Breaking News

ਏਕਲਵਿਆ ਦੇ ਅੰਗੂਠੇ ਤੋਂ ਕਿਸਾਨਾਂ-ਸਿੱਖਾਂ ਦੇ ਟਵਿਟਰ ਖਾਤਿਆਂ ਤੱਕ

ਏਕਲਵਿਆ ਦਾ ਅਰਜਨ ਨਾਲ ਕੋਈ ਵੈਰ ਨਹੀਂ ਸੀ ਪਰ ਅਰਜਨ ਦੇ ਗੁਰੂ ਦ੍ਰੋਣਾਚਾਰਿਆ ਨੂੰ ਪਤਾ ਸੀ ਕਿ ਨੀਵੀਂ ਜਾਤੀ ਕਬੀਲੇ ਚੋਂ ਆਉਣ ਵਾਲੇ ਏਕਲਵਿਆ ਦੇ ਹੁੰਦਿਆਂ ਅਰਜਨ ਸਭ ਤੋਂ ਮਹਾਨ ਤੀਰਅੰਦਾਜ਼ ਨਹੀਂ ਸੀ ਬਣ ਸਕਦਾ। ਇਸੇ ਲਈ ਉਸ ਨੇ ਕਹਿ ਕੇ ਏਕਲਵਿਆ ਕੋਲੋਂ ਗੁਰੂ ਦਕਸ਼ਨਾ ਦਾ ਵਚਨ ਲਿਆ ਤੇ ਫਿਰ ਜਦੋਂ ਉਸਨੇ ਹਾਂ ਕੀਤੀ ਤਾਂ ਸੰਜੇ ਹੱਥ ਦਾ ਅੰਗੂਠਾ ਮੰਗ ਲਿਆ। ਅਰਜਨ ਵੱਡਾ ਯੋਧਾ ਸੀ ਪਰ ਉਸਦੇ ਦੇ ਸਭ ਤੋਂ ਮਹਾਨ ਤੀਰਅੰਦਾਜ਼ ਹੋਣ ਦਾ ਫੈਸਲਾ ਦ੍ਰੋਣਾਚਾਰਿਆ ਦੇ ਇਸ “ਦਕਸ਼ਨਾ ਨੀਤੀ” ਦੇ ਫੈਸਲੇ ਨਾਲ ਹੋਇਆ। ਅਖ਼ੀਰ ਵਿਚ ਮਹਾਂਭਾਰਤ ਦੀ ਜੰਗ ਵੇਲੇ ਜਿਸ ਚੱਕਰਵਿਊ ‘ਚ ਅਰਜਨ ਦੇ ਪੁੱਤਰ ਅਭਿਮਨਯੂ ਨੂੰ ਕੌਰਵਾਂ ਨੇ ਮਾਰਿਆ, ਉਸਦੀ ਰਚਨਾ ਵੀ ਗੁਰੂ ਦ੍ਰੋਣਾਚਾਰਿਆ ਨੇ ਹੀ ਕੀਤੀ ਸੀ।

ਦ੍ਰੋਣਾਚਾਰਿਆ ਨੂੰ ਅੱਜ ਵੀ ਹੀਰੋ ਤੇ ਪ੍ਰੇਰਣਾਸ੍ਰੋਤ ਮੰਨਿਆ ਜਾਂਦਾ ਹੈ ਤੇ ਖੇਡ ਕੋਚਾਂ ਨੂੰ ਦਿੱਤਾ ਜਾਂਦਾ ਸਭ ਤੋਂ ਵੱਡਾ ਖਿਤਾਬ ਉਸਦੇ ਨਾਂ ‘ਤੇ ਹੈ।

ਅੱਜ ਵਿਰੋਧ ਕਰ ਰਹੇ ਕਿਸਾਨ ਜਾਂ ਸਿੱਖ ਕਾਰਕੁੰਨ ਯੋਧੇ ਵੀ ਨੇ, ਮੁਲਕ ਲਈ ਕੁਰਬਾਨੀਆਂ ਵਾਲੇ ਵੀ ਨੇ, ਪਰ ਉਹ ਰੂਲਿੰਗ ਕਲਾਸ ਦਾ ਹਿੱਸਾ ਨਹੀਂ ਤੇ ਏਕਲਵਿਆ ਵਾਂਗ ਬਾਹਰਲੇ ਨੇ।

ਕਿਸਾਨਾਂ ਕੋਲ ਬਰਾਬਰ ਦੀ ਤਾਕਤ ਨਹੀਂ, ਨਾ ਉਨ੍ਹਾਂ ਕੋਲ ਮੀਡੀਆ, ਨਾ ਕੋਈ ਬਹੁਤ ਸੋਸ਼ਲ ਮੀਡੀਆ IT ਸੈੱਲ, ਨਾ ਹੋਰ ਪ੍ਰਚਾਰ ਤੰਤਰ ਪਰ ਉਹ ਆਪਣੀ ਮਿਹਨਤ, ਸਾਧਨਾ ਤੇ ਦ੍ਰਿੜਤਾ ਨਾਲ ਬਿਰਤਾਂਤ ਦੇ ਪੱਧਰ ‘ਤੇ ਆਪਣੇ ਵਾਲੇ ਪਾਸਿਓਂ ਨਿਸ਼ਾਨੇਬਾਜ਼ੀ ਕਰ ਰਹੇ ਨੇ ਮੁਕਾਬਲਾ ਕਰਨ ਦਾ ਯਤਨ ਕਰ ਰਹੇ ਨੇ। ਸੀਮਤ ਸਾਧਨਾਂ ਦੇ ਬਾਵਜੂਦ ਇਨ੍ਹਾਂ ਪਿਛਲੀ ਵਾਰ ਵੀ ਉਨ੍ਹਾਂ ਸਰਕਾਰੀ ਬਿਰਤਾਂਤ ਦਾ ਮੁਕਾਬਲਾ ਕੀਤਾ ਸੀ।
ਸਰਕਾਰ ਹੁਣ ਕਿਸਾਨਾਂ ਦੇ ਟਵਿਟਰ ਖਾਤੇ ਬੰਦ ਕਰਕੇ ਉਨ੍ਹਾਂ ਦੇ ਅੰਗੂਠੇ ਕੱਟ ਰਹੀ ਹੈ ਤੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸਾਡੇ ਲੋਕ ਕੱਟੇ ਹੋਏ ਅੰਗੂਠਿਆਂ ਨਾਲ ਲੜ ਰਹੇ ਨੇ।
ਨਾਲ ਹੀ ਉਹ ਚੱਕਰਵਿਊ ‘ਚ ਵੀ ਫਸੇ ਹੋਏ ਨੇ ਤੇ ਉਨ੍ਹਾਂ ਕੋਲ ਕੋਈ ਨੀਤੀਵੇਤਾ ਵੀ ਨਹੀਂ।
#Unpopular_Opinions