Breaking News

Sajjan Kumar dies:ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਹੋਈ ਮੌਤ

Sajjan Kumar dies:
ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਹੋਈ ਮੌਤ

‘ ਸੱਜਣ ਕੁਮਾਰ ਨੇ ਮਨੁੱਖਤਾ ਦਾ ਘਾਣ ਕੀਤਾ।’

ਨਵੀਂ ਦਿੱਲੀ : ਨਵੀਂ ਦਿੱਲੀ : ਸਿੱਖ ਕਤਲੇਆਮ ਦੇ ਦੋਸ਼ੀ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਆਗੂ ਸੱਜਣ ਕੁਮਾਰ ਦੀ ਅੱਜ ਵੀਰਵਾਰ ਨੂੰ 80 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਸੱਜਣ ਕੁਮਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਉਹ 1984 ਦੇ ਸਿੱਖ ਕਤਲੇਆਮ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਸੱਜਣ ਕੁਮਾਰ ਵਿਰੁੱਧ ਕਤਲੇਆਮ, ਹੱਤਿਆ ਅਤੇ ਡਕੈਤੀ ਦੇ ਦੋਸ਼ਾਂ ਹੇਠ ਆਈ.ਪੀ.ਸੀ. (IPC) ਦੀਆਂ ਧਾਰਾਵਾਂ 147, 149, 148, 302, 308, 323, 395, 397, 427, 436, 440 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਦਿੱਲੀ ਕੈਂਟ ਦੀ ਪਾਲਮ ਕਾਲੋਨੀ ਵਿੱਚ 5 ਸਿੱਖਾਂ ਦੇ ਕਤਲ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਕੇਸ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਪਾਇਆ ਗਿਆ। ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਤੰਬਰ 2023 ਨੂੰ ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਦੇ ਸੁਲਤਾਨਪੁਰੀ ਵਿੱਚ 3 ਸਿੱਖਾਂ ਦੇ ਕਤਲ ਮਾਮਲੇ ਵਿੱਚ ਬਰੀ ਕਰ ਦਿੱਤਾ। ਕਤਲੇਆਮ ਵਿੱਚ ਸੀ.ਬੀ.ਆਈ. ਦੀ ਇੱਕ ਅਹਿਮ ਗਵਾਹ ਚਾਮ ਕੌਰ ਨੇ ਦੋਸ਼ ਲਗਾਇਆ ਸੀ ਕਿ ਸੱਜਣ ਭੀੜ ਨੂੰ ਭੜਕਾ ਰਹੇ ਸਨ।

1 ਨਵੰਬਰ 1984 ਨੂੰ ਸਰਸਵਤੀ ਵਿਹਾਰ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਕਤਲ ਹੋਇਆ ਸੀ। ਦੰਗਾਕਾਰੀਆਂ ਨੇ ਲੋਹੇ ਦੀਆਂ ਰਾਡਾਂ ਅਤੇ ਲਾਠੀਆਂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਸਿੱਖਾਂ ਨੂੰ ਜਿਊਂਦਾ ਸਾੜ ਦਿੱਤਾ। 12 ਫਰਵਰੀ 2025 ਨੂੰ ਦੋਸ਼ੀ ਠਹਿਰਾਏ ਗਏ । 25 ਫਰਵਰੀ ਨੂੰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

1984 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੱਤਿਆ ਤੋਂ ਬਾਅਦ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਕਤਲੇਆਮ ਹੋਇਆ ਸੀ, ਜਿਸ ਵਿਚ ਹਜ਼ਾਰਾਂ ਹਜ਼ਾਰਾਂ ਸਿੱਖ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਅਗਲੇ ਦਿਨ ਯਾਨੀ 1 ਨਵੰਬਰ ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਇਕ ਸਰਕਾਰੀ ਖ਼ਬਰ ਏਜੰਸੀ ਅਨੁਸਾਰ ਉਦੋਂ ਸਿਰਫ਼ ਦਿੱਲੀ ਵਿੱਚ ਹੀ ਲਗਭਗ 2700 ਲੋਕ ਮਾਰੇ ਗਏ ਸਨ। ਦੇਸ਼ ਭਰ ਵਿੱਚ ਮਰਨ ਵਾਲਿਆਂ ਦਾ ਅੰਕੜਾ 3500 ਦੇ ਕਰੀਬ ਸੀ।

