ਖਡੂਰ ਸਾਹਿਬ: ਤੂਫਾਨ ਝੁਲ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ।
ਖਡੂਰ ਸਾਹਿਬ: ਜਿੱਥੇ ਆਪ ਮੁਹਾਰੇ ਰੋਡ ਸ਼ੋਅ ਨਿਕਲ ਰਹੇ ਹਨ।
ਖਡੂਰ ਸਾਹਿਬ :ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਦੇ ਪ੍ਰਚਾਰ ਨਾਲ ਮਾਹੌਲ ਨੂੰ ਨਵਾਂ ਬਲ ਮਿਲਿਆ।
ਖਡੂਰ ਸਾਹਿਬ: ਜਿੱਥੇ ਬੀਬੀਆਂ ਤੇ ਨੌਜਵਾਨ ਸਮੁੱਚੀ ਲਹਿਰ ਦਾ ਵੱਡਾ ਥੰਮ ਹਨ।
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਕਹਿੰਦੇ ਹਨ ਕਿ ਸੁਣਨ ਤੇ ਵੇਖਣ ਵਿੱਚ ਬਹੁਤ ਫਰਕ ਹੁੰਦਾ ਹੈ,ਪਰ ਖਡੂਰ ਸਾਹਿਬ ਦੀ ਸੀਟ ਬਾਰੇ ਹੋ ਰਹੀਆਂ ਭਵਿੱਖਬਾਣੀਆਂ ਬਾਰੇ ਜੋ ਜੋ ਸੱਚ ਸੁਣਿਆ, ਉਸ ਤੋਂ ਕਈ ਗੁਣਾ ਅੱਜ ਅੱਖਾਂ ਨਾਲ ਵੇਖਿਆ। ਸੁਣਦੇ ਸਾਂ ਕਿ ਇਸ ਸੀਟ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹਨੇਰੀ ਵਗ ਰਹੀ ਹੈ,ਪਰ ਜਦੋਂ ਜਾ ਕੇ ਵੇਖਿਆ,ਤੁਰ ਫਿਰ ਕੇ ਵੇਖਿਆ, ਲੋਕਾਂ ਦੇ ਚਿਹਰਿਆਂ ਨੂੰ ਅਤੇ ਖਾਸ ਕਰਕੇ ਬੀਬੀਆਂ ਤੇ ਨੌਜਵਾਨਾਂ ਦੇ ਚਿਹਰਿਆਂ ਨੂੰ ਪੜਿਆ, ਘੁਮਾ ਫਿਰਾ ਕੇ ਗੱਲਾਂ ਕੀਤੀਆਂ,ਮਨਾਂ ਨੂੰ ਧੁਰ ਅੰਦਰ ਟੋਹਣ ਦੀ ਕੋਸ਼ਿਸ਼ ਕੀਤੀ ਤਾਂ ਸੱਚ ਜਾਣਿਓ,ਇਹੋ ਮਹਿਸੂਸ ਹੋਇਆ ਕਿ ਇਸ ਸੀਟ ਉੱਤੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹਨੇਰੀ ਨਹੀਂ ਸਗੋਂ ਇੱਕ ਵੱਡਾ ਤੂਫਾਨ ਝੁੱਲ ਰਿਹਾ ਹੈ।
