Breaking News

ਪੰਜਾਬ ਵਿੱਚ ਫਲਸਤੀਨ ਵਰਗੇ ਹਾਲਾਤ ਬਣਾਉਣ ਦੀ ਸਾਜਿਸ਼।

•ਪੰਜਾਬ ਵਿੱਚ ਫਲਸਤੀਨ ਵਰਗੇ ਹਾਲਾਤ ਬਣਾਉਣ ਦੀ ਸਾਜਿਸ਼।
•ਸਿੱਖਾਂ ਨੂੰ ਆਪਣੇ ਹੀ ਸੂਬੇ ਵਿੱਚ ਘੱਟ ਗਿਣਤੀ ਵਿੱਚ ਕਰਨ ਦੀ “ਨਾਪਾਕ ਨੀਤੀ”।
•ਪਰਵਾਸੀਆਂ ਬਾਰੇ ਪੁਖਤਾ ਕਾਨੂੰਨ ਬਣਾਉਣ ਲਈ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਸੱਦਾ।
•ਸਿੱਖ ਚਿੰਤਕ ਪ੍ਰਭਜੋਤ ਸਿੰਘ ਨਵਾਂ ਸ਼ਹਿਰ ਵਲੋਂ “ਦੇਸ ਪੰਜਾਬ ਦੀ ਗੱਲ” ਚੈਨਲ ਉੱਤੇ ਲੰਮੀ ਇੰਟਰਵਿਊ।
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ।

 

 

 

ਪਰਵਾਸੀਆਂ ਵੱਲੋਂ ਪੰਜਾਬ ਅੰਦਰ ਵੱਡੀ ਗਿਣਤੀ ਵਿੱਚ ਇੱਥੇ ਆਉਣ ਅਤੇ ਵਸਣ ਨਾਲ ਪੈਦਾ ਹੋਣ ਵਾਲੇ ਖਤਰੇ ਹੁਣ ਸਪਸ਼ਟ ਦਿਸਣ ਲੱਗ ਪਏ ਹਨ। ਜਾਗਰੂਕ ਪੰਜਾਬੀਆਂ ਨੂੰ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਨੂੰ “ਤੱਥ ਅਤੇ ਅਹਿਸਾਸ” ਦੀ ਪੱਧਰ ਤੇ ਹੁਣ ਸਾਫ ਸਾਫ ਦਿਸਣ ਲੱਗ ਪਿਆ ਹੈ ਕਿ ਆਉਣ ਵਾਲਾ ਕੱਲ੍ਹ ਪੰਜਾਬ ਲਈ ਕਿਹੋ ਜਿਹਾ ਹੋਵੇਗਾ ।ਸਿੱਖ ਚਿੰਤਕ ਪ੍ਰਭਜੋਤ ਸਿੰਘ ਨਵਾਂ ਸ਼ਹਿਰ ਨੇ ਸਵਾ ਘੰਟੇ ਦੀ ਲੰਮੀ ਇੰਟਰਵਿਊ ਵਿੱਚ ਪ੍ਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਇੱਕ ਇੱਕ ਕਰਕੇ ਉਹ ਸਾਰੇ ਪੱਖ ਸਾਹਮਣੇ ਲਿਆਂਦੇ ਹਨ ਜੋ ਅਕਸਰ ਜਾਂ ਤਾਂ ਨਜ਼ਰਅੰਦਾਜ਼ ਕੀਤੇ ਜਾਂਦੇ ਹਨ ਅਤੇ ਜਾਂ ਫਿਰ ਉਹਨਾਂ ਦੀ ਅਹਿਮੀਅਤ ਹੀ ਨਹੀਂ ਸਮਝੀ ਜਾਂਦੀ।

 

 

 

 

 

 

