Breaking News

Punjab News: ਕੋਟਭਾਈ ਵਿਖੇ ਗੁਰਦੁਆਰੇ ਵਿੱਚੋਂ ਗੁਟਕਾ ਸਾਹਿਬ ਚੋਰੀ ਕਰਨ ਉਪਰੰਤ ਬੇਅਦਬੀ, ਨਾਬਾਲਗ ਕਾਬੂ

Punjab News: ਕੋਟਭਾਈ ਵਿਖੇ ਗੁਰਦੁਆਰੇ ਵਿੱਚੋਂ ਗੁਟਕਾ ਸਾਹਿਬ ਚੋਰੀ ਕਰਨ ਉਪਰੰਤ ਬੇਅਦਬੀ, ਨਾਬਾਲਗ ਕਾਬੂ
ਸੋਮਵਾਰ ਸ਼ਾਮ ਨੂੰ ਇੱਕ ਗੁਰਦੁਆਰੇ ਵਿੱਚੋਂ ਕਥਿਤ ਤੌਰ ‘ਤੇ ਚੋਰੀ ਕੀਤਾ ਗਿਆ ਗੁਟਕਾ ਸਾਹਿਬ ਬੇਅਦਬੀ ਦੀ ਹਾਲਤ ਵਿੱਚ ਬਰਾਮਦ ਹੋਇਆ

Punjab News: ਕੋਟਭਾਈ ਵਿਖੇ ਗੁਰਦੁਆਰੇ ਵਿੱਚੋਂ ਗੁਟਕਾ ਸਾਹਿਬ ਚੋਰੀ ਕਰਨ ਉਪਰੰਤ ਬੇਅਦਬੀ, ਨਾਬਾਲਗ ਕਾਬੂ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਦੇ ਪਿੰਡ ਕੋਟਭਾਈ ਵਿਖੇ ਮੰਗਲਵਾਰ ਨੂੰ ਉਸ ਸਮੇਂ ਤਣਾਅ ਫੈਲ ਗਿਆ ਜਦੋਂ ਸੋਮਵਾਰ ਸ਼ਾਮ ਨੂੰ ਇੱਕ ਗੁਰਦੁਆਰੇ ਵਿੱਚੋਂ ਕਥਿਤ ਤੌਰ ‘ਤੇ ਚੋਰੀ ਕੀਤਾ ਗਿਆ ਗੁਟਕਾ ਸਾਹਿਬ ਬੇਅਦਬੀ ਦੀ ਹਾਲਤ ਵਿੱਚ ਬਰਾਮਦ ਹੋਇਆ।

ਇਹ ਮਾਮਲਾ ਮੰਗਲਵਾਰ ਸਵੇਰੇ ਉਸ ਸਮੇਂ ਸਾਹਮਣੇ ਆਇਆ ਜਦੋਂ ਗੁਰਦੁਆਰੇ ਦਾ ਗ੍ਰੰਥੀ ਸਵੇਰੇ ਨਿਤਨੇਮ ਕਰਨ ਲਈ ਪਹੁੰਚਿਆ ਅਤੇ ਉਸ ਨੂੰ ਗੁਟਕਾ ਸਾਹਿਬ ਗਾਇਬ ਮਿਲਿਆ। ਉਸ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ, ਜਿਸ ਨੇ ਬਾਅਦ ਵਿੱਚ ਪੁਲੀਸ ਨੂੰ ਸੁਚਿਤ ਕੀਤਾ।

ਜਾਂਚ ਦੌਰਾਨ ਗੁਟਕਾ ਸਾਹਿਬ ਦੀ ਪਾੜੀ ਗਈ ਜਿਲਦ ਪਸ਼ੂਆਂ ਦੇ ਗੋਹੇ ਦੇ ਇੱਕ ਢੇਰ ਵਿੱਚੋਂ ਬਰਾਮਦ ਕੀਤੀ ਗਈ, ਜਦੋਂ ਕਿ ਪਵਿੱਤਰ ਗ੍ਰੰਥ ਨੇੜਲੇ ਘਰ ਦੇ ਅੰਦਰ ਦਫ਼ਨਾਇਆ ਹੋਇਆ ਮਿਲਿਆ, ਜਿਸ ਨਾਲ ਸਥਾਨਕ ਨਿਵਾਸੀਆਂ ਅਤੇ ਨਿਹੰਗ ਸਿੰਘਾਂ ਵਿੱਚ ਗੁੱਸਾ ਭੜਕ ਗਿਆ।

