Breaking News

ਜੱਟਾਂ ਨਾਲ ਨਫ਼ਰਤ ਦੀ ਤੀਜੀ ਹੱਡਬੀਤੀ ਅਤੇ ਸ਼ੋਸ਼ਣ ਦੇ ਅਰਥ —

ਜੱਟਾਂ ਨਾਲ ਨਫ਼ਰਤ ਦੀ ਤੀਜੀ ਹੱਡਬੀਤੀ ਅਤੇ ਸ਼ੋਸ਼ਣ ਦੇ ਅਰਥ

ਸਾਡੇ ਲਾਗਲਾ ਪਿੰਡ ਰੂੜਕੇ ਕਲਾਂ ਹੈ ਇੱਥੋਂ ਦਾ ਇਕ ਨੌਜਵਾਨ ਮਿਸਤਰੀ ਪਹਿਲਾਂ ਹੋਰ ਮਕਾਨ ਉਸਾਰੀ ਵਾਲੇ ਮਿਸਤਰੀਆਂ ਨਾਲ ਦਿਹਾੜੀ ਤੇ ਜਾਂਦਾ ਸੀ ਦਿਮਾਗ਼ ਤੇਜ਼ ਹੋਣ ਕਰਕੇ ਉਹ ਆਪ ਵਧੀਆ ਮਿਸਤਰੀ ਬਣ ਗਿਆ। ਉਸ ਵਿਚ ਫੁਰਤੀ ਅਤੇ ਕੰਮ ਵਿਚ ਸਫ਼ਾਈ ਕਮਾਲ ਸੀ। ਮੈਂ ਉਸ ਨੂੰ ਆਪਣੇ ਇਕ ਹੋਰ ਪੱਤਰਕਾਰ ਦਾ ਘਰ ਪਾਉਂਦੇ ਦੇਖਿਆ ਸੀ ਮੈਂ ਵੀ ਘਰ ਦਾ ਇਕ ਹਿੱਸਾ ਅਜੇ ਪਾਉਣਾ ਸੀ ਸੋ ਉਸ ਨੂੰ ਓਥੇ ਹੀ ਕਹਿ ਦਿੱਤਾ ਕਿ ਇਸ ਤੋਂ ਬਾਅਦ ਮੇਰਾ ਘਰ ਪਾਉਣਾ ਹੈ। ਉਹ ਇਕ ਦਿਨ ਆ ਕੇ ਮੇਰਾ ਘਰ ਦੇਖ ਗਿਆ। ਸਮੱਸਿਆ ਇਹ ਸੀ ਕਿ ਉਸ ਨੇ ਅਜੇ ਕਿਤੇ ਵੀ ਠੇਕਾ ਲੈ ਕੇ ਕੰਮ ਨਹੀਂ ਸੀ ਕੀਤਾ ਉਹ ਆਪਣੀ ਪੰਜ ਸੌ ਅਤੇ ਸਹਾਇਕ ਕਾਮਿਆਂ ਦੀ ਚਾਰ ਸੌ ਦਿਹਾੜੀ ਲੈਂਦਾ ਸੀ। ਮੈਂ ਆਪਣੇ ਕੰਮ ਵਿਚ ਬਿਜ਼ੀ ਹੋਣ ਕਰਕੇ ਕਾਮਿਆਂ ਦੀ ਨਿਗ੍ਹਾ ਨਹੀਂ ਸੀ ਰੱਖ ਸਕਦਾ ਇਸ ਲਈ ਠੇਕੇ ਤੇ ਕੰਮ ਕਰਵਾਉਣਾ ਚਾਹੁੰਦਾ ਸੀ। ਇਸ ਸਮੱਸਿਆ ਦਾ ਅਸੀਂ ਇਹ ਹੱਲ ਲੱਭਿਆ ਕਿ ਚਲਦੇ ਰੇਟ ਅਨੁਸਾਰ ਠੇਕਾ ਕਰ ਲਿਆ ਜਾਵੇਗਾ ਨਾਲ ਹੀ ਜਿੰਨੇ ਦਿਹਾੜੀਦਾਰ ਕਾਮੇ ਹੋਣਗੇ ਉਨ੍ਹਾਂ ਦੀ ਹਾਜ਼ਰੀ ਲਾ ਲਿਆ ਕਰਾਂਗੇ। ਜੇ ਠੇਕੇ ਵਿਚੋਂ ਘਾਟਾ ਪੈ ਜਾਵੇ ਤਾਂ ਲੱਗਿਆਂ ਦਿਹਾੜੀਆਂ ਦੀ ਗਿਣਤੀ ਕਰਕੇ ਪੈਸੇ ਦਿੱਤੇ ਜਾਣਗੇ।