ਮੈਂ ਇਹ ਕਹਿਣਾ ਤਾਂ ਵਾਜਿਬ ਨਹੀਂ ਸਮਝਦਾ ਕਿ ਅੰਮ੍ਰਿਤਪਾਲ ਸਿੰਘ ਕਿੰਨੀਆਂ ਵੋਟਾਂ ਲੈ ਕੇ ਜਿੱਤੇਗਾ,ਪਰ ਇਨੀ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਅੰਮ੍ਰਿਤਪਾਲ ਸਿੰਘ ਤੋਂ ਪਿੱਛੋਂ ਦੂਜੇ ਨੰਬਰ ਉੱਤੇ ਰਹਿਣ ਵਾਲਾ ਉਮੀਦਵਾਰ ਅੰਮ੍ਰਿਤਪਾਲ ਤੋਂ ਇਨਾ ਪਿੱਛੇ ਹੋਵੇਗਾ,ਇਨਾ ਪਿੱਛੇ ਹੋ ਸਕਦਾ ਹੈ ਕਿ ਤੁਸੀਂ ਹੈਰਾਨ ਹੀ ਹੋ ਸਕਦੇ ਹੋ। ਇਹ ਵੀ ਹੋ ਸਕਦਾ ਹੈ ਕਿ ਚਾਰ ਜੂਨ ਵਾਲੇ ਦਿਨ 1989 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਯਾਦ ਇੱਕ ਵਾਰ ਮੁੜ ਤਾਜ਼ਾ ਹੋ ਜਾਵੇ,ਜਦੋਂ ਉਹ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦੇ ਮਾਮਲੇ ਵਿੱਚ ਮੁਲਕ ਵਿੱਚ ਦੂਜੇ ਨੰਬਰ ਉੱਤੇ ਰਹੇ ਸਨ।
ਤੁਸੀਂ ਦੂਰ ਦੂਰ ਤੱਕ ਫੈਲੀ ਇਸ ਸੀਟ ਦੇ ਸਾਰੇ ਹਲਕਿਆਂ ਤੱਕ ਇਕ ਦਿਨ ਵਿੱਚ ਭਾਵੇਂ ਪਹੁੰਚ ਨਹੀਂ ਕਰ ਸਕਦੇ ਅਤੇ ਕੋਈ ਵੀ ਇਹੋ ਜਿਹਾ ਦਾਅਵਾ ਕਰ ਵੀ ਨਹੀਂ ਸਕਦਾ,ਪਰ 50 ਸਾਲ ਤੋਂ ਵੀ ਉੱਪਰ ਪੱਤਰਕਾਰੀ ਦੇ ਖੇਤਰ ਵਿੱਚ ਵਿਚਰਦਿਆਂ ਹਾਸਲ ਕੀਤੇ ਤਜਰਬੇ ਅਤੇ ਅਨੁਭਵ ਦੇ ਆਧਾਰ ਉੱਤੇ ਇਹ ਕਹਾਵਤ ਸੁਣਾਉਣ ਨੂੰ ਦਿਲ ਕਰਦਾ ਹੈ ਕਿ ਤੇਲ ਅਤੇ ਸੱਚ ਓੜਕ ਨੂੰ ਉੱਪਰ ਆ ਹੀ ਜਾਂਦੇ ਹਨ ।ਖਡੂਰ ਸਾਹਿਬ ਦਾ ਸੱਚ ਹੁਣ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹੀ ਗਵਾਹੀ ਦੇ ਰਿਹਾ ਹੈ ।
ਮੇਰਾ ਲੰਮਾ ਤਜਰਬਾ ਇਹ ਵੀ ਦੱਸਦਾ ਹੈ ਕਿ ਜਦੋਂ ਕਿਸੇ ਹਲਕੇ ਵਿੱਚ ਲਹਿਰ ਚੱਲ ਰਹੀ ਹੋਵੇ ਤਾਂ ਉਸ ਹਲਕੇ ਦੇ ਬਹੁਤੇ ਲੋਕ ਵੋਕਲ ਹੁੰਦੇ ਹਨ ਜਾਂ ਇਉਂ ਕਹਿ ਲਵੋ ਕਿ ਉਹ ਅੰਦਰੋਂ ਬਾਹਰੋਂ ਇੱਕ ਹੁੰਦੇ ਹਨ,ਢਿੱਡ ਦੀ ਗੱਲ ਲਕੋ ਕੇ ਨਹੀਂ ਰੱਖਦੇ। ਇਹੋ ਜਿਹੀ ਹਾਲਤ ਬੁਝਣ ਲਈ ਮਨੋਵਿਗਿਆਨ ਦੇ ਮਾਪਦੰਡ ਅਤੇ ਦੁਨਿਆਵੀ ਅਕਲਾਂ ਵਰਤਣ ਦੀ ਵੀ ਕੋਈ ਬਹੁਤੀ ਲੋੜ ਨਹੀਂ ਹੁੰਦੀ। ਖਡੂਰ ਸਾਹਿਬ ਦੇ ਵੋਟਰ ਅਤੇ ਖਾਸ ਕਰਕੇ ਨੌਜਵਾਨ ਖੁੱਲੇਆਮ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲ ਹੀ ਨਹੀਂ ਰਹੇ ਸਗੋਂ ਆਪ ਮੁਹਾਰੇ ਪ੍ਰਚਾਰ ਵੀ ਕਰ ਰਹੇ ਹਨ ਅਤੇ ਕਰ ਵੀ ਰਹੇ ਹਨ ਪੂਰੇ ਜ਼ਾਬਤੇ ਤੇ ਅਨੁਸ਼ਾਸਨ ਵਿੱਚ ਰਹਿ ਕੇ। ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਬੁੱਢੇ ਪੰਛੀਆਂ ਨੂੰ ਨਵੇਂ ਜਾਲ ਨਾਲ ਫੜਨਾ ਮੁਸ਼ਕਲ ਹੁੰਦਾ ਹੈ,ਇਵੇਂ ਹੀ ਬਜ਼ੁਰਗ ਥੋੜੀ ਕੀਤਿਆਂ ਆਪਣੇ ਮਨ ਦੀ ਗੱਲ ਖੁੱਲੇ ਆਮ ਅਤੇ ਖਾਸ ਕਰਕੇ ਪੱਤਰਕਾਰਾਂ ਅੱਗੇ ਤਾਂ ਬਹੁਤ ਹੀ ਘੱਟ ਕਰਦੇ ਹਨ।ਪਰ ਇੱਥੇ ਹਾਲਤ ਇਹ ਬਣੀ ਹੋਈ ਹੈ ਕਿ ਬਜ਼ੁਰਗ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲਣ ਤੋਂ ਕੋਈ ਝਿਜਕ ਨਹੀਂ ਵਿਖਾਉਂਦੇ।
ਭਾਵੇਂ ਅਸੀਂ ਸਾਰੇ ਸਫਰ ਦੌਰਾਨ ਥਾਂ ਥਾਂ ਰੁਕਦੇ ਰਹੇ ਤਾਂ ਜੋ ਲੋਕਾਂ ਦੇ ਰੌਂਅ ਨੂੰ ਜਾਣ ਸਕੀਏ ਕਿ ਅੱਧੇ ਸੱਚ ਤੇ ਪੂਰੇ ਸੱਚ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਪਰ ਕਈ ਥਾਵਾਂ ਉੱਤੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਸੱਚ ਅੱਗ ਵਾਂਗ ਬਾਹਰ ਆ ਜਾਂਦਾ ਹੈ ਜਿਸ ਨੂੰ ਸੁੱਕੇ ਪੱਤਿਆਂ ਹੇਠ ਲੁਕਾਇਆ ਨਹੀਂ ਜਾ ਸਕਦਾ। ਵੈਸੇ ਸੱਚ ਉਹੀ ਨਹੀਂ ਹੁੰਦਾ ਜੋ ਤੁਸੀਂ ਸੁਣਨਾ ਪਸੰਦ ਕਰਦੇ ਹੋ ਇਸ ਲਈ ਕਪੂਰਥਲੇ ਦੇ ਬਹੁਤੇ ਦੁਕਾਨਦਾਰਾਂ ਦੀ ਚੁੱਪ ਦੱਸਦੀ ਸੀ ਕਿ ਉਹ ਕਿਸੇ ਹੋਰ ਉਮੀਦਵਾਰ ਦੇ ਹੱਕ ਵਿੱਚ ਹਨ।