Mohanjit Sheron Case ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ…
Mohanjit Sheron Case: ਮੋਹਨਜੀਤ ਸ਼ੇਰੋਂ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਡੀਐਸਪੀ ਹਰਵਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਮਿੰਟੂ ਗੁਰੂਸਰੀਆ ਨੇ ਇਸ ਮਾਮਲੇ ਚ ਲਿਖਿਆ-
ਦਿਆ ਕੁਛ ਤੋ ਗੜਬੜ ਹੈ …..
ਸੰਗਰੂਰ ਜ਼ਿਲ੍ਹਾ ਪੁਲਸ ਨੇ ਮੋਹਨਜੀਤ ਸਿੰਘ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕੀਤੀ। ਪੁਲਸ ਕਪਤਾਨ ਡਾਕਟਰ ਰਵਜੋਤ ਕੌਰ ਜੀ ਨੇ ਕੁਝ ਗੱਲਾਂ ਕਹੀਆਂ। ਉਨ੍ਹਾਂ ਵਿੱਚੋਂ ਇੱਕ ਬੜੀ ਖਾਸ ਹੈ ਕਿ ਇੱਕ ਵਿਅਕਤੀ ਵੱਲੋਂ ਡੇਢ ਤੋਂ ਦੋ ਸੌ ਮੀਟਰ ਦੀ ਦੂਰੀ ਤੋਂ ਮੁੱਖ ਮੰਤਰੀ ਸਾਬ੍ਹ ਦੇ ਪ੍ਰੋਗਰਾਮ ‘ਚ ਵਿਘਨ ਪਾਉਣ ਦਾ ਯਤਨ ਕੀਤਾ। ਜਿਸ ਤੋਂ ਬਾਅਦ ਉਸ ਨੂੰ ਵੈਰੀਫਿਕੇਸ਼ਨ ਲਈ ਹਿਰਾਸਤ ‘ਚ ਲਿਆ ਗਿਆ।
ਡਾਕਟਰ ਰਵਜੋਤ ਕੌਰ ਪਹਿਲਾਂ ਡੇਂਟਿਸਟ ਸਨ। ਫਿਰ ਪੰਜਾਬ ਸਿਵਲ ਸਰਵਿਸ ਵਿੱਚ ਪਹਿਲਾਂ ਰੈਂਕ ਹਾਸਲ ਕਰਕੇ ਤਹਿਲਕਾ ਮਚਾ ਦਿੱਤਾ।
ਪਰ ਸੁਆਲ ਇਹ ਹੈ ਕਿ ਜਦੋਂ ਮੁੱਖ ਮੰਤਰੀ ਭਾਸ਼ਣ ਦੇ ਰਹੇ ਸਨ, ਸਾਊਂਡ ਉੱਚੀ ਅਵਾਜ਼ ਵਿੱਚ ਚੱਲ ਰਿਹਾ ਸੀ, ਡੇਢ ਤੋਂ ਸੌ ਮੀਟਰ ਦੀ ਦੂਰੀ ਤੋਂ ਇੱਕ ਵਿਅਕਤੀ ਅਵਾਜ਼ ਰਾਹੀਂ ਕੀ ਵਿਘਨ ਪਾ ਸਕਦਾ ਹੈ ? ਏਨੀ ਦੂਰ ਤੱਕ ਤਾਂ ਸਾਊਂਡ ਦੀ ਅਵਾਜ਼ ਵਿੱਚ ਦੂਜੀ ਅਵਾਜ਼ ਪਹੁੰਚ ਹੀ ਨਹੀਂ ਸਕਦੀ। ਨਿੱਜੀ ਜਾਇਦਾਦ ਵਿਚ ਖਲੋ ਕੇ ਕੋਈ ਕਾਲਾ ਕੱਪੜਾ ਵਿਖਾਵੇ ਤਾਂ ਇਹ ਕਿਸੇ ਵੀ ਕਿਸਮ ਦੀ ਕੋਈ ਕਾਨੂੰਨੀ ਅਵੱਗਿਆ ਕਿਵੇਂ ਹੋ ਗਈ?