“ਦੇਸ਼ ਪੰਜਾਬ ਦੀ ਗੱਲ” ਚੈਨਲ ਉੱਤੇ ਲੱਗੀ ਇਹ ਇੰਟਰਵਿਊ ਉਹਨਾਂ ਸਭ ਵੀਰਾਂ ਭੈਣਾਂ ਨੂੰ ਸੁਣਨੀ ਚਾਹੀਦੀ ਹੈ ਜੋ ਪ੍ਰਵਾਸੀਆਂ ਦੇ ਖਤਰੇ ਤੋਂ ਸੱਚਮੁੱਚ ਹੀ ਫਿਕਰਮੰਦ ਹਨ ਅਤੇ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਦਲੀਲ ਤੇ ਅਪੀਲ ਨਾਲ ਆਮ ਲੋਕਾਂ ਨੂੰ ਇਸ ਮਹੱਤਵਪੂਰਨ ਮੁੱਦੇ ਬਾਰੇ ਕਿਵੇਂ ਜਾਗਰੂਕ ਤੇ ਜਥੇਬੰਦ ਕੀਤਾ ਜਾ ਸਕਦਾ ਹੈ।

 

 

 

 

 

 

ਆਪਣੀ ਇੰਟਰਵਿਊ ਦੇ ਸ਼ੁਰੂ ਵਿੱਚ ਹੀ ਪ੍ਰਭਜੋਤ ਸਿੰਘ ਦੋ ਗੱਲਾਂ ਸਾਡੇ ਚੇਤਿਆਂ ਵਿੱਚ ਵਸਾਉਣਾ ਚਾਹੁੰਦੇ ਹਨ। ਇੱਕ, ਪੰਜਾਬ ਭਾਰਤੀ ਸਟੇਟ ਦੀ ਇੱਕ ਬਸਤੀ ਹੈ।ਦੂਜਾ,ਜੇ ਅਸੀਂ ਸਾਵਧਾਨ,ਚੌਕਸ ਤੇ ਖਬਰਦਾਰ ਨਹੀਂ ਹੋਵਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਹਾਲਤ ਫਲਸਤੀਨ ਵਰਗੀ ਹੋ ਜਾਵੇਗੀ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਦੂਜੀ ਵਿਸ਼ਵ ਜੰਗ ਪਿੱਛੋਂ ਥੋੜੇ ਜਿਹੇ ਯਹੂਦੀ ਹੀ ਫਲਸਤੀਨ ਮੁਲਕ ਵਿੱਚ ਆਏ,ਉਹਨਾਂ ਨੇ ਇਥੇ ਆ ਕੇ ਵੱਡੀ ਪੱਧਰ ਉੱਤੇ ਜ਼ਮੀਨਾਂ ਖਰੀਦੀਆਂ ਤੇ ਫਿਰ ਕੁਝ ਹੀ ਸਾਲਾਂ ਵਿੱਚ ਉਹ ਇਸ ਮੁਲਕ ਉੱਤੇ ਕਾਬਜ਼ ਹੋ ਗਏ ਅਤੇ ਵਿਚਾਰੇ ਫਲਸਤੀਨ 75 ਸਾਲ ਤੋਂ ਆਪਣੇ ਮੁਲਕ ਦੀ ਆਜ਼ਾਦੀ ਲਈ ਤਰਲੇ ਲੈ ਰਹੇ ਹਨ।

 

 

 

 

 

 

 

 

ਦੋਸਤੋ,ਜੇਕਰ ਤੁਹਾਨੂੰ ਦੁਨੀਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਥੋੜੀ ਬਹੁਤੀ ਖਬਰ ਵੀ ਹੋਵੇ ਤਾਂ ਅੱਜ ਗਾਜ਼ਾ ਪੱਟੀ ਕਬਰਸਤਾਨ ਬਣ ਗਈ ਹੈ ਅਤੇ ਇਸ ਧਰਤੀ ਤੇ ਹਰ ਰੋਜ਼ ਇੱਥੋਂ ਦੇ ਅਸਲ ਨਿਵਾਸੀਆਂ ਦਾ ਕਤਲ ਹੁੰਦਾ ਹੈ।ਲੋਕ ਭੁੱਖ ਨਾਲ ਮਰ ਰਹੇ ਹਨ,ਸੁੰਦਰ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ। ਯੂਐਨਓ ਨੇ ਇਥੋਂ ਤੱਕ ਫੈਸਲਾ ਦਿੱਤਾ ਹੈ ਕਿ ਇਸਰਾਈਲ ਫਲਸਤੀਨੀਆਂ ਦੀ ਨਸਲਕੁਸ਼ੀ ਕਰ ਰਿਹਾ ਹੈ। ਜਦੋਂ ਅਸੀਂ ਇਹ ਸਤਰਾਂ ਲਿਖ ਰਹੇ ਹਾਂ ਤਾਂ ਲਗਭਗ 70 ਹਜ਼ਾਰ ਫਲਸਤੀਨੀ ਸ਼ਹਿਰੀਆਂ ਦੇ ਕਤਲ ਪਿੱਛੋਂ ਸ਼ਾਇਦ ਉਥੇ ਹੁਣ ਜੰਗਬੰਦੀ ਦਾ ਐਲਾਨ ਹੋਣ ਦੀਆਂ ਸੰਭਾਵਨਾਵਾਂ ਹਨ।

