Breaking News

ਕਿਸਾਨ ਆਗੂ ਜਾਪਦਾ ਹੈ ਇੱਕ ਹੋਰ ਵੱਡੇ ਗਲਤੀ ਕਰਨ ਦੀ ਤਿਆਰੀ ਕਰੀ ਬੈਠੇ ਨੇ।

ਇਸ ਕਿਸਾਨ ਮੋਰਚੇ ਦੌਰਾਨ ਪਹਿਲਾਂ ਹੀ ਕਈ ਰਣਨੀਤਕ ਗਲਤੀਆਂ ਕਰ ਚੁੱਕੇ ਕਿਸਾਨ ਆਗੂ ਜਾਪਦਾ ਹੈ ਇੱਕ ਹੋਰ ਵੱਡੇ ਗਲਤੀ ਕਰਨ ਦੀ ਤਿਆਰੀ ਕਰੀ ਬੈਠੇ ਨੇ।

ਪਹਿਲਾਂ ਹੀ ਸ਼ੰਭੂ ਬਾਰਡਰ ‘ਤੇ ਜੀ ਟੀ ਰੋਡ ਜਾਮ ਹੈ ਤੇ ਹੁਣ ਰੇਲ ਰੋਕਣ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਤੰਗੀ ਪੰਜਾਬ ਦੇ ਲੋਕਾਂ ਨੂੰ ਹੀ ਹੋਵੇਗੀ।
ਆਪਣੇ ਬੰਦੇ ਛਡਾਉਣੇ ਜ਼ਰੂਰੀ ਨੇ ਪਰ ਇਸ ਲਈ ਪੈਂਤੜੇ ਉਹੋ ਜਿਹੇ ਹੋਣ ਜਿਹੜੇ ਰਾਜਨੀਤਿਕ ਪਾਰਟੀਆਂ ਨੂੰ ਸੇਕ ਲਾਉਣ ਨਾ ਕਿ ਆਮ ਲੋਕਾਂ ਨੂੰ।

ਵੇਲਾ ਇਸ ਵੇਲੇ ਵੋਟ ਦੀ ਚੋਟ ਦਾ ਹੈ ਨਾ ਕਿ ਆਪਣੇ ਲੋਕਾਂ ਦੇ ਨਾਸੀਂ ਧੂੰਆਂ ਦੇਣ ਦਾ।

ਕਿਸਾਨ ਮੋਰਚੇ ਦੀ ਤਾਕਤ ਪੰਜਾਬ ਹੈ ਪਰ ਕਿਸਾਨ ਆਗੂਆਂ ਦੀ ਗਲਤ ਰਣਨੀਤੀ ਮੋਰਚੇ ਪ੍ਰਤੀ ਪੰਜਾਬ ਦੇ ਲੋਕਾਂ ਵਿੱਚ ਹਮਦਰਦੀ ਨੂੰ ਹੋਰ ਘਟਾ ਸਕਦੀ ਹੈ।

ਅਸੀਂ ਪਹਿਲਾਂ ਵੀ ਸੁਚੇਤ ਕੀਤਾ ਸੀ ਕਿ ਬਿਲਕੁਲ ਚੋਣਾਂ ਤੋਂ ਪਹਿਲਾਂ ਸਿੱਖ ਕਿਸਾਨਾਂ ‘ਤੇ ਜਬਰ ਭਾਜਪਾ ਦਾ ਬਾਕੀ ਮੁਲਕ ਵਿੱਚ ਰਾਜਨੀਤਿਕ ਤੌਰ ‘ਤੇ ਫਾਇਦਾ ਕਰੇਗਾ। ਉਦੋਂ ਇਹ ਵੀ ਬੇਨਤੀ ਕੀਤੀ ਸੀ ਕਿ ਰਣਨੀਤੀ ਬਦਲਣ ਦੀ ਲੋੜ ਹੈ ਤਾਂ ਕਿ ਆਪਣੇ ਲੋਕਾਂ ਦਾ ਨੁਕਸਾਨ ਨਾ ਹੋਵੇ।

ਜਦੋਂ ਸਰਕਾਰੀ ਜਬਰ ਦੇ ਨੈਣ ਨਕਸ਼ ਨੰਗੇ ਹੋ ਚੁੱਕੇ ਹੋਣ ਤੇ ਇਹ ਵੀ ਪਤਾ ਲੱਗ ਚੁੱਕਿਆ ਹੋਵੇ ਕਿ ਪੰਜਾਬ ਦਾ ਮੁੱਖ ਮੰਤਰੀ ਕੇਂਦਰ ਨਾਲ ਰਲ ਕੇ ਚੱਲ ਰਿਹਾ ਹੈ ਤਾਂ ਆਪਣੇ ਲੋਕਾਂ ਨੂੰ ਬਚਾਉਣ ਅਤੇ ਆਪਣੇ ਅੰਦੋਲਨ ਪ੍ਰਤੀ ਲੋਕ ਮਨਾਂ ਵਿੱਚ ਥਾਂ ਬਣਾਈ ਰੱਖਣ ਲਈ ਆਗੂਆਂ ਦੀ ਜਿੰਮੇਵਾਰੀ ਵੱਧ ਜਾਂਦੀ ਹੈ।

ਸਾਡੇ ਸਮੇਤ ਕਿਸਾਨੀ ਮੁੱਦਿਆਂ ਦੇ ਹੋਰ ਹਮਦਰਦ ਇਹ ਗੱਲ ਲਿਖਣ ਬੋਲਣ ਤੋਂ ਗੁਰੇਜ਼ ਕਰਦੇ ਰਹੇ ਨੇ ਪਰ ਸੱਚ ਇਹ ਹੈ ਕਿ ਇਸ ਵਾਰ ਦੇ ਕਿਸਾਨ ਮੋਰਚੇ ਨੇ ਪਹਿਲੇ ਕਿਸਾਨ ਮੋਰਚੇ ਦੀ ਜਿੱਤ ਨੂੰ ਗ੍ਰਹਿਣ ਲਾਇਆ ਹੈ ਤੇ ਇਸ ਮੋਰਚੇ ਦੇ ਆਗੂ ਇਸ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ।

ਇਹਨਾਂ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਹੋਰ ਗਲਤੀਆਂ ਕਰਨ ਤੋਂ ਬਚਣ। ਰੇਲਾਂ ਰੋਕਣ ਲਈ ਪੱਕੇ ਮੋਰਚੇ ਦਾ ਐਲਾਨ ਵਾਪਸ ਲੈਣ ਤੇ ਹੋਰ ਪੈਂਤੜਾ ਉਲੀਕਣ।
#Unpopular_Opinions
#Unpopular_Ideas