Breaking News

ਜਾਤ-ਗੋਤ ਅਤੇ ਸਿੱਖ ਫ਼ਲਸਫ਼ਾ- ਚੌਥਾ ਅਤੇ ਆਖ਼ਰੀ ਭਾਗ

ਜਾਤ-ਗੋਤ ਅਤੇ ਸਿੱਖ ਫ਼ਲਸਫ਼ਾ- ਚੌਥਾ ਅਤੇ ਆਖ਼ਰੀ ਭਾਗ

ਜਦੋਂ ਅਸੀਂ ਜਾਤ-ਗੋਤ ਦੀ ਗੱਲ ਕਰਦੇ ਹਾਂ ਤਾਂ ਕਿਰਤ ਅਨੁਸਾਰ ਜਾਤ-ਪਾਤ ਅਤੇ ਮਨੂ-ਸਿਮ੍ਰਿਤੀ ਦੀ ਵਰਣ-ਵੰਡ ਪ੍ਰਣਾਲੀ ਨੂੰ ਰਲ਼ਗੱਡ ਕਰਕੇ ਦੇਖਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਇਸ ਵਿਸ਼ੇ ਤੇ ਬਿਨਾ ਪੜ੍ਹੇ ਹੀ ਜ਼ਿੰਦਾਬਾਦ-ਮੁਰਦਾਬਾਦ ਕਰਨ ਲੱਗ ਜਾਂਦੇ ਹਾਂ। ਜਿਹੜੇ ਲੋਕ ਕਹਿੰਦੇ ਹਨ ਕਿ ਜਿਸ ਦੀ “ਜਿਸ ਦੀ ਜਾਤ ਹੈ ਉਹ ਸਿੱਖ ਨਹੀਂ, ਜਿਹੜਾ ਸਿੱਖ ਹੈ ਉਸ ਦੀ ਜਾਤ ਨਹੀਂ’ ਇਹ ਨਾਅਰਾ ਅਤੇ ਗੁਰਮਤਿ ਵਿਚ ਜਾਤ-ਪਤਾ ਨੂੰ ਥਾਂ ਨਹੀਂ ਜਾਂ ਫਿਰ ਆਖਿਆ ਜਾਂਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਜਾਤ ਮੁਕਤ ਸਮਾਜ ਦੀ ਸਿਰਜਨਾ ਦਾ ਸੁਪਨਾ ਲਿਆ, ਇਹ ਸਾਰੀਆਂ ਗੱਲਾਂ ਕਿਰਤ ਅਧਾਰਿਤ ਜਾਤ-ਪਾਤ ਅਤੇ ਮਨੂ-ਸਿਮ੍ਰਿਤੀ ਦੀ ਵਰਣ-ਵੰਡ ਪ੍ਰਣਾਲੀ ਨੂੰ ਰਲ਼ਗੱਡ ਕਰਨ ਦਾ ਨਤੀਜਾ ਹੈ। ਜੇ ਤੁਸੀਂ ਵਾਕਿਆ ਹੀ ਇਹ ਗੱਲ ਨੂੰ ਸਮਝਣਾ ਚਾਹੁੰਦੇ ਹੋਂ ਤਾਂ ਪਹਿਲਾਂ ਮਨ ਨੂੰ ਸਹਿਜ ਵਿਚ ਲਿਆਓ ਅਤੇ ਜੱਟ-ਅਪਜੱਟ ਦਾ ਫ਼ਰਕ ਮਨ ਵਿਚੋਂ ਕੱਢ ਦਿਓ।
ਮਨੂ-ਸਿਮ੍ਰਿਤੀ ਵਿੱਚ ਸਮਾਜ ਨੂੰ ਜਾਤ ਅਧਾਰਿਤ ਚਾਰ ਵਰਣਾਂ ਵਿਚ ਵੰਡਿਆ ਗਿਆ ਹੈ:
1. ਬ੍ਰਾਹਮਣ -ਗਿਆਨ, ਪਾਠ, ਯੱਗ, ਧਰਮ ਦੇ ਅਧਿਆਪਕ ਅਤੇ ਪੁਜਾਰੀ।
2. ਖੱਤਰੀ (ਕਸ਼ਤ੍ਰੀਯ)- ਰਾਜ ਕਰਨਾ, ਜੰਗ ਲੜਨਾ, ਰੱਖਿਆ ਕਰਨਾ।