 

 

 

 

 

 

 

 

 

ਪਰ ਪ੍ਰਭਜੋਤ ਸਿੰਘ ਸਾਨੂੰ ਇਹ ਯਾਦ ਕਰਵਾ ਰਿਹਾ ਹੈ ਕਿ ਸਿੱਖਾਂ ਨੂੰ ਇਹ ਭਰਮ ਤੇ ਭੁਲੇਖਾ ਹੈ ਕਿ ਉਹ ਪੰਜਾਬ ਵਿੱਚ ਆਜ਼ਾਦੀ ਨਾਲ ਵਿਚਰ ਰਹੇ ਹਨ।ਕਈ ਸਾਲ ਪਹਿਲਾਂ ਸੰਤ ਜਰਨੈਲ ਸਿੰਘ ਜੀ ਨੇ ਵੀ ਇਹ ਚੇਤੇ ਕਰਾਇਆ ਸੀ ਕਿ ਸਿੱਖ ਗੁਲਾਮ ਹਨ ਅਤੇ ਉਹਨਾਂ ਨੂੰ ਇਥੇ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ। ਹਾਂ, ਭਾਰਤੀ ਸਟੇਟ ਨੇ ਪੰਜਾਬ ਨੂੰ ਇਨੀ ਕੁ ਰਾਜਨੀਤਕ ਥਾਂ ਦਿੱਤੀ ਹੋਈ ਹੈ ਜਿਸ ਨਾਲ ਉਹਨਾਂ ਦਾ ਗੁੱਸਾ ਤੇ ਰੋਸ ਕਿਤੇ ਸਿਖਰਾਂ ਉੱਤੇ ਨਾ ਪਹੁੰਚ ਜਾਵੇ। ਮੌਕਾ ਪ੍ਰਸਤ ਤੇ ਖੁਦਗਰਜ਼ ਰਾਜਨੀਤਿਕ ਪਾਰਟੀਆਂ ਇਸੇ ਰਿਆਇਤ ਨਾਲ ਹੀ ਪੂਰੀ ਤਰ੍ਹਾਂ ਸੰਤੁਸ਼ਟ ਹਨ।

 

 

 

 

 

 

 

 

 

ਜਿੱਥੋਂ ਤੱਕ ਸਿਆਸੀ ਪਾਰਟੀਆਂ ਦਾ ਰੋਲ ਹੈ ਉਹ ਪ੍ਰਵਾਸੀਆਂ ਦੇ ਖਤਰਿਆਂ ਬਾਰੇ ਜਾਂ ਤਾਂ ਖਾਮੋਸ਼ ਹਨ ਅਤੇ ਜਾਂ ਦੱਬੀ ਤੇ ਖੁੱਲੀ ਭਾਸ਼ਾ ਵਿੱਚ ਉਹਨਾਂ ਦੇ ਹੱਕ ਵਿੱਚ ਹੀ ਬੋਲਦੇ ਹਨ;ਕਿਉਂਕਿ ਉਹ ਭਾਰਤੀ ਸਟੇਟ ਅੱਗੇ ਨਤਮਸਤਕ ਰਹਿੰਦੇ ਹਨ ਅਤੇ ਇਸ ਤਰਾਂ ਕਰਨ ਨਾਲ ਹੀ ਕੇਂਦਰ ਦੀ ਕਿਰਪਾ ਨਾਲ ਉਹ ਸੱਤਾ ਵਿੱਚ ਰਹਿ ਸਕਦੇ ਹਨ।ਇਸ ਲਈ ਸਿਆਸੀ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਪੰਜਾਬ ਦੀ ਧਰਤੀ ਦੀ ਕਲਚਰਲ ਰੂਪ ਰੇਖਾ ਬਦਲਣ ਲਈ ਹਰ ਯਤਨ ਕਰ ਰਹੀ ਹੈ।

