Nepal Floods: 669 ਲੋਕਾਂ ਦੀ ਮੌਤ, 2426 ਲਾਪਤਾ, ਪੰਜਾਬੀ ਨੌਜਵਾਨ ਦਾ ਨਹੀਂ ਮਿਲਿਆ ਪਤਾ
ਨੇਪਾਲ ਹੜ੍ਹ ‘ਚ ਲਾਪਤਾ ਹੋਏ ਤਰਨਤਾਰਨ ਦੇ ਸ਼ਮਸ਼ੇਰ ਸਿੰਘ ਸਮੇਤ 3 ਜਣੇ, ਪਰਿਵਾਰ ਨੇ DC ਤੋਂ ਮੰਗੀ ਮਦਦ
Nepal Floods: ਨੇਪਾਲ ਹੜ੍ਹ ਤ੍ਰਾਸਦੀ ਵਿੱਚ 669 ਮੌਤਾਂ ਦੀ ਪੁਸ਼ਟੀ ਅਤੇ 2426 ਲੋਕ ਲਾਪਤਾ ਹਨ। ਤਰਨਤਾਰਨ ਦਾ ਸ਼ਮਸ਼ੇਰ ਸਿੰਘ ਸੰਧੂ ਸਮੇਤ ਤਿੰਨ ਭਾਰਤੀ ਵੀ ਲਾਪਤਾ ਹਨ। ਪਰਿਵਾਰ ਨੇ ਡੀਸੀ ਤੋਂ ਮਦਦ ਦੀ ਅਪੀਲ ਕੀਤੀ।

Nepal Floods: ਨੇਪਾਲ ਵਿੱਚ ਆਈ ਭਿਆਨਕ ਹੜ੍ਹ ਤ੍ਰਾਸਦੀ ਨੇ ਵੱਡੀ ਤਬਾਹੀ ਮਚਾਈ ਹੈ। ਨੇਪਾਲ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 669 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 2426 ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ।
ਤਰਨਤਾਰਨ ਦਾ ਨੌਜਵਾਨ ਵੀ ਨੇਪਾਲ ਹੜ੍ਹ ਦੌਰਾਨ ਲਾਪਤਾ
ਇਸ ਭਿਆਨਕ ਕੁਦਰਤੀ ਆਫ਼ਤ ਦਰਮਿਆਨ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਰੱਤੋਕੇ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਸੰਧੂ ਨੇਪਾਲ ਵਿੱਚ ਐਂਡ੍ਰਿਟਜ਼ ਕੰਪਨੀ ਦੇ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰੋਜੈਕਟ ਵਿੱਚ ਕਰੇਨ ਆਪ੍ਰੇਟਰ ਵਜੋਂ ਕੰਮ ਕਰਦਾ ਸੀ।

ਸ਼ਮਸ਼ੇਰ ਸਿੰਘ ਦੇ ਨਾਲ ਉਸ ਦੇ ਦੋ ਕਰੀਬੀ ਰਿਸ਼ਤੇਦਾਰ ਵੀ ਲਾਪਤਾ ਹਨ। ਇਨ੍ਹਾਂ ਵਿੱਚ ਉਸ ਦਾ ਸਾਲਾ ਭੁਪਿੰਦਰ ਸਿੰਘ, ਜੋ ਕਰੇਨ ਆਪ੍ਰੇਟਰ ਵਜੋਂ ਕੰਮ ਕਰਦਾ ਸੀ, ਅਤੇ ਉਸ ਦੇ ਸਾਲੇ ਦਾ ਭਤੀਜਾ ਰਸ਼ਪਾਲ ਸਿੰਘ, ਜੋ ਟਰੱਕ ਆਪ੍ਰੇਟਰ ਸੀ, ਸ਼ਾਮਲ ਹਨ। ਦੋਵੇਂ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
25 ਅਗਸਤ ਨੂੰ ਹੋਈ ਸੀ ਆਖਰੀ ਗੱਲਬਾਤ
ਪਰਿਵਾਰਕ ਮੈਂਬਰਾਂ ਮੁਤਾਬਕ ਨੇਪਾਲ ਵਿੱਚ ਹੜ੍ਹ ਆਉਣ ਦੌਰਾਨ ਤਿੰਨਾਂ ਨਾਲ ਅਚਾਨਕ ਸੰਪਰਕ ਟੁੱਟ ਗਿਆ। ਪਰਿਵਾਰ ਨੇ ਦੱਸਿਆ ਕਿ 25 ਅਗਸਤ ਨੂੰ ਸ਼ਮਸ਼ੇਰ ਸਿੰਘ ਨਾਲ ਵਾਟਸਐਪ ਵੀਡੀਓ ਕਾਲ ਰਾਹੀਂ ਆਖਰੀ ਵਾਰ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਤਿੰਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵੱਲੋਂ ਲਗਾਤਾਰ ਫੋਨ ਅਤੇ ਹੋਰ ਸੰਪਰਕ ਸਾਧਨਾਂ ਰਾਹੀਂ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਜਾਣਕਾਰੀ ਨਾ ਮਿਲਣ ਕਾਰਨ ਪਰਿਵਾਰ ਦੀ ਚਿੰਤਾ ਲਗਾਤਾਰ ਵਧ ਰਹੀ ਹੈ।
Punjab Spectrum