3. ਵੈਸ਼ -ਵਪਾਰ, ਖੇਤੀ, ਪਸ਼ੂ ਪਾਲਣ।
4. ਸ਼ੂਦਰ- ਉਤਲੇ ਦੇ ਤਿੰਨ ਵਰਣਾਂ ਦੀ ਸੇਵਾ ਕਰਨਾ।
ਮਨੂ-ਸਿਮ੍ਰਿਤੀ ਵਿੱਚ ਵਰਣ ਨੂੰ ਜਨਮ ਅਧਾਰਿਤ ਦੱਸਿਆ ਗਿਆ ਹੈ, ਨਾ ਕਿ ਗੁਣ ਜਾਂ ਕਰਮ ਅਧਾਰਿਤ। ਇਸ ਵਿਚ ਬ੍ਰਾਹਮਣਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ।
ਸਰ੍ਵੈਸ਼ਾਮੇਵ ਲੋਕੇਸ੍ਮਿਨ ਬ੍ਰਾਹਮਣੋ ਮੁਖ੍ਯਤਮਃ।
(ਮਨੁਸਮ੍ਰਿਤੀ ਅਧਿਆਇ 11, ਸ਼ਲੋਕ 84)
ਅਰਥ: ਸਾਰੇ ਲੋਕਾਂ ਵਿਚੋਂ ਬ੍ਰਾਹਮਣ ਹੀ ਸਭ ਤੋਂ ਉੱਤਮ ਹੈ ਕਿਉਂਕਿ ਉਹ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਇਆ ਹੈ। ਇਸ ਸਿਮ੍ਰਿਤੀ ਅਨੁਸਾਰ ਕਿਸੇ ਵੀ ਤਰੀਕੇ ਨਾਲ ਬ੍ਰਾਹਮਣ ਦੀ ਨਿੰਦਿਆ ਨਹੀਂ ਕੀਤੀ ਜਾ ਸਕਦੀ ਨਾ ਹੀ ਰਾਜਾ ਉਸ ਨੂੰ ਸਜਾ ਦੇ ਸਕਦਾ ਹੈ ਭਾਵੇਂ ਉਹ ਕੁਕਰਮ ਵੀ ਕਰੇ:
ਬ੍ਰਾਹਮਣੰ ਨ ਪ੍ਰਤਿਕੁਰਯਾਤ ਕੁਬ੍ਰਾਹ੍ਮਣੇਨ ਕਿਨ੍ਚਨ ।
ਰਾਜਾ ਧਰ੍ਮਣੀ ਧਰ੍ਮੇਣ ਸੰਯੁੰਕ੍ਤੰ ਨ ਵਿਧੀਯਤੇ ॥
(ਮਨੂ-ਸਿਮ੍ਰਿਤੀ ਅਧਿਆਇ 8, ਸ਼ਲੋਕ 413)

ਮਨੂ-ਸਿਮ੍ਰਿਤੀ ਵਿੱਚ ਸ਼ੂਦਰ ਨੂੰ ਸਭ ਤੋਂ ਮਾੜਾ ਮੰਨਿਆ ਗਿਆ ਅਤੇ ਉਸ ਦੀ ਸਮਾਜਿਕ ਟੌਰ੍ਹ ਦਾ ਕੋਈ ਖ਼ਿਆਲ ਨਹੀਂ ਰੱਖਿਆ ਗਿਆ। ਇਸ ਸਿਮਰਤੀ ਵਿਚ ਜੱਟਾਂ ਬਾਰੇ ਕੁੱਝ ਨਹੀਂ ਆਖਿਆ ਗਿਆ। ਇਹੀ ਕਾਰਨ ਹੈ ਕਿ ਕੁੱਝ ਲੋਕ ਜੱਟਾਂ ਨੂੰ ਵੈਸ਼ ਵਰਣ ਵਾਲ ਜੋੜ ਦਿੰਦੇ ਹਨ ਅਤੇ ਕੁੱਝ ਸ਼ੂਦਰ ਵਰਣ ਨਾਲ। ਇਸ ਸਿਮ੍ਰਿਤੀ ਅਨੁਸਾਰ ਇਕ ਹੋਰ ਵਰਗ ਦਾ ਵੀ ਉੱਲੇਖ ਹੈ ਉਹ ਹੈ ਵਰਣਸੰਕਰ (Caste Mixing) , ਜੇ ਉੱਚਾ ਅਤੇ ਨੀਵਾਂ ਵਰਣ ਇੱਕ-ਦੂਜੇ ਨਾਲ ਵਿਆਹ ਕਰ ਲੈਣ ਤਾਂ ‘ਵਰਣ ਸੰਕਰ’ ਹੋ ਜਾਂਦਾ ਹੈ ਮਨੂ-ਸਿਮ੍ਰਿਤੀ ਇਸ ਨੂੰ ਨਕਾਰਾਤਮਿਕ ਤਰੀਕੇ ਨਾਲ ਵੇਖਦੀ ਹੈ ਕਈ ਵਿਦਵਾਨ ਜੱਟਾਂ ਨੂੰ ‘ਵਰਣ ਸੰਕਰ’ ਵਿਚ ਗਿਣ ਲੈਂਦੇ ਹਨ। ਪਰ ਜੱਟਾਂ ਨੇ ਮਨੂ-ਸਿਮ੍ਰਿਤੀ ਦੇ ਨਿਯਮਾਂ ਨੂੰ ਟਿੱਚ ਕਰਕੇ ਜਾਣਿਆ ਹੈ ਜਾਂ ਜੱਟਾਂ ਦੀ ਭਾਸ਼ਾ ਵਿਚ ਆਖਿਆ ਹੈ “ਓਏ ਤੂੰ ਡੰਡੀ ਲੱਗ!”। ਜੱਟਾਂ ਨੇ ਮਨੂ-ਸਿਮ੍ਰਿਤੀ ਨੂੰ ਮਾਨਤਾ ਹੀ ਨਹੀਂ ਦਿੱਤੀ ਸਗੋਂ ਆਪਣੀ ਪਛਾਣ ਇੱਕ ਜੰਗਜੂ ਯੋਧੇ, ਗ਼ੈਰਤਮੰਦ ਕਿਸਾਨ ਅਤੇ ਖ਼ੁਦਦਾਰ ਕੌਮ ਵਜੋਂ ਬਣਾਈ ਰੱਖੀ ਹੈ।
ਜਿਹੜੇ ਲੋਕ ਜੱਟਾਂ ਪ੍ਰਤੀ ਮਨ ਵਿਚ ਘਿਰਣਾ ਪਾਲਦੇ ਹਨ ਉਹ ਅਗਿਆਨਤਾ ਵੱਸ ਆਪਣੇ-ਆਪ ਅਤੇ ਜੱਟਾਂ ਨੂੰ ਮਨੂ-ਸਿਮ੍ਰਿਤੀ ਵਾਲੀ ਵੰਡ-ਵਰਣ ਅਨੁਸਾਰ ਦੇਖਦੇ ਹਨ। ਇਸੇ ਸ਼੍ਰੇਣੀ ਵਿਚ ਉਹ ਲੋਕ ਆਉਂਦੇ ਹਨ ਜਿਹੜੇ ਕਹਿੰਦੇ ਹਨ ਕਿ ਗੁਰਬਾਣੀ ਵਿਚ ਜਾਤ-ਗੋਤ ਨੂੰ ਕੋਈ ਥਾਂ ਨਹੀਂ। ਅਸਲ ਵਿਚ ਇਨ੍ਹਾਂ ਲੋਕਾਂ ਦੀ ਥੋਥੀ ਸਮਝ ਮਨੂ-ਸਿਮ੍ਰਿਤੀ ਵਾਲੀ ਵਰਣ-ਵੰਡ ਅਤੇ ਕਿਰਤ ਅਧਾਰਿਤ ਸਮਾਜਿਕ ਵੰਡ ਨੂੰ ਰਲ਼ਗੱਡ ਕਰ ਦਿੰਦੀ ਹੈ।

ਗੁਰਬਾਣੀ ਵਿਚ ਜਿੱਥੇ ਕਿਤੇ ਵੀ ਜਾਤ-ਪਾਤ ਦਾ ਖੰਡਨ ਕੀਤਾ ਗਿਆ ਹੈ ਉਹ ਮੰਨੂੰ ਦੀ ਵਰਣ-ਵੰਡ ਪ੍ਰਨਾਲੀ ਦੀ ਨਿਖੇਧੀ ਹੈ ਜਦਕਿ ਕਿਰਤ ਅਧਾਰਿਤ ਜਾਤ-ਪਾਤ ਨੂੰ ਸਲਾਹਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਭਾਤੀ ਰਾਗ ਦੀਆਂ ਇਹ ਲਾਈਨਾਂ ਪੜ੍ਹੋ:
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ।। {ਪੰਨਾ 1330}
ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਲਈਨਾਂ ਵਿਚ ਮੰਨੂੰ ਵੀ ਵਰਣ-ਵੰਡ ਨੂੰ ਚੈਲੰਜ ਕੀਤਾ ਹੈ ਕਿ ਮਨੁੱਖ ਦੀ ਵੰਡ ਉਸ ਦੇ ਕੀਤੇ ਜਾ ਰਹੇ ਕੰਮਾਂ ਕਰਕੇ ਹੈ ਨਾ ਕਿ ਵਰਚ-ਵੰਡ ਅਨੁਸਾਰ, ਕਿਉਂਕਿ ਮਨੂ-ਸਿਮ੍ਰਿਤੀ ਅਨੁਸਾਰ ਮਨੁੱਖ ਦੀ ਜਾਤ ਉਸ ਦੇ ਵਰਣ ਅਨੁਸਾਰ ਹੈ। ਇਸ ਗੱਲ ਨੂੰ ਹੋਰ ਸੌਖੇ ਤਰੀਕੇ ਨਾਲ ਸਮਝਣ ਲਈ ਭਗਤ ਰਵਿਦਾਸ ਜੀ ਦੀ ਬਾਣੀ ਸਾਨੂੰ ਸੇਧ ਦਿੰਦੀ ਹੈ।
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ {ਪੰਨਾ 1293}
ਭਗਤ ਜੀ ਦੇ ਇਹ ਸ਼ਬਦ ਮਨੁਵਾਦ ਨੂੰ ਸਿੱਧੀ ਚੁਣੌਤੀ ਦਿੰਦੇ ਹਨ ਕਿਉਂਕਿ ਬ੍ਰਾਹਮਣ ਦੀ ਵਰਣ-ਵੰਡ ਅਨੁਸਾਰ ਤਾਂ ਰਵਿਦਾਸ ਜੀ ਨੂੰ ਨਾਮ ਜਪਣ ਦਾ ਵੀ ਅਧਿਕਾਰ ਨਹੀਂ ਸੀ ਪਰ ਰਵਿਦਾਸ ਜੀ ਕਹਿੰਦੇ ਹਨ ਹੇ ਬ੍ਰਾਹਮਣ ਮੇਰੀ ਜਾਤ ਚਮੜੇ ਦੀ ਵੱਢ-ਟੁੱਕ ਅਤੇ ਮਰੇ ਪਸ਼ੂ ਢੋਣ ਦਾ ਕੰਮ ਕਰਦੀ ਹੈ ਪਰ ਹੁਣ ਬ੍ਰਾਹਮਣਾਂ ਦੇ ਗੁਰੂ ਵੀ ਮੈਨੂੰ ਆ ਕੇ ਵਿਧੀ ਪੂਰਵਕ ਢੰਗ ਨਾਲ ਮੱਥਾ ਟੇਕਦੇ ਹਨ। ਇਹ ਨਾਮ ਦੀ ਕਿਰਤ ਦਾ ਨਤੀਜਾ ਹੈ।

ਤੀਜੀ ਮਸਾਲ ਲਓ। ਜੁੱਤੀਆਂ ਬਣਾਉਣ ਵੇਚਣ ਦਾ ਕੰਮ ਅਜਿਹਾ ਵਿਅਕਤੀ ਕਰਦਾ ਹੈ ਜਿਸ ਦਾ ਜਨਮ ਚਮਾਰਾਂ ਦੇ ਘਰ ਹੋਇਆ ਦੂਜਾ ਵਿਅਕਤੀ ਵੀ ਇਹੀ ਕੰਮ ਕਰਦਾ ਹੈ ਪਰ ਉਸ ਦਾ ਜਨਮ ਬ੍ਰਾਹਮਣ ਦੇ ਘਰ ਦਾ ਹੈ। ਮਨੂ-ਸਿਮ੍ਰਿਤੀ ਦੇ ਕਾਨੂੰਨ ਅਨੁਸਾਰ ਪਹਿਲਾ ਵਿਅਕਤੀ ਸ਼ੂਦਰ ਹੈ ਜਦਕਿ ਦੂਜਾ ਉੱਚ ਵਰਗ ਦਾ ਮੰਨਿਆ ਜਾਵੇਗਾ। ਕਿਉਂਕਿ ਇਹ ਕਿਰਤ ਅਨੁਸਾਰ ਨਹੀਂ ਜਨਮ ਅਨੁਸਾਰ ਹੈ। ਇਸੇ ਗੱਲ ਦਾ ਹੀ ਗੁਰਬਾਣੀ ਵਿਚ ਖੰਡਨ ਹੈ।
ਸਿੱਖ ਲਹਿਰ ਉਸਾਰੀ ਹੀ ‘ਬ੍ਰਾਹਮਣੀ ਜਾਤਪਾਤ ਪ੍ਰਬੋਧ’ ਦੇ ਖ਼ਿਲਾਫ਼ ਸੀ,ਜਦਕਿ ਕਿਰਤ ਅਧਾਰਿਤ ਜਾਤ ਦੇ ਪੱਖ ਵਿਚ ਸੀ ਸੋ ਇਸ ਲਹਿਰ ਨੇ ਬ੍ਰਾਹਮਣੀ ਜਾਤਪਾਤ ਪ੍ਰਬੰਧ ਨੂੰ ਹਰ ਕੋਨੇ ਤੋਂ ਢਾਹਿਆ ਤੇ ਕਿਰਤ ਨੂੰ ਮਾਨਤਾ ਦਿੱਤੀ। ਗੁਰਬਾਣੀ ਵਿਚ ਜਿੱਥੇ ਵੀ ਜਾਤ ਦਾ ਜ਼ਿਕਰ ਆਉਂਦਾ ਹੈ ਜੇਕਰ ਆਪਾਂ ਉਸ ਤੇ ਪੂਰੇ ਗਹੁ ਨਾਲ ਵਿਚਾਰ ਕਰੀਏ ਤਾਂ ਜਾਤੀ ਹੰਕਾਰ ਕਰਨ ਨੂੰ ਚੈਲੰਜ ਹੈ:
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥
(ਰਾਗੁ ਭੈਰਉ ਮਹਲਾ ੩ )
ਇਹ ਸ਼ਬਦ ਵਿਚ ਤੀਜੇ ਪਾਤਸ਼ਾਹ ਦਾ ਕਿਨਾ ਸਪਸ਼ਟ ਸੰਦੇਸ਼ ਹੈ ਕਿ ਕੋਈ ਵੀ ਉੱਚੀ ਜਾਤ ਵਿਚ ਜੰਮਣ ਦਾ ਹੰਕਾਰ ਨਾ ਕਰੇ। ਜੇ ਕੋਈ ਆਖੇ ਕਿ ਮੈਂ ਤਾਂ ਬ੍ਰਾਹਮਣ ਦੇ ਘਰੇ ਜੰਮਿਆ ਹਾਂ ਤਾਂ ਉਹ ਉੱਚੀ ਜਾਤ ਵਾਲਾ ਨਹੀਂ ਬਣ ਜਾਂਦਾ। ਹੇ ਮੂਰਖ! ਹੇ ਗੰਵਾਰ! ਉੱਚੀ ਜਾਤ ਦਾ ਹੰਕਾਰ ਨਾ ਕਰ। ਇਸ ਅਹੰਕਾਰ ਤੋਂ ਕਈ ਤਰਾਂ ਦੇ ਵਿਗਾੜ ਪੈਦਾ ਹੁੰਦੇ ਹਨ।
ਗੁਰੂ ਅਰਜਨ ਸਾਹਿਬ ਜੀ ਨੇ ਭਗਤੀ ਲਹਿਰ ਦੇ ਪ੍ਰਮੁੱਖ ਭਗਤਾਂ ਦਾ ਕਿਰਤ ਅਧਾਰਿਤ ਜਾਤ ਸਮੇਤ ਗੁਣਗਾਨ ਕੀਤਾ ਹੈ:
