+ ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ ਸਾਡੇ ਤਖਤ ਨੂੰ ਘੇਰਾ ਪਾ ਲਿਆ ਏ।
+ਸਿੱਖਾਂ ਨੇ ਦਿਲ ਉੱਤੇ ਲਿਖ ਲਈ ਪਹਿਲੀ ਜੂਨ 84।
+ਜ਼ਖ਼ਮ ਵੋ ਦੀਆ ਜੋ ਭਰਤਾ ਨਹੀਂ।
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ
ਪਹਿਲੀ ਜੂਨ 1984 ਨੂੰ ਭਾਰਤੀ ਫੌਜ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਸੀ।ਪਹਿਲੀ ਜੂਨ ਨੂੰ ਹੀ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹੀਦੀ ਹੋਈ ਜਿੱਥੇ ਉਹਨਾਂ ਦੇ ਸਾਥੀਆਂ ਨੇ ਬਾਬਾ ਅਟੱਲ ਦੀ ਇਮਾਰਤ ਉੱਤੇ ਮੋਰਚਾ ਕਾਇਮ ਕੀਤਾ ਸੀ।ਸੋ ਇੱਕ ਤਰ੍ਹਾਂ ਨਾਲ ਇਸੇ ਦਿਨ ਤੋਂ ਹਿੰਦ- ਪੰਜਾਬ ਦੀ ਜੰਗ ਸ਼ੁਰੂ ਹੋ ਗਈ ਸੀ।
ਭਾਵੇਂ ਇਹ ਜੰਗ ਸੱਤ-ਅਠ ਜੂਨ ਨੂੰ ਖਤਮ ਹੋ ਗਈ ਸੀ,ਪਰ ਫੌਜ ਦੇ ਜ਼ੁਲਮਾਂ ਦੀ ਕਹਾਣੀ ਜੂਨ ਦਾ ਸਾਰਾ ਮਹੀਨਾ ਹੀ ਵੱਖ ਵੱਖ ਰੂਪਾਂ ਵਿੱਚ ਚਲਦੀ ਰਹੀ ਸੀ।
ਇਸ ਦਰਦਨਾਕ ਸਾਕੇ ਨੂੰ ਖਾਲਸਾ ਪੰਥ ਨੇ ਤੀਜੇ ਘਲੂਕਾਰੇ ਦਾ ਨਾਂ ਦਿੱਤਾ ਹੈ ਜਦਕਿ ਫੌਜ ਨੇ ਆਪਣੇ ਗੁਪਤ ਕੋਡ ਰਾਹੀਂ ਇਸ ਨੂੰ ਅਪਰੇਸ਼ਨ ਬਲੂ ਸਟਾਰ ਕਿਹਾ ਸੀ।ਫੌਜ ਦੇ ਹਮਲੇ ਮਗਰੋਂ ਬਹੁਤ ਸਾਰੀਆਂ ਕਵਿਤਾਵਾਂ, ਲੇਖ,ਨਾਵਲ ਅਤੇ ਕਿਤਾਬਾਂ ਲਿਖੀਆਂ ਗਈਆਂ ਹਨ।ਉਹਨਾਂ ਬਾਰੇ ਮੁਕੰਮਲ ਜਾਣਕਾਰੀ ਜੇ ਇੱਕ ਥਾਂ ਉੱਤੇ ਇਕੱਠੀ ਹੋ ਜਾਵੇ ਤਾਂ ਉਹ ਦਰਜਨਾਂ ਜਿਲਦਾਂ(volumes) ਬਣ ਸਕਦੀਆਂ ਹਨ, ਜਿਨਾਂ ਨੂੰ ਪੜ ਕੇ ਸਾਡੀ ਵਰਤਮਾਨ ਪੀੜੀ ਤੇ ਅਗਲੀਆਂ ਪੀੜੀਆਂ,ਖੋਜੀ ਵਿਦਿਆਰਥੀ ਤੇ ਵਿਦਵਾਨਾਂ ਨੂੰ ਨਵੀਂ ਜਾਗ ਲੱਗੇਗੀ ਅਤੇ ਇਸ ਜਾਗ ਨਾਲ ਉਹ ਆਪਣੇ ਅਤੀਤ,ਵਰਤਮਾਨ ਅਤੇ ਭਵਿੱਖ ਨੂੰ ਮੌਲਕ ਸੇਧ ਦੇ ਸਕਣਗੇ ਅਤੇ ਨਵੇਂ ਨਜ਼ਰੀਏ ਤੋਂ ਵੀ ਇਸ ਵਰਤਾਰੇ ਨੂੰ ਵੇਖਣਗੇ।
