Punjab bandh: ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲੀਸ ਨੇ ਹਿਰਾਸਤ ਵਿੱਚ ਲਏ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਰੋਡ ਗੋਲਡਨ ਗੇਟ ’ਤੇ ਆਵਾਜਾਈ ਬੰਦ ਕਰਨ ਦਾ ਯਤਨ ਕਰ ਰਹੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਮੰਨਾ, ਭਾਈ ਗਗਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਬੰਟੀ ਸਮੇਤ ਫੈਡਰੇਸ਼ਨ ਦੇ ਹੋਰ ਮੈਂਬਰਾਂ ਨੂੰ ਪੁਲੀਸ ਵੱਲੋਂ ਗੋਲਡਨ ਗੇਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ।
ਇਸ ਤੋਂ ਪਹਿਲਾਂ ਕੌਮੀ ਇੰਸਾਫ਼ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਅੱਜ ਪੰਜਾਬ ਭਰ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲੀਸ ਬਲ ਦੀ ਤਾਇਨਾਤੀ ਵਧਾ ਦਿੱਤੀ ਗਈ ਸੀ। ਇਸੇ ਸਬੰਧ ਵਿੱਚ ਚੰਡੀਗੜ੍ਹ ਵਿੱਚ ਪੰਜਾਬ ਨਾਲ ਲੱਗਦੀਆਂ ਸਰਹੱਦਾਂ ‘ਤੇ ਵੀ ਪੁਲੀਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਸੀ। ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਸਮੇਤ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਬੰਦ ਰੱਖੀਆਂ ਗਈਆਂ ਸਨ।
ਪਟਿਆਲਾ ਦੇ ਪੁਲੀਸ ਕਪਤਾਨ (SP) ਮੋਹਿਤ ਅਗਰਵਾਲ ਨੇ ਕਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਬੰਦ ਕਾਫ਼ੀ ਹੱਦ ਤੱਕ ਸ਼ਾਂਤ ਰਿਹਾ ਹੈ। ਸਰਕਾਰੀ ਸਕੂਲ ਸਵੇਰੇ ਆਪਣੇ ਤੈਅ ਸਮੇਂ ‘ਤੇ ਖੁੱਲ੍ਹ ਗਏ ਹਨ, ਜਦਕਿ ਨਿੱਜੀ ਸਕੂਲ ਬੰਦ ਰਹੇ।
ਕੌਮੀ ਇੰਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਹਾਲਾਂਕਿ, ਮੋਹਾਲੀ ਅਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਵਧਦੇ ਤਣਾਅ ਦਾ ਹਵਾਲਾ ਦਿੰਦਿਆਂ ਦੁਪਹਿਰ ਤੱਕ ਆਪਣੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਕੌਮੀ ਇਨਸਾਫ਼ ਮੋਰਚਾ ਨੇ ਪੁਲੀਸ ਕਾਰਵਾਈ, ਆਪਣੇ ਮੈਂਬਰਾਂ ਵਿਰੁੱਧ ਦਰਜ ਐੱਫ ਆਈ ਆਰ ਅਤੇ ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਵਿੱਚ ਅੱਜ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਸੀ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲੀਸ ਨੇ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਅਤੇ ਬੈਰੀਕੇਡਾਂ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਅਤੇ ਪੁਲੀਸ ਵੱਲੋਂ ਆਗੂਆਂ ਅਤੇ ਸਮਰਥਕਾਂ ਵਿਰੁੱਧ ਕਈ ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਸਨ।
ਮੋਰਚੇ ਦੀ ਮੁੱਖ ਮੰਗ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਪਰ ਅਜੇ ਵੀ ਜੇਲ੍ਹ ਵਿੱਚ ਹਨ, ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਤੇ ਪੁਲੀਸ ਗੋਲੀਕਾਂਡ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਕੌਮੀ ਇਨਸਾਫ਼ ਮੋਰਚੇ ਦੇ ਆਗੂ ਗੁਰਚਰਨ ਸਿੰਘ ਮੁਤਾਬਿਕ ਇਸ ਬੰਦ ਦੌਰਾਨ ਕਾਰੋਬਾਰ, ਟਰਾਂਸਪੋਰਟ, ਸੜਕ ਅਤੇ ਰੇਲ ਸੇਵਾਵਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖੀਆਂ ਗਈਆ ਅਤੇ ਕੇਵਲ ਜ਼ਰੂਰੀ ਸੇਵਾਵਾਂ ਨੂੰ ਹੀ ਚੱਲਣ ਦੀ ਇਜਾਜ਼ਤ ਦਿੱਤੀ ਗਈ ਸੀ।
