ਤੁਸੀਂ ਦਸਤਾਰਾਂ ਸਜਾਓ ਅਸੀਂ ਬੁਛਾਰਾਂ ਨਾਲ ਲਾਹਵਾਂਗੇ
ਹਲਕਾ ਮੋਗਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਰਸ਼ਪਾਲ ਸਿੰਘ ਸੋਸਨ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੌਰਾਨ ਆਪਣੇ ਸਾਥੀਆਂ ਸਮੇਤ ਮਨੁੱਖੀ ਹੱਕਾਂ ਦੀ ਲੜਾਈ ਲਈ ਵਾਟਰ ਕੈਨਨਾਂ ਦਾ ਦਲੇਰੀ ਨਾਲ ਸਾਹਮਣਾ ਕੀਤਾ।
ਪਰ ਇਸ ਘਟਨਾ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।
ਕੀ ਪੰਜਾਬ ਦੀ ਪੱਗ ਦਾ ਸਨਮਾਨ ਬਚਾਇਆ ਜਾ ਸਕੇਗਾ?

ਜਦੋਂ ਵਾਟਰ ਕੈਨਨਾਂ ਦੀਆਂ ਤਿੱਖੀਆਂ ਧਾਰਾਂ ਸਿੱਖਾਂ ਦੇ ਸਿਰਾਂ ਤੋਂ ਪੱਗਾਂ ਲਾਹਕੇ ਉਨ੍ਹਾਂ ਦੇ ਹੱਥਾਂ ਵਿੱਚ ਫੜ੍ਹਾ ਦਿੰਦੀਆਂ ਨੇ ਤਾਂ ਇਹ ਸਿਰਫ਼ ਇੱਕ ਪ੍ਰਦਰਸ਼ਨ ਨਹੀਂ ਰਹਿੰਦਾ।
ਇਹ ਸਗੋਂ ਲੋਕਤੰਤਰ ਦੇ ਚਿਹਰੇ ਉੱਤੇ ਵੀ ਇੱਕ ਗੰਭੀਰ ਸਵਾਲ ਬਣ ਜਾਂਦਾ ਹੈ।
ਇਹ ਵੀ ਅਜੀਬ ਲੋਕਤੰਤਰੀ ਵਿਡੰਬਨਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਵੋਟ ਰਾਹੀਂ ਇੱਕ ਆਗੂ ਨੂੰ ਆਪਣਾ ਫ਼ਤਵਾ ਦੇਕੇ ਚੁਣਿਆ ਹੋਵੇ, ਉਸੇ ਆਗੂ ਬਾਰੇ ਦਿੱਲੀ ਦੇ ਸਿਆਸੀ ਗਲਿਆਰਿਆਂ ਤੋਂ ਇਹ ਕਿਹਾ ਜਾਵੇ ਕਿ ਅਸੀਂ ਉਸ ਨੂੰ ਲੋਕਾਂ ਦਾ ਨੁਮਾਇੰਦਾ ਨਹੀਂ ਮੰਨਦੇ ਅਤੇ ਉਹ ਜੇਲ੍ਹ ਵਿੱਚ ਹੀ ਰਹੇਗਾ।

ਇਹ ਸਿਰਫ਼ ਇੱਕ ਬੰਦੇ ਦਾ ਮਾਮਲਾ ਨਹੀਂ ਸਗੋਂ ਪੰਜਾਬ ਦੀ ਨੁਮਾਇੰਦਗੀ, ਲੋਕਤੰਤਰੀ ਅਧਿਕਾਰਾਂ ਅਤੇ ਸਿਆਸੀ ਇਖ਼ਤਿਆਰ ਨਾਲ ਜੁੜਿਆ ਸਵਾਲ ਹੈ।
ਆਉਣ ਵਾਲੇ ਸਮੇਂ ਵਿੱਚ ਇਹ ਮੁੱਦੇ ਪੰਜਾਬ ਦੀ ਸਿਆਸਤ ਦੇ ਕੇਂਦਰ ਵਿੱਚ ਰਹਿਣਗੇ ਅਤੇ ਇਨ੍ਹਾਂ ਉੱਤੇ ਹੋਣ ਵਾਲੀ ਚਰਚਾ ਹੋਰ ਵੀ ਤਿੱਖੀ ਹੋਣ ਦੀ ਸੰਭਾਵਨਾ ਹੈ।
~ ਹਰਪ੍ਰੀਤ ਸਿੰਘ ਕਾਹਲੋਂ
Punjab Spectrum