Breaking News

West Asia Conflict: ਅਮਰੀਕਾ ਵੱਲੋਂ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਦੇ ਗੰਭੀਰ ਜ਼ਖ਼ਮੀ ਹੋਣ ਦਾ ਦਾਅਵਾ

West Asia Conflict:

ਅਮਰੀਕਾ ਵੱਲੋਂ ਮੁਜਤਬਾ ਦੇ ਗੰਭੀਰ ਜ਼ਖ਼ਮੀ ਹੋਣ ਦਾ ਦਾਅਵਾ
ਟਰੰਪ ਨੇ ਇਰਾਨ ਨੂੰ ਮੁੜ ਦਿੱਤੀ ਧਮਕੀ; ਤਹਿਰਾਨ ’ਚ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੇਡ਼ੇ ਜ਼ੋਰਦਾਰ ਧਮਾਕਾ

-ਜੰਗ ਵਿੱਚ ਅਮਰੀਕਨ ਫੌਜੀ ਉਤਾਰੇ ਜਾਣ ਦੀ ਤਿਆਰੀ
-ਉਡਦੇ ਜਹਾਜ਼ਾਂ ‘ਚ ਤੇਲ ਭਰਨ ਵਾਲਾ ਅਮਰੀਕਨ ਜਹਾਜ਼ ਡਿਗਿਆ

ਅਮਰੀਕਾ ਨੇ ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਦੇ ਹਮਲੇ ’ਚ ਗੰਭੀਰ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਅਮਰੀਕਾ ਦੇ ਰੱਖਿਆ ਮੰਤਰੀ ਪੀਟਰ ਹੇਗਸੈੱਥ ਨੇ ਅੱਜ ਬਿਆਨ ’ਚ ਸੰਭਾਵਨਾ ਜਤਾਈ ਕਿ ਮੁਜਤਬਾ ਦਾ ਚਿਹਰਾ ਵੀ ਖ਼ਰਾਬ ਹੋ ਚੁੱਕਾ ਹੈ। ਮੁਜਤਬਾ ਨੇ ਇਕ ਦਿਨ ਪਹਿਲਾਂ ਅਮਰੀਕਾ ਅਤੇ ਇਜ਼ਰਾਈਲ ਖ਼ਿਲਾਫ਼ ਜੰਗ ਜਾਰੀ ਰੱਖਣ ਦਾ ਅਹਿਦ ਲਿਆ ਸੀ। ਹੇਗਸੈੱਥ ਨੇ ਕਿਹਾ ਕਿ ਦੁਸ਼ਮਣ ਦੇ 15 ਹਜ਼ਾਰ ਤੋਂ ਵੱਧ ਨਿਸ਼ਾਨੇ ਫੁੰਡੇ ਗਏ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਮੁਜਤਬਾ ਖਮੇਨੇਈ ਨੂੰ ਵੀ ਨਹੀਂ ਬਖ਼ਸ਼ਣਗੇ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਨਵੀਂ ਧਮਕੀ ਦਿੰਦਿਆਂ ਕਿਹਾ ਕਿ ਉਥੋਂ ਦੇ ਆਗੂਆਂ ਨੇ 47 ਸਾਲਾਂ ਤੱਕ ਪੂਰੀ ਦੁਨੀਆ ’ਚ ਕਤਲੇਆਮ ਕੀਤਾ ਹੈ ਪਰ ਹੁਣ ਉਨ੍ਹਾਂ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਕਾਤਲਾਂ ਨੂੰ ਮਾਰਨ ਦਾ ਮਾਣ ਮਿਲਿਆ ਹੈ।

 

 

 

 

 

 

 

ਲਿਬਨਾਨ ਦੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਖ਼ਬਰ ਏਜੰਸੀ ਨੇ ਕਿਹਾ ਕਿ ਲਿਬਨਾਨ ’ਚ ਇਜ਼ਰਾਇਲੀ ਹਮਲੇ ਦੌਰਾਨ 100 ਤੋਂ ਵੱਧ ਬੱਚੇ ਮਾਰੇ ਗਏ ਹਨ। ਇਰਾਨ ਦੀ ਰਾਜਧਾਨੀ ਤਹਿਰਾਨ ਦੇ ਫਿਰਦੌਸੀ ਚੌਕ ’ਤੇ ਸ਼ੁੱਕਰਵਾਰ ਨੂੰ ਜ਼ੋਰਦਾਰ ਧਮਾਕਾ ਹੋਇਆ ਜਿਥੇ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਇਰਾਨ ਵੱਲੋਂ ਸਰਕਾਰੀ ਪੱਧਰ ’ਤੇ ਫ਼ਲਸਤੀਨੀਆਂ ਦੀ ਹਮਾਇਤ ’ਚ ਸਾਲਾਨਾ ਕੁਦਸ ਮੌਕੇ ਇਹ ਪ੍ਰਦਰਸ਼ਨ ਕੀਤੇ ਗਏ। ਧਮਾਕੇ ’ਚ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

 

 

 

 

 

 

 

 

 

 

 

 

