ਅਜਨਾਲਾ ਨੇੜੇ ਖੇਤਾਂ ’ਚੋਂ ਤਿੰਨ ਗਰਨੇਡ ਬਰਾਮਦ
ਇੱਥੋਂ ਨੇੜਲੇ ਪਿੰਡ ਤੇੜੀ ਦੇ ਖੇਤਾਂ ਵਿੱਚੋਂ ਅਸਲਾ ਤੇ ਬਾਰੂਦ ਬਰਾਮਦ ਹੋਇਆ ਹੈ। ਇਸ ਸਬੰਧੀ ਪੁਲੀਸ ਥਾਣਾ ਅਜਨਾਲਾ ਦੇ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਉਹ ਅੱਜ ਖੇਤਾਂ ਵਿੱਚ ਲਗਾਈ ਗਈ ਅੱਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ ਤਾਂ ਜਦੋਂ ਪਿੰਡ ਤੇੜੀ ਨੇੜੇ ਪਹੁੰਚੇ ਤਾਂ ਉੱਥੇ ਇੱਕ ਖੇਤ ਵਿੱਚੋਂ ਉਨ੍ਹਾਂ ਨੂੰ ਇੱਕ ਲਿਫਾਫਾ ਮਿਲਿਆ ਜਿਸ ਵਿੱਚ ਗਰਨੇਡ ਅਤੇ ਹੋਰ ਐਕਸਪਲੋਸਿਵ ਸਮੱਗਰੀ ਸੀ।
ਉਨ੍ਹਾਂ ਦੱਸਿਆ ਕਿ ਇਸ ਨੂੰ ਹੁਣ ਸੈਂਡ ਬੈਗ ਨਾਲ ਢੱਕ ਦਿੱਤਾ ਗਿਆ ਹੈ ਤੇ ਜਲਦੀ ਹੀ ਬੰਬ ਨਿਰੋਧਕ ਡਿਸਪੋਜ਼ਲ ਟੀਮ ਆ ਰਹੀ ਹੈ ਜੋ ਗਰਨੇਡ ਨੂੰ ਨਸ਼ਟ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀ ਪਰ ਪੁਲੀਸ ਦੀ ਮੁਸਤੈਦੀ ਕਾਰਨ ਇਸ ਨੂੰ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਿਫਾਫੇ ਵਿੱਚ ਤਿੰਨ ਗਰਨੇਡ, ਆਰਡੀਐਕਸ, ਰਿਮੋਟ ਕੰਟਰੋਲ, ਬੈਟਰੀ ਆਦਿ ਬਰਾਮਦ ਹੋਏ। ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।