Breaking News

T20: ICC warns Pakistan: ਆਈਸੀਸੀ ਵੱਲੋਂ ਪਾਕਿਸਤਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ

ICC Warns Pakistan: Boycott India T20 WC Match? Long-Term Consequences Ahead!

T20: ICC warns Pakistan: ਆਈਸੀਸੀ ਵੱਲੋਂ ਪਾਕਿਸਤਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ

ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਖ਼ਿਲਾਫ਼ ਮੈਚ ਦਾ ਬਾਈਕਾਟ ਕਰਨ ਦਾ ਕੀਤਾ ਸੀ ਐਲਾਨ

 

 

 

ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਖ਼ਿਲਾਫ਼ ਹੋਣ ਵਾਲੇ ਆਪਣੇ ਹਾਈ-ਪ੍ਰੋਫਾਈਲ ਗਰੁੱਪ ਲੀਗ ਮੈਚ ਦਾ ਬੀਤੇ ਦਿਨੀਂ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਆਈਸੀਸੀ ਨੇ ਪਾਕਿਸਤਾਨ ਨੂੰ ਬਾਈਕਾਟ ਕਰਨ ਦੀ ਸੂਰਤ ਵਿਚ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਆਈਸੀਸੀ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਸਰਕਾਰ ਨੇ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੇ ਬਾਕੀ ਮੈਚ ਖੇਡਣ ’ਤੇ ਸਹਿਮਤੀ ਜਤਾ ਦਿੱਤੀ ਹੈ ਪਰ ਭਾਰਤ ਖ਼ਿਲਾਫ਼ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਪਾਕਿਸਤਾਨ ’ਤੇ ਪਾਬੰਦੀਆਂ ਲਾਉਣ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਪਾਕਿਸਤਾਨ ਦੇ ਇਸ ਫੈਸਲੇ ਤੋਂ ਆਈਸੀਸੀ ਨਾਰਾਜ਼ ਹੈ।

 

 

 

 

ਪਾਕਿਸਤਾਨ ਇਸ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਨਹੀਂ ਖੇਡੇਗਾ। ਇਹ ਜਾਣਕਾਰੀ ਪਾਕਿਸਤਾਨ ਸਰਕਾਰ ਨੇ ਪਹਿਲੀ ਫਰਵਰੀ ਦੀ ਰਾਤ ਨੂੰ ਐਕਸ ’ਤੇ ਪੋਸਟ ਪਾ ਕੇ ਨਸ਼ਰ ਕੀਤੀ ਸੀ।

 

 

 

ਉਨ੍ਹਾਂ ਪੋਸਟ ਵਿਚ ਲਿਖਿਆ, ‘ਸਰਕਾਰ … ਪਾਕਿਸਤਾਨ ਕ੍ਰਿਕਟ ਟੀਮ ਨੂੰ ਆਈਸੀਸੀ ਵਿਸ਼ਵ ਟੀ-20 2026 ਵਿੱਚ ਹਿੱਸਾ ਲੈਣ ਲਈ ਪ੍ਰਵਾਨਗੀ ਦਿੰਦੀ ਹੈ, ਹਾਲਾਂਕਿ, ਪਾਕਿਸਤਾਨ ਕ੍ਰਿਕਟ ਟੀਮ 15 ਫਰਵਰੀ ਨੂੰ ਭਾਰਤ ਖ਼ਿਲਾਫ਼ ਹੋਣ ਵਾਲੇ ਮੈਚ ਵਿੱਚ ਮੈਦਾਨ ’ਤੇ ਨਹੀਂ ਉਤਰੇਗੀ।’ ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਹੋਣ ਵਾਲੇ ਮੈਚ ਲਈ ਦਰਸ਼ਕ ਖਾਸੇ ਉਤਸ਼ਾਹਿਤ ਰਹਿੰਦੇ ਹਨ।

 

 

 

ਪਾਕਿਸਤਾਨ ਦੇ ਫੈਸਲੇ ਨੂੰ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਹਟਾਉਣ ਨਾਲ ਜੁੜੇ ਰਾਜਸੀ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਆਈਸੀਸੀ ਨੇ ਬੰਗਲਾਦੇਸ਼ ਦੀ ਸੁਰੱਖਿਆ ਦੇ ਆਧਾਰ ’ਤੇ ਭਾਰਤ ਤੋਂ ਸ੍ਰੀਲੰਕਾ ਵਿਚ ਮੈਚਾਂ ਨੂੰ ਤਬਦੀਲ ਕਰਨ ਦੀ ਅਪੀਲ ਠੁਕਰਾ ਦਿੱਤੀ ਸੀ।

