Amarjit Chawla Case : – ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਕੇਸ, ਬੇਅਦਬੀ ਬਾਰੇ ਨਵੇਂ ਕਾਨੂੰਨ ਲਈ ਕਮੇਟੀ, ਸਵਾਲ ਅਤੇ ਸਰਕਾਰੀ ਚੱਕਰਵਿਊ ਦੀਆਂ ਤੰਦਾਂ :
ਜਿਵੇਂ ਇੱਕ ਲੁਹਾਰ ਹਥੌੜੇ ਨਾਲ ਵਾਰ ਕਰਨ ਤੋਂ ਪਹਿਲਾਂ ਲੋਹੇ ਨੂੰ ਗਰਮ ਕਰਦਾ ਹੈ। ਇਸੇ ਤਰ੍ਹਾਂ “ਆਪ” ਲੀਡਰਸ਼ਿਪ ਸ਼ਰਾਰਤਾਂ ਕਰ ਰਹੀ ਹੈ।
ਪੰਜਾਬ ਸਰਕਾਰ ਨੇ ਨਵੇ ਐਕਟ ‘ਤੇ ਸੱਤ ਮੈਂਬਰੀ ਪੈਨਲ ਬਣਾਉਣ ਤੋਂ ਪਹਿਲਾਂ ਅਮਰਜੀਤ ਚਾਵਲਾ ਖਿਲਾਫ ਕੇਸ ਦਰਜ ਕਰਦਿਆਂ ਸ਼੍ਰੋਮਣੀ ਕਮੇਟੀ, ਅਕਲ ਤਖ਼ਤ ਦਾ ਜਥੇਦਾਰ ਅਤੇ ਬਾਦਲ ਦਲ ਦੀ ਲੀਡਰਸ਼ਿਪ ਲਪੇਟ ਲਈ। FIR ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਲ-ਨਾਲ ਅਕਾਲ ਤਖ਼ਤ ਦੇ ਜਥੇਦਾਰ ਦਾ ਰੈਫਰੈਂਸ ਵੀ ਪਾ ਦਿੱਤਾ। ਸੁਖਬੀਰ ਸਿੰਘ ਬਾਦਲ ਦੇ ਕਿਸੇ ਸਹਾਇਕ ਦਾ ਵੀ।
ਇਨ੍ਹਾਂ ਦੋਵਾਂ ਖ਼ਬਰਾਂ ਨੂੰ ਇਕੱਠੇ ਪੜ੍ਹਨ ਦੀ ਲੋੜ ਹੈ।
ਮਾਮਲਾ ਸਿੱਧਾ ਨਹੀਂ ਹੈ।
ਬਹੁਤ ਸੁਆਲ ਖੜ੍ਹੇ ਨੇ। ਚਾਵਲਾ ਦਾ ਰਾਜਨੀਤਕ ਕਿਰਦਾਰ ਅਤੇ ਸ਼੍ਰੋਮਣੀ ਕਮੇਟੀ ਵਿਚਲਾ ਉਸਦਾ ਕੰਮ-ਕਾਜ ਮਾੜਾ ਹੈ। ਸ਼੍ਰੋਮਣੀ ਕਮੇਟੀ ਵਿੱਚ ਜੋ ਮਾੜਾ ਹੋ ਰਿਹਾ ਹੈ, ਚਾਵਲਾ ਉਸਦਾ ਹਿੱਸਾ ਹੈ। ਇਹ ਟੋਲਾ ਉਨ੍ਹਾਂ ਮਹੰਤਾਂ ਦਾ ਵਾਰਸ ਹੈ ਜਿਨ੍ਹਾਂ ਨੂੰ ਸਿੱਖਾਂ ਨੇ ਕੱਢਿਆ ਸੀ।
ਉਸਦੇ ਇਸ ਕਿਰਦਾਰ ਨੂੰ ਵੇਖਦਿਆਂ ਉਸਦੇ ਬਾਕੀ ਜਾਤੀ ਕਿਰਦਾਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮਾਮਲਾ ਦੋਹਾਂ ਧਿਰਾਂ ਦੀ ਮਰਜ਼ੀ ਵਾਲਾ ਵੀ ਹੋ ਸਕਦਾ ਹੈ।
ਬੀਬੀ ਖੁਦ ਵੀ ਦੱਸੇ ਕਿ ਇੰਨੇ ਦਿਨ ਸਰਾਵਾਂ ਵਿਚ ਕਿਉਂ ਰਹੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਉਸਤੇ ਮਿਹਰਬਾਨੀ ਕਿਉਂ ਕਰ ਰਹੇ ਸਨ।
ਧਾਮੀ ਸਾਹਿਬ ਦੱਸਣ ਕਿ ਉਸਨੂੰ ਸਾਰੀਆਂ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਸਨ?