ਪਰ ਉਝ ਇਸ ਸ਼ਹਿਰ ਵਿੱਚ ਸਿੱਖ ਥੋਕ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਨਜ਼ਰ ਆਏ।ਕੁਝ ਥਾਵਾਂ ਤੇ ਉਸ ਨੂੰ ਬਾਬਾ ਵੀ ਕਹਿੰਦੇ ਹਨ ।ਲੇਕਿਨ ਬਾਬਾ ਬਕਾਲਾ ਤੇ ਹੋਰ ਕਈ ਥਾਵਾਂ ਤੇ ਹਿੰਦੂ ਬਰਾਦਰੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਖਲੋਤੀ ਨਜ਼ਰ ਆਈ।
ਵੈਸੇ ਮੇਰੀ ਸਲਾਹ ਵੀ ਹੈ ਤੇ ਬੇਨਤੀ ਵੀ ਹੈ ਕਿ ਖਡੂਰ ਸਾਹਿਬ ਦੀ ਧਰਤੀ ਦਾ ਗੇੜਾ ਜ਼ਰੂਰ ਕੱਢਿਆ ਜਾਵੇ।ਇਥੇ ਤੁਹਾਨੂੰ ਨਵੇਂ ਤਜਰਬੇ,ਨਵੇਂ ਅਨੁਭਵ ਅਤੇ ਸੱਜਰੇ ਸ਼ੌਕ ਹਾਸਲ ਹੋਣਗੇ। ਮਝੈਲ ਬਰਾਦਰੀ ਦਾ ਵੱਖਰਾ ਕਲਚਰ, ਨਿਵੇਕਲਾ ਤੇ ਮਿਲਾਪੜਾ ਸੁਭਾਅ,ਖੁਲੀਡੁਲੀ ਬੋਲੀ ਵਲ ਤੁਸੀਂ ਸਹਿਜ ਸੁਭਾਅ ਹੀ ਖਿੱਚੇ ਤੁਰੇ ਆਉਂਦੇ ਹੋ। ਇਸ ਧਰਤੀ ਤੋਂ ਇੱਕ ਇਹੋ ਜਿਹਾ ਨੌਜਵਾਨ ਉਭਰ ਕੇ ਸਾਹਮਣੇ ਆਇਆ ਹੈ ਜੋ ਆਪ ਪੰਜਾਬ ਤੋਂ ਸੈਂਕੜੇ ਕਿਲੋਮੀਟਰ ਦੂਰ ਆਪਣੇ ਸਾਥੀਆਂ ਸਮੇਤ ਜੇਲ ਵਿੱਚ ਨਜ਼ਰਬੰਦ ਹੈ, ਪਰ ਇੱਥੇ ਉਸ ਦੀ ਰੂਹ ਨੇ ਸਾਰੇ ਖਡੂਰ ਸਾਹਿਬ ਹਲਕੇ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਜਲੂਪੁਰ ਖੇੜੇ ਦੀਆਂ ਰੌਣਕਾਂ ਮੁੜ ਪਰਤ ਆਈਆਂ ਹਨ। ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਸਮੁੱਚੀ ਹਾਲਤ ਦਾ ਸਾਨੂੰ ਵੇਰਵਾ ਦਿੱਤਾ। ਅਗਲੇ ਲੇਖਾਂ ਵਿੱਚ ਆਪਣੇ ਵਿਸ਼ਲੇਸ਼ਣ ਦੇ ਹੋਰ ਵੇਰਵੇ ਦੇਣ ਦਾ ਯਤਨ ਕਰਾਂਗਾ।ਖਡੂਰ ਸਾਹਿਬ ਹਲਕੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਦੋ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈ।