ਉਸ ਨੌਜਵਾਨ ਮਿਸਤਰੀ ਨੇ ਕੰਮ ਸ਼ੁਰੂ ਕਰ ਲਿਆ ਆਪਣੇ ਨਾਲ ਦੋ ਬਜ਼ੁਰਗਾਂ ਨੂੰ ਦਿਹਾੜੀ ਤੇ ਲਿਆਉਣ ਲੱਗ ਪਿਆ। ਬਜ਼ੁਰਗ ਦਿਆਲਾ ਉਸ ਦਾ ਸਕਾ ਤਾਇਆ ਸੀ ਉਹ ਪਤਾ ਨਹੀਂ ਕਿਸ ਮਜਬੂਰੀ ਵਿਚ ਆਹ ਉਮਰ ਕੰਮ ਕਰਦਾ ਸੀ। ਇਕ ਕਾਮਾ ਮੈਂ ਆਪਣੇ ਵੱਲੋਂ ਰੱਖ ਲਿਆ ਉਸ ਦਾ ਕੰਮ ਖਿਡਾਹਰ ਨੂੰ ਸਮੇਟਣਾ, ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਤਿਆਰੀ ਕਰਨੀ ਅਤੇ ਬਾਅਦ ਵਿਚ ਸਮਾਨ ਸਾਂਭਣਾ ਸੀ ਇਸ ਤੋਂ ਇਲਾਵਾ ਜੇ ਕੋਈ ਚੀਜ਼ ਬਜ਼ਾਰੋਂ ਲਿਆਉਣੀ ਹੁੰਦੀ ਤਾਂ ਉਹ ਲਿਆ ਦਿੰਦਾ। ਠੰਢ ਦੇ ਦਿਨਾਂ ਵਿਚ ਧੁੰਦ ਪੈਂਦੀ ਵਿਚ ਜਦੋਂ ਉਹ ਠੁਰ-ਠੁਰ ਕਰਦੇ ਆਉਂਦੇ ਤਾਂ ਸਾਨੂੰ ਬੜਾ ਤਰਸ ਆਉਣਾ, ਆਖ਼ਿਰ ਉਨ੍ਹਾਂ ਵਿਚ ਵੀ ਜਾਨ ਸੀ, ਉਹ ਵੀ ਹੱਡ-ਮਾਸ ਦੇ ਬਣੇ ਸਨ। ਅਸੀਂ ਉਨ੍ਹਾਂ ਨੂੰ ਤਿੰਨ ਵਾਰ ਚਾਹ ਦੇਣੀ ਸੀ ਸਵੇਰੇ 10 ਵਜੇ, ਦੁਪਹਿਰੇ 2 ਵਜੇ ਅਤੇ ਆਥਣੇ 4 ਵਜੇ। ਠੇਕੇ ਦੀਆਂ ਸ਼ਰਤਾਂ ਅਨੁਸਾਰ ਰੋਟੀ ਸਵੇਰੇ ਉਹ ਘਰੋਂ ਖਾ ਕੇ ਆਉਂਦੇ ਸਨ ਅਤੇ ਦੁਪਹਿਰ ਦੀ ਰੋਟੀ ਨਾਲ ਲਿਆਉਂਦੇ ਸਨ। ਮੌਸਮ ਜ਼ਿਆਦਾ ਠੰਢਾ ਹੋਣ ਹੋਣ ਦੇ ਬਾਵਜੂਦ ਉਹ ਸਵੇਰੇ 7 ਵਜੇ ਕੰਮ ਤੇ ਲੱਗ ਜਾਂਦੇ। ਦੂਜੇ ਦਿਨ ਮੇਰੀ ਘਰਵਾਲੀ ਉਨ੍ਹਾਂ ਦੀ ਹਾਲਤ ਦੇਖਕੇ ਕਹਿੰਦੀ “ਆਪਾਂ ਇਨ੍ਹਾਂ ਨੂੰ ਆਉਣਸਾਰ ਇਕ ਵਾਰ ਹੋਰ ਚਾਹ ਦੇ ਦਿਆ ਕਰੀਏ ਵਿਚਾਰੇ ਠੰਢ ਚੋਂ ਆਉਂਦੇ ਨੇ, ਨਾਲੇ ਚਾਰ ਸੇਰ ਪੰਜੀਰੀ ਰਲ਼ਾ ਦਿੰਦੇ ਹਾਂ ਚਾਹ ਨਾਲ ਦੇ ਦਿਆ ਕਰਾਂਗੇ।” ਮੈਂਨੂੰ ਗੱਲ ਚੰਗੀ ਲੱਗੀ ਅਸੀਂ ਉਸੇ ਦਿਨ ਪੰਜੀਰੀ ਰਲ਼ਾ ਦਿੱਤੀ। ਅਗਲੇ ਦਿਨ ਜਦੋਂ ਉਹ ਆਏ ਤਾਂ ਉਨ੍ਹਾਂ ਨੂੰ ਆਉਣਸਾਰ ਚਾਹ ਨਾਲ ਪੰਜੀਰੀ ਦੇ ਦਿੱਤੀ ਨਾਲੇ ਦੱਸ ਦਿੱਤਾ ਕਿ ਇਸ ਬਦਲੇ 10 ਵਜੇ ਵਾਲੀ ਚਾਹ ਨਹੀਂ ਕੱਟੀ ਜਾਵੇਗੀ। ਮਿਸਤਰੀ ਨੂੰ ਜ਼ਿਆਦਾ ਹੀ ਖ਼ੁਸ਼ੀ ਚੜ੍ਹ ਗਈ ਜਿਸ ਨੂੰ ਉਹ ਸੀਨੇ ਵਿਚ ਘੁੱਟ ਸਕਿਆ। ਅਜਿਹੀ ਹਾਲਤ ਵਿਚ ਬੰਦਾ ਕਈ ਵਾਰ ਅਜਿਹੀ ਗੱਲ ਵੀ ਕਹਿ ਦਿੰਦਾ ਹੈ ਜਿਹੜੀ ਉਸ ਨੇ ਆਪਣੇ ਅੰਦਰ ਘੁੱਟਕੇ ਰੱਖੀ ਹੁੰਦੀ ਹੈ। ਉਹ ਬੇਕਾਬੂ ਮਨ ਵਿਚੋਂ ਉੱਚੀ ਦੇਣੇ ਆਪਣੇ ਤਾਏ ਨੂੰ ਬੋਲਿਆ,
“ਕਿਉਂ ਤਾਇਆ ! ਦੇਖਿਆ ਫਿਰ!! ਤੁਸੀਂ ਸਾਰੀ ਉਮਰ ਐਵੇਂ ਜੱਟਾਂ ਤੋਂ ਚੰਮ ਲਹਾਈ ਗਏ। ਹੁਣ ਜੱਟੀਆਂ ਪੰਜੀਰੀ ਖਵਾਉਂਦੀਆਂ ਨੇ ਨਾਲੇ ਆਪਣੇ ਜੂਠੇ ਭਾਂਡੇ ਮਾਂਜਦੀਆਂ ਨੇ।”
ਇਕ ਵਾਰ ਤਾਂ ਮੈਨੂੰ ਉਸ ਦੀ ਇਹ ਗੱਲ ਬੁਰੀ ਲੱਗੀ ਪਰ ਸਮਾਈ ਕਰਨੀ ਮੈਨੂੰ ਜ਼ਿਆਦਾ ਚੰਗੀ ਲੱਗੀ। ਮੈਂ ਚੁੱਪ ਰਿਹਾ ਤੇ ਹੱਸ ਛੱਡਿਆ।
ਉਸ ਦਾ ਬਜ਼ੁਰਗ ਤਾਇਆ ਦਿਆਲਾ ਕਾਫ਼ੀ ਚਿਰ ਚੁੱਪ ਰਿਹਾ ਫਿਰ ਬੋਲਿਆ “ਤੂੰ ਉਹ ਸਮੇਂ ਨੀ ਦੇਖੇ ਸ਼ੇਰਾ, ਓਦੋਂ ਰੋਟੀ ਮਿਲਣੀ ਹੀ ਔਖੀ ਸੀ। ਦਾਣੇ ਟਾਮੇਂ-ਟੱਲੇ ਜੱਟਾਂ ਦੇ ਘਰਾਂ ਵਿਚ ਹੀ ਹੁੰਦੇ ਸੀ ਉਸ ਵੇਲ਼ੇ ਸੀਰੀ-ਪਾਲ਼ੀ ਨੂੰ ਰੋਟੀ ਦੇਣੀ ਵੀ ਜੱਟਾਂ ਦਾ ਵੱਡਾ ਅਹਿਸਾਨ ਸੀ।” ਤਾਏ ਦਿਆਲੇ ਨੇ ਇਹ ਜਵਾਬ ਦੇ ਕੇ ਆਪਣੇ ਭਤੀਜੇ ਦੀ ਆਖੀ ਰੜਕਵੀਂ ਗੱਲ ਤੇ ਪੋਚਾ ਫੇਰਿਆ ਸੀ।