* ਮਈ 2000 ਵਿੱਚ ਸਿੱਖ ਕਤਲੇਆਮ ਦੀ ਜਾਂਚ ਲਈ ਜੀ.ਟੀ. ਨਾਨਾਵਤੀ ਕਮਿਸ਼ਨ ਦਾ ਗਠਨ ਹੋਇਆ।
* 24 ਅਕਤੂਬਰ 2005 ਨੂੰ ਸੀ.ਬੀ.ਆਈ. ਨੇ ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ ‘ਤੇ ਕੇਸ ਦਰਜ ਕੀਤਾ।
*1 ਫਰਵਰੀ 2010 ਨੂੰ ਟਰਾਇਲ ਕੋਰਟ ਨੇ ਕਾਂਗਰਸ ਆਗੂ ਸੱਜਣ ਕੁਮਾਰ, ਬਲਵਾਨ ਖੋਖਰ, ਮਹਿੰਦਰ ਯਾਦਵ, ਕੈਪਟਨ ਭਾਗਮਲ, ਗਿਰਧਾਰੀ ਲਾਲ, ਕਿਸ਼ਨ ਖੋਖਰ, ਮਹਾ ਸਿੰਘ ਅਤੇ ਸੰਤੋਸ਼ ਰਾਣੀ ਨੂੰ ਸੰਮਨ ਜਾਰੀ ਕੀਤਾ।
* 30 ਅਪ੍ਰੈਲ 2013 ਨੂੰ ਕੋਰਟ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ।
* ਇਸ ਦੇ ਖ਼ਿਲਾਫ਼ ਸੀ.ਬੀ.ਆਈ. ਨੇ 19 ਜੁਲਾਈ 2013 ਨੂੰ ਹਾਈ ਕੋਰਟ ਵਿੱਚ ਅਪੀਲ ਕੀਤੀ। 22 ਜੁਲਾਈ 2013 ਨੂੰ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਨੋਟਿਸ ਜਾਰੀ ਕੀਤਾ।
* 17 ਦਸੰਬਰ 2018 ਨੂੰ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ।
* ਦੰਗਿਆਂ ਦੇ 21 ਸਾਲ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੰਸਦ ਵਿੱਚ ਮੁਆਫ਼ੀ ਮੰਗੀ ਸੀ। ਉਨ੍ਹਾਂ ਕਿਹਾ ਸੀ- ਜੋ ਕੁਝ ਵੀ ਹੋਇਆ, ਉਸ ਨਾਲ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 80 ਸਾਲ ਦੇ ਸੱਜਣ ਕੁਮਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਮ੍ਰਿਤਕ ਲਿਆਂਦਾ ਗਿਆ। ਉਹ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਤਿੰਨ ਮਾਮਲਿਆਂ ਵਿੱਚੋਂ 2 ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇੱਕ ਮਾਮਲੇ ਵਿੱਚ ਉਸਨੂੰ ਬਰੀ ਕਰ ਦਿੱਤਾ ਗਿਆ ਸੀ।

ਇਸ ਬਾਰੇ DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸੱਜਣ ਕੁਮਾਰ ਦੀ ਕਰੀਬ 80 ਸਾਲ ਦੀ ਉਮਰ ਸੀ। ਇਸ ਬੰਦੇ ਕਰਕੇ ਦਿੱਲੀ ਵਿੱਚ ਕਈ ਘਰਾਂ ਦੇ 13-13 ਮੈਂਬਰ ਵੀ ਖ਼ਤਮ ਹੋਏ ਸੀ। ਹੁਣ ਉਨ੍ਹਾਂ ਲਈ ਤਾਂ ਰਾਹਤ ਵਾਲੀ ਹੀ ਗੱਲ ਹੋਵੇਗੀ।

DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੂੰ ਸਜ਼ਾ ਕਰਵਾਉਣ ਲਈ ਕਾਫ਼ੀ ਸਾਲਾਂ ਤੱਕ ਲੜਾਈ ਲੜੀ। ਇਸ ਇਨਸਾਨ ਨੇ 1984 ਵਿੱਚ ਅਣਗਿਣਤ ਸਿੱਖਾਂ ਦੇ ਕਤਲ ਕੀਤੇ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੇ ਮਨੁੱਖਤਾ ਦਾ ਘਾਣ ਕੀਤਾ। 84 ਵਿੱਚ ਪਰਿਵਾਰਾਂ ਦੇ ਪਰਿਵਾਰ ਖ਼ਤਮ ਕਰ ਦਿੱਤੇ। ਉਸ ਸਮੇਂ ਦੀ ਹਕੂਮਤ ਨੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ ਸੀ। ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਵੀ ਪੂਰੀ ਨਹੀਂ ਕਰ ਸਕਿਆ।

ਸਿੱਖ ਬੁੱਧੀਜੀਵੀ ਡਾ. ਖੁਸ਼ਹਾਲ ਸਿੰਘ ਨੇ ਕਿਹਾ ਹੈ ਕਿ ਸਿੱਖ ਦਿੱਲੀ ਵਿੱਚ ਸਿੱਖ ਪਰਿਵਾਰ ਨੂੰ ਸ਼ਰੇਆਮ ਮਾਰਿਆ ਗਿਆ ਫਿਰ ਸਰਕਾਰਾਂ ਨੇ ਇਨਸਾਫ਼ ਦੇਣ ਲਈ ਕਈ ਸਾਲ ਲਗਾ ਦਿੱਤੇ। ਮਨੁੱਖਤਾ ਦਾ ਘਾਣ ਹੋਣ ਮਗਰੋਂ ਵੀ ਇਨਸਾਫ਼ ਵਿੱਚ ਦੇਰੀ ਕਿਉਂ ਹੋਈ।

ਦਿੱਲੀ ਕਤਲੇਆਮ ਦੇ ਪੀੜਤ ਗੁਰਦੀਪ ਕੌਰ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੇ ਸਾਡੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਇਸ ਦੀ ਕੁਦਰਤੀ ਮੌਤ ਕਾਰਨ ਸਾਡੇ ਦਿਲਾਂ ਵਿੱਚ ਰੋਸ ਹੈ ਕਿ ਇਸ ਨੂੰ ਫਾਂਸੀ ਦੀ ਸਜ਼ਾ ਨਹੀਂ ਮਿਲੀ ਸਕੀ। ਮੇਰੇ ਸਾਹਮਣੇ ਮੇਰੇ 2 ਦਿਉਰਾਂ ਉੱਤੇ ਤੇਲ ਪਾ ਕੇ ਫੂਕ ਦਿੱਤੇ ਗਏ। ਸਾਨੂੰ ਇਨਸਾਫ਼ ਨਹੀਂ ਮਿਲਿਆ। ਅਸੀਂ ਬਹੁਤ ਸੰਘਰਸ਼ ਕੀਤਾ ਪਰ ਕਿਸੇ ਕਾਤਲ ਨੂੰ ਫਾਂਸੀ ਦੀ ਸਜ਼ਾ ਨਹੀਂ ਮਿਲੀ।

