ਕੋਈ ਦੱਸ ਸਕਦਾ ਹੈ ਕਿ ਡਾ ਅੰਬੇਡਕਰ ਨੇ ਭਗਤ ਰਵਿਦਾਸ ਜੀ ਲਈ ਕੀ ਲਕਬ ਵਰਤਿਆ ?
ਕੀ ਉਨ੍ਹਾਂ ਭਗਤ ਜੀ ਦਾ ਆਪਣੀਆਂ ਲਿਖਤਾਂ ਵਿਚ ਕੋਈ ਜ਼ਿਕਰ ਵੀ ਕੀਤਾ ਜਾਂ ਨਹੀਂ ?
ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਜਦਕਿ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਉਨ੍ਹਾਂ ਨੇ ਕੀਤਾ ਤੇ ਬੜੀ ਤਰੀਫ ਦੇ ਲਹਿਜੇ ਨਾਲ ਕੀਤਾ ?
ਇਹ ਸੁਆਲ ਉਨ੍ਹਾਂ ਲਈ ਹੈ, ਜਿਹੜੇ ਆਪਣੇ ਆਪ ਨੂੰ ਅੰਬੇਡਕਰੀ ਵੀ ਕਹਾਉਂਦੇ ਨੇ ਤੇ ਇਹ ਵਿਵਾਦ ਵੀ ਪੈਦਾ ਕਰ ਰਹੇ ਨੇ ਕਿ ਭਗਤ ਰਵਿਦਾਸ ਜੀ ਦੇ ਨਾਂ ਨਾਲ ਭਗਤ ਨਹੀਂ, ਸਿਰਫ ਗੁਰੂ ਜਾਂ ਸਤਿਗੁਰੂ ਹੀ ਲਾਇਆ ਜਾਵੇ।
ਇਹ ਸੱਜਣ ਇਉਂ ਕਹਿ ਰਹੇ ਨੇ ਜਿਵੇਂ ਭਗਤ ਲਫ਼ਜ਼ ਤ੍ਰਿਸਕਾਰ ਵਾਲਾ ਹੋਵੇ।
ਆਪਣੀ ਮਸ਼ਹੂਰ ਲਿਖਤ Annihilation of Caste ਵਿਚ ਡਾ ਅੰਡੇਬਕਰ ਨੇ ਮਹਾਤਮਾ ਬੁੱਧ ਤੇ ਗੁਰੂ ਨਾਨਕ ਦੋਹਾਂ ਦੀ ਉਦਾਹਰਣ ਦਿੱਤੀ ਕਿ ਉਨ੍ਹਾਂ ਦਾ ਰਸਤਾ ਫੜਨ ਦੀ ਲੋੜ ਹੈ।
ਬਾਕੀ ਛੱਡੋ ਬਸਪਾ ਪ੍ਰਧਾਨ ਮਾਇਆਵਤੀ ਵੀ ਭਗਤ ਜੀ ਲਈ ਗੁਰੂ ਜਾਂ ਸਤਿਗੁਰੂ ਦੀ ਬਜਾਇ “ਸੰਤ” ਦਾ ਲਕਬ ਵਰਤਦੀ ਰਹੀ ਹੈ। ਜਦੋਂ ਉਸਨੇ ਯੂ ਪੀ ਵਿਚ ਇਕ ਜ਼ਿਲ੍ਹਾ ਉਨ੍ਹਾਂ ਦੇ ਨਾਂ ‘ਤੇ ਬਣਾਇਆ ਤਾਂ ਉਸਦਾ ਨਾਂ “ਸੰਤ ਰਵਿਦਾਸ ਨਗਰ” ਰੱਖਿਆ।