 

 

 

 

 

 

 

 

 

ਇਤਿਹਾਸਕਾਰ ਇਹ ਹਕੀਕਤ ਸਵੀਕਾਰ ਕਰਦੇ ਹਨ ਕਿ ਪੰਜਾਬ ਸਿੱਖਾਂ ਦੀ ਜਨਮ ਭੂਮੀ ਹੈ।ਇਥੇ ਸਿੱਖ ਬਹੁਗਿਣਤੀ ਵਿੱਚ ਵਸਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਪਰਵਾਸੀਆਂ ਨੂੰ ਇਸ ਧਰਤੀ ਉੱਤੇ ਵੱਡੀ ਪੱਧਰ ਉੱਤੇ ਵਸਾਇਆ ਜਾ ਰਿਹਾ ਹੈ। ਉਹਨਾਂ ਦੇ ਵੋਟਰ ਕਾਰਡ ਧੜਾਧੜ ਬਣਾਏ ਗਏ ਹਨ ਤਾਂ ਜੋ ਇਕ ਦਿਨ ਇਹੋ ਜਿਹਾ ਆ ਜਾਵੇ ਕਿ ਸਿੱਖ ਆਪਣੇ ਹੀ ਸੂਬੇ ਵਿੱਚ ਘੱਟ ਗਿਣਤੀ ਵਿੱਚ ਰਹਿ ਜਾਣ ਅਤੇ ਰਾਜਨੀਤਿਕ ਸੱਤਾ ਤੇ ਤਾਕਤ ਸਿੱਖਾਂ ਦੇ ਹੱਥਾਂ ਵਿੱਚੋਂ ਪੂਰੀ ਤਰ੍ਹਾਂ ਨਿਕਲ ਜਾਵੇ।ਹੁਣ ਤਾਂ ਹਾਲਤ ਇਹ ਬਣੀ ਹੋਈ ਹੈ ਕਿ ਪਰਵਾਸੀ ਲੁਧਿਆਣਾ ਨੂੰ ਆਪਣੀ ਰਾਜਧਾਨੀ ਮੰਨਦੇ ਹਨ ਤੇ ਚੰਡੀਗੜ੍ਹ ਦੇ ਇਰਦ ਗਿਰਦ ਪਿੰਡਾਂ ਵਿੱਚ ਤੇ ਪੰਜਾਬ ਵਿੱਚ ਹੋਰ ਕਈ ਥਾਵਾਂ ਤੇ ਉਹ ਪੰਚ ਸਰਪੰਚ ਵੀ ਬਣੇ ਹੋਏ ਹਨ।

 

 

 

 

 

 

 

ਪ੍ਰਭਜੋਤ ਸਿੰਘ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕਿ ਪਰਵਾਸੀ ਇਥੇ ਆਉਣ,ਕੰਮ ਕਰਨ,ਪਰ ਉਹਨਾਂ ਦੇ ਵੋਟਰ ਕਾਰਡ ਨਹੀਂ ਬਣਨੇ ਚਾਹੀਦੇ। ਇਸ ਤਰਾਂ ਨਾਲ ਸਿੱਖ ਆਪਣੇ ਹੀ ਸੂਬੇ ਵਿੱਚ ਘੱਟ ਗਿਣਤੀ ਵਿੱਚ ਰਹਿ ਜਾਣਗੇ।ਪ੍ਰਭਜੋਤ ਸਿੰਘ ਇਹ ਦਲੀਲ ਦੇ ਰਹੇ ਹਨ ਕਿ ਜੇਕਰ ਇਥੇ ਪਹਿਲਾਂ ਹੀ ਸਿੱਖਾਂ ਦਾ ਹਰ ਪਾਸੇ ਤੋਂ ਬੁਰਾ ਹਾਲ ਹੈ,ਪਰ ਜੇਕਰ ਪ੍ਰਵਾਸੀ ਵੱਡੀ ਗਿਣਤੀ ਵਿੱਚ ਆ ਜਾਂਦੇ ਹਨ ਅਤੇ ਆ ਵੀ ਚੁੱਕੇ ਹਨ ਤਾਂ ਸਾਡਾ ਕੀ ਹਾਲ ਹੋਵੇਗਾ।