84 ਦਿੱਲੀ ਕਤਲੇਆਮ ਦੇ ਪੀੜਤ ਨਿਰਪ੍ਰੀਤ ਕੌਰ ਨੇ ਕਿਹਾ ਹੈ ਕਿ ਦਿੱਲੀ ਵਿੱਚ ਸੱਜਣ ਕੁਮਾਰ ਨੇ ਸਿੱਖ ਪਰਿਵਾਰਾਂ ਦਾ ਸ਼ਰੇਆਮ ਕਤਲ ਕੀਤਾ। ਪਿਛਲੇ 42 ਸਾਲਾਂ ਤੋਂ ਇਨਸਾਫ਼ ਮੰਗ ਰਹੇ ਹਾਂ। ਨਵੀਂ ਪੀੜੀ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਤਲੇਆਮ ਕਰਨ ਵਾਲੇ ਵਿਅਕਤੀ ਦਾ ਅੰਤ ਬੁਰਾ ਹੀ ਹੁੰਦਾ ਹੈ।

1984 ਸਿੱਖ ਕਤਲੇਆਮ ਦੇ ਪੀੜਤ ਜਗਸ਼ੇਰ ਸਿੰਘ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੇ 1984 ਵਿੱਚ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਵਾਇਆ, ਜਿਸ ਵਿੱਚ ਮੇਰੇ ਘਰ ਦੇ 5 ਜੀਅ ਮਾਰੇ ਗਏ ਸਨ। ਉਸੇ ਕੇਸ ਵਿੱਚ ਉਸ ਨੂੰ ਸਜ਼ਾ ਹੋਈ ਸੀ। ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੇ ਜਿਸ ਤਰ੍ਹਾਂ ਭੀੜ ਦੀ ਅਗਵਾਈ ਕਰ ਕੇ ਸਿੱਖਾਂ ਦੇ ਘਰਾਂ ਨੂੰ ਅੱਗਾਂ ਲਾਈਆਂ, ਮਾਵਾਂ ਦੇ ਸਾਹਮਣੇ ਉਨ੍ਹਾਂ ਦੇ ਪੁੱਤ ਮਾਰੇ ਗਏ, ਭੈਣਾਂ ਦੇ ਸਾਹਮਣੇ ਉਨ੍ਹਾਂ ਦੇ ਵੀਰ ਮਾਰੇ ਗਏ। ਗਲੇ ਵਿੱਚ ਟਾਇਰ ਪਾ-ਪਾ ਕੇ ਸਿੱਖਾਂ ਨੂੰ ਮਾਰਿਆ। ਅੱਜ ਉਸ ਪਾਪੀ ਸੱਜਣ ਕੁਮਾਰ ਦਾ ਦੇਹਾਂਤ ਹੋ ਗਿਆ ਹੈ।

ਸੀਨਅਰ ਵਕੀਲ ਐਚਐਸ ਫੂਲਕਾ ਨੇ ਕਿਹਾ ਹੈ ਕਿ ਸੱਜਣ ਕੁਮਾਰ ਦੀ ਪੈਰੋਲ ਦੀ ਅੱਜ ਸੁਪਰੀਮ ਕੋਰਟ ਵਿਚ ਅਰਜ਼ੀ ਲੱਗੀ ਹੋਈ ਸੀ ਅਸੀਂ ਤਾਂ ਕੇਸ ਦਾ ਇੰਤਜ਼ਾਰ ਕਰ ਰਹੇ ਸੀ। ਸੱਜਣ ਕੁਮਾਰ ਦੇ ਵਕੀਲ ਨੂੰ ਵੀ ਨਹੀਂ ਪਤਾ ਸੀ। ਉਨ੍ਹਾਂ ਨੂੰ ਵੀ ਮੀਡੀਆ ਰਾਹੀਂ ਹੀ ਪਤਾ ਲੱਗਿਆ।

ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਆਪਣੇ ਪਾਪਾਂ ਦੀ ਸਜ਼ਾ ਭੋਗਦਾ ਹੋਇਆ ਦੁਨੀਆ ਤੋਂ ਹੋਇਆ ਰੁਖ਼ਸਤ