ਹਲਕਾ ਖਡੂਰ ਸਾਹਿਬ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਮੁਕੰਮਲ ਤੌਰ ’ਤੇ ਰਿਹਾ ਬੰਦ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੀ ਗਈ ਬੰਦ ਦੀ ਕਾਲ ਨੂੰ ਹਲਕਾ ਖਡੂਰ ਸਾਹਿਬ ਵਿੱਚ ਭਰਵਾਂ ਸਮਰਥਨ ਮਿਲਿਆ ਹੈ। ਇਸ ਦੌਰਾਨ ਹਲਕੇ ਨਾਲ ਸਬੰਧਤ ਸਮੂਹ ਪਿੰਡਾਂ ਅਤੇ ਕਸਬਿਆਂ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਦਿਖਾਈ ਦਿੱਤੇ। ਇਸ ਸ਼ਾਂਤੀਪੂਰਨ ਬੰਦ ਦੌਰਾਨ ਹਲਕਾ ਖਡੂਰ ਸਾਹਿਬ ਵਿੱਚ ਕਿਤੇ ਵੀ ਜ਼ਬਰਦਸਤੀ ਕਰਨ ਜਾਂ ਹੁੱਲੜਬਾਜ਼ੀ ਕਰਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਇਸ ਬੰਦ ਨੂੰ ਲੈ ਕੇ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੀ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦਿੱਤੀ। ਡੀ.ਐੱਸ.ਪੀ. ਹਰਿੰਦਰ ਸਿੰਘ ਨੇ ਦੱਸਿਆ ਕਿ ਪੂਰੀ ਸਬ-ਡਵੀਜ਼ਨ ਵਿੱਚ ਬੰਦ ਦੌਰਾਨ ਮਾਹੌਲ ਸ਼ਾਂਤਮਈ ਰਿਹਾ ਹੈ। ਹਲਕੇ ਵਿੱਚ ਐਮਰਜੈਂਸੀ ਸੇਵਾਵਾਂ ਮੁਕੰਮਲ ਤੌਰ ’ਤੇ ਬਹਾਲ ਰਹੀਆਂ। ਪਿੰਡਾਂ ਅਤੇ ਕਸਬਿਆਂ ਵਿੱਚ ਮੈਡੀਕਲ ਸਟੋਰਾਂ ਅਤੇ ਹੋਰ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੇ ਕਾਰੋਬਾਰ ਮੁਕੰਮਲ ਤੌਰ ’ਤੇ ਬੰਦ ਰਹੇ।
ਪੰਜਾਬ ਬੰਦ ਦੇ ਸੱਦੇ ’ਤੇ ਬਠਿੰਡਾ ’ਚ ਬਾਜ਼ਾਰਾਂ ਦੇ ਸ਼ਟਰ ਡਾਊਨ ਤੇ ਬੱਸ ਸੇਵਾ ਠੱਪ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬਠਿੰਡਾ ਤੋਂ ਇਲਾਵਾ ਰਾਮਪੁਰਾ ਫੂਲ, ਮੌੜ, ਭਗਤਾ ਭਾਈਕਾ ਅਤੇ ਜੀਦਾ ਸਮੇਤ ਪੰਜ ਥਾਵਾਂ ’ਤੇ ਧਰਨੇ ਦਿੱਤੇ ਗਏ। ਸਵੇਰ ਤੋਂ ਹੀ ਵਪਾਰੀਆਂ ਨੇ ਦੁਕਾਨਾਂ ਦੇ ਸ਼ਟਰ ਬੰਦ ਰੱਖੇ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਵਪਾਰਕ ਅਦਾਰੇ ਬੰਦ ਰਹੇ, ਜਿਸ ਕਾਰਨ ਸ਼ਹਿਰ ਵਿੱਚ ਸੁੰਨਸਾਨ ਰਹੀ। ਬੱਸ ਸੇਵਾ ਠੱਪ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੋਜ਼ੀ-ਰੋਟੀ ਲਈ ਪਿੰਡਾਂ ਤੋਂ ਆਉਣ ਵਾਲੇ ਮਜ਼ਦੂਰ ਅਤੇ ਮੁਲਾਜ਼ਮ ਸਾਈਕਲਾਂ, ਮੋਟਰਸਾਈਕਲਾਂ ਜਾਂ ਨਿੱਜੀ ਵਾਹਨਾਂ ਰਾਹੀਂ ਸ਼ਹਿਰ ਪਹੁੰਚੇ। ਅਨਾਜ ਮੰਡੀਆਂ ਵਿੱਚ ਵੀ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਧਰਨਿਆਂ ਦੌਰਾਨ ਸੁਰਜੀਤ ਸਿੰਘ ਫੂਲ, ਪਰਮਿੰਦਰ ਸਿੰਘ ਬਾਲਿਆਵਾਲੀ, ਸੁਖਜੀਤ ਸਿੰਘ, ਭੋਲਾ ਸਿੰਘ ਗਿੱਲਪੱਤੀ, ਚਮਕੌਰ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ। ਮੋਰਚੇ ਨੇ ਸਮੂਹ ਵਪਾਰੀਆਂ, ਟਰਾਂਸਪੋਰਟਰਾਂ ਅਤੇ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਭਵਾਨੀਗੜ੍ਹ ਸ਼ਹਿਰ ਮੁਕੰਮਲ ਬੰਦ ; ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ’ਤੇ ਲਗਾਇਆ ਜਾਮ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਸੱਦੇ ’ਤੇ ਅੱਜ ਇੱਥੇ ਮੁੱਖ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਵਾਰਿਸ ਪੰਜਾਬ ਵੱਲੋਂ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਵਿੰਦਰ ਸਿੰਘ ਬਲਿਆਲ, ਅਵਤਾਰ ਸਿੰਘ ਬਲਿਆਲ, ਸੁਖਵੀਰ ਸਿੰਘ ਆਲੋਅਰਖ, ਜਥੇਦਾਰ ਦਲਜੀਤ ਸਿੰਘ ਅਕਾਲੀ ਅਤੇ ਵਾਰਿਸ ਪੰਜਾਬ ਦੇ ਆਗੂ ਹਾਕਮ ਸਿੰਘ ਘਰਾਚੋਂ, ਜਗਸੀਰ ਸਿੰਘ ਘਰਾਚੋਂ (ਜ਼ਿਲ੍ਹਾ ਮੀਤ ਪ੍ਰਧਾਨ), ਹਰਵਿੰਦਰ ਸਿੰਘ ਗੱਗੀ ਝਨੇੜੀ, ਸੀਰਾ ਸਿੰਘ ਘਰਾਚੋਂ ਤੇ ਕਰਮਜੀਤ ਸਿੰਘ ਕਪਿਆਲ ਨੇ ਕਿਹਾ ਕਿ 35-35 ਸਾਲਾਂ ਦੀਆਂ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਹੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਬਲਵਿੰਦਰ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਚੰਨੋਂ ਵਿਖੇ ਮੁੱਖ ਮਾਰਗ ’ਤੇ ਵੀ ਧਰਨਾ ਦਿੱਤਾ ਗਿਆ।
