ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖਿਲਾਫ ਹਨ – ਭਾਗ ਪਹਿਲਾ
—
ਆਪਣੇ ਨਾਮ ਪਿੱਛੇ ਗੋਤ ਲਾਉਣ ਵਾਲੇ ਜੱਟਾਂ ਨੂੰ ਇਹ ਕਹਿਕੇ ਠਿੱਠ ਕੀਤਾ ਜਾਦਾ ਹੈ ਕਿ ਇਹ ਜਾਤੀ ਹਾਉਮੈ ਹੈ। ਇਸੇ ਤਰਾਂ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਵਿਚ ਜਾਤ-ਪਾਤ ਦਾ ਵਿਰੋਧ ਹੈ। ਇਹ ਦੋਵੇਂ ਗੱਲਾਂ ਸਿੱਖ ਫਿਲਾਸਫੀ ਅਨੁਸਾਰ ਗਲਤ ਪ੍ਰਚੱਲਿਤ ਕੀਤੀਆਂ ਗਈਆਂ ਹਨ। ਇਸ ਵਿਚਾਰ ਚਰਚਾ ਵਿਚ ਆਪਾਂ ਗੁਰਬਾਣੀ ਸਮੇਤ ਹੋਰ ਸਿੱਖ ਇਤਿਹਾਸਕ ਸੋਮਿਆਂ ਰਾਹੀਂ ਜਾਣਾਂਗੇ ਕਿ ਸਿੱਖ ਫਲਸਫਾ ਜਾਤ-ਗੋਤ ਦਾ ਵਿਰੋਧੀ ਨਹੀਂ ਸਗੋਂ ਸਿੱਖਾਂ ਵਿਚ ਜਾਤ,ਪਾਤ ਅਤੇ ਗੋਤਾਂ ਦੀ ਵੱਡੀ ਮਹਾਨਤਾ ਹੈ। ਸਿੱਖ ਗੁਰੂ ਸਾਹਿਬਨਾਂ ਅਤੇ ਗੁਰਬਾਣੀ ਦੇ ਸਿਰਜਕਾਂ ਨੇ ਕਿਸੇ ਵੀ ਬੰਦੇ ਨੂੰ ਇਹ ਹੰਕਾਰ ਕਰਨ ਤੋਂ ਰੋਕਿਆ ਹੈ ਕਿ ਉਹ ਸਿਰਫ ਜਾਤ ਕਰਕੇ ਉੱਚੇ ਨੀਵੇਂ ਨਹੀਂ ਹਨ। ਜਦੋਂ ਕੋਈ ਜੱਟ ਸਿੱਖ ਆਪਣੇ ਨਾਮ ਪਿੱਛੇ ਗੋਤ ਲਾਉਂਦਾ ਹੈ ਤਾਂ ਉਹ ਜਾਤੀ ਦਾ ਹੰਕਾਰ ਨਹੀਂ ਕਰ ਰਿਹਾ ਹੁੰਦਾ ਸਗੋਂ ਉਹ ਆਪਣੀ ਪਰਿਵਾਰਕ ਲੜੀ ਤੇ ਮਾਣ ਕਰ ਰਿਹਾ ਹੁੰਦਾ ਹੈ। ਇਹ ਮਾਣ ਗੁਰੂ ਸਾਹਿਬਨਾਂ ਦੀ ਸਾਨੂੰ ਦਿੱਤੀ ਸਿੱਖਿਆ ਦੇ ਉਲਟ ਨਹੀਂ ਹੈ। ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿਚ ਗੁਰੂ ਸਾਹਿਬਾਨਾਂ ਦੀ ਪਰਿਵਾਰਕ ਲੜੀ (ਗੋਤ) ਨੂੰ ਵੀ ਮਾਣਮੱਤੇ ਢੰਗ ਨਾਲ ਵਰਨਾਇਆ ਗਿਆ ਹੈ। ਇਥੋਂ ਤੱਕ ਕਿ ਸਿੱਖ ਧਰਮ ਦੀ ਪਹਿਲੀ ਪੁਸਤਕ ਮੰਨੀ ਜਾਂਦੀ ਪੁਰਾਤਨ ਜਨਮ ਸਾਖੀ ਦੇ ਪਹਿਲੇ ਪੰਨੇ ਤੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਜਾਤ ‘ਵੇਦੀ ਖੱਤਰੀ’ ਵਿਚ ਹੋਣ ਦੀ ਲਿਖਤ ਹੈ :