ਗਿੱਦੜਬਾਹਾ ਦੇ ਡੀ.ਐੱਸ.ਪੀ. ਜਤਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਇੱਕ ਨਾਬਾਲਗ ਲੜਕੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਡੀ.ਐੱਸ.ਪੀ. ਨੇ ਕਿਹਾ, “ਪਾੜੀ ਗਈ ਜਿਲਦ ਪਸ਼ੂਆਂ ਦੇ ਗੋਹੇ ਦੇ ਢੇਰ ਵਿੱਚੋਂ ਬਰਾਮਦ ਕੀਤੀ ਗਈ, ਜਦੋਂ ਕਿ ਗੁਟਕਾ ਸਾਹਿਬ ਇੱਕ ਘਰ ਦੇ ਅੰਦਰ ਦਫ਼ਨਾਇਆ ਹੋਇਆ ਮਿਲਿਆ। ਇੱਕ ਨਾਬਾਲਗ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ 299, 305 ਅਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀ ਧਾਰਾ 5 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।”

ਇਸ ਦੌਰਾਨ ਵੱਡੀ ਗਿਣਤੀ ਵਿੱਚ ਨਿਹੰਗ ਪਿੰਡ ਵਿੱਚ ਇਕੱਠੇ ਹੋਏ ਅਤੇ ਬਾਅਦ ਵਿੱਚ ਕੋਟਭਾਈ ਪੁਲੀਸ ਸਟੇਸ਼ਨ ਜਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਵੀ ਉੱਥੇ ਮੌਜੂਦ ਸਨ ਪਰ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਗੁਰਦੁਆਰਾ ਦਰਬਾਰ ਸਾਹਿਬ, ਮੁਕਤਸਰ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀ ਇੱਕ ਟੀਮ ਨੂੰ ਤੱਥਾਂ ਦਾ ਪਤਾ ਲਗਾਉਣ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਨ ਲਈ ਪਿੰਡ ਵਿੱਚ ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ, “ਗੁਟਕਾ ਸਾਹਿਬ ਸੋਮਵਾਰ ਸ਼ਾਮ ਨੂੰ ਚੋਰੀ ਹੋਇਆ ਸੀ। ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਮੰਗਲਵਾਰ ਸਵੇਰੇ ਗ੍ਰੰਥੀ ਨਿਤਨੇਮ ਲਈ ਪਹੁੰਚਿਆ। ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ, ਸ਼ੱਕੀ ਦੀ ਪਛਾਣ ਕੀਤੀ ਗਈ, ਅਤੇ ਬਾਅਦ ਵਿੱਚ ਪੁਲੀਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।”

ਮੁਕਤਸਰ ਦੇ ਐੱਸ.ਐੱਸ.ਪੀ. ਅਭਿਮਨਿਊ ਰਾਣਾ ਨੇ ਕਿਹਾ, “ਦੋਸ਼ੀ ਲੜਕੇ ਨੇ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਬਾਅਦ ਵਿੱਚ ‘ਸੁੰਦਰ ਗੁਟਕਾ ਸਾਹਿਬ’ ਚੁੱਕ ਕੇ ਲੈ ਗਿਆ ਅਤੇ ਉਸ ਦੀ ਬੇਅਦਬੀ ਕੀਤੀ। ਦੋਸ਼ੀ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸਥਿਤੀ ਕਾਬੂ ਹੇਠ ਹੈ। ਦੋਸ਼ੀ ਲੜਕੇ ਦਾ ਪਰਿਵਾਰ ਅਸਲ ਵਿੱਚ ਰਾਜਸਥਾਨ ਨਾਲ ਸਬੰਧ ਰੱਖਦਾ ਹੈ।”