ਜੱਟਾਂ ਨਾਲ ਨਫ਼ਰਤ ਦੀ ਇਕ ਹੋਰ ਹੱਡਬੀਤੀ
—
ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਦੇਖੀਆਂ ਹੋਣਗੀਆਂ ਜਿਸ ਵਿਚ ਭਾਂਡੇ ਰੱਖਣ ਵਾਲੀਆਂ ਟੋਕਰੀਆਂ ਤੇ ਲਿਖਿਆ ਹੋਇਆ ਹੈ ਜੱਟਾਂ ਦੇ ਭਾਂਡੇ, ਮਜਬੀਆਂ ਦੇ ਭਾਂਡੇ, ਰਵਿਦਾਸੀਆਂ ਦੇ ਭਾਂਡੇ। ਮੇਰੀਆਂ ਖਿੱਚੀਆਂ ਇਹ ਫੋਟੋਆਂ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਤੇ ਘੁਮ ਰਹੀਆਂ ਹਨ । ਇਹ ਫੋਟੋਆਂ ਸੋਸ਼ਲ ਮੀਡੀਆ ਤੇ ਕਿਵੇਂ ਆਈਆਂ ਇਸ ਦੀ ਕਹਾਣੀ ਦਸਦਾ ਹਾਂ।
ਬਠਿੰਡੇ ਕੋਲ ਇਕ ਕਸਬੇ ਵਿਚ ਗੁਰੂਘਰ ਹੈ ਜਿਸ ਨੂੰ ਇਲਾਕੇ ਦੇ ਲੋਕ ਡੇਰਾ ਕਹਿੰਦੇ ਹਨ। ਇਸ ਨਾਲ ਵੱਡੀਆਂ ਕਰਾਮਾਤੀ ਕਹਾਣੀਆਂ ਜੁੜੀਆਂ ਹੋਈਆਂ ਹਨ। ਬਿਨਾ ਵੀਜ਼ਾ ਜਹਾਜ ਦਾ ਸਫਰ ਕਰਨਾ, ਇੰਗਲੈਡ ਦੀ ਮਹਾਰਾਣੀ ਵੱਲੋਂ ਇਸ ਡੇਰੇ ਵਿਚ ਕੁੱਤੀ ਬਣਕੇ ਰਹਿਣ ਦੀਆਂ ਪ੍ਰਸਿੱਧ ਕਹਾਣੀਆਂ ਇਸੇ ਡੇਰੇਦਾਰਾਂ ਵੱਲੋਂ ਪ੍ਰਚਾਰੇ ਹੋਏ ਗੱਪ ਹਨ। ਇਸ ਨਾਲੋਂ ਵੀ ਮਾੜੀ ਗੱਲ ਇਹ ਕਿ ਇਥੇ ਲੰਗ ਵਿਚ ਜਾਤੀਵਾਦ ਵਿਤਕਰਾ ਹੁੰਦਾ ਹੈ/ਸੀ (ਹੁਣ ਨਹੀਂ ਪਤਾ) । ਲੰਗਰ ਵਿਚ ਜਾਤਾਂ ਦੇ ਹਿਸਾਬ ਨਾਲ ਭਾਂਡੇ ਅਤੇ ਪੰਗਤਾਂ ਵੱਖਰੀਆਂ ਸਨ। ਜਨਰਲ ਵਰਗ ਦੇ ਭਾਂਡੇ ਵੱਖਰੇ ਸਨ ਅਤੇ ਬਾਕੀ ਜਾਤਾਂ ਦੀਆਂ ਟੋਕਰੀਆਂ ਅਲੱਗ ਸਨ। ਅਸੀਂ ਇਸ ਖਿਲਾਫ ਮੁਹਿੰਮ ਵਿੱਢ ਦਿੱਤੀ। 