ਇਨਸਾਫ਼ ਲਈ ਸਿੱਖ ਕੌਮ ਦਾ ਸੰਘਰਸ਼ ਹਮੇਸ਼ਾ ਯਾਦ ਰੱਖਿਆ ਜਾਵੇਗਾ : ਕਰਨੈਲ ਸਿੰਘ ਪੀਰ ਮੁਹੰਮਦ
ਨਵੀਂ ਦਿੱਲੀ : ਨਵੰਬਰ 1984 ਦੇ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਮੌਤ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ “ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਆਖਰ ਸੱਜਣਾ ਵੀ ਮਰ ਜਾਣਾ…” ਭਾਵੇਂ ਸਾਡੇ ਵਿਰਸੇ ਵਿੱਚ ਇਹ ਕਹਾਵਤ ਹੈ ਕਿ ਦੁਸ਼ਮਣ ਦੀ ਮੌਤ ‘ਤੇ ਖੁਸ਼ੀ ਨਹੀਂ ਮਨਾਈਦੀ ਹੁੰਦੀ, ਪਰ ਜਿਸ ਦਰਿੰਦੇ ਸੱਜਣ ਕੁਮਾਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਨੇ ਨਵੰਬਰ 1984 ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਸਭ ਤੋਂ ਮੋਹਰੀ ਹੋ ਕੇ ਜ਼ਾਲਮਾਨਾ ਭੂਮਿਕਾ ਨਿਭਾਈ ਸੀ।

ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸੱਜਣ ਕੁਮਾਰ ਵਰਗੇ ਦਰਿੰਦਿਆਂ ਨੇ ਦਿੱਲੀ ਦੀਆਂ ਸੜਕਾਂ ‘ਤੇ ਨਿਰਦੋਸ਼ ਸਿੱਖਾਂ ਨੂੰ ਜਿਊਂਦੇ ਜਲਾਇਆ, ਗੁਰਧਾਮਾਂ ਦੀ ਬੇਅਦਬੀ ਕੀਤੀ ਅਤੇ ਸਿੱਖ ਪਰਿਵਾਰਾਂ ਨੂੰ ਉਜਾੜ ਕੇ ਅਜਿਹਾ ਭਿਆਨਕ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਇਤਿਹਾਸ ਵਿੱਚ ਨਹੀਂ ਮਿਲਦੀ। ਉਹ ਅੱਜ ਇਸ ਦੁਨੀਆ ਤੋਂ ਸਦਾ ਲਈ ਚਲਾ ਗਿਆ ਹੈ, ਪਰ ਉਸ ਵੱਲੋਂ ਛੱਡੀਆਂ ਕੌੜੀਆਂ ਯਾਦਾਂ ਅਤੇ ਜ਼ੁਲਮ ਦੀਆਂ ਦਾਸਤਾਨਾਂ ਸਿੱਖ ਮਾਨਸਿਕਤਾ ਵਿੱਚ ਹਮੇਸ਼ਾ ਰਾਵਣ ਅਤੇ ਹੋਰ ਇਤਿਹਾਸਕ ਅੱਤਿਆਚਾਰੀਆਂ ਵਾਂਗ ਯਾਦ ਰੱਖੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਸੱਜਣ ਕੁਮਾਰ ਇਕੱਲਾ ਨਹੀਂ ਸੀ ਉਸ ਦੇ ਨਾਲ ਜਗਦੀਸ਼ ਟਾਈਟਲਰ, ਕਮਲਨਾਥ, ਐਚ.ਕੇ.ਐਲ. ਭਗਤ, ਧਰਮਦਾਸ ਸ਼ਾਸਤਰੀ, ਬਲਵਾਨ ਖੋਖਰ, ਕ੍ਰਿਸ਼ਨ ਖੋਖਰ, ਭਾਗਮਲ ਵਰਗੇ ਦਰਿੰਦਿਆਂ ਦੀ ਇੱਕ ਲੰਮੀ ਲਿਸਟ ਸੀ ਜਿਨ੍ਹਾਂ ਨੇ ਸਰਕਾਰੀ ਪੁਸ਼ਤਪਨਾਹੀ ਹੇਠ ਸਿੱਖਾਂ ‘ਤੇ ਕਹਿਰ ਢਾਹਿਆ। ਪੀਰ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੜਕੜਡੂਮਾ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸੈਂਕੜੇ ਧਰਨੇ, ਮੁਜ਼ਾਹਰੇ ਅਤੇ ਜਨਤਕ ਸੰਘਰਸ਼ ਲੜੇ। ਉਹਨਾਂ ਕਿਹਾ ਕਿ ਜਿਸ ਦਿਨ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕੀਤਾ, ਉਸ ਦਿਨ ਵੀ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਜੁੱਤੀ ਸੁੱਟ ਕੇ ਰੋਸ ਪ੍ਰਗਟਾਇਆ ਗਿਆ। ਪੀੜਤਾਂ ਨੂੰ ਹੌਂਸਲਾ ਦੇ ਕੇ ਅਦਾਲਤਾਂ ‘ਚ ਗਵਾਹ ਪੇਸ਼ ਕੀਤੇ ਗਏ।

