Breaking News

Moga – ਸਿੱਖ ਪਰਿਵਾਰ ਨੇ ਮੁਸਲਮਾਨਾਂ ਨੂੰ ਕਬਰਿਸਤਾਨ ਤੱਕ ਪਹੁੰਚ ਲਈ ਜ਼ਮੀਨ ਕੀਤੀ ਦਾਨ

Moga – ਸਿੱਖ ਪਰਿਵਾਰ ਨੇ ਮੁਸਲਮਾਨਾਂ ਨੂੰ ਕਬਰਿਸਤਾਨ ਤੱਕ ਪਹੁੰਚ ਲਈ ਜ਼ਮੀਨ ਕੀਤੀ ਦਾਨ

ਮੋਗਾ ਜ਼ਿਲ੍ਹੇ ਦੇ ਮਹਿਣਾ ਪਿੰਡ ਦੇ ਸਿੱਖ ਪਰਿਵਾਰ ਨੇ ਪਿੰਡ ‘ਚ ਕਬਰਿਸਤਾਨ ਵਾਸਤੇ ਜ਼ਮੀਨ ਦਾਨ ਕਰਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਪਿਛਲੇ ਲਗਭਗ ਸੱਤ ਦਹਾਕਿਆਂ ਤੋਂ ਪਿੰਡ ਦੇ ਕਬਰਿਸਤਾਨ ਨੂੰ ਜਾਣ ਦਾ ਕੋਈ ਰਾਹ ਨਹੀਂ ਸੀ।

ਰਾਹ ਨਾ ਹੋਣ ਕਰਕੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਨੂੰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਦਫ਼ਨਾਉਣ ਵਾਸਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਮ੍ਰਿਤਕਾਂ ਨੂੰ ਕਬਰਿਸਤਾਨ ਵਿੱਚ ਲੈਕੇ ਜਾਣ ਲਈ ਮੁਸਲਮਾਨ ਭਾਈਚਾਰੇ ਨੂੰ ਖੜ੍ਹੀਆਂ ਫਸਲਾਂ ਅਤੇ ਖੇਤਾਂ ਵਿੱਚ ਖੜ੍ਹੇ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ। ਖੇਤਾਂ ਵਿੱਚੋਂ ਲੰਘਣ ਤੋਂ ਪਹਿਲਾਂ ਜ਼ਮੀਨ ਮਾਲਕਾਂ ਦੀ ਆਗਿਆ ਵੀ ਲੈਣੀ ਪੈਂਦੀ ਸੀ।

ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਮੁਤਾਬਕ, ਉਹ ਕਬਰਿਸਤਾਨ ਨੂੰ ਜ਼ਮੀਨ ਦਾਨ ਕਰਨ ਸਬੰਧੀ ਜਲਦ ਹੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਰਸਤੇ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦੇਣਗੇ।

ਕਬਰਿਸਤਾਨ ਦੇ ਨਾਲ ਲੱਗਦੀ ਜ਼ਮੀਨ ਦੀ ਮਾਲਕੀਅਤ ਜਗਦੀਸ਼ ਸਿੰਘ ਅਤੇ ਉਨ੍ਹਾਂ ਦੇ ਭਤੀਜੇ ਸ਼ਮਸ਼ੇਰ ਸਿੰਘ ਅਤੇ ਰਾਜਵਿੰਦਰ ਸਿੰਘ ਕੋਲ ਸੀ। ਇਹ ਸਿੱਖ ਪਰਿਵਾਰ ਇਸ ਜ਼ਮੀਨ ਵਿੱਚ ਖੇਤੀ ਕਰਦਾ ਹੈ।

ਜਗਦੀਸ਼ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਗਿੱਲ ਕਹਿੰਦੇ ਹਨ, “ਕਬਰਿਸਤਾਨ ਦੇ ਰਸਤੇ ਵਾਸਤੇ ਜਿੰਨੀ ਵੀ ਜ਼ਮੀਨ ਦੀ ਲੋੜ ਹੈ, ਉਹ ਅਸੀਂ ਦਾਨ ਕਰ ਦਿੱਤੀ ਹੈ।”

ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਕਹਿੰਦੇ ਹਨ ਕਿ ਉਨ੍ਹਾਂ ਦੇ ਧਿਆਨ ‘ਚ ਇਹ ਮਸਲਾ ਬੀਬੀਸੀ ਪੰਜਾਬੀ ਦੀ ਖ਼ਬਰ ਜ਼ਰੀਏ ਆਇਆ ਸੀ।

“ਜਦੋਂ ਮੈਨੂੰ ਪਤਾ ਲੱਗਾ ਕਿ ਪਿੰਡ ਦੇ ਕਬਰਿਸਤਾਨ ਵਾਸਤੇ ਕੋਈ ਰਸਤਾ ਨਹੀਂ ਹੈ ਤਾਂ ਮੈਂ ਤੁਰੰਤ ਪਿੰਡ ਦਾ ਮਾਲੀਆ ਰਿਕਾਰਡ ਚੈੱਕ ਕੀਤਾ। ਰਿਕਾਰਡ ਮੁਤਾਬਕ ਕਬਰਿਸਤਾਨ ਵਾਸਤੇ ਕੋਈ ਰਸਤਾ ਨਹੀਂ ਸੀ।”

“ਮੈਂ ਕਬਰਿਸਤਾਨ ਨੂੰ ਰਸਤਾ ਦਿਵਾਉਣਾ ਚਾਹੁੰਦਾ ਸੀ। ਚਾਹੇ ਉਹ ਕਿਸਾਨਾਂ ਤੋਂ ਜ਼ਮੀਨ ਖ਼ਰੀਦਕੇ ਜਾ ਜ਼ਮੀਨ ਦਾ ਤਬਾਦਲਾ ਕਰਵਾਕੇ। ਇਸ ਲਈ ਪਹਿਲਾਂ ਮੈਂ ਮੁਸਲਿਮ ਭਾਈਚਾਰੇ ਨੂੰ ਆਪਣੇ ਨਾਲ ਲਿਆ।”