Breaking News

Canada – ਮੋਨਿੰਦਰ ਸਿੰਘ ਤੇ ਪਰਿਵਾਰ ਦੀ ਜਾਨ ਨੂੰ ਖਤਰਾ- ਵੈਨਕੂਵਰ ਪੁਲਿਸ

Canada – ਮੋਨਿੰਦਰ ਸਿੰਘ ਤੇ ਪਰਿਵਾਰ ਦੀ ਜਾਨ ਨੂੰ ਖਤਰਾ- ਵੈਨਕੂਵਰ ਪੁਲਿਸ

 

 

ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫ਼ਤੇ ਵਪਾਰਕ ਗੱਲਬਾਤ ਲਈ ਭਾਰਤ ਜਾ ਰਹੇ ਹਨ, ਤਾਂ ਉਸੇ ਸਮੇਂ ਪੁਲਿਸ ਨੇ ਇੱਕ ਕੈਨੇਡੀਅਨ ਸਿੱਖ ਆਗੂ ਮੋਨਿੰਦਰ ਸਿੰਘ ਨੂੰ ਉਸ ਦੀ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ “ਭਰੋਸੇਯੋਗ ਖ਼ਤਰੇ” ਬਾਰੇ ਚੇਤਾਵਨੀ ਦਿੱਤੀ ਹੈ।

 

 

ਖ਼ਤਰੇ ਬਾਰੇ ਇਹ ਜਾਣਕਾਰੀ ਵੈਨਕੂਵਰ ਪੁਲਿਸ ਨੂੰ ਇੱਕ ਮੁਖ਼ਬਰ ਤੋਂ ਮਿਲੀ ਸੀ, ਜੋ ਪੁਲਿਸ ਨੇ ਐਤਵਾਰ ਸ਼ਾਮ ਮੋਨਿੰਦਰ ਸਿੰਘ ਤੱਕ ਪਹੁੰਚਾਈ।

 

ਮੋਨਿੰਦਰ ਸਿੰਘ ਸਿੱਖ ਫੈਡਰੇਸ਼ਨ ਦਾ ਆਗੂ ਹੈ ਤੇ ਹਾਲ ਹੀ ਵਿੱਚ ਬਾਕੂ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਕੇ ਆਇਆ ਹੈ। ਉਹ ਇੱਕ ਬੇਹੱਦ ਸਰਗਰਮ ਸਿੱਖ ਕਾਰਕੁਨ ਹੈ, ਜੋ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦਾ ਬੁਲਾਰਾ ਵੀ ਹੈ।

 

 

ਪੁਲਿਸ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ, ਪਰ ਸਿੰਘ ਦਾ ਮੰਨਣਾ ਹੈ ਕਿ ਇਹ ਕੈਨੇਡਾ ਵਿੱਚ ਭਾਰਤ ਸਰਕਾਰ ਦੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੀ ਇਹ ਇੱਕ ਹੋਰ ਕੋਸ਼ਿਸ਼ ਹੈ।

 

2022 ਵਿੱਚ ਸਿੰਘ ਅਤੇ ਉਸਦੇ ਕਰੀਬੀ ਸਾਥੀ ਕਾਰਕੁਨ ਹਰਦੀਪ ਸਿੰਘ ਨਿੱਝਰ ਉਹ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੂੰ “ਡਿਊਟੀ ਟੂ ਵਾਰਨ” ਨੋਟਿਸ ਮਿਲਿਆ ਸੀ। ਨਿੱਝਰ ਨੂੰ ਅਗਲੇ ਸਾਲ ਖਤਮ ਕਰ ਦਿੱਤਾ ਗਿਆ, ਜਿਸ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲੱਗੇ ਸਨ।

 

 

ਉਸ ਤੋਂ ਬਾਅਦ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਮੋਨਿੰਦਰ ਸਿੰਘ ਨੂੰ ਨਵੇਂ ਖ਼ਤਰਿਆਂ ਬਾਰੇ ਚੇਤਾਵਨੀਆਂ ਮਿਲਦੀਆਂ ਰਹੀਆਂ, ਪਰ ਇਸ ਵਾਰ ਦੀ ਚੇਤਾਵਨੀ ‘ਚ ਪਹਿਲੀ ਵਾਰ ਉਸਦੇ ਪਰਿਵਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 

 

 

ਉਹ ਕੋਈ ਵਪਾਰੀ ਨਹੀਂ ਹੈ, ਜਿਸ ਨੂੰ ਆਮ ਤੌਰ ‘ਤੇ ਭਾਰਤੀ ਗਿਰੋਹਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਉਸਦਾ ਮੰਨਣਾ ਹੈ ਕਿ ਉਸਦੀ ਨਿਸ਼ਾਨਾਬੰਦੀ ਉਸਦੀ ਸਿੱਖ ਸਰਗਰਮੀ ਕਾਰਨ ਹੋ ਰਹੀ ਹੈ।

 

 

