Epstein ਮੈਨੂੰ ‘ਦੋਗਲਾ’ ਕਹਿੰਦਾ ਸੀ – ਹਰਦੀਪ ਪੁਰੀ
ਕਿਹਾ, ਮੈਂ 3-4 ਵਾਰ ਐਪਸਟੀਨ ਨੂੰ ਮਿਲਿਆ
ਰਾਹੁਲ ਗਾਂਧੀ ਦੇ ਇਲਜ਼ਾਮਾਂ ’ਤੇ ਕੇਂਦਰੀ ਮੰਤਰੀ ਦੀ ਦੂ ਟੁੱਕ: Epstein ਮੈਨੂੰ ‘ਦੋਗਲਾ’ ਕਹਿੰਦਾ ਸੀ
ਰਾਹੁਲ ਗਾਂਧੀ ਨੇ ‘ਗਲਤ ਨੰਬਰ’ ਡਾਇਲ ਕਰ ਲਿਆ: ਹਰਦੀਪ ਪੁਰੀ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਨ੍ਹਾਂ ਨੂੰ ‘ਬਦਨਾਮ ਕਰਨ ਦੀ ਸਾਜ਼ਿਸ਼’ ਕਰਾਰ ਦਿੱਤਾ ਹੈ। ਅਮਰੀਕੀ ਵਿੱਤਕਾਰ ਜੈਫਰੀ ਐਪਸਟੀਨ ਦੀਆਂ ਫਾਈਲਾਂ ਵਿੱਚ ਆਪਣਾ ਨਾਂ ਆਉਣ ’ਤੇ ਚੁੱਪੀ ਤੋੜਦਿਆਂ ਪੁਰੀ ਨੇ ਕਿਹਾ ਕਿ ਉਨ੍ਹਾਂ ਦੀ ਐਪਸਟੀਨ ਨਾਲ ਮੁਲਾਕਾਤ ਸਿਰਫ਼ ‘ਇੰਟਰਨੈਸ਼ਨਲ ਪੀਸ ਇੰਸਟੀਚਿਊਟ’ (IPI) ਦੇ ਵਫ਼ਦ ਦੇ ਹਿੱਸੇ ਵਜੋਂ ਹੋਈ ਸੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਨਿਊਯਾਰਕ ਵਿੱਚ 8 ਸਾਲਾਂ ਦੇ ਕਾਰਜਕਾਲ ਦੌਰਾਨ ਉਹ ਸਿਰਫ਼ 3-4 ਵਾਰ ਐਪਸਟੀਨ ਨੂੰ ਮਿਲੇ ਸਨ ਅਤੇ ਐਪਸਟੀਨ ਨੇ ਖੁਦ ਉਨ੍ਹਾਂ ਨੂੰ ‘ਦੋਗਲਾ’ (two-faced) ਕਿਹਾ ਸੀ ਕਿਉਂਕਿ ਪੁਰੀ ਦੇ ਵਿਚਾਰ ਉਸ ਦੇ ਮੁਫ਼ਿਕ ਨਹੀਂ ਸਨ।
ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਕਰਦਿਆਂ ਪੁਰੀ ਨੇ ਕਿਹਾ ਕਿ ਰਾਹੁਲ ਨੇ ਇਸ ਵਾਰ ‘ਗਲਤ ਨੰਬਰ’ ਡਾਇਲ ਕਰ ਲਿਆ ਹੈ। ਉਨ੍ਹਾਂ ਦਲੀਲ ਦਿੱਤੀ ਕਿ ਇੱਕ ਡਿਪਲੋਮੈਟ ਵਜੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲੋਕਾਂ ਨਾਲ ਮਿਲਣਾ ਪੈਂਦਾ ਹੈ; ਜਿਵੇਂ ਕਿ ਉਨ੍ਹਾਂ ਨੇ ਇੱਕ ਵਾਰ ਅਤਿਵਾਦੀ ਪ੍ਰਭਾਕਰਨ ਨਾਲ ਵੀ ਗੱਲਬਾਤ ਕੀਤੀ ਸੀ, ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਉਸ ਦੇ ਵਿਚਾਰਾਂ ਨਾਲ ਸਹਿਮਤ ਸਨ।
ਪੁਰੀ ਨੇ ਰਾਹੁਲ ਦੇ ਪੁਰਾਣੇ ਕਿੱਸਿਆਂ, ਜਿਵੇਂ ਕਿ 2013 ਵਿੱਚ ਆਰਡੀਨੈਂਸ ਪਾੜਨਾ, ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਇਲਜ਼ਾਮਾਂ ਨੂੰ ਬਚਕਾਨਾ ਦੱਸਿਆ। ਉਨ੍ਹਾਂ ਕਿਹਾ ਕਿ ਐਪਸਟੀਨ ਉਸ ਸਮੇਂ ਨਿਊਯਾਰਕ ਸੁਸਾਇਟੀ ਦਾ ਅਹਿਮ ਹਿੱਸਾ ਸੀ ਅਤੇ ਉਨ੍ਹਾਂ ਦੀਆਂ ਮੁਲਾਕਾਤਾਂ ਸਿਰਫ਼ ਡਿਜੀਟਲ ਇੰਡੀਆ ਅਤੇ ਵਪਾਰਕ ਸਲਾਹ-ਮਸ਼ਵਰੇ ਤੱਕ ਹੀ ਸੀਮਤ ਸਨ।
Punjab Spectrum
You must be logged in to post a comment.