ਪੀਰ ਮੁਹੰਮਦ ਨੇ ਕਿਹਾ ਕਿ ਲਗਾਤਾਰ ਅਦਾਲਤੀ ਲੜਾਈ ਦੇ ਨਤੀਜੇ ਵਜੋਂ ਹੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਮਿਸਾਲੀ ਸਜ਼ਾ ਹੋਈ ਅਤੇ ਉਸ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਅਪਣਾ ਅੰਤ ਦੇਖਣਾ ਪਿਆ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜਦੋਂ ਅੱਤਿਆਚਾਰੀ ਆਪਣੇ ਹੰਕਾਰ ਵਿੱਚ ਹੁੰਦੇ ਹਨ ਤਾਂ ਉਹ ਸਮਝਦੇ ਹਨ ਕਿ ਉਹ ਕਾਨੂੰਨ ਤੋਂ ਉੱਪਰ ਹਨ, ਪਰ ਵਾਹਿਗੁਰੂ ਦੀ ਅਦਾਲਤ ਵਿੱਚ ਦੇਰ ਹੈ ਹਨ੍ਹੇਰ ਨਹੀਂ। ਸੱਜਣ ਕੁਮਾਰ ਨੂੰ ਆਪਣੀ ਜ਼ਿੰਦਗੀ ਵਿੱਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਸਿੱਖ ਕੌਮ ਨੇ ਉਸ ਦਾ ਖਹਿੜਾ ਨਹੀਂ ਛੱਡਿਆ ਅਤੇ ਉਸ ਨੂੰ ਅਦਾਲਤਾਂ ਰਾਹੀਂ ਉਸ ਦੇ ਗੁਨਾਹਾਂ ਦੀ ਸਜ਼ਾ ਦੁਆ ਕੇ ਹੀ ਸਾਹ ਲਿਆ।

ਉਨ੍ਹਾਂ ਅੰਤ ਵਿੱਚ ਕਿਹਾ ਕਿ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਅਜਿਹੇ ਜ਼ਾਲਮਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਇੱਕ ਕਲੰਕ ਵਜੋਂ ਦੇਖਿਆ ਜਾਵੇ ਅਤੇ ਜਿਊਂਦੇ ਜੀਅ ਉਨ੍ਹਾਂ ਨੂੰ ਉਨ੍ਹਾਂ ਦੇ ਜ਼ੁਲਮਾਂ ਦਾ ਭੁਗਤਾਨ ਕਰਨਾ ਪਵੇ। ਬਾਕੀ ਬਚਦੇ ਦੋਸ਼ੀਆਂ ਨੂੰ ਵੀ ਅਦਾਲਤਾਂ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਵਾਉਣ ਤੱਕ ਸਿੱਖ ਕੌਮ ਦਾ ਸੰਘਰਸ਼ ਜਾਰੀ ਰਹੇਗਾ।