ਦੋ ਚਾਰ ਦਿਨਾਂ ਬਾਅਦ ਗੱਲਾਂ ਕਰਦੇ ਕਰਦੇ ਮੈਂ ਉਸ ਨੂੰ ਪਰਿਵਾਰ ਦੇ ਜੀਆਂ ਬਾਰੇ ਪੁੱਛਿਆ ਉਸ ਨੇ ਦੱਸਿਆ ਕਿ ਉਹ ਆਪਣੇ ਭਾਈਆਂ ਨਾਲੋਂ ਅੱਡ ਹੈ ਉਸ ਨਾਲ ਉਸ ਦੀ ਬਜ਼ੁਰਗ ਮਾਤਾ ਹੈ ਜਿਸ ਨੂੰ ਥੋੜ੍ਹਾ ਜਿਹਾ ਹੀ ਦਿਸਦਾ ਹੈ ਤੁਰਿਆ ਫਿਰਿਆ ਵੀ ਨਹੀਂ ਜਾਂਦਾ। ਮੈਂ ਉਸ ਕੋਲ਼ ਸਾਰਾ ਸਮਾਨ ਰੱਖ ਦਿੰਦਾ ਹਾਂ ਆਥਣ ਦੀ ਰੋਟੀ ਉਹ ਬਣਾਉਂਦੀ ਹੈ ਸਵੇਰ ਦੀ ਰੋਟੀ ਮੈਂ ਬਣਾ ਲੈਂਦਾ ਹਾਂ। ਸਾਨੂੰ ਉਸ ਦਾ ਇਹ ਪਹਿਲੂ ਵੀ ਦਰਦਮਈ ਲੱਗਿਆ ਜਦੋਂ ਮੈਂ ਇਹ ਗੱਲ ਆਪਣੀ ਘਰਵਾਲੀ ਨੂੰ ਦੱਸੀ ਤਾਂ ਉਹ ਕਹਿੰਦੀ ਆਪਾਂ ਇਨ੍ਹਾਂ ਮਾਂ-ਪੁੱਤਾਂ ਦੀ ਆਥਣ ਦੀ ਰੋਟੀ ਵੀ ਨਾਲ ਬੰਨ੍ਹ ਦਿਆ ਕਰੀਏ ਬਜ਼ੁਰਗ ਮਾਈ ਕਿੱਥੇ ਠੰਢ ‘ਚ ਮੱਥਾ ਮਰਦੀ ਹੋਣੀ ਹੈ। ਅਸੀਂ ਇਨ੍ਹਾਂ ਮਾਂ-ਪੁੱਤਾਂ ਨੂੰ ਆਥਣ ਦੀ ਰੋਟੀ ਵੀ ਨਾਲ ਬੰਨ੍ਹਕੇ ਦੇਣ ਲੱਗ ਗਏ। ਦੂਜੇ ਤੀਜੇ ਦਿਨ ਮਿਸਤਰੀ ਕਹਿੰਦਾ ਬਾਈ ਜੀ ਅਸੀਂ ਦੇਸੀ ਘਿਓ ਪਾਏ ਬਿਨਾ ਕਦੇ ਰੋਟੀ ਨਹੀਂ ਖਾਧੀ ਸਬਜ਼ੀ ਵਾਲੇ ਡੱਬੇ ਵਿਚ ਘਿਓ ਵੀ ਪਾ ਦਿਆ ਕਰੋ। ਅਸੀਂ ਘਿਓ ਪਾ ਕੇ ਰੋਟੀ ਬੰਨ੍ਹਣ ਲੱਗ ਪਏ। ਫਿਰ ਕਹਿੰਦਾ ਜੀ ਸਾਨੂੰ ਦੁੱਧ ਵੀ ਦੇ ਦਿਆ ਕਰੋ ਸਵੇਰੇ ਦੁੱਧ ਲਿਆਉਣਾ ਬਹੁਤ ਔਖਾ , ਅਸੀਂ ਡੋਲੂ ‘ਚ ਦੁੱਧ ਪਾ ਕੇ ਵੀ ਦੇ ਦਿਆ ਕਰੀਏ। ਉਸ ਦੀਆਂ ਮੰਗਾ ਵਧਦੀਆਂ ਹੀ ਗਈਆਂ। ਇਕ ਦਿਨ ਜਦੋਂ ਮੈਂ ਉਸ ਨੂੰ ਰੋਟੀ, ਦੁੱਧ ਵਾਲਾ ਝੋਲਾ ਫੜਾਉਣ ਲੱਗਿਆ ਤਾਂ ਆਪਣੇ ਤਾਏ ਦਿਆਲੇ ਨੂੰ ਫਿਰ ਕਹਿੰਦਾ “ਕਿਉਂ ਤਾਇਆ ਫਸੇ ਹੋਏ ਜੱਟਾਂ ਤੋਂ ਜੋ ਮਰਜ਼ੀ ਕਰਾਈ ਜਾਓ, ਊਂ ਨੀ ਇਹ ਦਵਾਲ਼ ਹੁੰਦੇ”। ਅਸੀਂ ਇਹ ਸਭ ਕੁੱਝ ਮਨੁੱਖਤਾ ਦੇ ਤੌਰ ਤੇ ਕਰਦੇ ਸੀ ਪਰ ਉਸ ਨੂੰ ਲਗਦਾ ਸੀ ਕਿ ਇਹ ਫਸੇ ਹੋਏ ਕਰਦੇ ਨੇ। ਉਸ ਵਿਚ ਜੱਟਾਂ ਪ੍ਰਤੀ ਇਨੀ ਖ਼ਾਰ ਸੀ ਕਿ ਦਿਨ ਸਮੇਂ ਵੀ ਉਹ ਆਪਣੇ ਤਾਏ ਨੂੰ ਸੁਣਾਕੇ ਆਖੀ ਜਾਂਦਾ, “ਓਏ ਤਾਇਆ ਭੱਜਕੇ ਲਿਆ ਇੱਟਾਂ ਜੱਟਾਂ ਤੋਂ ਚੰਮ ਲਹਾਉਣ ਨਾਲੋਂ ਤਾਂ ਸੌਖਾ ਹੀ ਆਂ”।
ਉਸ ਨੇ ਪਹਿਲਾਂ ਕਿਤੇ ਭੱਠੇ ਤੇ ਕੰਮ ਕੀਤਾ ਸੀ ਜਿੱਥੇ ਉਹ ਇਕ ਭੱਠਾ ਯੂਨੀਅਨ ਵਿਚ ਰਿਹਾ ਸੀ। ਓਥੇ ਉਸ ਨੇ “ਸ਼ੋਸ਼ਣ” ਸ਼ਬਦ ਸਿੱਖਿਆ ਹੋਇਆ ਸੀ। ਉਹ ਕਹਿੰਦਾ ਸੀ ਜੱਟ ਨਾਲ ਜਿਹੜਾ ਸੀਰੀ ਰਲ਼ਿਆ ਹੁੰਦਾ ਹੈ ਕਮਾਈ ਉਹ ਕਰਦਾ ਹੈ ਪਰ ਇਸ ਦਾ ਮਾਲਕ ਜੱਟ ਬਣ ਜਾਂਦਾ ਹੈ ਇਹ ਮਜ਼ਦੂਰਾਂ ਦਾ ਸ਼ੋਸ਼ਣ ਹੈ।
ਉਹ ਆਖਿਆ ਕਰੇ “ਤਾਇਆ ਜੱਟਾਂ ਨੇ ਤੇਰਾ ਬਥੇਰਾ ਸ਼ੋਸ਼ਣ ਕੀਤਾ ਹੁਣ ਮੌਜ ਕਰਿਆ ਕਰ”। ਹਾਲਾਂਕਿ ਉਹ ਆਪਣੇ ਤਾਏ ਤੋਂ ਬੇਲੋੜਾ ਕੰਮ ਲੈਂਦਾ ਸੀ।
ਸਾਡੇ ਚੁੱਪ ਰਹਿਣ ਦਾ ਨੁਕਸਾਨ ਇਹ ਹੋਇਆ ਉਹ ਮੇਰੀ ਘਰਵਾਲੀ ਨੂੰ ਵੀ ਆਖ ਦਿਆ ਕਰੇ “ਸਾਨੂੰ ਸੁਆਹ ਨਾਲ ਮਾਂਜ ਕੇ ਭਾਂਡੇ ਦਿਆ ਕਰੋ, ਅਸੀਂ ਘਰੇ ਸਰਫ਼ ਨਾਲ ਨਹੀਂ ਧੋਂਦੇ”
