Breaking News

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੁੱਜੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ

ਹਸਨਪੁਰ ਤੇ ਬਰੋਲੀ ਪਿੰਡਾਂ ਦੀਆਂ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਪਾਣੀ ਤੇ ਹੋਰ ਮੁਸ਼ਕਿਲਾਂ ਦਾ ਮੌਕੇ ਤੇ ਹੀ ਸਮਾਂਬੱਧ ਨਿਪਟਾਰੇ ਦਾ ਐਲਾਨ
– ਖਰੜ ਹਲਕੇ ਵਿੱਚ 5000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੀ ਕੀਤੀ ਗਈ ਵੰਡ
– ਭਗਵੰਤ ਮਾਨ ਸਰਕਾਰ ਦਾ ਪਿੰਡਾਂ ਚ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ
-ਆਮ ਲੋਕਾਂ ਦੀ ਦਫ਼ਤਰੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਦਾ ਉਪਰਾਲਾ

ਕੁਰਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 18 ਫ਼ਰਵਰੀ, 2024: ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ, ਕਿਰਤ, ਮੇਜ਼ਬਾਨੀ ਤੇ ਨਿਵੇਸ਼ ਪ੍ਰੋਤਸਾਹਨ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਹਸਨਪੁਰ ਅਤੇ ਬਰੋਲੀ ਵਿਖੇ ਲਾਏ ਗਏ *ਆਪ ਦੀ ਸਰਕਾਰ ਆਪ ਦੇ ਦੁਆਰ* ਕੈਂਪਾਂ ਚ ਸ਼ਮੂਲੀਅਤ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਪਿੰਡਾਂ ਦੀਆਂ ਮੁਢਲੀਆਂ ਜ਼ਰੂਰਤਾਂ ਜਿਵੇਂ ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਦੀ ਉਪਲੱਬਧਤਾ ਅਤੇ ਫ਼ਿਰਨੀ ਦੀ ਸਮੱਸਿਆ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦਾ ਪਿੰਡਾਂ ਚ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਆਮ ਲੋਕਾਂ ਦੀ ਦਫ਼ਤਰੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਦਾ ਉਪਰਾਲਾ, ਆਮ ਲੋਕਾਂ ਦੇ ਬਹੁਤ ਰਾਸ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ, ਪੁਲਿਸ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਵਿਭਾਗ, ਸੇਵਾ ਕੇਂਦਰ, ਸਾਂਝ ਕੇਂਦਰ, ਕਿਰਤ ਵਿਭਾਗ, ਪਾਵਰਕਾਮ ਆਦਿ ਵਿਭਾਗ 43 ਸੇਵਾਵਾਂ ਮੁੱਹਈਆ ਕਰਵਾਉਂਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਦੇ ਕੱਟੇ ਹੋਏ ਸਮਾਰਟ ਰਾਸ਼ਨ ਕਾਰਡ ਬਹਾਲ ਕੀਤੇ ਗਏ ਹਨ, ਉਹ ਵੀ ਇਨ੍ਹਾਂ ਕੈਂਪਾਂ ਚ ਮੌਜੂਦ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੀਆਂ ਅਰਜ਼ੀਆਂ ਦੇ ਕੇ ਸਰਕਾਰ ਦੀ ਘਰ ਘਰ ਮੁਫ਼ਤ ਰਾਸ਼ਨ ਸਕੀਮ ਦਾ ਲਾਭ ਹਾਸਲ ਕਰਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੜ ਹਲਕੇ ਚ ਇਸ ਸਕੀਮ ਤਹਿਤ 5000 ਰਾਸ਼ਨ ਕਾਰਡ ਧਾਰਕਾਂ ਦੇ ਘਰਾਂ ਤੱਕ ਮੁਫ਼ਤ ਰਾਸ਼ਨ ਮੁੱਹਈਆ ਕਰਵਾਇਆ ਜਾ ਚੁੱਕਿਆ ਹੈ। ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਹੀ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਮੁੱਹਈਆ ਕਰਵਾਉਣਾ, ਉਨ੍ਹਾਂ ਦੀਆਂ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕਰਵਾਉਣਾ, ਪਿੰਡਾਂ ਨੂੰ ਦਰਪੇਸ਼ ਸਾਂਝੀਆਂ ਮੁਸ਼ਕਿਲਾਂ ਲਈ ਗਰਾਂਟ ਜਾਰੀ ਕਰਵਾਉਣਾ ਹੈ।