ਇਕ ਪ੍ਰਚਾਰ ਤਾਂ ਉਹ ਹੈ ਜੋ ਬਕਾਇਦਾ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਹੈ ਜਿਸ ਨੂੰ ਮਾਤਾ ਜੀ,ਚਾਚਾ ਸੁਖਚੈਨ ਸਿੰਘ,ਪਿਤਾ ਤਰਸੇਮ ਸਿੰਘ, ਸ਼ਹੀਦ ਜਿੰਦੇ ਦੀ ਭੈਣ ਹਰਜਿੰਦਰ ਕੌਰ, ਪਪਲਪ੍ਰੀਤ ਸਿੰਘ ਦੇ ਮਾਤਾ ਤੇ ਹੋਰ ਨਜ਼ਰਬੰਦ ਵੀਰਾਂ ਦੇ ਰਿਸ਼ਤੇਦਾਰ ਚਲਾ ਰਹੇ ਹਨ। ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਪ੍ਰਚਾਰ ਨਾਲ ਸਮੁੱਚੇ ਮਾਹੌਲ ਨੂੰ ਇੱਕ ਨਵਾਂ ਬਲ,ਇੱਕ ਨਵਾਂ ਉਤਸ਼ਾਹ ਮਿਲਿਆ ਹੈ,ਪਰ ਇੱਕ ਹੋਰ ਪ੍ਰਚਾਰ ਆਪ ਮੁਹਾਰੇ ਚੱਲ ਰਿਹਾ ਹੈ ਅਤੇ ਚਲ ਵੀ ਰਿਹਾ ਹੈ ਪੂਰੇ ਡਸਿਪਲਨ ਵਿੱਚ। ਕਿਤੇ ਆਪ ਹੀ ਨੌਜਵਾਨ ਟਰੈਕਟਰ ਮਾਰਚ ਕੱਢ ਰਹੇ ਹਨ,ਕਿਤੇ ਚਾਰ ਚਾਰ ਪੰਜ ਪੰਜ ਪਿੰਡਾਂ ਦੇ ਮੁੰਡੇ ਇਕੱਠੇ ਹੋ ਕੇ ਨਿੱਕੇ ਨਿੱਕੇ ਰੋਡ ਮਾਰਚ ਕੱਢ ਰਹੇ ਹਨ। ਕਰੀਬ 1400 ਪਿੰਡਾਂ ਵਿੱਚ 90% ਦੇ ਕਰੀਬ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਪਹੁੰਚ ਚੁੱਕਾ ਹੈ।
ਬੂਥਾਂ ਉੱਤੇ ਨੌਜਵਾਨਾਂ ਦੀਆਂ ਡਿਊਟੀਆਂ ਵੀ ਕਰੀਬ ਕਰੀਬ ਲੱਗ ਚੁੱਕੀਆਂ ਹਨ। ਕੁਝ ਨੌਜਵਾਨ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਕ ਜੂਨ ਵਾਲੇ ਦਿਨ 75 ਤੋਂ ਲੈ ਕੇ 80 ਫੀਸਦੀ ਤੱਕ ਵੋਟਾਂ ਭੁਗਤਣਗੀਆਂ। ਅੱਜ ਛਜਲਵਿੰਡੀ ਪਿੰਡ ਦੇ ਇੱਕ ਨੌਜਵਾਨ ਸਰਦਾਰ ਨਵਤੇਜ ਸਿੰਘ ਨੇ ਜਦੋਂ ਇਸ ਆਪ ਮੁਹਾਰੇ ਹੋ ਰਹੇ ਪ੍ਰਚਾਰ ਦੇ ਕਈ ਵਨ ਸਵੰਨੇ ਰੰਗਾਂ ਦਾ ਜ਼ਿਕਰ ਕੀਤਾ ਤਾਂ ਇਹ ਪਤਾ ਲੱਗਾ ਕਿ ਹਰ ਹਲਕੇ ਵਿੱਚ ਹਜ਼ਾਰਾਂ ਵੋਟਾਂ ਤਾਂ ਅੰਮ੍ਰਿਤਪਾਲ ਸਿੰਘ ਦੀ ਸ਼ਖਸ਼ੀਅਤ ਦੀ ਖਿੱਚ ਕਾਰਨ ਵੀ ਪੈਣਗੀਆਂ।