ਦੂਜਾ, ਵੈਰੀਫਿਕੇਸ਼ਨ ਤਾਂ ਪੰਚਾਇਤ ਤੋਂ ਹੀ ਕਰਵਾਈ ਜਾ ਸਕਦੀ ਸੀ। ਬਾਅਦ ਵਿੱਚ ਵੀ ਤਾਂ ਤੁਹਾਡੇ ਅਨੁਸਾਰ ਮੋਹਨਜੀਤ ਨੂੰ ਪੰਚਾਇਤ ਦੇ ਕਹਿਣ ‘ਤੇ ਕਲੰਦਰਾ ਭਰ ਕੇ ਰਿਹਾਅ ਕੀਤਾ ਗਿਆ।
ਇੱਕ ਹੋਰ ਨੁਕਤਾ, ਡਾਕਟਰ ਰਵਜੋਤ ਜੀ ਨੇ ਕਿਹਾ ਕਿ ਅਗਲੇ ਦਿਨ ਜਦੋਂ ਮੁਲਾਹਜ਼ਾ ਕਰਵਾਉਣ ਲਈ ਮੋਹਨਜੀਤ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਆਈ.ਓ. ਸਾਬ੍ਹ ਨੂੰ ਲੱਗਾ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਹੈ।
ਬੜਾ ਬੁਨਿਆਦੀ ਸਵਾਲ ਹੈ ਕਿ ਦੋ ਤਰੀਕ ਦੁਪਹਿਰ ਵੇਲੇ ਜਿਸ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਉਸ ਨੂੰ ਉਸ ਦਿਨ ਜਾਂ ਉਸ ਰਾਤ ਨੂੰ ਨਸ਼ੇ ਦਾ ਕੋਈ ਅਸਰ ਕਿਉਂ ਨਹੀਂ ਹੋਇਆ ? ਅਗਲੇ ਦਿਨ ਹੀ ਲੱਛਣ ਕਿਉਂ ਦਿਖਾਈ ਦਿੱਤੇ ? ਹੁਣ ਜਾਂ ਤਾਂ ਉਸ ਨੂੰ ਸਵੇਰੇ ਹਵਾਲਾਤ ਵਿੱਚ ਕੁਝ ਮਿਲ ਗਿਆ ਜਾਂ ਫਿਰ ਐਸਾ ਕਿਹੜਾ ਨਸ਼ਾ ਹੈ ਜੋ ਸੇਵਨ ਕਰਨ ਤੋਂ ਕਰੀਬ ਚੌਵੀ ਘੰਟੇ ਬਾਅਦ ਅਸਰ ਕਰਦਾ ਹੈ ?
ਓਧਰ ਅਮਨ ਅਰੋੜਾ ਕਹਿ ਰਹੇ ਸਨ ਕਿ ਦੋ ਵਾਰ ਡੋਪ ਕਰਵਾਉਣ ‘ਤੇ ਟੈਸਟ ਨੈਗੇਟਿਵ ਆਇਆ ਹੈ। ਵਿਨਰਜੀਤ ਗੋਲਡੀ ਨੇ ਉਨ੍ਹਾਂ ਦੀ ਵੀਡੀਓ ਚਲਾਈ ਹੈ। ਹੁਣ ਮੰਤਰੀ ਝੂਠ ਬੋਲ ਰਹੇ ਨਾ ਜਾਂ ਪੁਲਸ ਸੱਚ ਕਹਿ ਰਹੀ ਹੈ ?
