Police Officer Convicted by CBI in Fake Encounter of Sikh Youth Shoots Himself
ਸਿੱਖ ਨੌਜਵਾਨ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰਨ ਵਾਲਾ ਪੁਲਸ ਅਫਸਰ ਆਪਣੇ ਆਪ ਨੂੰ ਗੋਲੀ ਮਾਰ ਗਿਆ
ਸਿੱਖ ਨੌਜਵਾਨ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰਨ ਵਾਲਾ ਪੁਲਸ ਅਫਸਰ, CBI ਵੱਲੋਂ ਦੋਸ਼ੀ ਕਰਾਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਗਿਆ
ਪਲਵਿੰਦਰ ਸਿੰਘ ਪੱਪੂ ਦੇ ਝੂਠੇ ਪੁਲਸ ਮੁਕਾਬਲੇ ਕੇਸ ਵਿੱਚ ਦੋਸ਼ੀ ਕਰਾਰ ਪੁਲਸ ਅਫਸਰ ਕਰਮਜੀਤ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਸਾਲ 1993 ਵਿੱਚ ਫਗਵਾੜਾ ਦੇ ਨੇੜਲੇ ਇਲਾਕੇ ਰਾਵਲਪਿੰਡੀ ਦੇ ਰਹਿਣ ਵਾਲੇ ਸਿੱਖ ਨੌਜਵਾਨ ਪਲਵਿੰਦਰ ਸਿੰਘ ਪੱਪੂ ਨੂੰ ਘਰੋਂ ਚੁੱਕ ਕੇ ਝੂਠੇ ਪੁਲਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ।
ਇਸ ਕੇਸ ਵਿੱਚ ਕੇਂਦਰੀ ਜਾਂਚ ਬਿਊਰੋ (CBI) ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਪੁਲਸ ਅਧਿਕਾਰੀ ਕਰਮਜੀਤ ਆਬਦੇ ਨੇ ਫੈਸਲੇ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਅਨੁਸਾਰ, ਅਦਾਲਤ ਦੇ ਫੈਸਲੇ ਤੋਂ ਬਾਅਦ ਕਰਮਜੀਤ ਆਬਦੇ ਮਨੋਵਿਗਿਆਨਕ ਤੌਰ ‘ਤੇ ਭਾਰੀ ਦਬਾਅ ਵਿੱਚ ਸੀ। ਦੋਸ਼ ਸਾਬਤ ਹੋਣ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਇਹ ਮਾਮਲਾ ਪਿਛਲੇ ਕਈ ਦਹਾਕਿਆਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਇਸ ਵਿੱਚ ਗੰਭੀਰ ਮਨੁੱਖੀ ਅਧਿਕਾਰ ਉਲੰਘਣ ਦੇ ਦੋਸ਼ ਲੱਗੇ ਹੋਏ ਸਨ।
CBI ਅਦਾਲਤ ਨੇ ਗਵਾਹਾਂ ਅਤੇ ਪੱਕੇ ਸਬੂਤਾਂ ਦੇ ਆਧਾਰ ‘ਤੇ ਕਰਮਜੀਤ ਆਬਦੇ ਨੂੰ ਦੋਸ਼ੀ ਕਰਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਪਲਵਿੰਦਰ ਸਿੰਘ ਪੱਪੂ ਨੂੰ ਘਰੋਂ ਚੁੱਕ ਕੇ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਝੂਠੇ ਮੁਕਾਬਲੇ ਦਾ ਨਾਟਕ ਰਚ ਕੇ ਉਸਦੀ ਹੱਤਿਆ ਕਰ ਦਿੱਤੀ ਗਈ।
ਇਸ ਘਟਨਾ ਨਾਲ ਇੱਕ ਵਾਰ ਫਿਰ 90 ਦੇ ਦਹਾਕੇ ਦੌਰਾਨ ਹੋਏ ਝੂਠੇ ਪੁਲਸ ਮੁਕਾਬਲਿਆਂ ਅਤੇ ਨਿਆਂ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜੇ ਹੋਏ ਹਨ। ਇਲਾਕੇ ਵਿੱਚ ਇਸ ਮਾਮਲੇ ਨੂੰ ਲੈ ਕੇ ਦੁੱਖ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।

ਨਾਸ਼ਵਾਨ ਜਗਤ..ਹਰੇਕ ਨੇ ਹੀ ਇੱਕ ਨਾ ਇੱਕ ਦਿਨ ਮੁੱਕ ਜਾਣਾ..ਕੋਈ ਅੱਗੋਂ ਤੇ ਕੋਈ ਪਿੱਛੋਂ..ਬੱਸ ਬਹਾਨਾ ਵੱਖੋ ਵੱਖ..ਪਰ ਜਮੀਰ ਦੀਆਂ ਫਟਕਾਰ ਲਾਹਨਤਾਂ ਸਹਿੰਦਿਆਂ ਮੜੀ ਤੇ ਪੈ ਜਾਣਾ ਇੱਕ ਬੜਾ ਦਰਦਨਾਕ ਅਨੁਭਵ..ਜਿਥੋਂ ਪਛਤਾਵੇ ਮੁਆਫੀ ਗੱਲਬਾਤ ਅਤੇ ਬਰੀ ਹੋ ਜਾਣ ਦੀ ਕੋਈ ਗੁਜਾਇਸ਼ ਨਹੀਂ..!
ਇਹ ਦੋ ਬੁੱਚੜ..ਇੱਕ ਨੇ ਕਪੂਰਥਲੇ ਮਾਂ ਦਾ ਪੁੱਤ ਮੁਕਾ ਦਿੱਤਾ..ਅੱਜ ਸਜਾ ਹੋਣ ਤੇ ਖੁਦ ਨੂੰ ਗੋਲੀ ਮਾਰ ਲਈ ਤੇ ਦੂਜਾ ਗੁਰਬਚਨ ਸਿੰਘ ਸਿੰਘ..ਮਿਥ ਕੇ ਨਾਮ ਮਗਰ ਮਾਨੋਚਾਹਲ ਲਿਖਵਾਇਆ..ਅਨੇਕਾਂ ਮਾਵਾਂ ਦੇ ਪੁੱਤ..ਧੀਆਂ ਭੈਣਾਂ ਨਿਰਵਸਤਰ ਕੀਤੀਆਂ..ਬਿਨਾ ਕਿਸੇ ਡਰ ਖੌਫ ਦੇ..ਜਾਇਦਾਤ ਬਣਾਈ..ਅਫਸਰਾਂ ਦੀਆਂ ਬੇਸ਼ੁਮਾਰ ਥਾਪੀਆਂ ਮਾਣੀਆਂ..ਫੇਰ ਲਡੂ ਮੁੱਕਦਿਆਂ ਹੀ ਯਾਰਾਨੇ ਟੁੱਟ ਗਏ..ਨਾ ਵਰਦੀ ਰਹੀ ਤੇ ਨਾ ਥਾਪੀ..ਅੱਜ ਜੇਲ ਦੀ ਕਾਲ ਕੋਠੜੀ ਵਿਚ ਰਵਾਨਗੀ ਪਾ ਗਿਆ..ਉਸ ਜਹਾਨੇ ਜਿਥੋਂ ਕੋਈ ਨਹੀਂ ਮੁੜਿਆ..ਮਨਪਸੰਦ ਠਾਣੇ ਵਿਚ ਮੁੜ ਵਾਪਸੀ ਅਸੰਭਵ!
ਇੱਕ ਵੇਰ ਅਜੀਤ ਸਿੰਘ ਸੰਧੂ ਨੂੰ ਅੰਮ੍ਰਿਤਸਰ ਵਿਆਹ ਤੇ ਵੇਖਿਆ ਸੀ..ਬੜੀ ਕੋਲੋਂ ਦੀ..ਸਹਿਜ ਸ਼ਾਂਤ..ਆਪਣੀ ਧੀ ਦੀ ਵਿਦਾਈ ਤੇ ਹੰਝੂ ਵਹਾਉਂਦਾ..ਪਰ ਬੇਗਾਨੇ ਪੁੱਤਾਂ ਦੀ ਵਾਰੀ..ਮਾਵਾਂ ਦੇ ਲਾਡਲੇ..ਜਫ਼ਰ ਜਾਲ ਕੇ ਪਾਲੇ ਵੀਰ..ਥੋਕ ਦੇ ਭਾਅ ਰੋੜ ਦਿੱਤੇ ਭਾਈ ਭਤੀਜੇ..ਮਾਲ ਡੰਗਰਾਂ ਤੋਂ ਵੀ ਗਏ ਗੁਜਰੇ ਸਮਝ..ਗੋਲੀ ਮਾਰਨ ਲੱਗਿਆਂ ਪੱਥਰ ਹੋ ਜਾਂਦੀ ਮਾਨਸਿਕਤਾ..!
ਮਾਨਸਿਕਤਾ ਤੋਂ ਕਈ ਰੋਗੀ ਯਾਦ ਆਏ..ਛਾਤੀ ਤੇ ਪੈਦਾਂ ਭਾਰ..ਜੂੜਿਆਂ ਵਾਲੇ ਦਿਸਦੇ ਪ੍ਰੇਤ..ਓਪਰੀਆਂ ਸ਼ੈਵਾਂ..ਡਰਾਉਣੇ ਪਰਛਾਵੇਂ..ਕੰਬਾਉਂਦੀਆਂ ਰੂਹਾਂ..ਤਰਾਹ ਕੱਢਦੀਆਂ ਵਾਜਾਂ..ਅੱਧੀ ਰਾਤ ਪੈਂਦੇ ਝੌਲੇ ਭੁਲੇਖੇ..ਹੁਣ ਹਯਾਤੀ ਵਾਲੀ ਪੌੜੀ ਦਾ ਆਖਰੀ ਡੰਡਾ..ਨਾ ਔਲਾਦ ਪਛਾਣਦੀ ਤੇ ਨਾ ਘਰਦੇ..ਤੇ ਨਾ ਸਿਸਟਮ ਆਲਾ ਦਵਾਲਾ ਅਤੇ ਦੋਸਤ ਮਿੱਤਰ ਹੀ..ਸਰੀਰ ਵੀ ਜੁਆਬ ਦੇ ਗਿਆ..ਉੱਤੋਂ ਕਿਸੇ ਵੇਲੇ ਭਰੇ ਦਿਸਦੇ ਮੇਲੇ ਦਾ ਅੰਤਿਮ ਝਾਕਾ..!
ਦਿਨ ਰਾਤ ਕੱਲੇ ਚੀਖਦੇ..ਓਏ ਦੁਪਹਿਰ ਦੇ ਸੂਰਜੋ..ਦਿਨ ਢਲਣ ਨੂੰ ਘੜੀ ਵੀ ਨੀ ਲੱਗਣੀ..ਫੇਰ ਨਾ ਮਾਇਆ ਮਿਲਣੀ ਤੇ ਨਾ ਰਾਮ..ਇਥੇ ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ..ਅਜੇ ਵੀ ਮੁੜ ਜਾਓ..ਕੁਝ ਨੀ ਰੱਖਿਆ..ਬੇਗਾਨੀ ਸ਼ਹਿ ਆਸਰੇ ਧੱਕੇਸ਼ਾਹੀ ਦਾ ਗਿੜਦਾ ਪਾਉਣ ਵਿਚ..!
ਪਰ ਸਾਰੀ ਅਵਾਜ ਦੱਬ ਕੇ ਰਹਿ ਜਾਂਦੀ..ਪਦਾਰਥਵਾਦ ਦੇ ਅੰਨ੍ਹੇ ਕਾਫਲੇ ਦੀਆਂ ਬੇਰਹਿਮ ਪੈੜਾਂ ਹੇਠ..!
ਇਹ ਇੱਜਤਾਂ ਸ਼ੋਹਰਤਾਂ ਚਾਹਤਾਂ ਚੜਾਈਆਂ..ਇਥੇ ਕੁਝ ਵੀ ਸਦੀਵੀਂ ਨਹੀਂ..ਅੱਜ ਜਿਥੇ ਤੂੰ ਏਂ..ਕੱਲ ਕੋਈ ਹੋਰ ਸੀ..ਆਹ ਵੀ ਇੱਕ ਦੌਰ ਹੈ..ਉਹ ਵੀ ਇੱਕ ਦੌਰ ਸੀ!
ਹਰਪ੍ਰੀਤ ਸਿੰਘ ਜਵੰਦਾ
Punjab Spectrum