ਕਈ ਬੀਬੀਆਂ ਨੇ ਦੱਸਿਆ ਕਿ ਉਹਨਾਂ ਨੇ ਇਥੋਂ ਤੱਕ ਨਾ ਕਦੇ ਸਰਪੰਚੀ ਲਈ ਅਤੇ ਨਾ ਕਦੇ ਅਸੈਂਬਲੀ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਕੀਤੀ ਹੈ,ਪਰ ਇਸ ਵਾਰ ਉਹ ਅੰਮ੍ਰਿਤਪਾਲ ਸਿੰਘ ਨੂੰ ਵੋਟ ਦੇ ਰਹੀਆਂ ਹਨ ਕਿਉਂਕਿ ਨਸ਼ਿਆਂ ਵਿੱਚ ਬਰਬਾਦ ਹੋ ਰਹੇ ਸਾਡੇ ਮੁੰਡੇ ਉਸੇ ਨੇ ਹੀ ਬਚਾਏ ਹਨ।
ਕੀ ਇਹ ਚਮਤਕਾਰ ਨਹੀਂ ਕਿ ਇੱਕ ਇਹੋ ਜਿਹਾ ਨੌਜਵਾਨ ਪੰਜਾਬ ਦੀ ਧਰਤੀ ਤੇ ਚਮਕਿਆ ਹੈ,ਜਿਸ ਦੀ ਕੋਈ ਆਪਣੀ ਰਾਜਸੀ ਪਾਰਟੀ ਵੀ ਨਹੀਂ, ਜਿਸ ਕੋਲ ਕੋਈ ਮਾਇਕ ਸਾਧਨ ਵੀ ਨਹੀਂ,ਜਿਸ ਕੋਲ ਵਾਅਦਿਆਂ ਦੀਆਂ ਪੰਡਾਂ ਵੀ ਨਹੀਂ,ਨਾ ਕੋਈ ਲੰਮਾ ਚੌੜਾ ਮੈਨੀਫੈਸਟੋ ਹੈ,ਨਾ ਪ੍ਰਚਾਰ ਦੇ ਵੱਡੇ ਵੱਡੇ ਇਸ਼ਤਿਆਰ,ਨਾ ਹੀ ਮੀਡੀਆ ਦੀਆਂ ਹਮਦਰਦੀਆਂ ਅਤੇ ਨਾ ਹੀ ਕਾਰਾਂ,ਗੱਡੀਆਂ ਦੇ ਲੰਮੇ ਲੰਮੇ ਕਾਫਲੇ ਹਨ।ਪਰ ਜੇ ਉਸ ਦੇ ਨਾਲ ਉਸ ਦਾ ਕੋਈ ਸਦੀਵੀ ਹਮ ਸਫਰ ਹੈ ਤਾਂ ਉਹ ਹੈ ਪੰਥ,ਪੰਥ ਦੀ ਰੂਹ, ਪੰਥ ਦਾ ਆਸਰਾ,ਪੰਥ ਦਾ ਜ਼ੋਰ ਜੋ ਤਮਾਮ ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਦੀਆਂ ਤਾਕਤਾਂ ਤੋਂ ਵੀ ਕਿਤੇ ਵੱਧ ਤਾਕਤਵਰ ਅਤੇ ਕਿਤੇ ਵੱਧ ਜੋਰਾਵਰ ਹੈ। ਇਸੇ ਤਾਕਤ ਨੇ ਉਸ ਨੂੰ ਅਤੇ ਸਾਥੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਹੋਇਆ ਹੈ ਅਤੇ ਇਸੇ ਤਾਕਤ ਨੂੰ ਅੰਮ੍ਰਿਤਪਾਲ ਨੇ ਸਭ ਤੋਂ ਵੱਧ ਪਛਾਣਿਆ ਅਤੇ ਇਸੇ ਤਾਕਤ ਨਾਲ ਉਹ ਨੌਜਵਾਨਾਂ ਵਿੱਚ ਹਰਮਨ ਪਿਆਰਾ ਹੋ ਨਿਬੜਿਆ।