30-35 ਕੁ ਸਿੰਘਾਂ ਨੇ ਧਰਨਾ ਮਾਰ ਲਿਆ ਤਿੰਨ-ਚਾਰ ਦੀ ਕਸਮਕਸ ਤੋਂ ਬਾਅਦ ਜਬਰਦਸਤੀ ਭਾਂਡੇ ਇਕ ਥਾਂ ਕਰ ਦਿੱਤੇ ਅਤੇ ਪੰਗਤਾਂ ਸਾਂਝੀਆਂ ਕਰ ਦਿੱਤੀਆਂ। ਉਨ੍ਹਾਂ ਦਿਨਾਂ ਵਿਚ ਮੋਬਾਇਲਾਂ ਵਿਚ ਕੈਮਰੇ ਅਜੇ ਆਉਣ ਹੀ ਲੱਗੇ ਸੀ, ਡੇਢ ਜਾਂ ਦੋ ਮੈਗਾਫਿਕਸਲ ਦਾ ਕੈਮਰਾ ਮਸਾਂ ਹੁੰਦਾ ਸੀ, ਫੋਟੋ ਗੰਧਲੀ ਜਿਹੀ ਹੀ ਆਉਂਦੀ ਸੀ। ਜਿਸ ਦਿਨ ਭਾਂਡੇ ਇਕ ਥਾਂ ਕੀਤੇ ਮੈਂ ਆਪਣੇ ਮੋਬਾਇਲ ਨਾਲ ਇਹ ਫੋਟੋਆਂ ਖਿੱਚ ਲਈਆਂ। ਓਦੋਂ ਓਰਕੁੱਟ, ਯਾਹੂ ਜਿਆਦਾ ਮਸ਼ਹੂਰ ਸਨ ਫੇਸਬੁੱਕ ਪ੍ਰਸਿੱਧ ਹੋ ਰਹੀ ਸੀ। ਮੈਂ ਇਹ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਕੇ ਉਸ ਨਾਲ ਕੁੱਝ ਇਬਾਰਤ ਲਿਖੀ ਸੀ ਕਿ ਗੁਰੂਘਰਾਂ ਵਿਚ ਜਾਤੀ ਵਿਤਕਰਾ ਹੋਣਾ ਸਿੱਖ ਸਿਧਾਂਤਾਂ ਦੀ ਅਵੱਗਿਆ ਹੈ।
ਇਹ ਫੋਟੋਆਂ ਨੂੰ ਲੈ ਕੇ ਮੈਨੂੰ ਇਕ ਕਾਫੀ ਪ੍ਰਸਿੱਧ ਸਿੱਖ ਪ੍ਰੋਫੈਸਰ ਦਾ ਫੋਨ ਆਇਆ। ਆਪਣੇ ਅੰਦਰ ਪਾਲ਼ੀ ਹੋਈ ਜਾਤੀ ਹੀਣਤਾ ਵਿਚ ਘਿਰੇ ਇਸ ਪ੍ਰੋਫੈਸਰ ਨੇ ਮਨ ਵਿਚ ਹੀ ਪੱਕਾ ਕਰ ਲਿਆ ਹੋਵੇਗਾ ਕਿ ਮੈਂ ਜੱਟ ਨਹੀਂ ਹੋਣਾ। ਉਸ ਨੇ ਅੱਠ-ਦਸ ਮਿੰਟ ਜੱਟਾਂ ਦੀ ਧੀ-ਭੈਣ ਇਕ ਕਰਨ ਤੋਂ ਬਾਅਦ ਮੈਨੂੰ ਕਿਹਾ ਕਿ ਤੁਸੀਂ ਇਹ ਫੋਟੋਆਂ ਅਤੇ ਜੇ ਕੋਈ ਹੋਰ ਫੋਟੋਆਂ ਹਨ ਉਹ ਵੀ ਮੇਰੀ ਇਸ ਈਮੇਲ ਤੇ ਭੇਜ ਦਿਓ ਅਤੇ ਭੇਜਣ ਤੋਂ ਬਾਅਦ ਮੈਨੂੰ ਫੋਨ ਵੀ ਕਰ ਦਿਓ। ਮੈਂ ਉਨ੍ਹਾਂ ਨੂੰ ਫੋਟੋਆਂ ਈਮੇਲ ਕਰਨ ਤੋਂ ਬਾਅਦ ਜਦੋਂ ਦੱਸਣ ਲਈ ਫੋਨ ਕਰਿਆ ਤਾਂ ਉਸ ਨੇ ਦਸ-ਪੰਦਰਾਂ ਮਿੰਟ ਫਿਰ ਜੱਟਾਂ ਦੀ ਧੀ-ਭੈਣ ਇਕ ਕਰੀ ਰੱਖੀ। ਮੈਂ ਇਸ ਸਿੱਖ ਪ੍ਰੋਫੈਸਰ ਦੇ ਕਈ ਲੇਖ ਵੱਖ-ਵੱਖ ਰਸਾਲਿਆਂ ਅਖਬਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਗੁਰਮਤਿ ਪ੍ਰਕਾਸ਼ ਵਿਚ ਪੜ੍ਹੇ ਸਨ। ਮੈਂ ਉਨ੍ਹਾਂ ਨਾਲ ਖਹਿਬੜਨ ਦਾ ਰੀਐਕਟ ਕਰਨ ਦੀ ਥਾਂ ਚੁੱਪ ਰਹਿਣ ਵਿਚ ਹੀ ਭਲਾ ਸਮਝਿਆ। ਇਸ ਲਈ ਮੇਰੇ ਮਨ ਵਿਚ ਉਨ੍ਹਾਂ ਦਾ ਕਾਫੀ ਸਤਿਕਾਰ ਸੀ ਅੱਜ ਵੀ ਹੈ। ਬਾਅਦ ਵਿਚ ਇਸ ਸਿੱਖ ਪ੍ਰੋਫੈਸਰ ਨੇ ਇਕ ਯੂਟਿਊਬ ਚੈਨਲ ਵੀ ਚਲਾਇਆ ਜਿਸ ਵਿਚ ਜਾਤੀਵਾਦ ਤੋਂ ਬਿਨਾ ਦੂਜਾ ਵਿਸ਼ਾ ਨਹੀਂ ਸੀ। ਇਸ ਚੈਨਲ ਤੇ ਸਿੱਖ ਵਿਦਵਾਨਾਂ ਦੀ ਥਾਂ ਕਮਿਊਨਿਸਟ ਲੇਖਕਾਂ ਨੂੰ ਵੱਧ ਪੇਸ਼ ਕੀਤਾ ਜਾਂਦਾ ਸੀ। ਉਮਰ ਦੇ ਹਿਸਾਬ ਨਾਲ ਤਕਨੀਕੀ ਸਮਝ ਨਾ ਹੋਣ ਕਰਕੇ ਇਹ ਚੈਨਲ ਨਾ ਚੱਲਿਆ। ਹੁਣ ਮੈਂ ਇਹ ਚੈਨਲ ਕਈ ਸਾਲਾਂ ਤੋਂ ਨਹੀਂ ਦੇਖਿਆ ਜਾਂ ਤਾਂ ਬੰਦ ਕਰ ਦਿੱਤਾ ਗਿਆ ਹੈ ਜਾਂ ਫਿਰ ਮੈਨੂੰ ਬਲੌਕ ਕਰ ਦਿੱਤਾ ਹੋਣਾ ਹੈ।
ਇਸ ਸਿੱਖ ਪ੍ਰੋਫੈਸਰ ਦੀਆਂ ਗੱਲਾਂ ਅਤੇ ਭਵਿੱਖ ਦੀ ਵਿਉਂਤਬੰਦੀ ਸੁਣਕੇ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਸਭ ਅੱਛਾ ਨਹੀਂ ਹੈ। ਮੈਨੂੰ ਪਲ ਦੀ ਪਲ ਇਹ ਅਹਿਸਾਸ ਵੀ ਹੋਇਆ ਕਿ ਲੰਗਰ ਵਿਚ ਜਾਤੀਵਾਦ ਵਿਤਕਰਾ ਕਿਸੇ ਅਜਿਹੇ ਪ੍ਰੋਫੈਸਰਾਂ ਕਰਕੇ ਤਾਂ ਨਹੀਂ ਹੋ ਰਿਹਾ ? (ਅਜਿਹਾ ਨਹੀਂ ਹੈ) ।
ਇਸ ਤੋਂ ਪਹਿਲਾਂ ਮੇਰਾ ਜਿਆਦਾ ਵਾਹ ਘੱਟ ਪੜ੍ਹੇ-ਲਿਖੇ ਲੋਕਾਂ ਨਾਲ ਰਿਹਾ ਸੀ ਜਿੱਥੇ ਜਾਤੀ ਵਿਤਕਰਾ ਜਿਆਦਾ ਡੂੰਘਾ ਨਹੀਂ ਸੀ ਜੱਟ ਗੈਰ ਜੱਟਾਂ ਨੂੰ ਅਤੇ ਗੈਰ ਜੱਟ ਜੱਟਾਂ ਨੂੰ ਜਾਤੀ ਗੱਲਾਂ ਮਜਾਕ ਵਜੋਂ ਵੀ ਕਹਿੰਦੇ ਸੁਣੇ ਸਨ, ਦੋਵੇਂ ਧਿਰਾਂ ਹੱਥਾਂ ਤੇ ਹੱਥ ਮਾਰ ਕੇ ਹਸਦੀਆਂ ਸਨ, ਗੱਲ ਆਈ ਗਈ ਹੋ ਜਾਂਦੀ ਸੀ।