ਯੂ ਪੀ ਦੇ ਬਾਕੀ ਬਸਪਾ ਲੀਡਰ ਵੀ ਇਹੀ ਲਕਬ ਵਰਤਦੇ ਰਹੇ ਹਨ, ਕਿਸੇ ਨੂੰ ਕੋਈ ਦਿੱਕਤ ਨਹੀਂ ਹੋਈ। ਹੋਣੀ ਵੀ ਨਹੀਂ ਸੀ ਚਾਹੀਦੀ, ਇਹ ਕੋਈ ਮੁੱਦਾ ਹੀ ਨਹੀਂ ਸੀ। ਪੰਜਾਬ ਦੇ ਕਿਸੇ ਚਮਾਰ/ ਰਵਿਦਾਸੀਆ ਆਗੂ ਜਾਂ ਕਾਰਕੁੰਨ ਨੇ ਇਹ ਦੋਸ਼ ਨਹੀਂ ਲਾਇਆ ਕਿ ਉਹ ਭਗਤ ਰਵਿਦਾਸ ਜੀ ਦੀ ਤੌਹੀਨ ਕਰ ਰਹੀ ਹੈ। ਨਾਲੇ ਮਾਇਆਵਤੀ ਬੋਧੀ ਹੈ।
ਚਾਰ ਸਦੀਆਂ ਸਿੱਖ ਭਗਤ ਸਾਹਿਬਾਨ ਨੂੰ ਭਗਤ ਕਹਿੰਦੇ ਰਹੇ। ਜੁਲਾਹਾ ਪਿਛੋਕੜ ਵਾਲੇ ਸਿੱਖ, ਭਗਤ ਕਬੀਰ ਜੀ ਨੂੰ ਭਗਤ ਹੀ ਕਹਿੰਦੇ ਨੇ। ਜੱਟ ਭਗਤ ਧੰਨਾ ਜੀ ਨੂੰ ਭਗਤ ਹੀ ਕਹਿੰਦੇ ਨੇ। ਛੀਂਬਾ ਬਰਾਦਰੀ ਦੇ ਸਿੱਖ ਭਗਤ ਨਾਮਦੇਵ ਜੀ ਨੂੰ ਭਗਤ ਹੀ ਕਹਿੰਦੇ ਨੇ। ਬ੍ਰਾਹਮਣ ਬਰਾਦਰੀ ਚੋਂ ਭਗਤ ਰਾਮਾਨੰਦ ਜੀ ਤੇ ਸੂਰਦਾਸ ਜੀ ਨੂੰ ਵੀ ਸਾਰੇ ਭਗਤ ਹੀ ਕਹਿੰਦੇ ਨੇ। ਇਵੇਂ ਹੀ ਬਾਕੀ ਦੇ ਜਾਤ-ਬਰਾਦਰੀਆਂ ਵਾਲਿਆਂ ਦਾ ਹੈ। ਕੋਈ ਰੱਟਾ ਨਹੀਂ ਪਿਆ ਕਦੇ। ਹਾਂ, ਇਸਦੇ ਨਾਲ ਹੀ ਇਨ੍ਹਾਂ ਕਈ ਭਗਤ ਸਾਹਿਬਾਨ ਨੂੰ ਇਨ੍ਹਾਂ ਦੇ ਗੈਰ ਸਿੱਖ ਸ਼ਰਧਾਲੂ ਗੁਰੂ ਜਾਂ ਸਤਿਗੁਰੂ ਜਾਂ ਸੰਤ ਵੀ ਕਹਿੰਦੇ ਨੇ। ਕੋਈ ਭਗਵਾਨ ਵੀ ਕਹਿੰਦਾ ਹੋ ਸਕਦਾ ਹੈ, ਕੋਈ ਰੌਲਾ ਨਹੀਂ।
ਸਿੱਖ ਭੱਟਾਂ ਨੂੰ ਭੱਟ ਹੀ ਕਹਿੰਦੇ ਨੇ, ਸੱਤਾ ਬਲਵੰਡ ਨੂੰ ਭਾਈ ਹੀ ਕਹਿੰਦੇ ਨੇ, ਗੁਰੂ ਜਾਂ ਸਤਿਗੁਰੂ ਨਹੀਂ। ਭਾਈ ਮਰਦਾਨਾ ਜੀ ਨੂੰ ਵੀ ਗੁਰੂ ਜਾਂ ਸਤਿਗੁਰੂ ਨਹੀਂ ਕਹਿੰਦੇ ਤੇ ਨਾ ਹੀ ਬਾਬਾ ਸੁੰਦਰ ਜੀ ਨੂੰ। ਉਨ੍ਹਾਂ ਦੀ ਬਾਣੀ ਵੀ ਗੁਰੂ ਗਰੰਥ ਸਾਹਿਬ ‘ਚ ਹੈ। ਕੀ ਸਿੱਖ ਇਨ੍ਹਾਂ ਸਖਸ਼ੀਅਤਾਂ ਦਾ ਅਪਮਾਨ ਕਰਦੇ ਨੇ ?
