ਵਿਦੇਸ਼ ਤੋਂ ਆਇਆ ਨੌਜਵਾਨ ਭੇਦਭਰੇ ਹਾਲਾਤ ਵਿੱਚ ਲਾਪਤਾ; ਪਰਿਵਾਰ ਨੇ ਪੁਲੀਸ ਉੱਤੇ ਭਾਲ ‘ਚ ਢਿੱਲਮੱਠ ਦੇ ਲਗਾਏ ਦੋਸ਼
ਪੁਲੀਸ ਨੇ ਕਾਨੂੰਨੀ ਕਾਰਵਾਈ ਦਾ ਅਮਲ ਕੀਤਾ ਸ਼ੁਰੂ: ਥਾਣਾ ਮੁਖੀ
ਹਲਕੇ ਦੇ ਪਿੰਡ ਕੋਟ ਮੁਹੰਮਦ ਖਾਂ ਦਾ ਨੌਜਵਾਨ ਪਿਛਲੇ ਇੱਕ ਹਫ਼ਤੇ ਤੋਂ ਭੇਦਭਰੇ ਹਾਲਾਤ ਵਿੱਚ ਲਾਪਤਾ ਹੈ। ਗੁਰਵੰਤ ਸਿੰਘ ਨਾਮਕ ਨੌਜਵਾਨ ਦੋ ਮਹੀਨੇ ਪਹਿਲਾਂ ਦਾਦੀ ਦੇ ਦੇਹਾਂਤ ‘ਤੇ ਅਮਰੀਕਾ ਤੋਂ ਪਿੰਡ ਆਇਆ ਸੀ ਅਤੇ ਅਗਲੇ ਮਹੀਨੇ ਉਸ ਦੀ ਵਾਪਸੀ ਸੀ। ਪਰਿਵਾਰ ਨੇ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲੀਸ ਕੋਲ ਦਰਜ ਕਰਵਾ ਦਿੱਤੀ ਹੈ।
ਪੁਲੀਸ ਨੇ ਲਾਪਤਾ ਹੋਏ ਨੌਜਵਾਨ ਦੀ ਭਾਲ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪਰ ਪਰਿਵਾਰ ਪੁਲੀਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਗੁਰਵੰਤ ਸਿੰਘ ਦੇ ਪਿਤਾ ਸੁਖਵੰਤ ਸਿੰਘ ਨੇ ਦੱਸਿਆ ਕਿ 14 ਅਗਸਤ ਨੂੰ ਉਹ ਆਪਣੇ ਦੋਵਾਂ ਪੁੱਤਰਾਂ ਨਾਲ ਫਤਿਹਗੜ੍ਹ ਕੋਰੋਟਾਣਾ ਵਿਖੇ ਦਵਾਈ ਲੈਣ ਗਿਆ ਸੀ।

ਇਸ ਦੌਰਾਨ ਗੁਰਵੰਤ ਸਿੰਘ ਉਨ੍ਹਾਂ ਨੂੰ ਮੋਗਾ ਵਿਖੇ ਮੁਰੰਮਤ ਲਈ ਦਿੱਤਾ ਮੋਬਾਈਲ ਫੋਨ ਲੈ ਕੇ ਆਉਣ ਦਾ ਕਹਿ ਕੇ ਉੱਥੋਂ ਚਲਾ ਗਿਆ ਅਤੇ ਉਨ੍ਹਾਂ (ਸੁਖਵੰਤ ਸਿੰਘ) ਦਾ ਮੋਬਾਈਲ ਫੋਨ ਵੀ ਨਾਲ ਲੈ ਗਿਆ। ਜਦੋਂ ਉਹ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਪਰਿਵਾਰ ਵੱਲੋਂ ਉਸ ਨੂੰ ਕਈ ਵਾਰ ਫੋਨ ਕੀਤਾ ਗਿਆ। ਹਾਲਾਂਕਿ, ਦੋ ਦਿਨ ਤੱਕ ਫੋਨ ਦੀ ਘੰਟੀ ਵੱਜਦੀ ਰਹੀ, ਪਰ ਉਸ ਨੇ ਫੋਨ ਨਹੀਂ ਚੁੱਕਿਆ।
ਉਨ੍ਹਾਂ ਦੱਸਿਆ ਕਿ ਤਿੰਨ ਦਿਨ ਦੀ ਭਾਲ ਤੋਂ ਬਾਅਦ ਆਖਰ 17 ਅਗਸਤ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਪੁਲੀਸ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਲੜਕੇ ਦੀ ਪੁਲੀਸ ਨੇ ਭਾਲ ਸ਼ੁਰੂ ਨਹੀਂ ਕੀਤੀ ਹੈ ਅਤੇ ਪਰਿਵਾਰ ਨੂੰ ਕੋਈ ਤਸੱਲੀਬਖ਼ਸ਼ ਭਰੋਸਾ ਨਹੀਂ ਮਿਲਿਆ ਹੈ।
ਹਾਲਾਂਕਿ ਜਦੋਂ ਇਸ ਸਬੰਧੀ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਨੇ ਮੁੱਢਲੀ ਡੀ ਡੀ ਆਰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ।
Punjab Spectrum