ਇਸ ਸਿੱਖ ਪ੍ਰੋਫੈਸਰ ਨੇ ਮੈਨੂੰ ਇਥੋਂ ਤੱਕ ਕਿਹਾ ਸੀ ਕਿ ਕੋਈ ਵੀ ਜੱਟ ਸਿੱਖ ਨਹੀਂ ਹੋ ਸਕਦਾ ਸਗੋਂ ਜੱਟਾਂ ਨੇ ਸਿੱਖੀ ਨੇ ਕਬਜਾ ਕੀਤਾ ਹੋਇਆ ਹੈ ਜਿਨ੍ਹਾਂ ਚਿਰ ਜੱਟਾਂ ਨੂੰ ਸਿੱਖੀ ਤੋਂ ਬਾਹਰ ਨਹੀਂ ਕੀਤਾ ਜਾਂਦਾ ਸਿੱਖ ਕੌਮ ਦਾ ਭਲਾ ਨਹੀਂ ਹੋ ਸਕਦਾ। ਬਾਅਦ ਵਿਚ ਇਸ ਪ੍ਰੋਫੈਸਰ ਦੇ ਪਰਿਵਾਰ ਬਾਰੇ ਪਤਾ ਲੱਗਿਆ ਕਿ ਇਹ ਸਿੱਖ ਧਰਮ ਵਿਚ ਪੂਰੀ ਸ਼ਰਧਾ ਰੱਖਣ ਵਾਲਾ ਸੱਚਾ ਸਿੱਖ ਲਾਣਾ ਹੈ। ਬਾਅਦ ਵਿਚ ਜਦੋਂ ਮੇਰਾ ਵਾਹ ਬੁੱਧੀਜੀਵੀ ਵਰਗ ਨਾਲ ਪਿਆ ਤਾਂ ਇਸ ਪ੍ਰੋਫੈਸਰ ਦੀ ਸੋਚ ਦੇ ਕਈ ਹੋਰ ਪੜ੍ਹੇ-ਲਿਖੇ ਲੋਕਾਂ ਨਾਲ ਵੀ ਜਾਣ ਪਛਾਣ ਹੋ ਗਈ। ਕਈ ਸਾਲਾਂ ਦੇ ਸਵੈ-ਚਿੰਤਨ ਤੋਂ ਬਾਅਦ ਮੈਂ ਇਸ ਸ਼ਿੱਟੇ ਤੇ ਪੁੱਜਿਆ ਹਾਂ ਕਿ ਪੜ੍ਹੇ ਲਿਖੇ ਅਤੇ ਸ਼ਰਧਾਵਾਨ ਸਿੱਖ ਬੁੱਧੀਜੀਵੀ ਜਿਹੜੇ ਜੱਟਾਂ ਪ੍ਰਤੀ ਨਫਰਤ ਰਖਦੇ ਹਨ ਉਨ੍ਹਾਂ ਵਿਚ ਕੁੱਝ ਗੱਲਾਂ ਸਾਂਝੀਆਂ ਹਨ ਜਿਵੇਂ :
1. ਇਹ ਲੋਕ ਪਹਿਲੀ ਵਾਰ ਗਰੀਬੀ ਵਿਚੋਂ ਉੱਠਕੇ ਨਵੇਂ ਸੰਸਾਰ ਵਿਚ ਆਏ ਹਨ ਇਹ ਮਹਿਸੂਸ ਕਰ ਰਹੇ ਹਨ ਕਿ ਸਾਡੇ ਵਡੇਰਿਆਂ ਨਾਲ ਜੱਟਾਂ ਨੇ ਇਨਸਾਫ ਨਹੀਂ ਕੀਤਾ। ਇਹ ਸਮਝਦੇ ਹਨ ਕਿ ਸਾਡੇ ਵਡੇਰਿਆਂ ਨੇ ਜੱਟਾਂ ਨਾਲ ਨੌਕਰਾਂ ਵਾਂਗ ਕੰਮ ਕੀਤਾ ਹੈ ਹੁਣ ਉਨ੍ਹਾਂ ਦੀ ਅਮੀਰੀ ਦੀ ਛਾਪ ਓਨਾ ਚਿਰ ਨਹੀਂ ਬਣ ਸਕਦੀ ਜਿਨਾ ਚਿਰ ਜੱਟਾਂ ਦੀ ਟੌਰ੍ਹ ਹੈ। ਹੁਣ ਸਾਰੇ ਮਿਥਕੇ ਜੱਟਾਂ ਨੂੰ ਮਾੜੀ ਕੌਮ ਸਿੱਧ ਕਰੋ।