ਕੁਝ ਸੱਜਣ ਵਲੋਂ ਸੋਸ਼ਲ ਮੀਡੀਏ ‘ਤੇ ਤੌਖਲੇ ਪ੍ਰਗਟਾਏ ਜਾ ਰਹੇ ਨੇ ਕਿ ਇਹ ਜਨਾਨੀ ਕਿਸੇ ਸਾਜ਼ਿਸ਼ ਦਾ ਹਿੱਸਾ ਸੀ ਪਰ ਕੰਮ ਉਲਟਾ ਹੋ ਗਿਆ। ਇਸ ਗੱਲ ਦੀ ਸੰਭਾਵਨਾ ਵੀ ਕਾਫੀ ਜਾਪਦੀ ਹੈ।
ਅਨੰਦਪੁਰ ਸਾਹਿਬ ਵਿੱਚ ਬਹੁਤ ਸਾਰੇ ਕਰਮਚਾਰੀ ਕੰਮ ਕਰ ਰਹੇ ਹਨ। ਜੇਕਰ ਕੋਈ ਔਰਤ ਜ਼ਬਰਦਸਤੀ ਦੀ ਸ਼ਿਕਾਇਤ ਕਰਦੀ ਤਾਂ ਸੰਭਾਵੀ ਤੌਰ ‘ਤੇ ਇੱਕ ਜਾਂ ਦੂਜਾ ਕਰਮਚਾਰੀ ਮੁੱਦਾ ਚੁੱਕ ਲੈਂਦਾ ਜਾਂ ਗੱਲ ਬਾਹਰ ਕੱਢਦਾ। ਅਸਲੀਅਤ ਹਾਲੇ ਬਾਅਦ ਵਿਚ ਸਾਹਮਣੇ ਆਏਗੀ।
ਪੰਜਾਬ ਸਰਕਾਰ ਇਸ ਮੁੱਦੇ ਨੂੰ ਇਨਸਾਫ਼ ਦੇਣ ਲਈ ਨਹੀਂ, ਸਗੋਂ ਆਪਣੇ ਨਾਪਾਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਵਰਤ ਰਹੀ ਹੈ। ਦਿੱਲੀ ਦੇ ਧਾੜਵੀਆਂ ਅਤੇ ਮੁੱਖ ਮੰਤਰੀ ਹੱਥ ਮੌਕਾ ਆ ਗਿਆ ਹੈ।
ਸਿੱਖ ਸੰਸਥਾਵਾਂ ‘ਤੇ ਦਿੱਲੀ ਦੇ ਕੰਟਰੋਲ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਬਹੁਤ ਕੁਝ ਹੋ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ‘ਤੇ ਕਾਬਜ ਹੌਲੇ ਕਿਰਦਾਰ ਅਤੇ ਮੋਟੀ ਅਕਲ ਵਾਲਾ ਟੋਲਾ ਸਰਕਾਰ ਲਈ ਇਹ ਕੰਮ ਸੌਖਿਆਂ ਕਰ ਰਿਹਾ ਹੈ।
ਪਹਿਲਾਂ ਇਨ੍ਹਾਂ ਦੀਆਂ ਬੇਈਮਾਨੀਆਂ ਨੇ ਸਰਕਾਰ ਨੂੰ ਨਵੇਂ ਕਾਨੂੰਨ ਰਾਹੀਂ ਨੁਕਸਾਨ ਕਰਨ ਦਾ ਮੌਕਾ ਦਿੱਤਾ, ਹੁਣ ਇਹ ਕੇਸ ਸਰਕਾਰ ਸਮੁੱਚੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਅਤੇ ਬਲੈਕਮੇਲ ਕਰਨ ਲਈ ਵਰਤੇਗੀ।
ਮੁੱਖ ਮੰਤਰੀ ਦੀ ਪਤਨੀ ਵਿਰੁੱਧ ਪੰਜ ਕਰੋੜ ਲੈਣ ਦੇ ਮਾਮਲੇ ਵਿਚ ਸ਼ਮੂਲੀਅਤ ਦੇ ਦੋਸ਼ਾਂ ਦੀਆਂ ਖ਼ਬਰਾਂ ਦੀ ਜਾਂਚ ਨਹੀਂ ਕੀਤੀ ਗਈ। ਹੁਣ ਇਸ ਮਸਲੇ ਨੂੰ ਉਸ ਉੱਤੇ ਪਰਦਾ ਪਾਉਣ ਲਈ ਵਰਤਿਆ ਜਾਵੇਗਾ।
ਇਕ ਹੋਰ ਦਿਲਚਸਪ ਅਤੇ ਅਹਿਮ ਗੱਲ। ਚਾਵਲਾ ਰਜਿੰਦਰ ਸਿੰਘ ਮਹਿਤਾ ਨਾਲ ਬਾਦਲਾਂ ਦੇ ਲੱਠਮਾਰ ਦਾ ਰੋਲ ਹੀ ਅਦਾ ਕਰਦਾ ਰਿਹਾ ਹੈ। ਇਹ ਗਰੁੱਪ ਸ਼੍ਰੋਮਣੀ ਕਮੇਟੀ ਵਿੱਚ ਦਮਦਮੀ ਟਕਸਾਲ ਦਾ ਦਾਬਾ ਰੱਖਣ ਦਾ ਕੰਮ ਕਰਦਾ ਰਿਹਾ ਹੈ। ਜਦੋਂ ਬਾਬਾ ਧੁੰਮਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ 6 ਜੂਨ 2025 ਨੂੰ ਅਕਾਲ ਤਖ਼ਤ ‘ਤੇ ਬੋਲਣ ਤੋਂ ਰੋਕਣ ਦਾ ਐਲਾਨ ਕੀਤਾ ਸੀ ਤਾਂ ਮਹਿਤਾ-ਚਾਵਲਾ ਵਾਲੀ ਅਖੌਤੀ ਸਿੱਖ ਸਟੂਡੈਂਟਸ ਫੈਡਰੇਸ਼ਨ ਸੁਖਬੀਰ ਦੇ ਉਲਟ ਜਾ ਕੇ ਖੁੱਲ੍ਹ ਕੇ ਬਾਬਾ ਧੁੰਮਾ ਵੱਲ ਭੁਗਤੀ ਸੀ।
ਭਾਜਪਾ ਤੋਂ ਬਾਅਦ ਹੁਣ ਟਕਸਾਲ ਪੰਜਾਬ ਸਰਕਾਰ ਦੇ ਵੀ ਨੇੜੇ ਹੋ ਗਈ ਗਈ ਹੈ। ਮੁੱਖ ਮੰਤਰੀ ਦਾ OSD ਇਨ੍ਹਾਂ ਦੇ ਇਕ ਸਮਾਗਮ ‘ਤੇ ਗਿਆ ਤੇ ਬਾਬਾ ਜੀ ਨੂੰ ਇਨ੍ਹਾਂ ਨਵੇਂ ਕਾਨੂੰਨ -!ਤੇ ਬਣਾਈ 7 ਮੈਂਬਰੀ ਕਮੇਟੀ ਵਿੱਚ ਸ਼ਾਮਲ ਕਰ ਲਿਆ।
ਇਸੇ ਦੌਰਾਨ ਪੰਜਾਬ ਸਰਕਾਰ ਅਤੇ ਬਾਦਲ ਦਲ ਦਰਮਿਆਨ ਦਿਸ ਰਹੇ ਬੇਹੱਦ ਕੁੜੱਤਣ ਵਾਲੇ ਮਾਹੌਲ ਦੇ ਬਾਵਜੂਦ ਇੰਨੇ ਗੰਭੀਰ ਕੇਸ ਵਿੱਚ ਚਾਵਲਾ ਨੂੰ ਸਿੱਧਾ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਉਸਨੂੰ ਵਿਦੇਸ਼ ਜਾਣ ਦਾ ਮੌਕਾ ਦਿੱਤਾ ਗਿਆ।