 

 

 

ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਨਾਲ ਹੀ ਕਿਹਾ ਹੈ ਕਿ ਟੀਮ 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਵਿਰੁੱਧ ਹੋਣ ਵਾਲੇ ਮੈਚ ਲਈ ਮੈਦਾਨ ਵਿੱਚ ਨਹੀਂ ਉਤਰੇਗੀ।

 

 

 

 

ਪਾਕਿਸਤਾਨ 7 ਫਰਵਰੀ ਨੂੰ ਨੀਦਰਲੈਂਡਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ, ਇਸ ਤੋਂ ਬਾਅਦ 10 ਫਰਵਰੀ ਨੂੰ ਅਮਰੀਕਾ ਅਤੇ 18 ਫਰਵਰੀ ਨੂੰ ਨਾਮੀਬੀਆ ਵਿਰੁੱਧ ਮੈਚ ਹੋਣਗੇ। ਸਾਰੇ ਮੈਚ ਕੋਲੰਬੋ ਦੇ ਐਸਐਸਸੀ ਮੈਦਾਨ ਵਿੱਚ ਖੇਡੇ ਜਾਣਗੇ। ਆਈਸੀਸੀ ਵੱਲੋਂ ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ ਵਿਚ ਬਾਹਰ ਕੱਢਣ ਤੋਂ ਬਾਅਦ ਪਾਕਿਸਤਾਨ ਨਾਰਾਜ਼ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਆਈਸੀਸੀ ਨੇ ਬੰਗਲਾਦੇਸ਼ ਨਾਲ ਮਾੜੀ ਕੀਤੀ ਹੈ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਤੋਂ ਟੂਰਨਾਮੈਂਟ ਦੇ ਸੰਭਾਵੀ ਬਾਈਕਾਟ ਬਾਰੇ ਪੁੱਛਿਆ ਗਿਆ ਸੀ ਤਾਂ ਨਕਵੀ ਨੇ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਾਂ ਤੇ ਅੰਤਿਮ ਫੈਸਲਾ ਉਦੋਂ ਲਿਆ ਜਾਵੇਗਾ।’ ਪਾਕਿਸਤਾਨ ਨੂੰ ਪਹਿਲਾਂ ਹੀ ਆਈ.ਸੀ.ਸੀ. ਵਲੋਂ ਰਿਆਇਤ ਦਿੱਤੀ ਜਾ ਚੁੱਕੀ ਸੀ ਕਿ ਉਹ ਆਪਣੇ ਸਾਰੇ ਲੀਗ ਮੈਚ ਸ੍ਰੀਲੰਕਾ ਵਿੱਚ ਖੇਡੇਗਾ ਤੇ ਭਾਰਤ ਵਿਰੁੱਧ ਹੋਣ ਵਾਲਾ ਮੈਚ ਵੀ ਸ੍ਰੀਲੰਕਾ ਵਿਚ ਖੇਡਿਆ ਜਾਵੇਗਾ।

 

 

 

ਮੋਹਸਿਨ ਨਕਵੀ ਨੇ ਬੰਗਲਾਦੇਸ਼ ਦਾ ਸਮਰਥਨ ਕਰਦਿਆਂ ਦੋਸ਼ ਲਗਾਇਆ ਸੀ ਕਿ ਆਈ.ਸੀ.ਸੀ. ਨੇ ਇਸ ਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰਕੇ ਗਲਤ ਵਿਹਾਰ ਕੀਤਾ ਹੈ। ਉਨ੍ਹਾਂ ਕਿਹਾ, ‘ਬੰਗਲਾਦੇਸ਼ ਨਾਲ ਗਲਤ ਵਿਹਾਰ ਕੀਤਾ ਗਿਆ ਹੈ। ਮੈਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਬੋਰਡ ਮੀਟਿੰਗ ਵਿੱਚ ਵੀ ਇਹੀ ਕਿਹਾ ਸੀ ਕਿ ਇੱਥੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਇਕ ਦੇਸ਼ ਨੂੰ ਪੂਰੀ ਰਿਆਇਤ ਦਿੱਤੀ ਜਾਂਦੀ ਹੈ ਤੇ ਦੂਜੇ ਨਾਲ ਅੜੀ ਕੀਤੀ ਜਾਂਦੀ ਹੈ।’