CM ਮਾਨ ਦੇ ਆਪਣੇ ਹਲਕੇ ਧੂਰੀ ਵਿੱਚ ਵੀ ਪੰਜਾਬ ਬੰਦ ਦਾ ਦਿਖਿਆ ਅਸਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਹਲਕੇ ਵਿੱਚ ਕੋਮੀ ਇੰਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਕਰੀਬ ਦੋ ਵਜੇ ਤੱਕ ਬਜ਼ਾਰ ਪੂਰਨ ਬੰਦ ਰਹੇ। –
ਟਾਂਡਾ ਵਿੱਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ; ਬਾਜ਼ਾਰ ਅਤੇ ਸੜਕੀ ਆਵਾਜਾਈ ਮੁਕੰਮਲ ਬੰਦ ਰਹੀ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਟਾਂਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰ, ਦੁਕਾਨਾਂ ਅਤੇ ਪ੍ਰਾਈਵੇਟ ਸਕੂਲ ਵੀ ਪੂਰੀ ਤਰ੍ਹਾਂ ਬੰਦ ਰਹੇ। ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਬਿਜਲੀ ਘਰ ਚੌਂਕ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਧਰਨਾ ਲਾਇਆ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਇੱਕਜੁੱਟ ਹਨ।-
ਅੰਮ੍ਰਿਤਸਰ ਵਿੱਚ ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲੀਸ ਨੇ ਹਿਰਾਸਤ ਵਿੱਚ ਲਏ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਰੋਡ ਗੋਲਡਨ ਗੇਟ ’ਤੇ ਆਵਾਜਾਈ ਬੰਦ ਕਰਨ ਦਾ ਯਤਨ ਕਰ ਰਹੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਮੰਨਾ, ਭਾਈ ਗਗਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਬੰਟੀ ਸਮੇਤ ਫੈਡਰੇਸ਼ਨ ਦੇ ਹੋਰ ਮੈਂਬਰਾਂ ਨੂੰ ਪੁਲੀਸ ਵੱਲੋਂ ਗੋਲਡਨ ਗੇਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲੀਸ ਵੱਲੋਂ ਇਸ ਕਾਰਵਾਈ ਤੋਂ ਪਹਿਲਾਂ ਸਿੱਖ ਆਗੂਆਂ ਨਾਲ ਗਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਮਾਰਗ ’ਤੇ ਆਵਾਜਾਈ ਬੰਦ ਕਰਨ ਤੋਂ ਰੋਕਿਆ ਗਿਆ। ਪਰ ਪ੍ਰਦਰਸ਼ਨਕਾਰੀ ਸਿੱਖ ਆਗੂ ਇਸ ਮਾਰਗ ਨੂੰ ਆਵਾਜਾਈ ਵਾਸਤੇ ਬੰਦ ਕਰਨ ’ਤੇ ਅੜੇ ਰਹੇ, ਜਿਸ ’ਤੇ ਪੁਲੀਸ ਨੇ ਉਨ੍ਹਾਂ ਨੂੰ ਧੱਕੇ ਨਾਲ ਪੁਲੀਸ ਵਾਹਨ ਵਿੱਚ ਬਿਠਾ ਲਿਆ ਅਤੇ ਅਣਦੱਸੀ ਥਾਂ ’ਤੇ ਲੈ ਗਈ। ਇਸ ਦੌਰਾਨ ਹਲਕੀ ਧੱਕਾ-ਮੁੱਕੀ ਵੀ ਹੋਈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ “ਬੰਦੀ ਸਿੱਖ ਰਿਹਾਅ ਕਰੋ” ਦੇ ਨਾਅਰੇ ਲਾਏ ਗਏ। ਫੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜ਼ੋਰ-ਜ਼ਬਰਦਸਤੀ ਕੀਤੀ ਗਈ ਹੈ, ਜਦਕਿ ਉਹ ਇੱਥੇ ਸ਼ਾਂਤਮਈ ਧਰਨਾ ਦੇਣ ਆਏ ਸਨ ਅਤੇ ਉਨ੍ਹਾਂ ਦਾ ਆਵਾਜਾਈ ਰੋਕਣ ਦਾ ਪ੍ਰੋਗਰਾਮ ਵੀ ਸ਼ਾਂਤਮਈ ਢੰਗ ਨਾਲ ਹੀ ਸੀ।
ਸ਼ਾਹਕੋਟ, ਲੋਹੀਆਂ, ਮਹਿਤਪੁਰ ਅਤੇ ਨਕੋਦਰ ਮੁਕੰਮਲ ਬੰਦ
ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ’ਤੇ ਅੱਜ ਸ਼ਾਹਕੋਟ, ਲੋਹੀਆਂ ਖ਼ਾਸ, ਮਹਿਤਪੁਰ ਅਤੇ ਨਕੋਦਰ ਮੁਕੰਮਲ ਬੰਦ ਰਿਹਾ। ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ, ਨਿੱਜੀ ਸਕੂਲ ਬੰਦ ਰਹੇ ਅਤੇ ਸੜਕਾਂ ਸੁੰਨਸਾਨ ਰਹੀਆਂ।