ਅਸੀਂ ਪਹਿਲਾਂ ਵੀ ਕਈ ਵਾਰ ਲਿਖ ਚੁੱਕੇ ਹਾਂ ਕਿ ਬੇਅਦਬੀ ਬਾਰੇ ਨਵਾਂ ਕਾਨੂੰਨ ਅਸਲ ਵਿੱਚ 2015 ਦੇ ਬਰਗਾੜੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੇ ਕੇਸਾਂ ਦੇ ਇਨਸਾਫ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਬਣਾਇਆ ਗਿਆ ਹੈ ਅਤੇ ਨਾਲ ਹੀ ਇਸ ਰਾਹੀਂ ਸਿੱਖਾਂ ਦੇ ਗਲ ਦੁਆਲੇ ਸ਼ਿਕੰਜਾ ਕੱਸਿਆ ਗਿਆ ਹੈ। ਇਹ ਗੱਲਾਂ ਅਸੀਂ ਸਮਾਣੇ ਮੋਰਚੇ ਦੇ ਵੇਲੇ ਤੋਂ ਲਿਖ ਰਹੇ ਹਾਂ, ਜਦੋਂ ਬਹੁਤੇ ਲੋਕ ਸਖਤ ਕਾਨੂੰਨ ਦਾ ਰੌਲਾ ਪਾ ਰਹੇ ਸਨ।
ਬਰਗਾੜੀ ਬੇਅਦਬੀ ਤੋਂ ਬਾਅਦ ਚੌਂਕ ਮਹਿਤਾ ਟਕਸਾਲ ਦੇ ਬੰਦੇ ਸਿੱਖ ਪ੍ਰਚਾਰਕਾਂ ਤੇ ਕਾਰਕੁਨਾਂ ‘ਤੇ ਹੀ ਬੇਅਦਬੀ ਦਾ ਦੋਸ਼ ਲਾਉਂਦੇ ਰਹੇ ਨੇ। ਬਾਦਲ ਦਲ ਦੇ ਸਮਰਥਕ ਅਤੇ ਕੇਂਦਰੀ ਤੰਤਰ ਅਤੇ ਇਸ ਦੇ ਸਮਰਥਕ ਟਿੱਪਣੀਕਾਰ ਵੀ ਇਹੀ ਕੁਝ ਕਰ ਰਹੇ ਸਨ।
ਕੇਜਰੀਵਾਲ-ਭਗਵੰਤ ਮਾਨ ਸਰਕਾਰ ਨੇ ਬੇਅਦਬੀ ਕੇਸਾਂ ਵਿੱਚੋਂ ਬਲਾਤਕਾਰੀ ਸਾਧ, ਉਸ ਦੇ ਨਾਮਜ਼ਦ ਚੇਲਿਆਂ ਅਤੇ ਫਾਇਰਿੰਗ ਲਈ ਜਿੰਮੇਵਾਰ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਸਭ ਕੁਝ ਕੀਤਾ ਹੈ। ਉਧਰ ਭਾਜਪਾ ਸਰਕਾਰ ਸਾਧ ਨੂੰ ਲਗਾਤਾਰ ਪੈਰੋਲ ‘ਤੇ ਰਿਹਾਅ ਕਰਦੀ ਹੈ।
ਬੇਅਦਬੀ ਬਾਰੇ ਨਵਾਂ ਕਾਨੂੰਨ ਮਾੜੀ ਨੀਅਤ ਵਿੱਚੋਂ ਨਿਕਲਿਆ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਇਹ ਸਾਂਝਾ ਪ੍ਰੋਜੈਕਟ ਹੈ।
ਇਸ ਮਸਲੇ ‘ਤੇ ਆਪਣੀ ਮਰਜ਼ੀ ਪੁਗਾਉਣ ਲਈ ਸਰਕਾਰ ਹੁਣ ਚਾਵਲੇ ਵਾਲੇ ਕੇਸ ਨੂੰ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਨੂੰ ਬਲੈਕਮੇਲ ਕਰਨ ਲਈ ਵਰਤੇਗੀ।