ਯਾਨੀ, ਪ੍ਰਸ਼ਾਸਨ ਆਪਣੀ ਗਲਤੀ ਵਿੱਚ ਉਲਝ ਕੇ ਕਈ ਗਲਤੀਆਂ ਕਰ ਗਿਆ। ਫਿਲਹਾਲ ਇਨ੍ਹਾਂ ਨੁਕਤਿਆਂ ‘ਤੇ ਗੱਲ ਖਤਮ ਕਰਦੇ ਹਾਂ। ਪੁਲਸ ਨੇ ਕਰਵਾਈ ਦਾ ਭਰੋਸਾ ਦਿੱਤਾ ਹੈ ਪਰ ਖੁਦ ‘ਤੇ ਕਾਰਵਾਈ ਹੁੰਦੀ ਐ ਕਿ ਨਹੀਂ , ਸਮਾਂ ਦੱਸੇਗਾ। ਪਰ ਮੇਰਾ ਮੰਨਣਾ ਹੈ ਕਿ ਦੂਜੀਆਂ ਗੱਲਾਂ ਬਾਅਦ ਵਿੱਚ ਬੰਦੇ ਨੂੰ ਹਿਰਾਸਤ ਵਿੱਚ ਲੈਣਾ ਹੀ ਬੇਲੋੜਾ ਸੀ।
– ਮਿੰਟੂ ਗੁਰੂਸਰੀਆ
Mohanjit Sheron Case: ਮੋਹਨਜੀਤ ਸ਼ੇਰੋਂ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਡੀਐਸਪੀ ਹਰਵਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਇੰਸਪੈਕਟਰ ਪ੍ਰਤੇਕ ਜਿੰਦਲ, ਐਸਆਈ ਬਲਜੀਤ ਸਿੰਘ, ਅਤੇ ਏਐਸਆਈ ਹਰਪ੍ਰੀਤ ਸਿੰਘ ਨੂੰ ਪੁਲਿਸ ਲਾਈਨ ਸੰਗਰੂਰ ਭੇਜਿਆ ਗਿਆ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕਾਲਾ ਕੱਪੜਾ ਲਹਿਰਾ ਕੇ ਵਿਰੋਧ ਕਰਨ ’ਤੇ ਹਿਰਾਸਤ ’ਚ ਲਏ ਗਏ ਪਿੰਡ ਦੇ ਨੌਜਵਾਨ ਮੋਹਣਜੀਤ ਸਿੰਘ ਨੂੰ ਪਹਿਲਾਂ ਪੁਲੀਸ ਨੇ ਕਾਬੂ ਕਰ ਲਿਆ ਸੀ।
ਰਿਹਾਅ ਹੋਣ ਮਗਰੋਂ ਮੋਹਨਜੀਤ ਸਿੰਘ ਨੇ ਪੁਲਿਸ ’ਤੇ ਤਸ਼ੱਦਦ ਕਰਨ ਦੇ ਦੋਸ਼ ਲਾਏ। ਮੋਹਣਜੀਤ ਸਿੰਘ ਨੂੰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਲੈ ਕੇ ਪੁੱਜੇ।
ਸਥਾਨਕ ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਮੋਹਣਜੀਤ ਸਿੰਘ ਨੇ ਕਿਹਾ
ਮੁੱਖ ਮੰਤਰੀ ਭਗਵੰਤ ਮਾਨ ਦੇ ਸੁਨਾਮ ‘ਚ ਪਿੰਡ ਸ਼ੇਰੋਂ ਵਿਖੇ ਸੱਥ ਪ੍ਰੋਗਰਾਮ ਦੌਰਾਨ ਇੱਕ ਸਿੱਖ ਨੌਜਵਾਨ ਦੀ ਪੁਲਿਸ ਵੱਲੋਂ ਕੁੱਟਮਾਰ ਦੇ ਮਾਮਲੇ ‘ਚ ਹਸਪਤਾਲ ਦਾਖਲ ਨੌਜਵਾਨ ਨੇ ਵੱਡੇ ਖੁਲਾਸੇ ਕੀਤੇ ਹਨ। ਸਿਵਲ ਹਸਪਤਾਲ ‘ਚ ਦਾਖਲ ਮੋਹਨਜੀਤ ਸਿੰਘ ਨੇ ਪੰਜਾਬ ਪੁਲਿਸ ‘ਤੇ ਗੰਭੀਰ ਦੋਸ਼ ਲਾਏ ਹਨ। ਦੱਸ ਦਈਏ ਕਿ ਮੋਹਨਜੀਤ ਸਿੰਘ ਦੀ ਸਿਹਤ ਦਾ ਲਗਾਤਾਰ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਹਾਲ ਜਾਣਿਆ ਜਾ ਰਿਹਾ ਹੈ ਅਤੇ ਕਈ ਲੀਡਰ ਮੌਕੇ ‘ਤੇ ਪਹੁੰਚੇ ਹਨ।