ਜੰਡਿਆਲਾ ਗੁਰੂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਇੱਥੇ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਗੁਰੂ ਮਾਨਿਓ ਗ੍ਰੰਥ ਸੇਵਕ ਜਥੇ ਅਤੇ ਵੱਖ-ਵੱਖ ਧਾਰਮਿਕ, ਸਿਆਸੀ, ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਵੇਰੇ ਵਾਲਮੀਕੀ ਚੌਂਕ ਤੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ (ਵਾਰਸ ਪੰਜਾਬ) ਦੇ ਅਮਰੀਕ ਸਿੰਘ ਬਿੱਟਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਬੀਤੀ 15 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ ਸੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਸਨ। ਇਸ ਦੇ ਰੋਸ ਵਜੋਂ ਹੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਮਾਰਚ ਦੌਰਾਨ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ। ਇਸ ਮੌਕੇ ਭਾਈ ਜਗਜੀਤ ਸਿੰਘ ਖ਼ਾਲਸਾ, ਦਲਜਿੰਦਰਬੀਰ ਸਿੰਘ ਵਿਰਕ, ਪ੍ਰੀਤਇੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਸਚਦੇਵਾ, ਵਰਿੰਦਰ ਸਿੰਘ ਮਲਹੋਤਰਾ ਅਤੇ ਕਰਨ ਮਲਹੋਤਰਾ ਸਮੇਤ ਸੈਂਕੜੇ ਨੌਜਵਾਨ ਹਾਜ਼ਰ ਸਨ।- ਸਿਮਰਤ ਪਾਲ ਸਿੰਘ ਬੇਦੀ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਅੱਜ ਸ਼ਹਿਣਾ ਰਿਹਾ ਮੁਕੰਮਲ ਬੰਦ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਅੱਜ ਕਸਬਾ ਸ਼ਹਿਣਾ ਮੁਕੰਮਲ ਬੰਦ ਰਿਹਾ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਬੰਦ ਦੌਰਾਨ ਸਕੂਲ ਅਤੇ ਬੱਸਾਂ ਦੀ ਆਵਾਜਾਈ ਵੀ ਮੁਕੰਮਲ ਤੌਰ ’ਤੇ ਬੰਦ ਰਹੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਚੜ੍ਹੂਨੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਘ ਪੰਧੇਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਵਾਰਸ ਪੰਜਾਬ) ਵੱਲੋਂ ਲਖਬੀਰ ਸਿੰਘ ਦੋਦੇਵਾਲਾ, ਲਖਵੀਰ ਸਿੰਘ ਖ਼ਾਲਸਾ, ਦਵਿੰਦਰ ਕੌਰ, ਗੁਰਪ੍ਰੀਤ ਸਿੰਘ ਪੰਚਾਇਤ ਮੈਂਬਰ, ਚੈਰੀ ਗੋਸਲ ਅਤੇ ਰੂਪ ਸਿੰਘ ਨੇ ਸਾਰੇ ਦੁਕਾਨਦਾਰਾਂ ਨੂੰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੱਸ ਸਟੈਂਡ, ਮੁੱਖ ਬਾਜ਼ਾਰ ਅਤੇ ਮੁੱਖ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਬਾਜ਼ਾਰਾਂ ਵਿੱਚ ਸੁੰਨਸਾਨ ਛਾਈ ਰਹੀ। ਦੂਜੇ ਪਾਸੇ, ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲੀਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਰਹੀ।-
ਪੰਜਾਬ ਬੰਦ ਨੂੰ ਸੁਲਤਾਨਪੁਰ ਲੋਧੀ ’ਚ ਭਰਵਾਂ ਹੁੰਗਾਰਾ; ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਸ਼ਾਂਤੀਪੂਰਵਕ ਰੋਸ ਮਾਰਚ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ, ਜਦਕਿ ਮੁੱਖ ਮਾਰਗਾਂ ’ਤੇ ਵੀ ਆਵਾਜਾਈ ਬੇਹੱਦ ਘੱਟ ਰਹੀ। ਹਲਵਾਈਆਂ, ਸਬਜ਼ੀ ਵਿਕਰੇਤਾਵਾਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਪ੍ਰਾਈਵੇਟ ਸਕੂਲਾਂ ਸਮੇਤ ਵੱਖ-ਵੱਖ ਵਰਗਾਂ ਨੇ ਬੰਦ ਨੂੰ ਪੂਰਨ ਸਮਰਥਨ ਦਿੱਤਾ। ਵਾਰਿਸ ਪੰਜਾਬ ਦੇ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਬੋਹੜ ਸਿੰਘ ਹਜ਼ਾਰਾ ਅਤੇ ਦਰਸ਼ਨ ਸਿੰਘ ਪੱਡਾ ਸੁਚੇਤਗੜ੍ਹ ਦੀ ਅਗਵਾਈ ਹੇਠ ਆਗੂਆਂ ਤੇ ਸਮਰਥਕਾਂ ਨੇ ਸਦਰ ਬਾਜ਼ਾਰ ਸਮੇਤ ਸ਼ਹਿਰ ਵਿੱਚ ਸ਼ਾਂਤੀਪੂਰਵਕ ਰੋਸ ਮਾਰਚ ਕੱਢਿਆ। ਆਗੂਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਬਿਮਾਰ ਮਾਤਾ ਨਾਲ ਮਿਲਣ ਲਈ ਪੈਰੋਲ ਦੇਣ ਦੀ ਮੰਗ ਵੀ ਦੁਹਰਾਈ। ਇਸ ਮੌਕੇ ਬਲਜਿੰਦਰ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਤਰਨਦੀਪ ਸਿੰਘ, ਗੁਰਮੀਤ ਸਿੰਘ ਸੋਢੀ, ਦੁੱਲਾ ਸਿੰਘ, ਪਿੰਦਰਪਾਲ ਸਿੰਘ, ਸੁੱਖਵਿੰਦਰ ਸਿੰਘ ਮੱਲ੍ਹੀ, ਹਰਭਜਨ ਸਿੰਘ, ਸਰਬਜੀਤ ਸਿੰਘ, ਬਲਬੀਰ ਸਿੰਘ ਵਿਰਦੀ, ਕਰਨੈਲ ਸਿੰਘ, ਡਾਕਟਰ ਗੁਰਮੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।-
ਡੇਰਾਬਸੀ ਇਲਾਕੇ ਵਿੱਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਡੇਰਾਬੱਸੀ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਵੱਲੋਂ ਮੀਤ ਪ੍ਰਧਾਨ ਪੰਜਾਬ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਲਾਲੜੂ ਮੰਡੀ ਅਤੇ ਪਿੰਡ ਦੱਪਰ ਦੀ ਮਾਰਕੀਟ ਵਿੱਚ ਦੁਕਾਨਦਾਰਾਂ ਨੂੰ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਦੁਕਾਨਦਾਰਾਂ ਨੇ ਜਥੇਬੰਦੀ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ, ਜਿਸ ਕਾਰਨ ਬਾਜ਼ਾਰ ਬੰਦ ਰਿਹਾ। ਇਸ ਉਪਰੰਤ ਕਿਸਾਨ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਟੋਲ ਪਲਾਜ਼ਾ ਦੱਪਰ ਵਿਖੇ ਇਕੱਠੇ ਹੋ ਕੇ ਅੰਬਾਲਾ-ਚੰਡੀਗੜ੍ਹ ਹਾਈਵੇੇਅ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਵੀ ਨਾਅਰੇ ਲਗਾਏ ਗਏ। ਕੁਝ ਸਮੇਂ ਬਾਅਦ ਆਮ ਲੋਕਾਂ ਨੂੰ ਆ ਰਹੀ ਸੰਭਾਵਿਤ ਪਰੇਸ਼ਾਨੀ ਦੇ ਮੱਦੇਨਜ਼ਰ ਹਾਈਵੇਅ ’ਤੇ ਆਵਾਜਾਈ ਮੁੜ ਚਾਲੂ ਕਰ ਦਿੱਤੀ ਗਈ।-ਸਰਬਜੀਤ ਸਿੰਘ ਭੱਟੀ ਇਸ ਮੌਕੇ ਰਣਜੀਤ ਸਿੰਘ ਰਾਣਾ, ਜਥੇਦਾਰ ਜਗਤਾਰ ਸਿੰਘ ਝਰਮੜੀ, ਗੁਰਪ੍ਰੀਤ ਸਿੰਘ ਜਾਸਤਨਾ, ਕੇਹਰ ਸਿੰਘ ਚਡਿਆਲਾ, ਹਰਜੀਤ ਸਿੰਘ ਭਗਵਾਨਪੁਰ, ਗੁਰਪਾਲ ਸਿੰਘ ਦੱਪਰ, ਗੁਰਮੁਖ ਸਿੰਘ ਦੇਵੀਨਗਰ, ਧਰਮ ਸਿੰਘ ਦੱਪਰ, ਅਤੇ ਗੁਰਦੀਪ ਸਿੰਘ ਜੌਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।
ਰੋਪੜ, ਸ੍ਰੀ ਆਨੰਦਪੁਰ ਸਾਹਿਬ ਸਾਹਿਬ ਤੇ ਨੰਗਲ ’ਚ ਨਿਹੰਗ ਸਿੰਘਾਂ ਨੇ ਜ਼ਬਰਦਸਤੀ ਬੰਦ ਕਰਵਾਈਆਂ ਦੁਕਾਨਾਂ
ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ‘ਬੰਦੀ ਸਿੰਘਾਂ’ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਦੇ ਹੱਕ ’ਚ ਨਿਹੰਗ ਸਿੰਘਾਂ ਵੱਲੋਂ ਬਾਜ਼ਾਰਾਂ ’ਚ ਮਾਰਚ ਕੀਤੇ ਜਾਣ ਤੋਂ ਬਾਅਦ ਅੱਜ ਰੋਪੜ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ, ਨੰਗਲ ਅਤੇ ਰੋਪੜ ਸ਼ਹਿਰ ਸਮੇਤ ਕਈ ਕਸਬਿਆਂ ’ਚ ਦੁਕਾਨਾਂ ਅਤੇ ਵਪਾਰਕ ਅਦਾਰੇ ਜ਼ਬਰਦਸਤੀ ਬੰਦ ਕਰਵਾ ਦਿੱਤੇ ਗਏ। ਸਵੇਰ ਦੇ ਸਮੇਂ ਜ਼ਿਲ੍ਹੇ ਵਿੱਚ ਬੰਦ ਦਾ ਮਾਮੂਲੀ ਅਸਰ ਦੇਖਣ ਨੂੰ ਮਿਲਿਆ ਸੀ ਅਤੇ ਰੋਪੜ, ਨੰਗਲ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਸਨ। ਪਰ ਸਵੇਰੇ ਲਗਭਗ 10:30 ਵਜੇ ਸਥਿਤੀ ਉਦੋਂ ਬਦਲ ਗਈ ਜਦੋਂ ਨਿਹੰਗ ਸਿੰਘਾਂ ਦੇ ਜਥੇ ਬਾਜ਼ਾਰਾਂ ਵਿੱਚ ਪਹੁੰਚੇ ਅਤੇ ਵਪਾਰੀਆਂ ਨੂੰ ਬੰਦ ਦੇ ਸਮਰਥਨ ਵਿੱਚ ਅਦਾਰੇ ਬੰਦ ਕਰਨ ਦੀ ਅਪੀਲ ਕਰਨ ਲੱਗੇ। ਨਿਹੰਗ ਸਿੰਘਾਂ ਵੱਲੋਂ ਦੁਕਾਨ-ਦੁਕਾਨ ਜਾਣ ਤੋਂ ਬਾਅਦ ਦੁਕਾਨਦਾਰਾਂ ਨੇ ਆਪਣੇ ਸ਼ਟਰ ਹੇਠਾਂ ਕਰਨੇ ਸ਼ੁਰੂ ਕਰ ਦਿੱਤੇ। ਵਪਾਰੀਆਂ ਨੇ ਇਸ ਅਪੀਲ ਦਾ ਪੂਰਾ ਸਹਿਯੋਗ ਕੀਤਾ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਸੁੰਨਸਾਨ ਛਾ ਗਈ।-