 

 

 

 

 

 

 

 

ਪ੍ਰਭਜੋਤ ਸਿੰਘ ਨੇ ਚੀਨ ਦੀ ਮਿਸਾਲ ਦਿੱਤੀ ਹੈ ਜਿੱਥੇ ਸਿਆਨਸਿੰਗ ਸੂਬੇ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਤੋਂ ਉਹਨਾਂ ਦੀ ਭਾਸ਼ਾ,ਉਹਨਾਂ ਦੀ ਵਿਰਾਸਤ,ਉਹਨਾਂ ਦੀ ਤਰਜ਼ੇ-ਜ਼ਿੰਦਗੀ ਇੱਕ ਤਰ੍ਹਾਂ ਨਾਲ ਅਲੋਪ ਕਰ ਦਿੱਤੀ ਗਈ ਹੈ। ਉਹਨਾਂ ਦੀ ਵੱਡੀ ਵਸੋਂ ਨੂੰ ਕਿਸੇ ਖਾਸ ਥਾਂ ਤੇ ਰੱਖ ਕੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਵੀ ਬਦਲਿਆ ਜਾ ਰਿਹਾ ਹੈ।

 

 

 

 

 

 

 

 

 

ਚੰਡੀਗੜ੍ਹ ਦੀ ਮਿਸਾਲ ਸਾਡੇ ਸਾਹਮਣੇ ਹੈ ਜਿੱਥੇ ਪੰਜਾਬੀਆਂ ਦੇ ਦਰਜਨਾਂ ਪਿੰਡਾਂ ਨੂੰ ਚੰਡੀਗੜ੍ਹ ਵਿੱਚ ਤਬਦੀਲ ਕੀਤਾ ਗਿਆ ਤੇ ਉਨਾਂ ਪਿੰਡਾਂ ਦੇ ਮੂਲ ਨਿਵਾਸੀ ਚੰਡੀਗੜ੍ਹ ਤੋਂ ਬਾਹਰ ਹਨ ਤੇ ਸਿੱਖ ਇਸ ਸ਼ਹਿਰ ਵਿੱਚ ਤੀਜਾ ਹਿੱਸਾ ਵੀ ਨਹੀਂ ਰਹਿ ਗਏ। ਕੱਲ ਨੂੰ ਜੇਕਰ ਪੰਜਾਬ ਵਿੱਚ ਰਾਇਸ਼ਮਾਰੀ ਕਰਵਾ ਦਿੱਤੀ ਜਾਂਦੀ ਹੈ ਤਾਂ ਸੁਭਾਵਿਕ ਹੀ ਸਭ ਕੁਝ ਸਾਡੇ ਹੱਥਾਂ ਵਿੱਚੋਂ ਨਿਕਲ ਜਾਵੇਗਾ। ਪਰ ਨਾਂ ਤੇ ਰਾਜਸੀ ਪਾਰਟੀਆਂ ਅਤੇ ਨਾ ਹੀ ਬੁੱਧੀਜੀਵੀ ਇਸ ਖਤਰਨਾਕ ਰੁਝਾਨ ਤੋਂ ਜਾਗਰੂਕ ਹਨ,ਸਗੋਂ ਕਈ ਕਥਿਤ ਬੁੱਧੀਜੀਵੀ ਤਾਂ ਊਲ ਜਲੂਲ ਤਰਕ ਦੇ ਕੇ ਪ੍ਰਵਾਸੀਆਂ ਦੇ ਹੱਕ ਵਿੱਚ ਬੋਲਦੇ ਹਨ। ਕਈ ਬੁੱਧੀਜੀਵੀ “ਸਰਬੱਤ ਦੇ ਭਲੇ” ਦੇ ਮਹਾਨ ਸਿੱਖੀ ਸਿਧਾਂਤ ਦੀ ਦੁਰਵਰਤੋਂ ਕਰਦੇ ਹੋਏ ਪ੍ਰਵਾਸੀਆਂ ਦੇ ਹੱਕ ਵਿੱਚ ਖਲੋਂਦੇ ਹਨ।

