MP Amritpal Singh Party: ‘ਆਪ’ ਅਤੇ ਕਾਂਗਰਸ ਦੇ ਕਈ ਸਰਗਰਮ ਵਰਕਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਸ਼ਾਮਲ
ਅੰਮ੍ਰਿਤਸਰ ਪ੍ਰੈੱਸ ਕਲੱਬ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਸਵਾਗਤ; ਪਾਰਟੀ ਵਿਚਾਰਧਾਰਾ, ਪੰਜਾਬ ਦੇ ਹੱਕਾਂ ਅਤੇ ਨਸ਼ਾਮੁਕਤੀ ਦੀ ਲੜਾਈ ਤੋਂ ਪ੍ਰਭਾਵਿਤ ਹੋ ਕੇ ਲਿਆ ਫ਼ੈਸਲਾ
ਅੱਜ ਹਾਕਮ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਈ ਸਰਗਰਮ ਵਰਕਰ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਿਲ ਹੋ ਗਏ ਹਨ। ਅੰਮ੍ਰਿਤਸਰ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਅਤੇ ਪੰਜਾਬ ਕਾਂਗਰਸ ਦੇ ਅੰਮ੍ਰਿਤਸਰ ਹਲਕਾ ਪੱਛਮੀ ਤੋਂ ਸਪੋਰਟਸ ਵਿੰਗ ਦੇ ਸਾਬਕਾ ਚੇਅਰਮੈਨ ਗੁਰਦੇਵ ਜੱਜੀ, ਹਲਕਾ ਅਟਾਰੀ ਤੋਂ ਜਸਵਿੰਦਰ ਸਿੰਘ ਜਹਾਂਗੀਰ ਅਤੇ ਅੰਮ੍ਰਿਤਸਰ ਹਲਕਾ ਪੱਛਮੀ ਤੋਂ ਜਸਬੀਰ ਸਿੰਘ ਵਡਾਲੀ ਆਪਣੇ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਿਲ ਹੋ ਗਏ ਹਨ।
ਇਸ ਮੌਕੇ ਸ਼ਾਮਿਲ ਹੋਏ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਉਹ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਵਿਚਾਰਧਾਰਾ, ਪੰਜਾਬ ਦੇ ਹੱਕਾਂ, ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਦੇਸ਼ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਜਾਣ ਵਾਲੀ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਬਾਪੂ ਤਰਸੇਮ ਸਿੰਘ ਨੇ ਗੁਰਦੇਵ ਜੱਜੀ, ਜਸਵਿੰਦਰ ਸਿੰਘ ਜਹਾਂਗੀਰ ਅਤੇ ਜਸਬੀਰ ਸਿੰਘ ਵਡਾਲੀ ਦਾ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਸਾਥੀਆਂ ਦੇ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਪਾਰਟੀ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪਾਰਟੀ ਦੇ ਆਗੂਆਂ ਵਿੱਚ ਸ਼ਮਸ਼ੇਰ ਸਿੰਘ ਪੱਧਰੀ, ਅਮਨਦੀਪ ਸਿੰਘ ਡੱਡੂਆਣਾ, ਸੁਖਬੀਰ ਸਿੰਘ ਚੀਮਾ, ਦਿਆ ਸਿੰਘ, ਹਰਕਮਲਪ੍ਰੀਤ ਸਿੰਘ, ਪਲਵਿੰਦਰ ਸਿੰਘ, ਮਹਿੰਦਰ ਸਿੰਘ ਤੁੰਗ, ਸੁਖਰਾਜ ਸਿੰਘ ਸੁਲਤਾਨਵਿੰਡ, ਵਿਸ਼ਾਲ ਸਿੰਘ ਖ਼ਾਲਸਾ, ਕੁਲਦੀਪ ਸਿੰਘ ਵਡਾਲੀ, ਕੁਲਦੀਪ ਸਿੰਘ ਠੇਕੇਦਾਰ, ਕੁਲਵਿੰਦਰ ਸਿੰਘ ਵਡਾਲੀ, ਜੋਬਨ ਰੰਧਾਵਾ, ਮਨਜਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੋਪੀ, ਰਾਜਦੀਪ ਸਿੰਘ ਮੱਟੂ, ਨਿਸ਼ਾਨ ਸਿੰਘ ਡੇਅਰੀ ਵਾਲੇ, ਬਾਬਾ ਗੁਰਪਾਲ ਸਿੰਘ, ਜਸਵੰਤ ਸਿੰਘ ਮਾਨ, ਓਅੰਕਾਰ ਸਿੰਘ, ਬਾਬਾ ਜਗਰੂਪ ਸਿੰਘ, ਹਰਜੀਤ ਸਿੰਘ, ਮਨੀ ਖਾਪੜਖੇੜੀ ਅਤੇ ਵਿੱਕੀ ਵਡਾਲੀ ਮੌਜੂਦ ਸਨ।
Punjab Spectrum