Punjab – ਲਾਪਤਾ ਪਾਵਨ ਸਰੂਪ ਮਾਮਲਾ: ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ SIT ਦਾ ਪੁਨਰਗਠਨ
ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ 328 ਗੁੰਮ ਹੋਏ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦਾ ਪੁਨਰਗਠਨ ਕੀਤਾ ਹੈ। ਇਹ ਮਾਮਲਾ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਵੱਲੋਂ 7 ਦਸੰਬਰ 2025 ਨੂੰ ਇੱਥੋਂ ਦੇ ਥਾਣਾ ਡਿਵੀਜ਼ਨ ਸੀ ਵਿਖੇ ਦਰਜ ਕੀਤਾ ਗਿਆ ਸੀ। ਬਿਊਰੋ ਦੇ ਡਾਇਰੈਕਟਰ ਐਲ ਕੇ ਯਾਦਵ ਵੱਲੋਂ ਜਾਰੀ ਤਾਜ਼ਾ ਹੁਕਮਾਂ ਨੇ ਐੱਸ ਆਈ ਟੀ ਦੇ ਗਠਨ ਸਬੰਧੀ ਦਸੰਬਰ 2025 ਅਤੇ ਜਨਵਰੀ 2026 ਵਿੱਚ ਜਾਰੀ ਪਿਛਲੇ ਨਿਰਦੇਸ਼ਾਂ ਦੀ ਥਾਂ ਲੈ ਲਈ ਹੈ।
ਨਵੀਂ ਗਠਿਤ ਐੱਸ ਆਈ ਟੀ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਕੰਮ ਕਰੇਗੀ ਅਤੇ ਇਸ ਦੀ ਪ੍ਰਧਾਨਗੀ ਰੂਪਨਗਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਡਾ ਨਾਨਕ ਸਿੰਘ ਕਰਨਗੇ। ਹੋਰ ਮੈਂਬਰਾਂ ਵਿੱਚ ਦਰਪਣ ਆਹਲੂਵਾਲੀਆ, ਐੱਸ ਐੱਸ ਪੀ ਖੰਨਾ; ਗੁਰਬੰਸ ਸਿੰਘ ਬੈਂਸ, ਐਸ ਪੀ (ਡੀ), ਪਟਿਆਲਾ; ਸੁਖਨਾਜ਼ ਸਿੰਘ, ਐਸ ਪੀ, ਸਪੈਸ਼ਲ ਬ੍ਰਾਂਚ ਅਤੇ ਹਰਮਿੰਦਰ ਸਿੰਘ, ਸਹਾਇਕ ਪੁਲੀਸ ਕਮਿਸ਼ਨਰ, ਅੰਮ੍ਰਿਤਸਰ ਅਤੇ ਸਬ-ਇੰਸਪੈਕਟਰ ਰਾਜਵੰਤ ਕੌਰ, ਐਸਐਚਓ ਥਾਣਾ ਡਿਵੀਜ਼ਨ ਸੀ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਐੱਸ ਆਈ ਟੀ ਦੇ ਪੁਨਰਗਠਨ ਦਾ ਉਦੇਸ਼ ਇਸ ਸੰਵੇਦਨਸ਼ੀਲ ਮਾਮਲੇ ਦੀ ਨਿਰਪੱਖ, ਵਿਗਿਆਨਕ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣਾ ਹੈ। ਅੰਮ੍ਰਿਤਸਰ ਪੁਲੀਸ ਨੂੰ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਅਤੇ ਐੱਸ ਆਈ ਟੀ ਨੂੰ ਬਿਊਰੋ ਦੀ ਪੂਰਵ ਪ੍ਰਵਾਨਗੀ ਨਾਲ ਵਾਧੂ ਅਧਿਕਾਰੀਆਂ ਨੂੰ ਸ਼ਾਮਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਗ਼ੌਰਤਲਬ ਹੈ ਕਿ ਪੁਰਾਣੀ ਐੱਸ ਆਈ ਟੀ ਵਿੱਚ ਜਗਪ੍ਰੀਤ ਸਿੰਘ, ਏਆਈਜੀ ਵਿਜੀਲੈਂਸ, ਮੋਹਾਲੀ ਚੇਅਰਮੈਨ ਸਨ। ਪਿਛਲੀ ਐਸਆਈਟੀ ਦੇ ਹੋਰ ਮੈਂਬਰਾਂ ਵਿੱਚ ਰਵਿੰਦਰਪਾਲ ਸਿੰਘ ਸੰਧੂ, ਡੀ ਸੀ ਪੀ; ਹਰਪਾਲ ਸਿੰਘ ਸੰਧੂ, ਐਡੀਸ਼ਨਲ ਡੀ ਸੀ ਪੀ; ਗੁਰਬੰਸ ਸਿੰਘ ਬੈਂਸ, ਐਸ ਪੀ (ਡੀ) ਪਟਿਆਲਾ; ਬੇਅੰਤ ਜੁਨੇਜਾ, ਏ ਸੀ ਪੀ ਲੁਧਿਆਣਾ; ਅਤੇ ਹਰਮਿੰਦਰ ਸਿੰਘ, ਏ ਸੀ ਪੀ ਅੰਮ੍ਰਿਤਸਰ ਸ਼ਾਮਲ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਰਿਕਾਰਡ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਕਥਿਤ ਤੌਰ ‘ਤੇ ਲਾਪਤਾ ਹੋਣ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 22 ਦਸੰਬਰ 2025 ਨੂੰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ।
ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਸਬੰਧ ਵਿੱਚ 7 ਦਸੰਬਰ 2025 ਨੂੰ ਥਾਣਾ ਸੀ-ਡਿਵੀਜ਼ਨ, ਅੰਮ੍ਰਿਤਸਰ ਵਿਖੇ ਆਈਪੀਸੀ ਦੀਆਂ ਧਾਰਾਵਾਂ 295, 295-ਏ, 409, 465 ਅਤੇ 120-ਬੀ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਅਪਰਾਧਿਕ ਵਿਸ਼ਵਾਸਘਾਤ ਅਤੇ ਅਪਰਾਧਿਕ ਸਾਜ਼ਿਸ਼ ਲਈ ਕੇਸ ਦਰਜ ਕੀਤਾ ਗਿਆ ਸੀ।
ਇਹ ਐਫਆਈਆਰ ਸ੍ਰੀ ਦਰਬਾਰ ਸਾਹਿਬ ਦੇ ਬਰਖਾਸਤ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ। ਵਡਾਲਾ ਨੇ ਆਪਣੇ ਸਮਰਥਕਾਂ ਸਮੇਤ ਹਰਿਮੰਦਰ ਸਾਹਿਬ ਦੇ ਨੇੜੇ ਹੈਰੀਟੇਜ ਸਟ੍ਰੀਟ ‘ਤੇ ਧਰਨਾ ਦਿੱਤਾ ਸੀ, ਜਿਸ ਵਿੱਚ ਕੇਸ ਦਰਜ ਕਰਨ ਅਤੇ ਲਾਪਤਾ ਸਰੂਪਾਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਵਿੱਚ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਸਾਬਕਾ ਆਡੀਟਰ ਸਤਿੰਦਰ ਸਿੰਘ ਕੋਹਲੀ ਅਤੇ ਇੱਕ ਸਾਬਕਾ ਕਰਮਚਾਰੀ ਕੰਵਲਜੀਤ ਸਿੰਘ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
Punjab Spectrum