Ludhiana – 9 ਸਾਲਾ ਬੱਚੇ ਦਾ ਕਾ+ਤਲ ਪਹਿਲਾਂ ਵੀ ਜਬਰ-ਜਨਾਹ ਮਾਮਲੇ ’ਚ ਦੋਸ਼ੀ
ਲੁਧਿਆਣਾ: 9 ਸਾਲਾ ਬੱਚੇ ਦਾ ਕਾਤਲ ਪਹਿਲਾਂ ਵੀ ਜਬਰ-ਜਨਾਹ ਮਾਮਲੇ ’ਚ ਦੋਸ਼ੀ
7 ਸਾਲਾ ਬੱਚੀ ਨਾਲ ਜਬਰ-ਜਨਾਹ ਮਾਮਲੇ ’ਚ ਸੁਣਾਈ ਸੀ 20 ਸਾਲ ਕੈਦ ਦੀ ਸਜ਼ਾ
ਬੀਤੇ ਦਿਨੀ ਲੁਧਿਆਣਾ ’ਚ 9 ਸਾਲਾ ਅਮਨ ਦੇ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ’ਚ ਪੁਲੀਸ ਨੇ ਵੱਡਾ ਖੁਲਾਸਾ ਕੀਤਾ ਹੈ। ਜਾਣਕਾਰੀ ਮੁਤਾਬਕ ਪਛਾਣ ਕੀਤੇ ਗਏ ਮੁਲਜ਼ਮ ਦਾ ਅਪਰਾਧਿਕ ਪਿਛੋਕੜ ਵੀ ਹੈ।
ਪੁਲੀਸ ਅਨੁਸਾਰ ਮੁਲਜ਼ਮ ਉਸ ਇਲਾਕੇ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਗਿਆ ਸੀ ਜਿੱਥੇ ਅਮਨ ਖੇਡ ਰਿਹਾ ਸੀ। ਫੁਟੇਜ ਵਿੱਚ ਸ਼ੱਕੀ ਵਿਅਕਤੀ ਬੱਚੇ ਨੂੰ ਆਪਣੇ ਨਾਲ ਲੈ ਕੇ ਜਾਂਦਾ ਦਿਖਾਈ ਦਿੱਤਾ। ਇਸ ਵੀਡੀਓ ਸਬੂਤ ਦੇ ਆਧਾਰ ‘ਤੇ ਪੁਲੀਸ ਮੁਲਜ਼ਮ ਦੀ ਪਛਾਣ ਕਰਨ ਵਿੱਚ ਕਾਮਯਾਬ ਰਹੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਸਾਲ 2020 ਵਿੱਚ ਇੱਕ ਸੱਤ ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿੱਚ ਜੋਧੇਵਾਲ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲ ਹੀ ਵਿੱਚ, ਸਿਵਲ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲਿਜਾਣ ਸਮੇਂ ਮੁਲਜ਼ਮ ਉਹ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ ਤੇ ਉਦੋਂ ਤੋਂ ਹੀ ਉਹ ਫ਼ਰਾਰ ਹੈ।
ਦੂਜੇ ਪਾਸੇ, ਪੀੜਤ ਪਰਿਵਾਰ ਨੇ ਸਲੇਮ ਟਾਬਰੀ ਪੁਲੀਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇੱਕ ਪੁਲੀਸ ਮੁਲਾਜ਼ਮ ਵੱਲੋਂ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਅਤੇ ਪੁਲੀਸ ‘ਤੇ ਪਛਾਣ ਹੋਣ ਦੇ ਬਾਵਜੂਦ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਹਾਲਾਂਕਿ, ਏਸੀਪੀ (ACP) ਕਿੱਕਰ ਸਿੰਘ ਨੇ ਦੁਰਵਿਵਹਾਰ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਸ਼ੱਕੀ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।
Punjab Spectrum