“ਸੰਮਤ ੧੫੨੬ ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ, ਚਾਨਣੀ ਰਾਤਿ, ਅੰਮ੍ਰਿਤ ਵੇਲਾ, ਪਹਰ ਰਾਤ ਰਹਿੰਦੀ ਕੁ ਜਨਮਿਆ | ਅਨਹਦ ਸਬਦ ਪਰਮੇਸਰ ਕੇ ਦਰਬਾਰ ਵਾਜੇ।…. ਤਬ ਕਾਲੂ ਖੱਤ੍ਰੀ ਜਾਤ ਵੇਦੀ ਤਲਵੰਡੀ ਰਾਇ ਭੋਂਇ ਭੱਟੀ ਕੀ ਵਸਦੀ ਵਿਚ ਵਸਦਾ ਆਹਾ, ਓਥੈ ਜਨਮੁ ਪਾਯਾ।” (ਪੁਰਾਤਨ ਜਨਮ ਸਾਖੀ)
ਇਸੇ ਜਨਮ ਸਾਖੀ ਵਿਚ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਰਹੇ ਭਾਈ ਮਰਦਾਨਾ ਜੀ ਦੀ ਜਾਤੀ ‘ਡੂੰਮ’ ਦਾ ਵਰਨਨ ਕਈ ਵਾਰ ਆਇਆ ਹੈ:
ਜੋ ਮਰਦਾਨਾ ਡੂਮ ਹੈ, ਪਰੁ ਨਾਨਕ ਕਾ ਸਾਇਆ ਹੈ (ਛਾਪਾ ਨਵੰਬਰ ੧੯੪੮, ਪੰਨਾ 57)
ਭਾਈ ਗੁਰਦਾਸ ਜੀ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਪੂਰਨ ਰੂਪ ਵਿਚ ਆਪਣੇ ਹੱਥੀਂ ਲਿਖਿਆ। ਉਨ੍ਹਾਂ ਆਪਣੀ ਵੱਖਰੀ ਰਚਨਾ ਵੀ ਕੀਤੀ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਭਾਈ ਗੁਰਦਾਸ ਜੀ ਨੇ ਆਖਿਆ ਹੈ
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।
ਵਾਰ ੧ ਪਉੜੀ ੪੭ ਪੰ. ੨
ਇਸ ਪੰਗਤੀ ਵਿਚ ‘ਸੋਢੀ’ ਗੁਰੂ ਜੀ ਦੀ ਪਰਿਵਾਰਕ ਵੰਸ਼ ਲੜੀ ਹੈ ਜਾਂ ਕਹਿ ਲਓ ਕਿ ਗੋਤ ਹੈ। ਇਸੇ ਤਰਾਂ ਭਾਈ ਗੁਰਦਾਸ ਜੀ ਨੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਬਚਨ ਕੀਤੇ ਹਨ:
ਚਲੀ ਪੀੜੀ ‘ਸੋਢੀਆ’ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।।