ਕੀ ਕਦੇ ਬਾਬੂ ਕਾਂਸ਼ੀ ਰਾਮ ਨੇ ਇਹ ਮੁੱਦਾ ਬਣਾਇਆ ? ਕੀ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੈਨੀਫੈਸਟੋ ਦੱਸਿਆ ਸੀ ਜਾਂ ਸਿਰਫ ਭਗਤ ਰਾਵਿਦਾਸ ਜੀ ਦੀ ਬਾਣੀ ਨੂੰ ?
ਅਸਲ ‘ਚ ਗੁਰੂ ਸਾਹਿਬ ਨੇ ਇਨ੍ਹਾਂ ਭਗਤ ਸਾਹਿਬਾਨ ਦੀ ਵਿਰਾਸਤ ਨੂੰ ਜਾਤ ਬਰਾਦਰੀ ਦੀ ਵਲਗਣ ‘ਚੋਂ ਬਾਹਰ ਕੱਢਿਆ ਤੇ ਇਹ ਬਾਣੀ ਸਾਂਝੀ ਮਾਨਵੀ ਵਿਰਾਸਤ ਦਾ ਹਿੱਸਾ ਬਣੀ। ਉਨ੍ਹਾਂ ਨੇ ਸਿਰਫ ਉਨ੍ਹਾਂ ਭਗਤਾਂ ਦੀ ਹੀ ਬਾਣੀ ਲਈ, ਜਿਹੜੀ ਉਨ੍ਹਾਂ ਦੀ ਵਿਚਾਰਧਾਰਾ ਜਾਂ ਜੀਵਨ ਦੇ ਫਲਸਫੇ ਨਾਲ ਮੇਲ ਖਾਂਦੀ ਸੀ।
ਗੁਰੂ ਸਾਹਿਬਾਨ ਕਰਕੇ ਇਨ੍ਹਾਂ ਮਹਾਪੁਰਸ਼ਾਂ ਦੀ ਬਾਣੀ ਸਾਡੇ ਤੱਕ ਪਹੁੰਚੀ ਨਹੀਂ ਤਾਂ ਪਤਾ ਨਹੀਂ ਇਸਦਾ ਕੀ ਬਣਦਾ। ਮਿਲਾਵਟ ਹੁੰਦੀ (ਜਿਵੇਂ ਕੁਝ ਸਾਲ ਪਹਿਲਾਂ ਭਗਤ ਰਵਿਦਾਸ ਜੀ ਦੇ ਨਾਂ ‘ਤੇ ਤਿਆਰ ਕੀਤੇ ਗਏ ਇਕ ਗ੍ਰੰਥ ਵਿਚ ਕੀਤਾ ਗਿਆ ਪਰ ਕੋਈ ਨਹੀਂ ਕੁਸਕਿਆ), ਖ਼ਤਮ ਕੀਤੀ ਜਾਂਦੀ ਜਾਂ ਮੂਲ ਨੂੰ ਬਦਲ਼ਿਆ ਜਾਂਦਾ। ਪਰ ਪੰਜਾਬ ਦੇ ਚਮਾਰ ਬਰਾਦਰੀ ਦੇ ਕਈ ਸੱਜਣ ਭਗਤ ਰਵਿਦਾਸ ਜੀ ਨੂੰ ਸਿਰਫ ਆਪਣੀ ਬਰਾਦਰੀ ਤੱਕ ਸੀਮਤ ਕਰਕੇ ਵੇਖਦੇ ਨੇ।
ਭਗਤ ਜੀ ਦਾ ਅਸਲ ਅਪਮਾਨ ਉਹ ਸੀ, ਜਦੋਂ ਉਨ੍ਹਾਂ ਦੇ ਇਕ ਸ਼ਰਧਾਲੂ ਸਾਧੂ ਦੀ ਬਾਣੀ ਨੂੰ ਉਨ੍ਹਾਂ ਦੇ ਨਾਂ ‘ਤੇ ਮੜ੍ਹਿਆ ਗਿਆ। ਅਖਬਾਰਾਂ ‘ਚ ਸਾਰਾ ਕੁਝ ਆਇਆ ਵੀ ਪਰ ਕਿਸੇ ਦੀਆਂ ਭਾਵਨਾਵਾਂ ਨਹੀਂ ਭੜਕੀਆਂ ਤੇ ਨਾ ਹੀ ਕੋਈ ਕੁਸਕਿਆ। ਕੀ ਭਗਤ ਸ਼ਬਦ ‘ਤੇ ਰੌਲਾ ਪਾਉਣ ਵਾਲੇ ਇਸ ਮੁੱਦੇ ‘ਤੇ ਕੋਈ ਸੁਆਲ ਕਰਨਗੇ ?
ਜਿਹੜਾ ਬੰਦਾ ਭਗਤ ਜਾਂ ਸੰਤ ਲਫ਼ਜ਼ ਨੂੰ ਤ੍ਰਿਸਕਾਰ ਜਾਂ ਅਪਮਾਨ ਕਰਨ ਵਾਲਾ ਕਹਿੰਦਾ ਹੈ, ਸਪਸ਼ਟ ਹੈ ਉਸਨੂੰ ਕੱਖ ਵੀ ਨਹੀਂ ਪਤਾ ਜਾਂ ਉਹ ਕਿਸੇ ਖਾਸ ਏਜੰਡੇ ‘ਤੇ ਕੰਮ ਕਰ ਰਿਹਾ ਹੈ। ਅਸਲ ‘ਚ ਇਹੋ ਜਿਹੇ ਵਿਵਾਦ ਪਹਿਲਾਂ ਕਾਂਗਰਸੀਆਂ ਨੇ ਪੈਦਾ ਕੀਤੇ ਤੇ ਅੱਜ ਕੱਲ੍ਹ ਇਹ ਸੰਘ-ਭਾਜਪਾ ਦਾ ਏਜੰਡਾ ਹੈ। ਇਹ ਵਿਵਾਦ ਸਿਰਫ ਪੰਜਾਬ ਤੱਕ ਤੇ ਸਿਰਫ ਸਿੱਖਾਂ ਤੱਕ ਸੀਮਤ ਕੀਤੇ ਜਾਂਦੇ ਨੇ ਕਿਉਂਕਿ ਕੇਂਦਰੀ ਤੇ ਹਿੰਦੂਤਵੀ ਤੰਤਰ ਦੀ ਲੋੜ ਹੀ ਇਹੋ ਹੈ।
ਇਸ ਸਾਰਾ ਰੌਲਾ ਉਨ੍ਹਾਂ ਵੱਲੋਂ ਪਾਇਆ ਜਾਂਦਾ ਹੈ, ਜਿਹੜੇ ਖੁਦ ਸਿੱਖ ਪਛਾਣ ਤੋਂ ਮੁਨੱਕਰ ਨੇ। ਇਹੀ ਬੰਦੇ ਪਹਿਲਾਂ ਇਹ ਝੂਠਾ ਪ੍ਰਚਾਰ ਕਰਦੇ ਰਹੇ ਕਿ ਦਲਿਤਾਂ ਨੂੰ ਸਿੱਖ ਬਣਨ ਤੋਂ ਮਾਸਟਰ ਤਾਰਾ ਸਿੰਘ ਨੇ ਰੋਕਿਆ ਜਦਕਿ ਪੰਜਾਬ ਵਿਚਲੇ ਚਮਾਰ ਬਰਾਦਰੀ ਦੇ ਵੀਰ-ਭੈਣ ਪਹਿਲਾਂ ਹੀ ਵੱਡੀ ਗਿਣਤੀ ‘ਚ ਸਿੱਖ ਸਨ ਤੇ ਹਨ ਤੇ ਉਨ੍ਹਾਂ ਤੋਂ ਵੀ ਨੀਵੇ ਸਮਝੇ ਜਾਂਦੇ ਤੇ ਚੂੜ੍ਹੇ ਕਹਿ ਕੇ ਦੁਰਕਾਰੇ ਗਏ ਭੈਣ ਭਾਈ ਕਿਤੇ ਵੱਡੀ ਗਿਣਤੀ ‘ਚ ਸਿੱਖ ਸਨ ਤੇ ਹਨ। ਰੰਘਰੇਟੇ- ਮਜ਼੍ਹਬੀ ਸਿੱਖਾਂ ਦੀ ਗਿਣਤੀ ਵਾਲਮੀਕੀ ਪਛਾਣ ਵਾਲੇ ਸੱਜਣ ਨਾਲੋਂ ਕਿਤੇ ਜ਼ਿਆਦਾ ਹੈ।