ਇਕ ਦਿਨ ਉਸ ਦੀਆਂ ਗੱਲਾਂ ਤੋਂ ਅੱਕ ਕੇ ਮੇਰੇ ਬਾਪੂ ਨੇ ਉਸ ਦੀ ਕਲਾਸ ਲਾ ਦਿੱਤੀ ਉਸ ਤੋਂ ਬਾਅਦ 10 ਮਹੀਨੇ ਉਹ ਬਿਨਾ ਕਿਸੇ ਰੜਕਵੀਂ ਗੱਲ ਦੇ ਕੰਮ ਕਰਦਾ ਰਿਹਾ, ਮੈਨੂੰ ਵੀ ਬਾਈ ਤੋਂ ਬਿਨਾ ਨਹੀਂ ਬੋਲਿਆ।
ਕੁੱਝ ਵੀ ਸੀ ਉਸ ਨੇ ਉਸਾਰੀ ਦਾ ਕੰਮ ਬਹੁਤ ਸੋਹਣਾ ਕੀਤਾ। ਜਦੋਂ ਹਿਸਾਬ ਕਰਿਆ ਤਾਂ ਠੇਕੇ ਦੇ ਹਿਸਾਬ ਉਸ ਦਾ ਨੱਬੇ ਹਜ਼ਾਰ ਰੁਪਈਆ ਵੱਧ ਬਣਦਾ ਸੀ ਉਸ ਨੇ ਦਿਹਾੜੀਆਂ ਦੀ ਥਾਂ ਠੇਕੇ ਦੀ ਲਿਖਤ ਅਨੁਸਾਰ ਪੈਸੇ ਲਏ। ਮੈਂ ਉਸ ਨੂੰ ਕਿਹਾ ਕਿ ਉਹ ਆਪਣੇ ਮੁਨਾਫ਼ੇ ਵਿਚੋਂ ਦਸ-ਦਸ ਹਜ਼ਾਰ ਰੁਪਏ ਵੱਧ ਆਪਣੇ ਬਜ਼ੁਰਗ ਤਾਏ ਅਤੇ ਚਾਚੇ ਨੂੰ ਵੀ ਦੇਵੇ। ਇਹ ਗੱਲ ਉਸ ਨੂੰ ਬਹੁਤ ਬੁਰੀ ਲੱਗੀ ਕਹਿੰਦਾ, ਇਹ ਮੇਰੀ ਕਲਾ ਦੇ ਪੈਸੇ ਹਨ ਮੈਂ ਵੱਧ ਕਿਉਂ ਦਿਆਂ ? ਮੈਂ ਕਿਹਾ ਇਸ ਕੰਮ ਵਿਚ ਉਨ੍ਹਾਂ ਦੀ ਵੀ ਮਿਹਨਤ ਲੱਗੀ ਹੈ ਉਨ੍ਹਾਂ ਦਾ ਹੱਕ ਬਣਦਾ ਹੈ ਤੁਸੀਂ ਮੁਨਾਫ਼ੇ ਨੂੰ ਬਰਾਬਰ ਵੰਡ ਲਓ ਜੇ ਨਹੀਂ ਵੰਡਦੇ ਤਾਂ ਇਹ ਉਨ੍ਹਾਂ ਦਾ ‘ਸ਼ੋਸ਼ਣ’ ਹੈ। ਪਰ ਉਸ ਨੇ ਕੀ ਮੰਨਣਾ ਸੀ।
ਜੱਟਾਂ ਨੂੰ ਸ਼ੋਸ਼ਣ ਕਰਨ ਵਾਲੇ ਕਹਿਣ ਵਾਲਾ ਆਪਣੇ ਹੱਥ ਆਏ ਥੋੜ੍ਹੇ ਪੈਸਿਆਂ ਪਿੱਛੇ ਹੀ ‘ਸ਼ੋਸ਼ਣ’ ਦੇ ਅਰਥ ਹੋਰ ਦੱਸਣ ਲੱਗ ਪਿਆ।

ਜੱਟਾਂ ਖਿਲਾਫ਼ ਮਨ ‘ਚ ਨਫ਼ਰਤ ਰੱਖਣਾ ਇਕ ਦੀਰਘ ਬਿਮਾਰੀ।
ਜੱਟਾਂ ਦੇ ਪੱਖ ‘ਚ ਪੋਸਟਾਂ ਲਿਖਣ ਤੋਂ ਪਹਿਲਾਂ ਮੇਰੇ ਬਹੁਤ ਘੱਟ ਦੋਸਤਾਂ ਨੂੰ ਪਤਾ ਹੋਵੇਗਾ ਕਿ ਮੈਂ ਜੱਟ ਹਾਂ। ਕਈ ਸਾਲਾਂ ਤੋਂ ਜੱਟਾਂ ਖਿਲਾਫ ਜ਼ਹਿਰ ਉਗਲੀ ਜਾ ਰਹੀ ਹੈ ਉਸ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਵਿਚ ਮੈਂ ਆਪਣੇ ਫੇਸਬੁੱਕੀ ਦੋਸਤਾਂ ਨੂੰ ਵੀ ਦੇਖਦਾ ਸੀ ਫਿਰ ਵੀ ਮੈਂ ਮਨ ਵਿਚ ਕੋਈ ਗੱਲ ਨਹੀਂ ਸੀ ਆਉਣ ਦਿੱਤੀ। ਜੱਟਾਂ ਖਿਲਾਫ ਗੈਰਇਖਲਾਕੀ ਭਾਸ਼ਾ ਵਰਤਣ ਵਾਲੇ ਇਕ ਬੰਦੇ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਮੇਰਾ ਸਾਧ ਦਿਓ ਮੈਂ ਜੱਟਾਂ ਦੀਆਂ ਧੀਆਂ-ਭੈਣਾਂ ਬਜਾਰਾਂ ਵਿਚ ਨੰਗੀਆਂ ਕਰਕੇ ਨਾ ਤੋਰੀਆਂ ਤਾਂ ਮੈਨੂੰ …ਫਲਾਣਾ…. ਨਾ ਆਖਿਓ। ਮੈਂ ਆਪਣੇ ਕਈ ਦੋਸਤਾਂ ਦਾ ਦੂਹਰਾਪਣ ਦੇਖਿਆ ਜਿਹੜੇ ਦੋਸਤ ਨੂੰ ਅੱਜ ਮੱਤਾਂ ਦੇ ਰਹੇ ਹਨ ਮੈਂ ਉਨ੍ਹਾਂ ਵਿਚੋਂ ਕੋਈ ਉਸ ਨੂੰ ਟੋਕਦਾ ਨਹੀਂ ਦੇਖਿਆ, ਸਗੋਂ ਉਸ ਦੀਆਂ ਪੋਸਟਾਂ ਲਾਈਕ ਕਰਨ ਅਤੇ ਉਤਸ਼ਾਹ ਕਰਨ ਵਾਲੇ ਕਮੈਂਟ ਜਰੂਰ ਦੇਖੇ ਹਨ। ਜੱਟਾਂ ਖਿਲਾਫ ਇਤਿਹਾਸ ਨਾਲ ਸਬੰਧ ਰਖਦੀਆਂ ਝੂਠੀਆਂ ਕਹਾਣੀਆਂ ਬਣਾਕੇ ਪੋਸਟ ਕੀਤੀਆਂ ਗਈਆਂ, ਪਤਾ ਹੋਣ ਦੇ ਬਾਵਜੂਦ ਕਿਸੇ ਗੈਰਜੱਟ ਸਿੱਖ ਵਿਦਵਾਨ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ। ਜੱਟਾਂ ਨੂੰ ਗਦਾਰ, ਬੇਈਮਾਨ, ਧੋਖੇਬਾਜ, ਘੜੱਮ ਚੌਧਰੀ ਕਹਿਣਾ ਆਮ ਵਰਤਾਰਾ ਬਣ ਗਿਆ ਪਰ ਬਰਾਬਰ ਦਾ ਸਮਾਜ ਸਿਰਜਨ ਦਾ ਹੋਕਾ ਦੇਣ ਵਾਲੇ ਇਨ੍ਹਾਂ ਪੋਸਟਾਂ ਤੇ ਨਹੀਂ ਆਏ।
ਬਾਰਬਾਰ ਦਾ ਸਮਾਜ ਸਿਰਜਣ ਦੀ ਕੂਕ-ਦੁਹਾਈ ਪਾਉਣ ਵਾਲੇ ਦੱਸਣ ਕੀ ਜੱਟਾਂ ਨੂੰ ਗਾਲ਼ਾਂ ਕੱਢਕੇ ਹੀ ਬਰਾਬਰ ਦਾ ਸਮਾਜ ਸਿਰਜਿਆ ਜਾ ਸਕਦਾ ਹੈ ?