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੩
ਇਸ ਵਾਰ ਵਿਚ ਵੀ ‘ਸੋਢੀ’ ਗੋਤ ਦੇ ਗੁਰੂ ਸਾਹਿਬਾਨਾਂ ਦੀ ਲੜੀ ਦਾ ਦਾ ਜਾਤੀ ਵਰਨਨ ਹੈ।
ਗੁਰੂ ਗਰੰਥ ਸਾਹਿਬ ਜੀ ਦੇ ਪੰਨਾ ਪੰਨਾ 1396 ਤੇ ਭੱਟਾਂ ਦੇ ਸਵੱਈਆਂ ਵਿਚ ਗੁਰੂ ਅਮਰਦਾਸ ਜੀ ਦੀ ਕੁਲ ਭੱਲੇ ਦਾ ਉਲੇਖ ਹੈ:
ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥
ਗੁਰ ਅਮਰਦਾਸ ਸਚੁ ਸਲ੍ਯ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥੧॥੨੧॥ {ਪੰਨਾ 1396}
ਪ੍ਰੋ. ਸਾਹਿਬ ਸਿੰਘ ਅਨੁਸਾਰ ਇਸ ਦੇ ਅਰਥ ਹਨ :
ਤੇਜਭਾਨ ਜੀ ਦੇ ਪੁਤ੍ਰ ਹੇ ਗੁਰੂ ਅਮਰਦਾਸ ਜੀ! ਤੂੰ ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ ਹੈਂ ਅਤੇ (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈਂ। ਹੇ ਸਲ੍ਯ੍ਯ ਕਵੀ! (ਇਉਂ) ਆਖ– ‘ਹੇ ਗੁਰੂ ਅਮਰਦਾਸ! ਤੂੰ ਇਸ ਤਰ੍ਹਾਂ ਜੁੱਧ ਕਰ ਕੇ (ਇਹ ਵਿਕਾਰਾਂ ਦਾ) ਦਲ ਜਿੱਤ ਲਿਆ ਹੈ।1।21।
ਭਲੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥ {ਪੰਨਾ 1396}
ਅਰਥ ਹਨ: ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ ਹੇ ਗੁਰੂ ਅਮਰਦਾਸ ਜੀ! ਤੇਰੇ ਗੁਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ।
ਸਤਿਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਭਗਤ ਰਵਿਦਾਸ ਜੀ ਨੇ ਏਕ ਓਂਕਾਰ ਪਰਮਾਤਮਾ ਦੀ ਐਸੀ ਭਗਤੀ,ਅਰਾਧਨਾ ਤੇ ਉਸਤਤ ਕੀਤੀ ਕਿ ਉਹ ਰੱਬ ਰੂਪ ਹੋ ਗਏ। ਦੁਨੀਆ ਦੀ ਨਜ਼ਰ ਵਿਚ (ਕਹਿਣ ਮਾਤਰ ਲਈ) ਤਾਂ ਉਹ ਨੀਚ ਸਨ ਪ੍ਰੰਤੂ ਉਹਨਾਂ ਦੀ ਬੰਦਗੀ ਤੇ ਰੂਹਾਨੀਅਤ ਕਾਰਨ ਚਾਰ-ਵਰਣਾਂ ਦੇ ਲੋਕ ਉਹਨਾਂ ਦੇ ਚਰਨੀ ਢਹਿ ਪਏ।