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥ ( ਗੁਰੂ ਗਰੰਥ ਸਾਹਿਬ ਜੀ, ਪੰਨਾ 499)
ਇਹ ਸਾਰਾ ਸ਼ਬਦ ਮਨੂਵਾਦ ਦੇ ਜਾਤ ਅਧਾਰਿਤ ਵਰਣ-ਵੰਡ ਨੂੰ ਚੁਨੌਤੀ ਹੈ ਅਤੇ ਕਿਰਤ ਅਧਾਰਿਤ ਜਾਤ ਨੂੰ ਸਲਾਮ ਹੈ ਨਹੀਂ ਤਾਂ ਸਤਿਗੁਰਾਂ ਨੂੰ ਵਿਸ਼ੇਸ਼ ਤੌਰ ਤੇ ਜਾਤ ਦਾ ਵਰਨਨ ਕਰਨ ਦੀ ਕੀ ਲੋੜ ਸੀ।
ਗਉੜੀ ਕਬੀਰ ਜੀ ਸ਼ਬਦ ਵਿਚ ਇਸੇ ਗੱਲ ਨੂੰ ਮਾਨਤਾ ਦਿੱਤੀ ਗਈ ਹੈ:
‘ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
ਬਾਮਨ ਕਹਿ ਕਹਿ ਜਨਮੁ ਮਤ ਖੋਏ ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ ॥

ਇਸ ਸ਼ਬਦ ਵਿਚ ਜਨਮ ਅਧਾਰਿਤ ਵਰਣ-ਵਿਧੀ ਦਾ ਖੰਡਨ ਹੈ ਅਤੇ ਜਾਤੀ ਹੰਕਾਰ ਨੂੰ ਚੁਨੌਤੀ ਹੈ।
ਵਰਣ-ਵੰਡ ਅਧਾਰਿਤ ਉੱਚ ਵਰਗ ਬ੍ਰਾਹਮਣ ਕਹਿੰਦਾ ਹੈ ਮੈਂ ਬੇਸ਼ੱਕ ਮਾੜੇ ਕਰਮ ਵੀ ਕਰਾਂ ਫਿਰ ਵੀ ਮੈਂ ਮੁਕਤੀ ਦਾ ਹੱਕਦਾਰ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵਾਹਿਗੁਰੂ ਦੇ ਦਰ ਤੇ ਨਾ ਕੋਈ ਜਾਤ ਜਾਣਦਾ ਹੈ ਨਾ ਕਿਸੇ ਨੇ ਜਾਤੀ ਪੁੱਛਣੀ ਹੈ ਓਥੇ ਕੀਤੇ ਕਰਮਾਂ ਦਾ ਨਿਬੇੜਾ ਹੋਣਾ ਹੈ
‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥
(ਆਸਾ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 349)
ਜੱਟ ਜਾਤੀ ਕਿਰਤ ਅਧਾਰਿਤ ਹੈ ਨਾ ਕਿ ਵਰਣ-ਵੰਡ ਅਧਾਰਿਤ। ਫਿਰ ਆਪਣੇ ਨਾਮ ਨਾਲ ਜਾਤੀ ਜਾਂ ਗੋਤ ਲਾਉਣ ਦਾ ਦੋਸ਼ ਜੱਟਾਂ ਤੇ ਹੀ ਕਿਉਂ ਲਗਦਾ ਹੈ ?
ਜੱਟਾਂ ਤੇ ਦੋਸ਼ ਲਾਉਣ ਇਹ ਧਿਆਨ ਦਿਓ ਰਾਜਪੂਤ ਮਹਿਰੇ ਨੂੰ ਨੀਵਾਂ ਸਮਝਦੇ ਹਨ ਉਹ ਅੱਗੋਂ ਜੇ ਲੁਬਾਣੇ ਨੂੰ ਤੇ ਲੁਬਾਣਾ ਸੈਣੀ ਨੂੰ ਉਹ ਕੰਬੋਅ ਨੂੰ ਇਸੇ ਤਰਾਂ ਤਰਖਾਣ ਲੁਹਾਰ ਨੂੰ ਨੀਵਾਂ ਸਮਝਦਾ ਤੇ ਉਹ ਸ਼ੀਂਬੇ ਤੇ ਸੁਨਿਆਰੇ ਨੂੰ ਤੇ ਸੁਨਿਆਰਾ ਅੱਗੋਂ ਨਾਈ ਨੂੰ। ਸ਼ੂਦਰਾਂ ਦੀ ਗੱਲ ਕਰੀਏ ਤਾਂ ਧੋਬੀ ਜੁਲਾਹੇ ਨੂੰ ਜੁਲਾਹਾ , ਰਵਿਦਾਸੀਆ ਨੂੰ, ਰਵਿਦਾਸੀਆ ਮਜ਼੍ਹਬੀ ਨੂੰ ਤੇ ਮਜ਼੍ਹਬੀ ਭੰਗੀ ਜਾਂ ਸਾਹਸੀਂ ਨੂੰ ਨੀਵਾਂ ਸਮਝਦਾ ਹੈ। ਜਦਕਿ ਜੱਟਾਂ ਵਿਚ ਇਹ ਬਿਮਾਰੀ ਬਹੁਤ ਥੋੜ੍ਹੀ ਹੈ। ਗੱਲ ਤਾਂ ਸਿਰਫ਼ ਜਾਤੀ ਹਉਮੈਂ ਦੀ ਹੈ। ਸਿੱਖ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਰਟੌਲ ਜੀ ਨੇ ਠੀਕ ਆਖਿਆ ਹੈ “ਆਪਣੇ ਨਾਮ ਨਾਲੋਂ ਗੋਤ ਉਤਾਰਨ ਨਾਲ ਕੋਈ ਬੰਦਾ ਹੰਕਾਰ ਤੋਂ ਰਹਿਤ ਨਹੀਂ ਹੋ ਹੁੰਦਾ, ਤੇ ਜਾਤ ਗੋਤ ਦੱਸਣ ਨਾਲ ਕੋਈ ਹੰਕਾਰੀ ਨਹੀਂ ਹੋ ਜਾਂਦਾ। ਹਉਮੈ ਹੰਕਾਰ ਇੱਕ ਵੱਖਰਾ ਪੱਖ ਹੈ।”
ਵਿਦਵਾਨਾਂ ਨੇ ਹਉਮੈਂ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਹੈ ਜਾਤ ਦੀ ਹਉਮੈਂ ਇਨ੍ਹਾਂ ਵਿਚੋਂ ਇਕ ਹੈ:
1. ਵਿੱਦਿਆ ਦੀ ਹਉਮੈ
2. ਜਾਤ ਦੀ ਹਉਮੈ
3. ਕਰਮਾਂ ਦੀ ਹਉਮੈ
4. ਪਦਾਰਥਾਂ ਦੀ ਹਉਮੈ (ਰਾਜ, ਮਾਲ, ਕੁਟੰਬ, ਜੋਬਨ )
ਗੁਰੂ ਨਾਨਕ ਸਾਹਿਬ ਜੀ ਨੇ ਹਉਮੈਂ ਦੇ ਪੰਜ ਰੂਪ ਦੱਸੇ ਹਨ। ਰਾਜ ਦਾ ਹੰਕਾਰ, ਧਨ ਦਾ ਹੰਕਾਰ, ਸੁੰਦਰਤਾ ਦਾ ਹੰਕਾਰ, ਉੱਚੀ ਜਾਤੀ ਦਾ ਹੰਕਾਰ, ਅਤੇ ਜੁਆਨੀ ਦਾ ਹੰਕਾਰ। ਇਹਨਾਂ ਨੂੰ ਮਨੁੱਖ ਦੇ ਅੰਦਰ ਵੱਸਣ ਵਾਲੇ ਠੱਗ ਆਖਿਆ ਹੈ ਗੁਰੂ ਸਾਹਿਬ ਨੇ ਕਿਹਾ ਜਿਹੜਾ ਵੀ ਇਨ੍ਹਾਂ ਦੇ ਵੱਸ ਆ ਗਿਆ। ਉਹਦੀ ਇੱਜ਼ਤ ਕੋਈ ਨਹੀਂ ਬਚਾ ਸਕਦਾ।

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ।।
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ।। ( ਮ 1 , 1288)
ਹੁਣ ਜੱਟਾਂ ਖ਼ਿਲਾਫ਼ ਸਿਰਫ਼ ਜਾਤੀ ਵਰਤਣ ਦਾ ਦੋਸ਼ ਲਾਉਣ ਵਾਲੇ ਸਵੈ-ਚਿੰਤਨ ਕਰਨ ਕਿ ਕੀ ਉਹ ਇਨ੍ਹਾਂ ਪੰਜ ਠੱਗ ਵਿਕਾਰਾਂ ਤੋਂ ਬਚੇ ਹੋਏ ਹਨ ? ਉਨ੍ਹਾਂ ਨੂੰ ਇਹ ਸਾਰੇ ਵਿਕਾਰ ਜੱਟਾਂ ਵਿਚ ਹੀ ਕਿਉਂ ਦਿਸਦੇ ਹਨ ਦਰਅਸਲ ਉਨ੍ਹਾਂ ਅੰਦਰ ‘ਤਾਤ ਪਰਾਈ’ ਹੈ।
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥
{ਸਲੋਕ ਮਃ 4, ਪੰਨਾ 308}
ਜਿਸ ਦੇ ਹਿਰਦੇ ਵਿਚ ਦੂਜਿਆਂ ਲਈ ਈਰਖਾ ਹੋਵੇ, ਉਸ ਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ, ਉਸ ਦੀਆਂ ਗੱਲਾਂ ਬੇਅਰਥ ਹੁੰਦੀਆਂ ਹਨ ਜਿਵੇਂ ਜਿਵੇਂ ਕੋਈ ਉਜਾੜ ਵਿਚ ਖੜ੍ਹਾ ਕੂਕਦਾ ਹੋਵੇ।
ਫਿਰ ਦੁਹਰਾਓ ਕਰਦਾ ਹਾਂ ਸਿੱਖ ਫ਼ਲਸਫ਼ੇ ਵਿਚ ਜਿੱਥੇ ਜਾਤ ਦਾ ਜ਼ਿਕਰ ਹੋਇਆ ਹੈ ਉਹ ਵਰਣ-ਵੰਡ ਅਧਾਰਿਤ ਵਰਗੀਕਰਨ ਨੂੰ ਚੁਨੌਤੀ ਹੈ ਜਿਸ ਨੂੰ ਜੱਟਾਂ ਨੇ ਪਹਿਲਾਂ ਹੀ ਕਦੇ ਕਬੂਲ ਨਹੀਂ ਕੀਤਾ। ਜੱਟਾਂ ਨੇ ਆਪਣੀ ਜਾਤ,ਗੋਤ, ਨਸਲ ਤੋਂ ਪਹਿਲਾਂ ਸਿੱਖੀ ਨੂੰ ਪ੍ਰਮੁੱਖਤਾ ਦਿੱਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਆਪਣੇ ਇਸ ਭਾਈਚਾਰੇ ਦਾ ਮਾਣ-ਸਨਮਾਨ ਕਾਇਮ ਰੱਖਣ ਅਤੇ ਸਾੜਾ ਕਰਨ ਵਾਲਿਆਂ ਦੇ ਮਨਾਂ ਵਿਚ ਠੰਢ ਵਰਤਾਉਣ। – ਗੁਰਸੇਵਕ ਸਿੰਘ ਧੌਲਾ
📜
(ਇਹ ਲੇਖ ਲੜੀ ਇੱਥੇ ਸਮਾਪਤ ਹੁੰਦੀ ਹੈ ਪਰ ਹੋਰ ਜੱਟ ਮਸਲਿਆਂ ਤੇ ਚਰਚਾ ਚਲਦੀ ਰਹੇਗੀ)