Canada ਕੈਨੇਡੀਅਨ ਮਿਊਂਸਪਲ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਦੋਸ਼
ਕੈਨੇਡੀਅਨ ਮਿਊਂਸਪਲ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਦੋਸ਼
ਸਾਬਕਾ ਮੇਅਰ ਡੱਗ ਮੈਕੱਲਮ ਅਤੇ ਉਨ੍ਹਾਂ ਦੀ ਧਿਰ ਸੇਫ਼ ਸਰੀ ਕੋਲੀਸ਼ਨ (Safe Surrey Coalition) ਨੇ ਬ੍ਰਿਟਿਸ਼ ਕੋਲੰਬੀਆ ਦੇ ਤਿੰਨ ਸ਼ਹਿਰਾਂ ਦੀਆਂ ਮਿਊਂਸਪਲ ਚੋਣਾਂ ਵਿੱਚ ਕਥਿਤ ਭਾਰਤੀ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ।
ਸੇਫ਼ ਸਰੀ ਕੋਲੀਸ਼ਨ ਵੱਲੋਂ ਅੱਜ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ:
ਸਰੀ, ਡੈਲਟਾ ਅਤੇ ਵੈਨਕੂਵਰ ਦੇ ਸਥਾਨਕ ਖ਼ਬਰ ਮਾਧਿਅਮਾਂ ਵਜੋਂ ਆਪਣੇ ਆਪ ਨੂੰ ਪੇਸ਼ ਕਰਨ ਵਾਲੇ ਘੱਟੋ-ਘੱਟ ਛੇ ਫੇਸਬੁੱਕ ਪੰਨਿਆਂ ਦਾ ਇੱਕ ਨੈੱਟਵਰਕ ਭਾਰਤ ਤੋਂ ਚਲਾਇਆ ਜਾ ਰਿਹਾ ਹੈ। ਇਸ ਦਾ ਵਿੱਤੀ ਪ੍ਰਬੰਧ ਵੀ ਭਾਰਤ ਤੋਂ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਨਿਸ਼ਾਨਾ 17 ਅਕਤੂਬਰ ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਹੈ।
ਬਿਆਨ ਅਨੁਸਾਰ ਇਹ ਕੋਈ ਕੈਨੇਡੀਅਨ ਮੁਹਿੰਮ ਨਹੀਂ ਹੈ। ਇਸ ਨੂੰ ਚਲਾਉਣ ਵਾਲੇ ਲੋਕ ਭਾਰਤ ਵਿੱਚ ਹਨ। ਇਸ ਲਈ ਖਰਚਿਆ ਜਾ ਰਿਹਾ ਪੈਸਾ ਭਾਰਤੀ ਰੁਪਏ ਵਿੱਚ ਹੈ ਅਤੇ ਇਨ੍ਹਾਂ ਇਸ਼ਤਿਹਾਰਾਂ ਦਾ ਭੁਗਤਾਨ ਕਰਨ ਵਾਲੀ ਸੰਸਥਾ ਭਾਰਤ ਸਰਕਾਰ ਦੀ ਇੱਕ ਖੋਜ ਸੰਸਥਾ ਨਾਲ ਜੁੜੀ ਇਕਾਈ ਹੈ।
ਇਨ੍ਹਾਂ ਪੇਜਾਂ ਦੇ ਨਾਮ ਹਨ:
-I Love Surrey
-Surrey Speak
-I Love Delta
-Delta Speak
-I Love Vancouver
ਡੱਗ ਮੈਕੱਲਮ ਨੇ ਕਿਹਾ, “ਇਹ ਕੈਨੇਡਾ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਹੈ। ਇਹ ਨਾ ਤਾਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ ਅਤੇ ਨਾ ਹੀ ਸਿਰਫ਼ ਮਾਰਕੀਟਿੰਗ। ਇਹ ਸਿੱਧੀ ਦਖ਼ਲਅੰਦਾਜ਼ੀ ਹੈ। ਵਿਦੇਸ਼ ਵਿੱਚ ਬੈਠੇ ਲੋਕ, ਵਿਦੇਸ਼ੀ ਪੈਸਾ ਅਤੇ ਨਿਸ਼ਾਨਾ ਕੈਨੇਡਾ ਦੇ ਤਿੰਨ ਸ਼ਹਿਰਾਂ ਦੇ ਵੋਟਰ ਹਨ।
ਜਿਵੇਂ ਹੀ ਇਹ ਬੇਨਕਾਬ ਹੋਏ, ਇਨ੍ਹਾਂ ਨੇ ਆਪਣਾ ਅਸਲ ਟਿਕਾਣਾ ਲੁਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਜਿਹਾ ਕੁਝ ਫੈਡਰਲ ਚੋਣਾਂ ਵਿੱਚ ਹੁੰਦਾ ਹੈ ਤਾਂ ਓਟਵਾ ਇਸ ਨੂੰ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਕਰਾਰ ਦਿੰਦਾ ਹੈ। ਇਹ ਇਸ ਵੇਲੇ ਸਰੀ ਵਿੱਚ ਹੋ ਰਿਹਾ ਹੈ ਅਤੇ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ।”
ਉਨ੍ਹਾਂ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਤੋਂ ਤਰੁੰਤ ਇਸਦੀ ਜਾਂਚ ਮੰਗੀ ਹੈ।
ਸਰੀ, ਡੈਲਟਾ, ਵੈਨਕੂਵਰ ‘ਚ ਮਿਊਂਸਪਲ ਚੋਣ ਲੜ ਰਹੀਆਂ ਹੋਰ ਧਿਰਾਂ ਨੇ ਹਾਲੇ ਇਸ ਬਾਰੇ ਕੋਈ ਬਿਆਨ ਨਹੀਂ ਭੇਜਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Punjab Spectrum