RCMP ਪਹਿਲਾਂ ਵੀ ਇਸ ਤਰ੍ਹਾਂ ਦੇ ਖ਼ਤਰਿਆਂ ਨੂੰ ਭਾਰਤ ਸਰਕਾਰ ਨਾਲ ਜੋੜ ਚੁੱਕੀ ਹੈ। ਮੋਨਿੰਦਰ ਸਿੰਘ ਦਾ ਵੀ ਮੰਨਣਾ ਹੈ ਕਿ ਇਹ ਤਾਜ਼ਾ ਚੇਤਾਵਨੀ ਵੀ ਭਾਰਤ ਕਾਰਨ ਹੈ।

 

ਉਸ ਨੇ ਕਿਹਾ ਕਿ ਭਾਰਤ ਗਲਤ ਕੰਮਾਂ ਲਈ ਕੈਨੇਡਾ ਵਿੱਚ ਅਪਰਾਧਿਕ ਗਿਰੋਹਾਂ ਦੀ ਵਰਤੋਂ ਕਰਦਾ ਹੈ ਅਤੇ ਫਿਰ ਉਹ ਰਾਜਨੀਤਿਕ ਹੱਤਿਆਵਾਂ ਕਰਦੇ ਹਨ।
ਸਿੰਘ ਲਈ ਇਹ ਚਿਤਾਵਨੀ ਇਸ ਗੱਲੋਂ ਵੀ ਚਿੰਤਾ ਵਧਾਉਂਦੀ ਹੈ ਕਿ ਕਾਰਨੀ ਭਾਰਤ ਨਾਲ ਦੁਬਾਰਾ ਸੰਬੰਧ ਬਣਾਉਂਦੇ ਹੋਏ ਕੈਨੇਡਾ ਦੀ ਵੱਡੀ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।

 

 

ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਪਹਿਲਾਂ ਹੀ ਰਿਪੋਰਟ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ, ਗਲਤ ਜਾਣਕਾਰੀ ਅਤੇ ਸਰਹੱਦ ਪਾਰ ਦਬਾਅ ਵਿੱਚ ਸ਼ਾਮਲ ਰਹੀ ਹੈ ਪਰ ਕਾਰਨੀ ਨੂੰ ਇਸਦੀ ਪ੍ਰਵਾਹ ਨਹੀਂ ਜਾਪਦੀ।

 

 

RCMP ਦਾ ਮੰਨਣਾ ਹੈ ਕਿ ਭਾਰਤ ਸਰਕਾਰ ਨੇ ਬਿਸ਼ਨੋਈ ਗੈਂਗ ਨਾਲ ਮਿਲ ਕੇ ਰਾਜਨੀਤਿਕ ਵਿਰੋਧੀਆਂ ‘ਤੇ ਹਮਲੇ ਕਰਵਾਏ, ਖ਼ਾਸ ਕਰਕੇ ਨਿੱਝਰ ‘ਤੇ, ਜਿਸ ਦੀ 2023 ਵਿੱਚ ਸਰੀ ਗੁਰਦੁਆਰਾ ਸਾਹਿਬ ਦੀ ਹੱਦ ਵਿੱਚ ਹੱਤਿਆ ਕੀਤੀ ਗਈ।

 

 

ਨਿੱਜਰ ਦੀ ਹੱਤਿਆ ਤੋਂ ਬਾਅਦ FBI ਨੇ ਨਿਊਯਾਰਕ ਵਿੱਚ ਵਕੀਲ ਅਤੇ ਕਾਰਕੁਨ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਇਕ ਹੋਰ ਸਾਜ਼ਿਸ਼ ਬੇਨਕਾਬ ਕੀਤੀ, ਜਿਸਦਾ ਜੁਰਮ ਵੀ ਹੁਣ ਭਾਰਤੀ ਏਜੰਟ ਨਿਖਿਲ ਗੁਪਤਾ ਹੁਣ ਕਬੂਲ ਕਰ ਚੁੱਕਾ ਹੈ।

 

ਫਿਰ RCMP ਕਮਿਸ਼ਨਰ ਮਾਈਕ ਡਿਊਹੇਮ ਨੇ ਭਾਰਤ ‘ਤੇ ਕਈ ਹਿੰਸਕ ਅਪਰਾਧਾਂ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ, ਜਿਸ ਤੋਂ ਬਾਅਦ ਕੈਨੇਡਾ ਨੇ ਅਕਤੂਬਰ 2024 ਵਿੱਚ ਭਾਰਤ ਦੇ ਛੇ ਕੂਟਨੀਤਕਾਂ ਨੂੰ ਕੈਨੇਡਾ ‘ਚੋਂ ਕੱਢ ਦਿੱਤਾ ਸੀ।

 

ਮੋਨਿੰਦਰ ਸਿੰਘ ਨੇ ਕਿਹਾ ਕਿ ਕਈ ਕੈਨੇਡੀਅਨ ਸਿੱਖ ਆਪਣੇ ਆਪ ਨੂੰ ਧੋਖੇ ਵਿੱਚ ਮਹਿਸੂਸ ਕਰਦੇ ਹਨ, ਜਦੋਂ ਉਹ ਕਾਰਨੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਭਾਰਤੀ ਹਾਕਮਾਂ ਨਾਲ ਮਿਲਦਿਆ ਵੇਖਦੇ ਹਨ, ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਉਹ ਕੈਨੇਡੀਅਨ ਸਿੱਖਾਂ ਖਿਲਾਫ ਵੀ ਸਾਜ਼ਿਸ਼ਾਂ ਰਚ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