Breaking News

British Columbia: ਪ੍ਰਿੰਸ ਜਾਰਜ ਵਿੱਚ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਵੇਲੇ ਹਾਦਸਾ; ਇੱਕ ਦੀ ਮੌਤ, ਕਈ ਜ਼ਖ਼ਮੀ

British Columbia: ਪ੍ਰਿੰਸ ਜਾਰਜ ਵਿੱਚ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਵੇਲੇ ਹਾਦਸਾ; ਇੱਕ ਦੀ ਮੌਤ, ਕਈ ਜ਼ਖ਼ਮੀ
ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ; ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ

 

ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ਸ਼ਹਿਰ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਉਸ ਵੇਲੇ ਹਾਦਸੇ ਵਿੱਚ ਬਦਲ ਗਈ, ਜਦੋਂ ਜਹਾਜ਼ ਫੁਟਹਿਲਜ਼ ਬੁਲੇਵਾਰਡ (Footills Boulevard) ‘ਤੇ ਚੱਲ ਰਹੇ ਵਾਹਨਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ ਹਨ।

 

 

ਘਟਨਾ ਦੁਪਹਿਰ ਕਰੀਬ 2:20 ਵਜੇ ਵਾਪਰੀ। ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਆਫ਼ ਕੈਨੇਡਾ (TSB) ਮੁਤਾਬਕ ਹਾਦਸੇ ਵਿੱਚ ਬੀਚਕ੍ਰਾਫਟ 200 ਸੁਪਰ ਕਿੰਗ ਏਅਰ (Beechcraft 200 Super King Air) ਜਹਾਜ਼ ਸ਼ਾਮਲ ਸੀ। ਜਹਾਜ਼ ਐਮਰਜੈਂਸੀ ਹਾਲਾਤ ਵਿੱਚ ਸੜਕ ’ਤੇ ਉੱਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਲੈਂਡਿੰਗ ਦੌਰਾਨ ਇਹ ਦੋ ਵਾਹਨਾਂ ਨਾਲ ਟਕਰਾ ਗਿਆ। ਇਸ ਦੌਰਾਨ ਇੱਕ ਵਾਹਨ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ।

 

 

ਹਾਦਸੇ ਤੋਂ ਬਾਅਦ ਇਲਾਕੇ ਵਿੱਚ ਤੁਰੰਤ ਐਮਰਜੈਂਸੀ ਸੇਵਾਵਾਂ ਪਹੁੰਚੀਆਂ। ਬੀ ਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀਆਂ ਨੇ ਮੌਕੇ ’ਤੇ ਲਗਪਗ 10 ਲੋਕਾਂ ਦੀ ਜਾਂਚ ਕੀਤੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਜਾਂਚ ਦੌਰਾਨ ਫੁਟਹਿਲਜ਼ ਬੁਲੇਵਾਰਡ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਹਾਦਸੇ ਵਾਲੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

 

 

 

ਘਟਨਾ ਦੇ ਚਸ਼ਮਦੀਦ ਮੋਹਿਤ ਅਰੋੜਾ, ਜਿਨ੍ਹਾਂ ਦੀ ਗੱਡੀ ਜਹਾਜ਼ ਤੋਂ ਕੁਝ ਹੀ ਫੁੱਟ ਦੀ ਦੂਰੀ ’ਤੇ ਰੁਕੀ, ਨੇ ਦੱਸਿਆ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਮੁਤਾਬਕ ਜਹਾਜ਼ ਦਾ ਖੱਬਾ ਖੰਭ ਇੱਕ ਪਿਕ-ਅੱਪ ਟਰੱਕ ਨਾਲ ਟਕਰਾਇਆ। ਟੱਕਰ ਤੋਂ ਬਾਅਦ ਜਹਾਜ਼ ਦਾ ਪ੍ਰੋਪੈਲਰ ਟੁੱਟ ਕੇ ਸੜਕ ਦੇ ਵਿਚਕਾਰ ਜਾ ਡਿੱਗਿਆ ਅਤੇ ਟਰੱਕ ਦੀ ਵਿੰਡਸ਼ੀਲਡ ਚਕਨਾਚੂਰ ਹੋ ਗਈ।

 

 

ਹਾਦਸੇ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ। ਇਹ ਵੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਕਿ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਲਈ ਕਿਸ ਤਕਨੀਕੀ ਸਮੱਸਿਆ ਕਾਰਨ ਮਜਬੂਰ ਹੋਣਾ ਪਿਆ।

 

 

ਟੀ ਐੱਸ ਬੀ (TSB) ਨੇ ਜਾਂਚ ਲਈ ਆਪਣੀ ਟੀਮ ਪ੍ਰਿੰਸ ਜਾਰਜ ਭੇਜ ਦਿੱਤੀ ਹੈ। ਜਾਂਚਕਰਤਾ ਜਹਾਜ਼ ਦੀ ਤਕਨੀਕੀ ਹਾਲਤ, ਉਡਾਣ ਦੇ ਵੇਰਵਿਆਂ, ਮੌਸਮ ਅਤੇ ਪਾਇਲਟ ਵੱਲੋਂ ਕੀਤੀ ਐਮਰਜੈਂਸੀ ਲੈਂਡਿੰਗ ਸਮੇਤ ਕਈ ਪਹਿਲੂਆਂ ਦੀ ਜਾਂਚ ਕਰਨਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦਾ ਅੰਤਿਮ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ।