Saharanpur ਇਹ ਸੜਕ ਮੁਸਲਮਾਨਾਂ ਲਈ ਨਹੀਂ ਹੈ… ਦਿੱਲੀ-ਦੇਹਰਾਦੂਨ ਹਾਈਵੇਅ ’ਤੇ ਨਾਅਰੇ ਲਿਖਣ ਦੇ ਦੋਸ਼ ’ਚ ਦੋ ਔਰਤਾਂ ਸਣੇ ਤਿੰਨ ਕਾਬੂ
ਇਹ ਸੜਕ ਮੁਸਲਮਾਨਾਂ ਲਈ ਨਹੀਂ ਹੈ… ਦਿੱਲੀ-ਦੇਹਰਾਦੂਨ ਹਾਈਵੇਅ ’ਤੇ ਨਾਅਰੇ ਲਿਖਣ ਦੇ ਦੋਸ਼ ’ਚ ‘ਹਿੰਦੂ ਰੱਖਿਆ ਦਲ’ ਸੰਬੰੰਧਤ ਦੋ ਔਰਤਾਂ ਸਣੇ ਤਿੰਨ ਕਾਬੂ
ਸਹਾਰਨਪੁਰ ਪੁਲੀਸ ਦੀ ਕਾਰਵਾਈ: ਮੁਲਜ਼ਮਾਂ ਦਾ ਸਬੰਧ ‘ਹਿੰਦੂ ਰੱਖਿਆ ਦਲ’ ਨਾਲ
Saharanpur Communal Slogan Case: ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਦਿੱਲੀ-ਦੇਹਰਾਦੂਨ ਹਾਈਵੇਅ ’ਤੇ ਇੱਕ ਵਿਸ਼ੇਸ਼ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਨਾਅਰੇ ਲਿਖ ਕੇ ਫ਼ਿਰਕੂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪੁਲੀਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਸੜਕ ’ਤੇ “ਇਹ ਰੋਡ ਮੁਸਲਮਾਨਾਂ ਲਈ ਨਹੀਂ ਹੈ” , ਵਰਗੇ ਨਫ਼ਰਤੀ ਨਾਅਰੇ ਲਿਖੇ ਸਨ। ਬਿਹਾਰੀਗੜ੍ਹ ਥਾਣੇ ਦੇ ਇੰਚਾਰਜ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਲੇਖਾ, ਸ਼ਾਰਦਾ ਅਤੇ ਜਤਿੰਦਰ ਰਾਘਵ ਵਜੋਂ ਹੋਈ ਹੈ, ਜੋ ਕਿ ਦੇਹਰਾਦੂਨ ਦੇ ਰਹਿਣ ਵਾਲੇ ਹਨ।
ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇਹ ਲੋਕ ਸਪਰੇਅ ਪੇਂਟ ਦੀ ਵਰਤੋਂ ਕਰਕੇ ਹਾਈਵੇਅ ’ਤੇ ਨਾਅਰੇ ਲਿਖਦੇ ਨਜ਼ਰ ਆ ਰਹੇ ਸਨ। ਉਸ ਸਮੇਂ ‘ਹਿੰਦੂ ਰੱਖਿਆ ਦਲ’ ਨਾਲ ਜੁੜੇ ਕਾਰਕੁਨਾਂ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲਈ ਸੀ।
ਭਾਰਤੀ ਕੌਮੀ ਮਾਰਗ ਅਥਾਰਟੀ (NHAI) ਦੇ ਇੱਕ ਮੁਲਾਜ਼ਮ ਵੱਲੋਂ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦਿਆਂ ਵੀਰਵਾਰ ਸ਼ਾਮ ਨੂੰ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਦਾ ਕਹਿਣਾ ਹੈ ਕਿ ਅਜਿਹੀਆਂ ਹਰਕਤਾਂ ਦੰਗੇ ਭੜਕਾਉਣ ਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

Punjab Spectrum