ਪਤਿਤ ਜਾਤਿ ਉਤਮ ਭਇਆ’….ਚਾਰਿ ਵਰਨ ਪਏ ਪਗਿ ਆਇ।।
ਇਹ ਹੁੰਦੀ ਹੈ ਵਿਰੋਧੀ ਨੂੰ ਲਲਕਾਰ ।
ਭਗਤ ਰਵਿਦਾਸ ਜੀ ਬਾਰੇ ਭਾਈ ਗੁਰਦਾਸ ਜੀ ਨੇ ਤਾਂ ਆਪਣੀ ਵਾਰ ਦੀ ਇਕ ਪੂਰੀ ਪਉੜੀ ਵਿੱਚ ਭਗਤ ਰਵਿਦਾਸ ਦਾ ਜ਼ਿਕਰ ਕੀਤਾ ਹੈ
ਭਗਤ ਭਗਤ ਜਗ ਵਜਿਆ
ਚਹੁੰ ਚਕਾਂ ਦੇ ਵਿਚ ਚਮਰੇਟਾ।(ਵਾਰ 10:17)
ਖੁਦ ਭਗਤ ਰਵਿਦਾਸ ਜੀ ਨੇ ਆਪਣੇ ਆਪ ਨੂੰ ਗੱਜ-ਵੱਜਕੇ ਚਮਾਰ ਕਿਹਾ। ਉਹ ਆਪਣੇ ਦਲਿਤ ਹੋਣ ਦੇ ਤੱਥ ਨੂੰ ਇਕ ਹਥਿਆਰ ਬਣਾ ਲੈਂਦੇ ਹਨ। ਆਪ ਆਪਣੇ ਹਰ ਇਕ ਸ਼ਬਦ ਵਿਚ “ਰਵਿਦਾਸ ਚਮਾਰ” ਸ਼ਬਦ ਦਾ ਪ੍ਰਯੋਗ ਕਰਨੋਂ ਨਹੀਂ ਖੁੰਝਦੇ। ਜੇ ਉਨ੍ਹਾਂ ਅੰਦਰ ਜਾਤੀ ਦੀ ਹੀਣਤਾ ਹੁੰਦੀ ਤਾਂ ਉਸ ਦੇ ਅੱਜ ਵਾਲੀ ਪੀੜ੍ਹੀ ਵਾਂਗ ਦੂਜੀਆਂ ਜਾਤੀਆਂ ਨੂੰ ਨਿੰਦਦੇ ਫਿਰਨਾ ਸੀ ਪਰ ਭਗਤ ਜੀ ਨੇ ਆਪਣੀ ਜਾਤ ਤੇ ਮਾਣ ਕਰਕੇ ਈਰਖਾਲੂਆਂ ਨੂੰ ਨਿਹੱਥਾ ਕਰ ਦਿੱਤਾ।
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
ਤੇਰੇ ਨਾਮਿ ਸਰਣਾਇ ਰਵਿਦਾਸੁ ਦਾਸਾ ॥੩॥ (ਮਲਾਰ, ਅਗ ੧੨੮੩)
ਗੁਰਬਾਣੀ ਵਿਚ ਭਗਤਾਂ ਨੂੰ ਜਾਤਾਂ ਨਾਲ ਜੋੜਕੇ ਵੀ ਵੱਡੇ ਦਰਸਾਇਆ ਗਿਆ ਹੈ। ਇਸ ਤਰਾਂ ਗੁਰੂ ਜੀ ਨੇ ਸਭ ਰੱਥ ਦੇ ਪਿਆਰਿਆਂ ਨੂੰ ਯੋਗ ਥਾਂ ਦਿੱਤੀ । ਗੁਰੂ ਗ੍ਰੰਥ ਸਾਹਿਬ ਵਿੱਚ ਨਾਮਦੇਵ ਜੀ ਨੂੰ ਛੀਂਬਾ, ਤ੍ਰੈਲੋਚਨ ਵੈਸ), ਸੈਣ ਨਾਈ, ਸਦਨਾ ਕਸਾਈ ਨੂੰ ਅਖਿਆ ਹੈ ਪਰ ਜਾਤ ਕਰਕੇ ਉਨ੍ਹਾਂ ਨੂੰ ਨਾ ਨਕਾਰਿਆ ਹੈ ਨਾ ਹੀ ਉਨ੍ਹਾਂ ਦੀ ਸੋਭਾ ਘਟਾਈ ਹੈ। ਜੇ ਜਾਤ ਸਮਾਜ ਲਈ ਮਾੜੀ ਹੁੰਦੀ ਤਾਂ ਗੁਰੂ ਸਾਹਿਬਨਾਂ ਨੇ ਭਗਤਾਂ ਦੀਆਂ ਜਾਤਾਂ ਦਾ ਜ਼ਿਕਰ ਨਹੀਂ ਸੀ ਕਰਨਾ।