 

 

 

 

 

 

 

 

 

ਕਈ ਬੁੱਧੀਜੀਵੀਆਂ ਦੀ ਇਸ ਦਲੀਲ ਨੂੰ ਸਿੱਖ ਚਿੰਤਕ ਰੱਦ ਕਰਦਾ ਹੈ ਕਿ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਜਾਣ ਵਾਲੇ ਵੀ ਤਾਂ ਪ੍ਰਵਾਸੀ ਹੀ ਹਨ। ਬਾਹਰਲੇ ਦੇਸ਼ਾਂ ਵਿੱਚ ਜਾਣ ਲਈ ਲੱਖਾਂ ਰੁਪਏ ਖਰਚ ਕੇ ਤੁਸੀਂ ਉਥੇ ਬੜੀਆਂ ਮੁਸ਼ਕਲਾਂ ਨਾਲ ਪਹੁੰਚਦੇ ਹੋ। ਤੇ ਨਾਗਰਿਕਤਾ ਹਾਸਲ ਕਰਨ ਲਈ
ਕਈ ਕਈ ਸਾਲ ਇੱਕ ਲੰਮੇ ਅਮਲ ਵਿੱਚੋਂ ਤੁਹਾਨੂੰ ਲੰਘਣਾ ਪੈਂਦਾ ਹੈ।ਪਰ ਇੱਥੇ ਥੋੜੇ ਜਿਹੇ ਪੈਸੇ ਖਰਚ ਕੇ ਪਰਵਾਸੀ ਪੰਜਾਬ ਵਿੱਚ ਪਹੁੰਚ ਜਾਂਦੇ ਹਨ ਤੇ ਮਹੀਨਿਆਂ ਵਿੱਚ ਹੀ ਵੋਟਰ ਕਾਰਡ ਵੀ ਬਣਵਾ ਲੈਂਦੇ ਹਨ;ਹਾਲਾਂਕਿ ਇਹਨਾਂ ਦੇ ਮੂਲ ਸੂਬੇ ਵਿੱਚ ਵੀ ਵੋਟਰ ਕਾਰਡ ਬਣੇ ਹੁੰਦੇ ਹਨ। ਕਦੇ ਕਿਸੇ ਅਧਿਕਾਰੀ ਜਾਂ ਰਾਜਨੀਤਿਕ ਲੀਡਰਾਂ ਵੱਲੋਂ ਇਸ ਗੱਲ ਦੀ ਜਾਂਚ ਪੜਤਾਲ ਨਹੀਂ ਕੀਤੀ ਗਈ। ਪ੍ਰਭਜੋਤ ਸਿੰਘ ਮੁਤਾਬਕ ਭਾਜਪਾ ਤਾਂ ਭਾਰਤ ਨੂੰ ਇੱਕ ਬੋਲੀ, ਇੱਕ ਕਲਚਰ ਤੇ ਇਕ ਕੌਮ ਦੀ ਮੁਹਿੰਮ ਚਲਾ ਕੇ ਇਥੋਂ ਦੇ ਖੇਤਰੀ ਕਲਚਰਾਂ ਨੂੰ ਵੀ ਤਬਾਹ ਕਰ ਰਹੀ ਹੈ। ਮਹਾਰਾਸ਼ਟਰ ਦੀ ਮਿਸਾਲ ਲਓ। ਉਥੇ ਸ਼ਿਵ ਸੈਨਾ ਵੀ ਹਿੰਦੂਤਵ ਦੀ ਹਾਮੀ ਹੈ ਪਰ ਤੁਸੀਂ ਹੈਰਾਨ ਹੋਵੋਗੇ ਕਿ ਭਾਜਪਾ ਉਥੋਂ ਦੀ ਖੇਤਰੀ ਪਛਾਣ ਉੱਤੇ ਵੀ ਹਮਲਾ ਕਰਕੇ ਅਤੇ ਸ਼ਿਵ ਸੈਨਾ ਵਿੱਚ ਫੁੱਟ ਪਾ ਕੇ ਉਹਨਾਂ ਨੂੰ ਸੱਤਾ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਭਾਰਤੀ ਸਟੇਟ ਸਿੱਖਾਂ ਦੀ ਆਪਣੀ ਪਛਾਣ ਨੂੰ ਵੀ ਖਤਮ ਕਰਨ ਵੱਲ ਵਧ ਰਹੀ ਹੈ,ਪਰ ਜਦੋਂ ਅਸੀਂ ਆਪਣੀ ਪਛਾਣ ਨੂੰ ਬਰਕਰਾਰ ਤੇ ਜਾਗਦਾ ਰੱਖਣ ਲਈ ਆਵਾਜ਼ ਬੁਲੰਦ ਕਰਦੇ ਹਾਂ ਤਾਂ ਇਥੇ ਡਰ ਦਾ ਮਾਹੌਲ ਬਣਾ ਕੇ ਸਾਨੂੰ 84 ਵਾਲਾ ਹਾਲ ਕਰਨ ਦੀ ਧਮਕੀ ਤੇ ਡਰਾਵੇ ਦਿੱਤੇ ਜਾਂਦੇ ਹਨ। ਇਸ ਲਈ ਬਾਹਰਲੇ ਰਾਜਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਇੱਕ ਤਾਂ ਪੂਰੀ ਤਰ੍ਹਾਂ ਦ੍ਰਿੜ ਤੇ ਜਥੇਬੰਦ ਰਹਿਣਾ ਪਵੇਗਾ ਅਤੇ ਉਹਨਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਜੇਕਰ ਪੰਜਾਬ ਵਿੱਚ ਪੰਜਾਬੀ ਤਾਕਤ ਵਿੱਚ ਰਹਿੰਦੇ ਹਨ ਤਾਂ ਹੀ ਉਹਨਾਂ ਦੀ ਬਾਹਰਲੇ ਰਾਜਾਂ ਵਿੱਚ ਪੁੱਛ ਪ੍ਰਤੀਤ ਤੇ ਮਾਨ ਸਨਮਾਨ ਹੋ ਸਕੇਗਾ ।