#Unpopular_Opinions

ਜੇ ਹੁਣ ਵੀ ਹਰਜਿੰਦਰ ਸਿੰਘ ਧਾਮੀ ਸਥਿਤੀ ਸਪੱਸ਼ਟ ਨਹੀਂ ਕਰਦੇ ਤਾਂ ਨੁਕਸਾਨ ਜਿਆਦਾ ਹੋਵੇਗਾ।
ਧਾਮੀ ਨੂੰ ਚਾਹੀਦਾ ਹੈ ਕਿ ਸੰਗਤ ਸਾਹਮਣੇ ਸਾਰੀ ਗੱਲ ਜਿਵੇਂ ਹੋਈ ਆ ਉਵੇਂ ਰੱਖੇ। ਇਸ ਮਾਮਲੇ ਵਿੱਚ ਉੱਨਾਂ ਦੀ ਪਾਰਟੀ ਜਾਂ ਪਾਰਟੀ ਦੇ ਅੰਦਰ ਉੱਨਾਂ ਦੀ ਧਿਰ ਜਾਂ ਕਿਸੇ ਸਖਸ਼ੀਅਤ ਤੋਂ ਕਿਤੇ ਵੱਡਾ ਸ਼੍ਰੋਮਣੀ ਕਮੇਟੀ ਦਾ ਦੁਨੀਆਂ ਦੀ ਨਜ਼ਰ ‘ਚ ਬਿੰਬ ਹੈ। ਇਹ ਬਿੰਬ ਨੂੰ ਖਰਾਬ ਕਰਕੇ ਕੋਈ ਵੀ ਨਹੀਂ ਤਰ ਸਕਦਾ।
ਇਹ ਉੱਨਾਂ ਮਸਲਿਆਂ ਵਰਗਾ ਮਸਲਾ ਨਹੀਂ ਹੈ ਜਿਨਾਂ ਨੂੰ ਕਮੇਟੀ ਅਕਸਰ ਪੜਤਾਲੀਆ ਕਮੇਟੀਆਂ ਬਣਾ ਕੇ ਘੱਟੇ ‘ਚ ਰੋਲ ਦਿੰਦੀ ਹੈ।
ਇਹ ਠੀਕ ਹੈ ਕਿ ਧਾਮੀ ਪਹਿਲਾਂ ਵੀ ਬਹੁਤੇ ਮਸਲਿਆਂ ‘ਚ ਕੋਈ ਨਿਤਾਰਾ ਨਹੀਂ ਕਰ ਸਕੇ। ਪਰ ਜੇ ਇਸ ਮਸਲੇ ਦਾ ਵੀ ਨਿਤਾਰਾ ਨਾ ਕਰ ਸਕੇ ਤਾਂ ਉਨਾਂ ਦਾ ਕਾਰਜਕਾਲ ਸ਼ੌਮਣੀ ਕਮੇਟੀ ਦੇ ਇਤਿਹਾਸ ਦਾ ਸੱਭ ਤੋਂ ਮਾੜਾ ਕਾਰਜਕਾਲ ਬਣ ਜਾਵੇਗਾ।
ਜੇ ਧਾਮੀ ਦੀ ਇਸ ਮਸਲੇ ‘ਚ ਕੋਈ ਨਿੱਜੀ ਸ਼ਮੂਲੀਅਤ ਨਹੀਂ ਹੈ ਤਾਂ ਉਨਾਂ ਨੂੰ ਤੱਥਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਜੇ ਕਿਸੇ ਤਰਾਂ ਸੀ ਸ਼ਮੂਲੀਅਤ ਹੈ ਤਾਂ ਅਸਤੀਫ਼ਾ ਦੇਣਾ ਚਾਹੀਦਾ ਹੈ। ਇਸੇ ਵਿੱਚ ਹੀ ਉੱਨਾਂ ਦਾ, ਉੱਨਾਂ ਦੀ ਪਾਰਟੀ ਦਾ ਤੇ ਪਾਰਟੀ ‘ਚ ਉੱਨਾਂ ਦੀ ਧਿਰ ਦਾ ਭਲਾ ਹੈ।
Punjab Spectrum
You must be logged in to post a comment.