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ (ਗੁਰੂ ਗ੍ਰੰਥ ਸਾਹਿਬ ਪੰਨਾ 488)
ਜੇ ਜੱਟ ਸ਼ਬਦ ਐਨਾ ਹੀ ਘ੍ਰਿਣਤ ਸੀ ਤਾਂ ਪੰਜਵੇਂ ਗੁਰਾਂ ਨੇ ਧੰਨੇ ਭਗਤ ਨੂੰ ਜੱਟ ਨਹੀਂ ਸੀ ਆਖਣਾ।
ਗੁਰੂ ਗੋਬਿੰਦ ਸਿੰਘ ਜੀ ਨੇ ਬਰਾੜ ਜੱਟਾਂ ਤੇ ਪੂਰਾ ਯਕੀਨ ਕੀਤਾ ਔਰੰਗਜੇਬ ਨੂੰ ਲਿਖੇ ਜਫਰਨਾਮਾ ਵਿਚ ਸਤਿਗੁਰਾਂ ਨੇ ਆਖਿਆ ਸਾਡੇ ਕੋਲ ਮਾਲਵੇ ਵਿਚ ਆ ਜੇ ਗੱਲ ਕਰ ਇੱਥੇ ਤੈਨੂੰ ਕੋਈ ਖਤਰਾ ਨਹੀਂ ਕਿਉਂਕਿ ਜੱਟਾਂ ਦੀ ਸਾਰੀ ਬਰਾੜ ਕੌਮ ਮੇਰੇ ਕਹਿਣੇ ਵਿਚ ਹੈ :
ਨ ਜ਼ੱਰਹ ਦਰੀਂ ਰਾਹਿ ਖ਼ਤਰਹ ਤੁਰਾਸਤ ॥
ਹਮਹ ਕੌਮਿ ਬੈਰਾੜ ਹੁਕਮਿ ਮਰਾਸਤ (ਜ਼ਫਰਨਾਮਾ ੫੯)
ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਰੂਪੇ ਦੀ ਸੰਗਤ ਨੂੰ ਭੇਜੇ ਹੁਕਮਨਾਮੇ ਵਿਚ ਬਰਾੜ ਜੱਟਾਂ ਨੂੰ ਸਿੱਧਾ ਸੰਬੋਧਨ ਕੀਤਾ ਹੈ। ਗੁਰੂ ਜੀ ਨੇ ਬਰਾੜ ਗੋਤ ਦੇ ਜੱਟਾਂ ਨੂੰ ਅਸੀਸ ਦਿੰਦਿਆਂ ਆਖਿਆ ਕਿ ਤੁਸੀਂ ਨਾਮ ਜਪਣਾ, ਵਾਹਿਗੁਰੂ ਤੁਹਾਡੇ ਨਾਲ ਹੈ। ਜੇ ਸਿੱਖ ਫਲਸਫੇ ਅਨੁਸਾਰ ਨਾਮ ਦੇ ਨਾਲ ਗੋਤ ਲਿਖਣਾ ਮਾੜਾ ਹੈ ਤਾਂ ਗੁਰੂ ਜੀ ਨੇ ਭਾਈ ਰੂਪੇ ਦੇ ਜੱਟਾਂ ਨੂੰ ‘ਬਰਾੜ’ ਗੋਤ ਨਾਲ ਸੰਬੋਧਨ ਨਹੀਂ ਸੀ ਕਰਨਾ। – ਗੁਰਸੇਵਕ ਸਿੰਘ ਧੌਲਾ
(ਲੇਖ ਵੱਡਾ ਹੋ ਰਿਹਾ ਹੋਣ ਕਰਕੇ ਬਾਕੀ ਹਿੱਸਾ ਆਗਲੇ ਭਾਗ ਵਿਚ ਆਵੇਗਾ, ਭਾਗ ਦੂਜਾ ਵੀ ਜਰੂਰ ਪੜ੍ਹਨਾ)
You must be logged in to post a comment.