ਇਕ ਵੱਖਰੀ ਪੁਸਤਕ ਸੂਚੀ(bibliography)ਵੀ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਜੋ ਧਰਮ ਯੁੱਧ ਤੋਂ ਪਿੱਛੋਂ ਵਾਪਰੇ ਤੀਜੇ ਘੱਲੂਘਾਰੇ ਤੇ ਜੁਝਾਰੂ ਲਹਿਰ ਨਾਲ ਸੰਬੰਧਿਤ ਜਾਣਕਾਰੀ ਦੀ ਇੱਕ ਮੁਕੰਮਲ ਸੂਚੀ ਤਿਆਰ ਕੀਤੀ ਜਾ ਸਕੇ ।ਛਪੀਆਂ ਕਵਿਤਾਵਾਂ ਵੀ ਇਕ ਜਗ੍ਹਾ ਤੇ ਇਕੱਠੀਆਂ ਕਰਕੇ ਉਹਨਾਂ ਨੂੰ ਇੱਕ ਮੁਕੰਮਲ ਪੁਸਤਕ ਦਾ ਰੂਪ ਦਿੱਤਾ ਜਾਣਾ ਚਾਹੀਦਾ ਹੈ।
ਪਰ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਉਹ ਹੀ ਬਣੇਗੀ ਜਿਸ ਵਿੱਚ ਉਹਨਾਂ ਬਜ਼ੁਰਗਾਂ ਤੇ ਮਾਤਾਵਾਂ ਦੀਆਂ ਗਵਾਹੀਆਂ ਤੇ ਯਾਦਾਂ ਇਕੱਠੀਆਂ ਕੀਤੀਆਂ ਜਾਣ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਸਾਕੇ ਨੂੰ ਉਸ ਸਮੇਂ ਕਿਵੇਂ ਮਹਿਸੂਸ ਕੀਤਾ ਸੀ।ਇਹ ਬਜ਼ੁਰਗ 1984 ਸਮੇਂ ਵੀ 25,30,40 ਸਾਲ ਦੀ ਉਮਰ ਦੇ ਹੋਣਗੇ ਅਤੇ ਹੁਣ ਉਹ 60,65, 70 ਤੇ ਇਸ ਤੋਂ ਵੀ ਉੱਪਰ 80 ਤੱਕ ਪਹੁੰਚ ਗਏ ਹੋਣਗੇ। ਉਹ ਉਸ ਦਰਦ ਨੂੰ ਸ਼ਬਦਾਂ ਵਿੱਚ ਨਹੀਂ ਲਿਖ ਸਕਦੇ ਪਰ ਬੋਲ ਕੇ ਬਹੁਤ ਕੁਝ ਦੱਸ ਸਕਦੇ ਹਨ ਅਤੇ ਇਨਾ ਕੁਝ ਵਧੀਆ,ਮਹੱਤਵਪੂਰਨ ਅਤੇ ਪ੍ਰੇਰਨਾਦਾਇਕ ਦੱਸ ਸਕਦੇ ਹਨ ਕਿ ਉਹ ਇਤਿਹਾਸਕ ਦਾਸਤਾਨ ਸਾਡੀ ਮਹੱਤਵਪੂਰਨ ਓਰਲ ਹਿਸਟਰੀ(oral history)ਬਣ ਜਾਵੇਗੀ।ਮੇਰਾ ਖਿਆਲ ਹੈ ਇਸ ਅਹਿਮ ਵਿਸ਼ੇ ਤੇ ਕਿਸੇ ਨੇ ਅਜੇ ਤੱਕ ਗੋਹੜੇ ਵਿਚੋਂ ਪੂਣੀ ਵੀ ਨਹੀਂ ਕੱਤੀ। ਮੈਂ ਬਹੁਤ ਸਾਰੇ ਤੇ ਖਾਸ ਕਰਕੇ ਨੌਜਵਾਨ ਵੀਰਾਂ ਦੀ “ਵਾਲ” ਤੇ ਜਾ ਕੇ ਕੁਝ ਕਵਿਤਾਵਾਂ ਤੇ ਲੇਖ ਵੇਖੇ ਹਨ ਜੋ ਸੱਚਮੁੱਚ ਹੀ ਦਿਲਾਂ ਨੂੰ ਟੁੰਬਦੇ ਹੀ ਨਹੀਂ ਸਗੋਂ ਸਾਡੇ ਭਵਿੱਖ ਨੂੰ ਵੀ ਕਿਸੇ ਨਾ ਕਿਸੇ ਰੂਪ ਵਿੱਚ ਤਰਾਸ਼ਦੇ ਹਨ। ਇਹਨਾਂ ਵਿੱਚ ਸੁਖਦੀਪ ਸਿੰਘ ਬਰਨਾਲਾ, ਸੁਖਦੀਪ ਸਿੰਘ ਮੋਗਾ, ਸਤਵੰਤ ਸਿੰਘ ਗਰੇਵਾਲ,ਅਜੇ ਪਾਲ ਸਿੰਘ ਬਰਾੜ,ਪਰਮਜੀਤ ਸਿੰਘ ਦਮਦਮੀ ਟਕਸਾਲ, ਅਜੀਤ ਕੌਰ, ਰਣਬੀਰ ਸਿੰਘ ਬੈਂਸਤਾਨੀ,ਪ੍ਰਦੀਪ ਸਿੰਘ,ਪਰਮਪਾਲ ਸਿੰਘ,ਸੁਖਦੇਵ ਸਿੰਘ ਪੱਤਰਕਾਰ,ਭਾਊ ਸਿੰਘ ਗੁਰਵਿੰਦਰ,ਹਰਪ੍ਰੀਤ ਸਿੰਘ ਜਵੰਦਾ, ਕੀਰਤਨੀ ਜਥਾ ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ,ਦਵਿੰਦਰ ਸਿੰਘ ਰਾਓਕੇ ਕੇ,ਬਲਦੀਪ ਸਿੰਘ,ਡਾਕਟਰ ਸੁਖਪ੍ਰੀਤ ਸਿੰਘ ਉਦੋਕੇ,ਦਵਿੰਦਰ ਸਿੰਘ ਕੈਲੀਫੋਰਨੀਆ, ਪ੍ਰਭਸ਼ਰਨ ਸਿੰਘ -ਭਰਾ,ਅਵਤਾਰ ਸਿੰਘ ਇੰਗਲੈਂਡ,ਪ੍ਰੋਫੈਸਰ ਦਵਿੰਦਰ ਸਿੰਘ, ਜਸਪਾਲ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਾਹੀਆ, ਖੁਸ਼ਹਾਲ ਸਿੰਘ, ਜਗਤਾਰ ਸਿੰਘ,ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ ਆਈਏਐਸ,ਅਤੇ ਅਣਗਿਣਤ ਹੋਰ ਹਨ ਜਿਨਾਂ ਦੇ ਵਿਚਾਰ ਕਿਸੇ ਖੂਬਸੂਰਤ ਤਰਤੀਬ ਵਿੱਚ ਸਾਹਮਣੇ ਆਉਣ ਤਾਂ ਜੋ ਇਹ ਵੱਖਰੇ ਵੱਖਰੇ ਫੁੱਲਾਂ ਦਾ ਗੁਲਦਸਤਾ ਸਾਡੇ ਇਤਿਹਾਸ ਦੀ ਸ਼ਾਨ ਬਣ ਸਕੇ।
ਅਗਲੇ ਦਿਨ ਹਰ ਰੋਜ਼ ਇਸ ਦਰਦਨਾਕ ਸਾਕੇ ਬਾਰੇ ਅਸੀਂ ਕੁਝ ਨਾ ਕੁਝ ਕੀਮਤੀ ਪੇਸ਼ ਕਰਦੇ ਰਹਾਂਗੇ ਤਾਂ ਜੋ ਤੁਹਾਡੀਆਂ ਯਾਦਾਂ ਹਰ ਸਮੇਂ ਸਰ ਸਬਜ਼ਚਸ਼ਮਾ ਬਣੀਆਂ ਰਹਿਣ। ਇਹ ਦਰਦਨਾਕ ਸਾਕਾ ਜ਼ਖ਼ਮ ਵੀ ਬਣਿਆ ਰਹੇ ਤਾਂ ਜੋ ਅਸੀਂ ਕਿਤੇ ਇਸ ਸਾਕੇ ਨੂੰ ਭੁੱਲ ਨਾ ਜਾਈਏ,ਪਰ ਇਹ ਸੂਰਜ ਵੀ ਬਣੇ ਜਿਸ ਦੀ ਰੋਸ਼ਨੀ ਵਿੱਚ ਅਸੀਂ ਅਗਲੇ ਰਾਹਾਂ ਦੀ ਤਲਾਸ਼ ਕਰ ਸਕੀਏ।
You must be logged in to post a comment.