2. ਦੂਜਾ ਵੱਡਾ ਕਰਨ ਜਦੋਂ ਇਹ ਪੜ੍ਹਾਈ ਵਾਲੀ ਉਮਰ ਵਿਚੋਂ ਲੰਘ ਰਹੇ ਸਨ ਤਾਂ ਉਸ ਸਮੇਂ ਕਾਲਜਾਂ-ਯੂਨੀਵਰਸਿਟੀਆਂ ਵਿਚ ਕਮਿਊਨਿਸਟਾਂ ਦਾ ਬੋਲਬਾਲਾ ਸੀ। ਕਮਿਊਨਿਸਟ ਐਲਾਨੀਆ ਕਹਿੰਦੇ ਹਨ ਕਿ ਜਿਨ੍ਹਾਂ ਚਿਰ ਪੰਜਾਬ ਵਿਚੋਂ ਗੁਰਮਤਿ ਚਿੰਤਨ ਦੀਆਂ ਜੜਾਂ ਨਹੀਂ ਪੁੱਟੀਆਂ ਜਾਂਦੀਆਂ ਓਨ੍ਹਾਂ ਚਿਰ ਇਸ ਧਰਤੀ ਤੇ ਕਮਿਊਨਿਸਟ ਸੋਚ ਲਾਗੂ ਨਹੀਂ ਹੋ ਸਕਦੀ ਇਸ ਕਰਕੇ ਸਿੱਖੀ ਦੀ ਵੱਡੀ ਆਰਥਿਕਤਾ ਜੱਟਾਂ ਨੂੰ ਟਾਰਗਿਟ ਕਰੋ ਅਤੇ ਗੈਰਜੱਟ ਲੋਕਾਂ ਨੂੰ ਜੱਟਾਂ ਖਿਲਾਫ ਕਰਨ ਲਈ ਸਾਰਾ ਜੋਰ ਲਾਓ। ਕਾਲਜਾਂ-ਯੂਨੀਵਰਸਿਟੀਆਂ ਵਿਚ ਕਮਿਊਨਿਸਟਾਂ ਦੀ ਨੀਤੀ ਇਨ੍ਹਾਂ ਲੋਕਾਂ ਦੇ ਮਨ ਤੇ ਅਸਰ ਕਰ ਗਈ ਉਹ ਮਨੁੰਵਾਦ ਦੀ ਥਾਂ ਜੱਟਾਂ ਨਾਲ ਹੀ ਟੱਕਰ ਲਾ ਕੇ ਬੈਠ ਗਏ।
3. ਮਨੂਵਾਦ ਸਮਝਦਾ ਹੈ ਕਿ ਜਿਨ੍ਹਾਂ ਚਿਰ ਦਲਿਤਾਂ ਨੂੰ ਸਿੱਖੀ ਨਾਲੋਂ ਨਹੀਂ ਤੋੜਿਆ ਜਾਂਦਾ ਓਨਾਂ ਚਿਰ ਇਨ੍ਹਾਂ ਨੂੰ ਬ੍ਰਾਹਮਣਵਾਦ ਵੱਲ ਨਹੀਂ ਧੱਕਿਆ ਜਾ ਸਕਦਾ। ਇਸ ਗੁੱਝੀ ਨੀਤੀ ਦਾ ਵੀ ਅਸਰ ਹੈ ਕਿ ਪੜ੍ਹੇ ਲਿਖੇ ਲੋਕ ਜੱਟਾਂ ਖਿਲਾਫ ਬੋਲਣ ਲੱਗ ਪਏ। ਕਈਆਂ ਨੇ ਇਸ ਨੂੰ ਰੁਜਗਾਰ ਵੀ ਬਣਾ ਲਿਆ। ਕੁੱਝ ਡੇਰੇ ਅਤੇ ਸੰਪਰਦਾਵਾਂ ਮਨੁੰਵਾਦ ਦਾ ਸ਼ਿਕਾਰ ਬਣ ਗਈਆਂ ਜਿਹੜੀਆਂ ਗੁਰੂਘਰ ਵਿਚ ਜਾਤੀ ਵਿਤਕਰਾ ਕਰਦੀਆਂ ਹਨ ਜਾਂ ਡੇਰਿਆਂ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਬਰਾਬਰ ਹੋਰ ਗਰੰਥ ਪ੍ਰਚੱਲਿਤ ਕਰ ਰਹੀਆਂ ਹਨ। ਭਗਤ ਰਵਿਦਾਸ ਜੀ ਦੇ ਬਰਾਬਰ ਡਾ. ਅੰਬੇਦਕਰ ਨੂੰ ਸਥਾਪਿਤ ਕਰ ਰਹੀਆਂ ਹਨ ਅਤੇ ਗੁਰੂਘਰਾਂ ਦੇ ਬਰਾਬਰ ਜਾਤੀਵਾਦ ਗੁਰੂਘਰ ਬਣਾਉਣ ਲਈ ਹੱਲਾਸ਼ੇਰੀ ਦੇ ਰਹੀਆਂ ਹਨ।