ਪਿਛਲੇ ਕੁਝ ਸਮੇਂ ਤੋਂ ਸਿੱਖ ਸ਼ਹੀਦਾਂ ਦੀ ਵੰਡ ਵੀ ਜਾਤ ਅਧਾਰਤ ਕੀਤੀ ਜਾ ਰਹੀ ਹੈ। ਹੁਣ ਗੱਲ ਭਗਤਾਂ ਨੂੰ ਵੰਡਣ ਤੱਕ ਆ ਪਹੁੰਚੀ ਹੈ। ਇਹ ਸਾਰੇ ਸਾਡੀ ਸਾਂਝੀ ਵਿਰਾਸਤ ਨੇ। ਇਹ ਸਾਂਝੀ ਵਿਰਾਸਤ ਵੀ ਸਿਰਫ ਸਿੱਖਾਂ ਦੀ ਨਹੀਂ, ਸਾਰੀ ਮਾਨਵਤਾ ਦੀ ਹੈ।
ਇਹ ਰੌਲਾ ਪਾਉਣ ਮਗਰ ਅਸਲ ਮਾਨਸਿਕਤਾ ਤੇ ਏਜੰਡਾ ਕੋਈ ਸਿਧਾਂਤਕ ਜਾਂ ਇਤਿਹਾਸਕ ਨਹੀਂ ਤੇ ਨਾ ਹੀ ਵਿਤਕਰੇ ਦਾ ਹੈ। ਅਸਲ ਏਜੰਡਾ ਜਾਤੀਵਾਦੀ ਪਛਾਣ ਨੂੰ ਪੱਕਾ ਰੱਖਣ ਦਾ ਹੈ ਤੇ ਕੋਈ ਨਾ ਕੋਈ ਫਾਨਾ ਗੱਡਣ ਹੈ ਤੇ ਵਿਵਾਦ ਖੜਾ ਕਰਨ ਦਾ ਹੈ ਤੇ ਨਿਸ਼ਾਨਾ ਹਮੇਸ਼ਾਂ ਸਿੱਖਾਂ ‘ਤੇ।
ਫਿਲਹਾਲ ਇਹ ਰੌਲਾ ਸਿਰਫ ਰਵਿਦਾਸੀਆ ਕਹਾਉਣ ਵਾਲੇ ਪੈਦਾ ਕਰ ਰਹੇ ਨੇ, ਕੱਲ੍ਹ ਨੂੰ ਸੰਘੀ ਲਾਣੇ ਦੀ ਚੁੱਕ ‘ਚ ਆਣ ਕੇ ਹੋਰ ਬਰਾਦਰੀਆਂ ਦੇ ਬੰਦੇ ਜਾਂ ਜਥੇਬੰਦੀਆਂ ਵੀ ਇਹ ਕੁਝ ਕਰ ਸਕਦੇ ਨੇ।
ਇਹ ਰੱਟਾ ਪੈਦਾ ਕਰਨ ਵਾਲੇ ਕਈ ਬੋਧੀ ਸੱਜਣ ਵੀ ਹਨ। ਮਹਾਤਮਾ ਬੁੱਧ ਨੂੰ ਮਹਾਤਮਾ ਕਿਹਾ ਜਾਂਦਾ ਹੈ। ਕਈ ਭਗਵਾਨ ਵੀ ਲਾਉਂਦੇ ਨੇ। ਕੀ ਮਹਾਤਮਾ ਛੋਟਾ ਲਫ਼ਜ਼ ਹੋ ਗਿਆ ? ਮਹਾਤਮਾ ਤਾਂ ਗਾਂਧੀ ਦੇ ਨਾਂ ਨਾਲ ਵੀ ਲਗਦਾ ਹੈ।
ਇਹ ਵਿਵਾਦ ਪੈਦਾ ਕਰਨ ਵਾਲਿਆਂ ਲਈ ਕੁਝ ਸੁਆਲ :
1. ਇਹ ਸੱਜਣ ਗੁਰੂ ਰਾਮਦਾਸ ਤੋਂ ਆਈ ਰਾਮਦਾਸੀਆ ਪਛਾਣ ਤੋਂ ਕਿਉਂ ਮੁਨਕਰ ਨੇ?