ਹਰ ਜਾਤ ਦੇ ਲੋਕਾਂ ਨੂੰ ਆਪਣੀ ਜਾਤ ਨਸਲ ਤੇ ਮਾਣ ਹੋਣਾ ਚਾਹੀਦਾ ਹੈ। ਕੀ ਜੱਟਾਂ ਨੂੰ ਗਾਲ਼ਾਂ ਕੱਢਕੇ ਹੀ ਉਨ੍ਹਾਂ ਦੀ ਜਾਤ ਦਾ ਮਾਣ ਵਧੇਗਾ ?
ਮੈਂ ਭਲੀ-ਭਾਂਤ ਜਾਣਦਾ ਹਾਂ ਕਿ ਜਾਤੀਵਾਦ ਦੇ ਮੁੱਦੇ ਉਭਾਰਨਾ ਸਮਾਜ ਦੇ ਪੱਖ ਵਿਚ ਨਹੀਂ। ਸਗੋਂ ਸਰਕਾਰਾਂ ਇਹੀ ਚਹੁੰਦੀਆਂ ਹਨ ਕਿ ਲੋਕ ਇਧਰ ਉਲਝੇ ਰਹਿਣ। ਇਹ ਮੁੱਦੇ ਸਰਕਾਰਾਂ ਨੂੰ ਕਈ ਤਰਾਂ ਰਾਸ ਆਉਂਦੇ ਹਨ ਪਰ ਕੀ ਜੱਟਾਂ ਖਿਲਾਫ ਬੋਲਣ ਵਾਲੇ ਇਹੀ ਚਾਹੁੰਦੇ ਹਨ ਕਿ ਜੱਟ ਚੁੱਪ ਕਰਕੇ ਸਾਥੋਂ ਗਾਲ਼ਾਂ ਖਾਣ ।
ਹੋਰਾਂ ਬਾਰੇ ਤਾਂ ਪਤਾ ਨਹੀਂ ਮੈਂ ਆਪਣੇ ਬਾਰੇ ਦੱਸ ਸਕਦਾ ਹਾਂ ਕਿ ਮੈਂ ਜੱਟਾਂ ਦੇ ਪੱਖ ਵਿਚ ਬੋਲਣ ਦਾ ਨਿਰਨਾ ਕਈ ਸਾਲ ਜੱਟ ਵਿਰੋਧੀਆਂ ਦੀਆਂ ਯੱਭਲੀਆਂ ਸੁਣਨ ਤੋਂ ਬਾਅਦ ਲਿਆ ਹੈ। ਇਹ ਗਲ਼ ਪਿਆ ਢੋਲ ਵਜਾਉਣਾ ਪਿਆ ਹੈ। ਹੁਣ ਜਦੋਂ ਇਹ ਢੋਲ ਵਜਾਉਣਾ ਸ਼ੁਰੂ ਹੀ ਕੲ ਲਿਆ ਹੈ ਤਾਂ ਪੂਰੇ ਰਿਧਮ ਵਿਚ ਵਜਾਇਆ ਜਾਵੇਗਾ। -ਗੁਰਸੇਵਕ ਸਿੰਘ ਧੌਲਾ