 

 

 

 

 

 

 

 

ਪ੍ਰਭਜੋਤ ਸਿੰਘ ਖੱਬੇ ਪੱਖੀਆਂ ਤੇ ਨਕਸਲੀ ਵਿਚਾਰਧਾਰਾ ਵੱਲੋਂ ਪ੍ਰਵਾਸੀਆਂ ਦੇ ਹੱਕ ਵਿੱਚ ਦਿੱਤੇ ਤਰਕਾਂ ਨੂੰ ਰੱਦ ਕਰਦੇ ਹੋਏ ਤਿੱਖੀ ਨੁਕਤਾ ਚੀਨੀ ਕਰਦੇ ਹਨ,ਕਿਉਂਕਿ ਉਹ ਸਿੱਖ ਇਤਿਹਾਸ ਨੂੰ ਆਪਣੇ ਸਮਾਜਵਾਦ ਦੇ ਵਿਸ਼ੇਸ਼ ਏਜੰਡੇ ਲਈ ਵਰਤਦੇ ਹਨ ਅਤੇ ਇਸ ਹੱਦ ਤੱਕ ਗਰਕ ਗਏ ਹਨ ਕਿ ਅੱਜ ਕੱਲ ਉਹ ਹੁਣ ਪ੍ਰਵਾਸੀਆਂ ਦੇ ਜ਼ਰੀਏ ਪੰਜਾਬ ਵਿੱਚ ਇਨਕਲਾਬ ਲਿਆਉਣ ਦੀਆਂ ਹਾਸੋਹੀਣੀਆਂ ਗੱਲਾਂ ਕਰਨ ਲੱਗ ਪਏ ਹਨ ।
ਪ੍ਰਭਜੋਤ ਸਿੰਘ ਨੇ ਲੰਮੀ ਇੰਟਰਵਿਊ ਵਿੱਚ ਪ੍ਰਵਾਸੀਆਂ ਦੇ ਮੁੱਦੇ ਨਾਲ ਜੁੜੇ ਹੋਰ ਕਈ ਪੱਖਾਂ ਦੀ ਭਰਪੂਰ ਵਿਆਖਿਆ ਕਰਨ ਦੇ ਨਾਲ ਨਾਲ ਭਾਰਤੀ ਸਟੇਟ ਵੱਲੋਂ ਸ਼ੁਰੂ ਕੀਤੇ ਗਏ ਨੇਸ਼ਨ ਪ੍ਰੋਜੈਕਟ ਦੀ ਵੀ ਵਿਆਖਿਆ ਕੀਤੀ ਹੈ ਜਿਸ ਦੀ ਉਸਾਰੀ ਲਈ ਭਾਰਤ ਦੀਆਂ ਵੱਖ ਵੱਖ ਪਛਾਣਾਂ ਨੂੰ ਖਤਮ ਕਰਕੇ ਉਹਨਾਂ ਨੂੰ ਇੱਕੋ ਰੰਗ ਵਿੱਚ ਰੰਗਣਾ ਹੈ ਅਤੇ ਜਿਸ ਨੂੰ ਉਹ ਹਿੰਦੂਤਵਾ ਫਿਲਾਸਫੀ ਦਾ ਨਾਂ ਵੀ ਦਿੰਦੇ ਹਨ।ਉਹਨਾਂ ਦਾ ਦਾਅਵਾ ਹੈ ਕਿ ਭਾਰਤੀ ਸਟੇਟ ਦੀ ਆਈਡੈਂਟਿਟੀ ਪੋਲੀਟਿਕਸ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਭਾਜਪਾ ਦੀ ,ਉਹਨਾਂ ਦਾ ਇੱਕੋ ਇੱਕ ਮਿਸ਼ਨ ਦੂਜੀਆਂ ਪਛਾਣਾਂ ਨੂੰ ਇੱਕ ਵੱਡੀ ਪਛਾਣ ਵਿੱਚ ਜਜ਼ਬ ਕਰਨਾ ਹੈ। ਇਥੋਂ ਤੱਕ ਕਿ ਉਹ ਆਪਣੇ ਮਿਸ਼ਨ ਦੀ ਪੂਰਤੀ ਲਈ ਪੰਜਾਬੀ ਹਿੰਦੂਆਂ ਦੀ ਸੱਭਿਆਚਾਰਿਕ ਸੁਤੰਤਰ ਪਛਾਣ ਨੂੰ ਵੀ ਨਹੀਂ ਬਖਸ਼ਣਗੇ।ਇਸ ਲਈ ਪ੍ਰਭਜੋਤ ਸਿੰਘ ਦਲਿਤ ਭਰਾਵਾਂ ਨੂੰ,ਪੰਜਾਬੀ ਹਿੰਦੂਆਂ ਨੂੰ ਤੇ ਬੁੱਧੀਜੀਵਿਆਂ ਨੂੰ ਇਹ ਸਾਂਝਾ ਸੱਦਾ ਦੇ ਰਹੇ ਹਨ ਕਿ ਭਾਰਤ ਵਿੱਚ ਪੰਜਾਬ ਦੇ ਵਿਸ਼ੇਸ਼ ਰੁਤਬੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਵਾਸੀਆਂ ਬਾਰੇ ਕੋਈ ਪੁਖਤਾ ਕਾਨੂੰਨ ਬਣਨਾ ਚਾਹੀਦਾ ਹੈ।ਜੇ ਪੰਜਾਬੀ ਭਾਈਚਾਰੇ ਦੀ ਸੱਭਿਆਚਾਰਕ ਪਛਾਣ ਦੀ ਰਾਖੀ ਲਈ ਕੋਈ ਕਾਨੂੰਨ ਨਹੀਂ ਬਣਦਾ ਤਾਂ ਇਥੇ ਅਪਰਾਧ ਤੇ ਜੁਰਮਾਂ ਵਿੱਚ ਵਾਧਾ ਹੋਵੇਗਾ।