‘ਪਹਿਲਾਂ ਪੁਲਿਸ ਨੇ ਉਸ ਦੇ ਪਰਿਵਾਰ ਨਾਲ ਬੁਰਾ ਸਲੂਕ ਕੀਤਾ, ਫਿਰ ਉਸ ਨੂੰ ਟਾਰਚਰ ਕੀਤਾ’
ਇਸ ਮੌਕੇ ਮੋਹਨਜੀਤ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਦੌਰਾਨ ਉਹ ਮੁੱਖ ਮੰਤਰੀ ਨੂੰ ਪੰਜਾਬ ‘ਚੋਂ ਚਿੱਟਾ ਖਤਮ ਕਰਨ ਦੇ ਸਬੰਧ ‘ਚ ਸਵਾਲ ਕਰਨੇ ਚਾਹੁੰਦਾ ਸੀ, ਪਰ ਉਸ ਦੀ ਇੱਕ ਨਹੀਂ ਸੁਣੀ ਗਈ, ਸਗੋਂ ਉਸ ਦੇ ਘਰ ਪੁਲਿਸ ਭੇਜ ਦਿੱਤੀ ਗਈ। ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬੁਰਾ ਵਿਹਾਰ ਕੀਤਾ ਗਿਆ।
ਮੋਹਨਜੀਤ ਨੇ ਕਿਹਾ ਕਿ ਇਸ ਪਿੱਛੋਂ ਜਦੋਂ ਉਸ ਨੇ ਆਪਣੀ ਕੋਠੇ ਦੀ ਛੱਤ ‘ਤੇ ਚੜ੍ਹ ਕੇ ਮੁੱਖ ਮੰਤਰੀ ਦਾ ਕਾਲੀ ਝੰਡੀ ਨਾਲ ਵਿਰੋਧ ਪ੍ਰਗਟਾਉਣਾ ਸ਼ੁਰੂ ਕੀਤਾ। ਉਸ ਨੇ ਕਿਹਾ ਕਿ ਉਸ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾਇਆ, ਪਰ ਪੁਲਿਸ ਨੇ ਉਸ ਨੂੰ ਆ ਕੇ ਫੜ ਲਿਆ। ਫਿਰ ਡੀਐਸਪੀ ਖਹਿਰਾ ਨੇ ਉਥੋਂ ਚੁੱਕ ਕੇ ਕਿਸੇ ਦੇ ਚੁਬਾਰੇ ਵਿੱਚ ਲਿਜਾ ਕੇ ਕੁੱਟਿਆ। ਇਸ ਉਪਰੰਤ ਪੁਲਿਸ ਥਾਣੇ ਲਿਜਾ ਕੇ ਉਸ ਨਾਲ ਦੋ ਹੋਰ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਕਹਿਣ ‘ਤੇ ਤਸ਼ੱਦਦ ਕੀਤਾ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ।
‘ਬਲੇਡ ਮਾਰੇ ਤੇ ਜ਼ਖ਼ਮਾਂ ‘ਚ ਲੂਣ ਛਿੜਕਿਆ’
ਉਸ ਨੇ ਕਿਹਾ ਕਿ ਪੁਲਿਸ ਨੇ ਟਾਰਚਰ ਕਰਦਿਆਂ ਉਸ ਦੇ ਬਲੇਡ ਮਾਰੇ ਅਤੇ ਜ਼ਖ਼ਮਾਂ ਵਿੱਚ ਲੂਣ ਛਿੜਦਿਆਂ ਅਤੇ ਇਸ ਤਰ੍ਹਾਂ ਹੀ ਸਵੇਰ ਤੋਂ ਭੁੱਖੇ ਭਾਣੇ ਉਸ ਨੂੰ ਘਸੀਟਦੇ ਰਹੇ। ਉਸ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੇ ਸਨ ਅਤੇ ਉਸ ਦੀਆਂ ਵੀਡੀਓਜ਼ ਵੀ ਸਾਂਝੀਆਂ ਕਰ ਰਹੇ ਸਨ ਕਿ ਅੱਗੇ ਤੋਂ ਕਿਸੇ ਦਾ ਵਿਰੋਧ ਨਹੀਂ ਕਰੇਗਾ।
ਦੱਸ ਦਈਏ ਕਿ ਇਸ ਘਟਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਹ ਮਾਮਲਾ ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚ ਗਿਆ ਹੈ।
Punjab Spectrum