿੰਗ ਨੇ ਸਟੇਜ ‘ਤੇ ਸੱਦਿਆ… ਕਿਹਾ- ਚੰਨੀ ਸਾਬ੍ਹ ਨੂੰ ਫ਼ੋਨ ਲਾਓ

ਬਠਿੰਡਾ ਵਿੱਚ ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਲੱਗੇ ਨਾਅਰਿਆਂ ਨੇ ਪਾਰਟੀ ਦੀ ਅੰਦਰੂਨੀ ਧੜੇਬੰਦੀ ਨੂੰ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ।

ਬਠਿੰਡਾ: ਪੰਜਾਬ ਕਾਂਗਰਸ ਦੇ ਅੰਦਰੂਨੀ ਮਤਭੇਦ ਅਤੇ ਧੜੇਬੰਦੀ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਏ ਹਨ।

ਬਠਿੰਡਾ ਵਿੱਚ ਹੋਈ ਪੰਜਾਬ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਦੌਰਾਨ ਉਸ ਵੇਲੇ ਦਿਲਚਸਪ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਵਰਕਰ ਨੇ ਸੂਬੇ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਮੌਜੂਦ ਸਨ। ਇਸ ਬੈਠਕ ਦਾ ਮੁੱਖ ਉਦੇਸ਼ ਆਉਣ ਵਾਲੀਆਂ ਸਿਆਸੀ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣਾ ਸੀ।

ਇਸ ਦੌਰਾਨ ਹਾਲ ਵਿੱਚ ਮੌਜੂਦ ਇੱਕ ਨੌਜਵਾਨ ਵਰਕਰ ਨੇ ਅਚਾਨਕ ‘ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਵਰਕਰ ਦੇ ਜੋਸ਼ ਨੂੰ ਦੇਖਦੇ ਹੋਏ ਰਾਜਾ ਵੜਿੰਗ ਨੇ ਉਸ ਨੂੰ ਸਟੇਜ ‘ਤੇ ਬੁਲਾ ਲਿਆ ਅਤੇ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਫੋਨ ਮਿਲਾਏ।

ਜਦੋਂ ਨੌਜਵਾਨ ਨੇ ਸਟੇਜ ਤੋਂ ਹੀ ਚੰਨੀ ਨੂੰ ਫੋਨ ਕੀਤਾ ਤਾਂ ਦੂਜੇ ਪਾਸੇ ਤੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਨੌਜਵਾਨ ਨੂੰ ਆਪਣਾ ਨੰਬਰ ਦਿੰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਮਦਦ ਦੀ ਲੋੜ ਪਵੇ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

ਮਾਹੌਲ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਰਾਜਾ ਵੜਿੰਗ ਨੇ ਨੌਜਵਾਨ ਨੂੰ ਮਾਈਕ ਸੌਂਪ ਦਿੱਤਾ। ਇਸ ਤੋਂ ਬਾਅਦ ਵਰਕਰ ਨੇ ‘ਚੰਨੀ ਜ਼ਿੰਦਾਬਾਦ’, ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਅਤੇ ‘ਰਾਹੁਲ ਗਾਂਧੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਦਿਲਚਸਪ ਗੱਲ ਇਹ ਰਹੀ ਕਿ ਉਸ ਨੇ ਨਾ ਤਾਂ ਰਾਜਾ ਵੜਿੰਗ ਦੇ ਹੱਕ ਵਿੱਚ ਕੋਈ ਨਾਅਰਾ ਲਗਾਇਆ ਅਤੇ ਨਾ ਹੀ ਭੁਪੇਸ਼ ਬਘੇਲ ਦੇ ਸਮਰਥਨ ਵਿੱਚ ਕੋਈ ਨਾਅਰਾ ਦਿੱਤਾ।