ਧਮਾਕੇ ਤੋਂ ਪਹਿਲਾਂ ਇਜ਼ਰਾਈਲ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਇਸ ਖੇਤਰ ’ਚ ਹਮਲਾ ਕਰ ਸਕਦਾ ਹੈ। ਇਰਾਨ ਵੱਲੋਂ ਵੀ ਖਾੜੀ ਮੁਲਕਾਂ ’ਚ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਦੁਬਈ ਕੌਮਾਂਤਰੀ ਵਿੱਤੀ ਕੇਂਦਰ ਦੀ ਇਮਾਰਤ ਵੀ ਹਮਲੇ ’ਚ ਨੁਕਸਾਨੀ ਗਈ ਹੈ। ਤੁਰਕੀ ’ਚ ਨਾਟੋ ਫ਼ੌਜ ਨੇ ਇਰਾਨ ਵੱਲੋਂ ਦਾਗ਼ੀ ਗਈ ਬੈਲਿਸਟਿਕ ਮਿਜ਼ਾਈਲ ਨੂੰ ਹਵਾ ’ਚ ਹੀ ਫੁੰਡ ਦਿੱਤਾ। ਅਡਾਨਾ ’ਚ ਅਮਰੀਕੀ ਫ਼ੌਜ ਵੱਲੋਂ ਵਰਤੇ ਜਾ ਰਹੇ ਅੱਡੇ ’ਤੇ ਤੜਕੇ ਜ਼ੋਰਦਾਰ ਧਮਾਕਾ ਸੁਣਿਆ ਗਿਆ। ਹਿਜ਼ਬੁੱਲਾ ਵੱਲੋਂ ਲਿਬਨਾਨ ’ਚ ਇਜ਼ਰਾਇਲੀ ਫ਼ੌਜੀਆਂ ਅਤੇ ਇਜ਼ਰਾਈਲ ’ਚ ਕਈ ਥਾਵਾਂ ’ਤੇ ਰਾਕੇਟ ਦਾਗ਼ੇ ਗਏ ਜਿਨ੍ਹਾਂ ’ਚ ਕਰੀਬ 60 ਵਿਅਕਤੀ ਜ਼ਖ਼ਮੀ ਹੋ ਗਏ।

 

 

 

 

 

 

 

 

 

 

 

ਅਮਰੀਕਾ ਨੇ ਰੂਸੀ ਤੇਲ ’ਤੇ ਪਾਬੰਦੀਆਂ ਵਿੱਚ ਢਿੱਲ ਦਿੱਤੀ
ਦੁਬਈ/ਬੈਰੂਤ/ਯੇਰੂਸ਼ਲਮ: ਅਮਰੀਕਾ ਨੇ ਵੱਖ-ਵੱਖ ਦੇਸ਼ਾਂ ਨੂੰ ਸਮੁੰਦਰ ਵਿੱਚ ਮੌਜੂਦ ਪਾਬੰਦੀਸ਼ੁਦਾ ਰੂਸੀ ਪੈਟਰੋਲੀਅਮ ਪਦਾਰਥਾਂ ਨੂੰ ਖ਼ਰੀਦਣ ਲਈ 30 ਦਿਨਾਂ ਦੀ ਛੋਟ ਦੇ ਦਿੱਤੀ ਹੈ। ਅਮਰੀਕਾ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ, ਜੋ ਇਜ਼ਰਾਈਲ ਅਤੇ ਅਮਰੀਕਾ ਦੀ ਇਰਾਨ ਵਿਰੁੱਧ ਜੰਗ ਕਾਰਨ ਅਸਮਾਨੀ ਚੜ੍ਹ ਗਈਆਂ ਹਨ। ਹਾਲਾਂਕਿ, ਇਸ ਛੋਟ ਦਾ ਕੋਈ ਖ਼ਾਸ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤ ਮੁੜ 101 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਅਤੇ ਏਸ਼ਿਆਈ ਸ਼ੇਅਰ ਬਾਜ਼ਾਰਾਂ ’ਤੇ ਵੀ ਦਬਾਅ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ 5 ਮਾਰਚ ਨੂੰ ਰੂਸੀ ਤੇਲ ਖ਼ਰੀਦਣ ਲਈ 30 ਦਿਨਾਂ ਦੀ ਛੋਟ ਦਿੱਤੀ ਸੀ।

 

 

 

 

 

 

 

 

 

 

 

 

 

 

 

 

 

 

 

 

ਇਸੇ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਲੋੜ ਪਈ ਤਾਂ ਅਮਰੀਕਾ ਹਰਮੁਜ਼ ਜਲ ਮਾਰਗ ਰਾਹੀਂ ਸਮੁੰਦਰੀ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਉਨ੍ਹਾਂ ਦੀ ਪਹਿਰੇਦਾਰੀ ਕਰੇਗਾ। ਸ਼ੁੱਕਰਵਾਰ ਨੂੰ ਪ੍ਰਸਾਰਿਤ ‘ਫੌਕਸ ਨਿਊਜ਼’ ਦੇ ਇਕ ਇੰਟਰਵਿਊ ਵਿੱਚ ਉਨ੍ਹਾਂ ਹੋਰ ਕਿਹਾ ਕਿ ਅਮਰੀਕਾ ਅਗਲੇ ਹਫ਼ਤੇ ਇਰਾਨ ’ਤੇ ਬਹੁਤ ਜ਼ਬਰਦਸਤ ਹਮਲਾ ਕਰੇਗਾ। ਉੱਧਰ, ਕ੍ਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਅੱਜ ਕਿਹਾ ਕਿ ਰੂਸ ਆਪਣੇ ਤੇਲ ’ਤੇ ਅਮਰੀਕੀ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ ਨੂੰ ਵਾਸ਼ਿੰਗਟਨ ਵੱਲੋਂ ਆਲਮੀ ਊਰਜਾ ਬਾਜ਼ਾਰਾਂ ਨੂੰ ਸਥਿਰ ਕਰਨ ਦੀ ਕੋਸ਼ਿਸ਼ ਵਜੋਂ ਦੇਖਦਾ ਹੈ। ਇਸ ਮਾਮਲੇ ਵਿੱਚ ਦੋਵੇਂ ਦੇਸ਼ਾਂ ਦੇ ਹਿੱਤ ਸਾਂਝੇ ਹਨ।