2. ਉਹ ਰਾਮਦਾਸੀਆਂ ਪਛਾਣ ਨੂੰ ਰਵਿਦਾਸੀਆ ਨਾਲ ਬਦਲ ਕੇ ਖਤਮ ਕਿਉਂ ਕਰਨਾ ਚਾਹੁੰਦੇ ਨੇ ? ਇਸ ਨਫਰਤ ਦਾ ਕੀ ਕਾਰਨ ਹੈ ? ਦਮਦਮਾ ਸਾਹਿਬ ਵਿਖੇ ਬੁੰਗਾ ਰਾਮਦਾਸੀਆ ਸਿੰਘਾਂ ਦਾ ਨਾਂ ਬਦਲ ਕੇ ਰਵਿਦਾਸੀਆ ਸਿੰਘਾਂ ਦਾ ਬੋਰਡ ਕਿਉਂ ਲਾਇਆ ?
3. ਦਲਿਤ ਵੀਰਾਂ, ਭੈਣਾਂ ਨੂੰ ਸਿੱਖ ਆਗੂਆਂ ਵਲੋਂ ਸਿੱਖ ਬਣਨ ਤੋਂ ਰੋਕਣ ਵਾਲਾ ਝੂਠ ਨੰਗਾ ਹੋਣ ਤੋਂ ਬਾਅਦ ਵੀ ਇਹ ਕਿਉਂ ਦੁਹਰਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਸੱਚ ਕਿਉਂ ਨਹੀਂ ਦੱਸਦੇ ?
4. ਉਹ ਇਹ ਸੱਚ ਕਿਉਂ ਲੁਕੋ ਕੇ ਰੱਖਦੇ ਨੇ ਕਿ ਦਲਿਤ ਪਿਛੋਕੜ ਵਾਲੇ ਸਿੱਖਾਂ ਨੂੰ ਰਿਜ਼ਰਵੇਸ਼ਨ ਹਿੰਦੂ ਦਲਿਤਾਂ ਨਾਲ 1950 ਵਿਚ ਨਹੀਂ ਮਿਲੀ ਸੀ, ਬਾਅਦ ਵਿਚ ਅਕਾਲੀ ਦਲ, ਖਾਸ ਕਰਕੇ ਮਾਸਟਰ ਤਾਰਾ ਸਿੰਘ ਨੇ ਦੁਆਈ ਸੀ ?
5. ਭਗਤ ਰਵਿਦਾਸ ਜੀ ਬਾਰੇ ਹਿੰਦੂਤਵੀ ਲਾਬੀ ਵੱਲੋਂ ਆਪਣੇ ਹਿਸਾਬ ਨਾਲ ਕੀਤੇ ਜਾ ਰਹੇ ਪ੍ਰਚਾਰ ਬਾਰੇ ਕੋਈ ਕਿਉਂ ਨਹੀਂ ਬੋਲਦਾ ?
ਜੇ ਇਹ ਵਿਵਾਦ ਹੋਰ ਚੱਲਿਆ ਤਾਂ ਸੁਆਲ ਹੋਰ ਵੀ ਚੁੱਕਾਂਗੇ। ਸਾਡਾ ਮੁੱਦਾ ਕਿਸੇ ਫਾਲਤੂ ਮੁੱਦੇ ਨੂੰ ਤੂਲ ਦੇਣਾ ਨਹੀਂ, ਫੁੱਟ ਪਾਊ ਏਜੰਡੇ ਨੂੰ ਨੰਗਾ ਕਰਨਾ ਹੈ।
#Unpopular_Opinions
#Unpopular_Ideas
You must be logged in to post a comment.