ਧੂਰੀ ਸ਼ਹਿਰ ਵਿੱਚ ਵੀ ਬੰਦ ਦਾ ਅਸਰ
ਕੋਮੀ ਇੰਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਨੂੰ ਧੂਰੀ ਸ਼ਹਿਰ ਅੰਦਰ ਪੂਰਨ ਹੁੰਗਾਰਾ ਮਿਲਿਆ, ਸ਼ਹਿਰ ਦੇ ਬਜ਼ਾਰ ਮਿੱਥੇ ਸਮੇਂ ਤੱਕ ਬੰਦ ਰਹੇ, ਕੋਈ ਜ਼ਰੂਰੀ ਸਮਾਨ ਵਾਲੀਆ ਹੀ ਦੁਕਾਨਾਂ ਖੁੱਲੀਆਂ ਰਹੀਆਂ। ਮੋਰਚੇ ਦੇ ਆਗੂਆਂ ਅਮਰਜੀਤ ਸਿੰਘ ਬਾਦਸ਼ਾਹਪੁਰ, ਸਰਬਜੀਤ ਸਿੰਘ ਅਲਾਲ, ਭੁਪਿੰਦਰ ਸਿੰਘ ਜੇ ਈ ਭੁੱਲਰ, ਨਵਦੀਪ ਸਿੰਘ, ਹਰਚਰਨ ਸਿੰਘ ਭੁੱਲਰ ਗਗਨ , ਹੋਰਨਾਂ ਆਗੂਆਂ ਵੱਲੋਂ ਸ਼ਹਿਰ ਅੰਦਰ ਮਾਰਚ ਕਰਕੇ ਵਪਾਰੀ ਭਰਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਤੇ ਸਿੱਖ ਜਥੇਬੰਦੀਆਂ ਦੀਆ ਬਾਕੀ ਮੰਗਾ ਵੀ ਮੰਨੀਆ ਜਾਣ। ਧੂਰੀ ਦੇ ਐਸ ਐਚ ਓ ਰਮਨਦੀਪ ਸਿੰਘ ਬਾਵਾ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਉਨ੍ਹਾਂ ਸ਼ਹਿਰ ਦੇ ਹਰ ਚੋਂਕ ਵਿੱਚ ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਈ ਹੋਈ ਸੀ।
ਪੰਜਾਬ ਬੰਦ ਦੇ ਸੱਦੇ ’ਤੇ ਲਹਿਰਾਗਾਗਾ ਮੁਕੰਮਲ ਬੰਦ
ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਲਹਿਰਾਗਾਗਾ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਬੰਦ ਦੌਰਾਨ ਬਾਜ਼ਾਰਾਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ।ਇਸ ਦੌਰਾਨ ਸਰਕਾਰੀ ਬੱਸ ਸੇਵਾ ਆਮ ਦਿਨਾਂ ਵਾਂਗ ਜਾਰੀ ਰਹੀ, ਜਦਕਿ ਪ੍ਰਾਈਵੇਟ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਰਹੀ। ਇਸ ਤੋਂ ਇਲਾਵਾ ਗੈਰ-ਸਰਕਾਰੀ ਸਿੱਖਿਆ ਸੰਸਥਾਵਾਂ ਵੀ ਬੰਦ ਰਹੀਆਂ।ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ( ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਥੇਦਾਰ ਪਰਗਟ ਸਿੰਘ ਗਾਗਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਮਾਰਚ ਵਿੱਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।ਬੰਦ ਦੇ ਮੱਦੇਨਜ਼ਰ ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ।
ਗੁਰੂਸਰ ਸੁਧਾਰ ਸਮੇਤ ਨੇੜਲੇ ਕਸਬਿਆਂ ਅਤੇ ਪਿੰਡਾਂ ਵਿੱਚ ਵੀ ਬੰਦ ਦਾ ਵਿਆਪਕ ਅਸਰ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਅਨੁਸਾਰ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਸਥਿਤ ਸਥਾਨਕ ਕਸਬੇ ਦੇ ਬਜ਼ਾਰ ਮੁਕੰਮਲ ਬੰਦ ਰਹੇ। ਦੁੱਧ ਦੀਆਂ ਡੇਅਰੀਆਂ ਤੋਂ ਇਲਾਵਾ ਕੁਝ ਦਵਾਈ ਦੁਕਾਨਾਂ ਛੋਟ ਕਾਰਨ ਖੁੱਲ੍ਹੀਆਂ ਸਨ, ਪਰ ਜ਼ਿਆਦਾਤਰ ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਹੀ ਰਹੀਆਂ। ਫਲ਼ਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਤੱਕ ਵੀ ਬੰਦ ਦਾ ਭਰਵਾਂ ਅਸਰ ਦੇਖਣ ਨੂੰ ਮਿਲਿਆ, ਜਦਕਿ ਚਾਹ ਦੇ ਖੋਖੇ ਅਤੇ ਹਲਵਾਈਆਂ ਦੀਆਂ ਦੁਕਾਨਾਂ ਅਤੇ ਢਾਬੇ-ਰੈਸਟੋਰੈਂਟ ਵੀ ਬੰਦ ਹੀ ਰਹੇ। ਸਵੇਰ ਤੋਂ ਮਿੰਨੀ ਬੱਸਾਂ ਵੀ ਸੜਕਾਂ ਉਪਰ ਦਿਖਾਈ ਨਹੀਂ ਦਿੱਤੀਆਂ, ਹਾਲਾਂਕਿ ਸਵੇਰਸਾਰ ਕੁਝ ਲੰਬੇ ਰੂਟ ਦੀਆਂ ਬੱਸਾਂ ਸੜਕਾਂ ਉਪਰ ਜ਼ਰੂਰ ਨਿਕਲੀਆਂ ਅਤੇ ਕੁਝ ਸਰਕਾਰੀ ਬੱਸਾਂ ਵੀ ਲੰਘੀਆਂ। ਪਰ ਉਂਜ ਸੜਕਾਂ ਉਪਰ ਸੁੰਨ ਪਸਰੀ ਰਹੀ ਅਤੇ ਸਰਕਾਰੀ ਮੁਲਾਜ਼ਮ ਆਪਣੇ ਆਪਣੇ ਸਾਧਨਾਂ ਰਾਹੀਂ ਆਪਣੀ ਡਿਊਟੀ ਲਈ ਜ਼ਰੂਰ ਘਰਾਂ ਤੋਂ ਨਿਕਲੇ। ਕੇਂਦਰੀ ਵਿਦਿਆਲਾ ਹਲਵਾਰਾ ਨੂੰ ਛੱਡ ਕੇ ਹੋਰ ਸਕੂਲੀ ਬੱਸਾਂ ਵੀ ਨਹੀਂ ਚੱਲੀਆਂ ਅਤੇ ਜ਼ਿਆਦਾਤਰ ਨਿੱਜੀ ਸਕੂਲ ਮਾਲਕਾਂ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਸਕੂਲ ਬੰਦ ਰੱਖਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਇੱਥੋਂ ਨੇੜਲੇ ਹਲਵਾਰਾ, ਪੱਖੋਵਾਲ, ਜੋਧਾਂ, ਸਰਾਭਾ, ਕੁਲਾਰ, ਬੱਸੀਆਂ, ਲੋਹਟਬੱਦੀ ਆਦਿ ਬਜ਼ਾਰ ਵੀ ਬੰਦ ਰਹੇ। ਹਾਲਾਂਕਿ ਬੰਦ ਸਮਰਥਕਾਂ ਵੱਲੋਂ ਕਿਧਰੇ ਕੋਈ ਧਰਨਾ ਪ੍ਰਦਰਸ਼ਨ ਦੇਖਣ ਨੂੰ ਨਹੀਂ ਮਿਲਿਆ, ਪਰ ਲੋਕਾਂ ਵਿੱਚ ਸਹਿਮ ਕਾਰਨ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਪੁਲੀਸ ਕਰਮਚਾਰੀ ਪੈਦਲ ਅਤੇ ਗੱਡੀਆਂ ਰਾਹੀ ਗਸ਼ਤ ਕਰਦੇ ਦੇਖੇ ਗਏ, ਪਰ ਕਿਸ ਪਾਸਿਓਂ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ।
ਸੰਗਰੂਰ ਸ਼ਹਿਰ ਮੁਕੰਮਲ ਬੰਦ, ਬਜ਼ਾਰਾਂ ’ਚ ਛਾਇਆ ਰਿਹਾ ਸਨਾਟਾ
ਸਿੱਖ ਤੇ ਕਿਸਾਨ ਜਥੇਬੰਦੀਆਂ ਵੱਲੋਂ ਮਸਤੂਆਣਾ ਸਾਹਿਬ ਵਿਖੇ ਜ਼ੀਰਕਪੁਰ ਬਠਿੰਡਾ ਕੌਮੀ ਹਾਈਵੇ-7 ਜਾਮ ਕਰਕੇ ਰੋਸ ਧਰਨਾ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ ਸ਼ਹਿਰ ਮੁਕੰਮਲ ਰੂਪ ਵਿੱਚ ਬੰਦ ਰਿਹਾ। ਬਜ਼ਾਰ ਵਿਚ ਸਾਰੀਆਂ ਦੁਕਾਨਾਂ ਬੰਦ ਰਹੀਆਂ। ਇਥੋਂ ਤੱਕ ਕਿ ਸ਼ਹਿਰ ਵਿਚ ਕੋਈ ਰੇਹੜੀ ਤੱਕ ਵੀ ਨਹੀਂ ਲੱਗੀ। ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮਸਤੂਆਣਾ ਸਾਹਿਬ ਵਿਖੇ ਕੌਮੀ ਹਾਈਵੇ -7। ਉਪਰ ਰੋਸ ਧਰਨਾ ਦਿੰਦਿਆਂ ਚੱਕਾ ਜਾਮ ਰੱਖਿਆ ਗਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਸ਼ਹਿਰ ਵਿਚ ਬੰਦ ਦੇ ਸੱਦੇ ਤਹਿਤ ਵਪਾਰੀ ਵਰਗ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ। ਸ਼ਹਿਰ ਚ ਪ੍ਰਮੁੱਖ ਧੂਰੀ ਗੇਟ, ਪਟਿਆਲਾ ਗੇਟ, ਨਾਭਾ ਗੇਟ ਅਤੇ ਸੁਨਾਮੀ ਗੇਟ ਬਜ਼ਾਰਾਂ ਤੋਂ ਇਲਾਵਾ ਸਦਰ ਬਾਜ਼ਾਰ, ਮੰਡੀ ਗਲੀ ਬਾਜ਼ਾਰ ’ਚ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ। ਸਬਜ਼ੀ ਮੰਡੀ ਵਿੱਚ ਕੋਈ ਵੀ ਰੇੜੀ ਨਹੀਂ ਲੱਗੀ। ਸ਼ਹਿਰ ਦੇ ਬਾਰੀ ਖੇਤਰ ਵਿੱਚ ਵੀ ਮੁਕੰਮਲ ਬੰਦ ਰਿਹਾ। ਸ਼ਹਿਰ ਵਿੱਚ ਸਿਰਫ ਮੈਡੀਕਲ ਦੀਆਂ ਦੁਕਾਨਾਂ ਹੀ ਖੁੱਲਿਆ ਸੀ ਜਿਨਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ। ਸ਼ਹਿਰ ਵਿੱਚ ਪ੍ਰਾਈਵੇਟ ਸਕੂਲ ਬੰਦ ਰਹੇ ਪ੍ਰੰਤੂ ਸਰਕਾਰੀ ਸਕੂਲ ਖੁੱਲੇ ਰਹੇ। ਬੱਸ ਸਟੈਂਡ ਵਿੱਚ ਵੀ ਅੱਜ ਸਨਾਟਾ ਛਾਇਆ ਹੋਇਆ ਸੀ। ਭਾਵੇਂ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬਹੁਤ ਹੀ ਘੱਟ ਚੱਲ ਰਹੀਆਂ ਸੀ ਪਰੰਤੂ ਸੜਕਾਂ ਉੱਪਰ ਚੱਕਾ ਜਾਮ ਹੋਣ ਕਰਕੇ ਬੱਸਾਂ ਦੀ ਆਵਾਜਾਈ ਮੁਕੰਮਲ ਰੂਪ ਵਿੱਚ ਨਹੀਂ ਚੱਲ ਸਕੀ। ਵੱਖ ਵੱਖ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਮਸਤੂਆਣਾ ਸਾਹਿਬ ਵਿਖੇ ਜੀਰਪੁਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਰੋਸ ਧਰਨਾ ਦੇ ਕੇ ਚੱਕਾ ਜਾਮ ਰੱਖਿਆ ਗਿਆ। ਪੁਲੀਸ ਵੱਲੋਂ ਵੱਖ-ਵੱਖ ਥਾਵਾਂ ਤੇ ਆਵਾਜਾਈ ਨੂੰ ਡਾਈਵਰਟ ਕੀਤਾ ਗਿਆ। ਸੜਕਾਂ ਉੱਤੇ ਆਵਾਜਾਈ ਠੱਪ ਹੋਣ ਦੇ ਬਾਵਜੂਦ ਐਂਬੂਲੈਂਸ ਨੂੰ ਛੋਟ ਦਿੱਤੀ ਗਈ।
ਮੱਲਾਂਵਾਲਾ ਇਲਾਕੇ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ
ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ ਦੇ ਸੱਦੇ ਤੇ ਮੱਲਾਂਵਾਲਾ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇੱਥੋਂ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ ਇਥੋਂ ਤੱਕ ਕਿ ਬੱਸਾਂ ਵੀ ਬੰਦ ਰਹੀਆਂ, ਜਦਕਿ ਹਲਵਾਈ, ਸਬਜ਼ੀ ਵਾਲੇ, ਰੇੜੀਆਂ ਵਾਲੇ ਅਤੇ ਹੋਰ ਅਦਾਰਿਆਂ ਬੰਦ ਰੱਖੇ ਗਏ। ਮੱਲਾਂਵਾਲਾ ਦੇ ਸਾਰੇ ਸਕੂਲ ਵੀ ਮੁਕੰਮਲ ਤੌਰ ਤੇ ਬੰਦ ਰਹੇ ਅਤੇ ਸਾਰਾ ਮਾਹੌਲ ਸ਼ਾਂਤੀ ਪੂਰਨ ਰਿਹਾ। ਇਸ ਮੌਕੇ ਅੰਮ੍ਰਿਤ ਸੰਚਾਰ ਜਥਾ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਮੋਰਚਾ, ਕਿਸਾਨ ਸੰਘਰਸ਼ ਕਮੇਟੀ ਮਝੈਲ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕਾ ਦੁੱਕਾ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਅਤੇ ਪੁਲੀਸ ਨੇ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ ਮੁਸ਼ਤੈਦੀ ਨਾਲ ਆਪਣੀ ਡਿਊਟੀ ਜਾਰੀ ਰੱਖੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਾਹ ਨੇ ਕੀਤਾ ਜਾ ਰਿਹਾ ਜਦ ਕਿ ਉਹਨਾਂ ਨੇ ਬਣਦੀਆਂ ਸਜ਼ਾਵਾਂ ਤੋਂ ਵੀ ਜਿਆਦਾ ਭੁਗਤ ਲਈ ਹੈ, ਇਸ ਲਈ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਭਾਈ ਬਲਕਾਰ ਸਿੰਘ ਇਲਮੇਵਾਲਾ, ਕਾਬਲ ਸਿੰਘ ਸਰਕਲ ਪ੍ਰਧਾਨ ਭਾਈ ਹਰਦੀਪ ਸਿੰਘ, ਗੁਰਮੇਲ ਸਿੰਘ ਫੱਤੇਵਾਲਾ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ, ਗੁਰਜੰਟ ਸਿੰਘ ਕਾਲੂ ਵਾਲਾ, ਸਰਪੰਚ ਹੀਰਾ ਸਿੰਘ, ਨੰਬਰਦਾਰ ਤਾਰਾ ਸਿੰਘ, ਗੁਰਸ਼ਾਨ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਹਰਫੂਲ ਸਿੰਘ, ਬਾਬਾ ਸੁਖਦੇਵ ਸਿੰਘ, ਗੁਰਲਾਲ ਸਿੰਘ ਆਦਿ ਮੌਜੂਦ ਸਨ।
ਭਦੌੜ ਦੇ ਬਾਜ਼ਾਰ,ਅਦਾਰੇ ’ਤੇ ਪ੍ਰਾਈਵੇਟ ਸਕੂਲ ਬੰਦ ਰਹੇ
ਕੌਮੇ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਭਦੌੜ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਤੇ ਸਾਰੇ ਬਾਜ਼ਾਰ , ਪ੍ਰਾਈਵੇਟ ਸਕੂਲ ਤੇ ਸਨਅਤੀ ਮੁਕੰਮਲ ਤੌਰ ਤੇ ਬੰਦ ਰਹੇ ਇਥੋਂ ਤੱਕ ਕਿ ਹਲਵਾਈ ਸਬਜ਼ੀ ਵਾਲੇ ਰੇੜੀਆਂ ਵਾਲੇ ਅਤੇ ਹੋਰ ਅਦਾਰੇ ਵੀ ਮੁਕੰਮਲ ਤੌਰ ਤੇ ਬੰਦ ਰਹੇ। ਬਾਜ਼ਾਰ ਚ ਪੁੱਜੇ ਭਾਈ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚਾ ਇਨਸਾਫ਼ ਦੀ ਲੜਾਈ ਲੜ ਰਿਹਾ ਹੈ ਉਨਾਂ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾਅ ਕੀਤੇ ਜਾਣ। (ਰਾਜਿੰਦਰ ਵਰਮਾ, ਭਦੌੜ)
ਸ਼੍ਰੋਮਣੀ ਕਮੇਟੀ ਦੇ ਸਮੂਹ ਦਫਤਰ ਅਤੇ ਵਿੱਦਿਅਕ ਅਦਾਰੇ ਬੰਦ
ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਸਮੇਤ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਬੰਦ ਰੱਖੀਆਂ ਗਈਆਂ ਹਨ। ਪੰਜਾਬ ਬੰਦ ਇਹ ਸੱਦਾ ਕੌਮੀ ਸੰਘਰਸ਼ ਮੋਰਚੇ ਵੱਲੋਂ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ,ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ, ਦਲ ਖਾਲਸਾ ,ਹਵਾਰਾ ਕਮੇਟੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਤੇ ਹੋਰ ਜਥੇਬੰਦੀਆਂ ਵੱਲੋਂ ਬੰਦ ਨੂੰ ਸਮਰਥਨ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬੰਦ ਦੇ ਸੱਦੇ ਤਹਿਤ ਅੱਜ ਸ਼੍ਰੋਮਣੀ ਕਮੇਟੀ ਦਾ ਮੁੱਖ ਦਫਤਰ, ਧਰਮ ਪ੍ਰਚਾਰ ਕਮੇਟੀ ਦਾ ਦਫਤਰ ਤੇ ਹੋਰ ਸਾਰੇ ਦਫਤਰ ਬੰਦ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਚੱਲ ਰਹੇ ਸਮੂਹ ਵਿਦਿਅਕ ਅਦਾਰੇ ਤੇ ਹੋਰ ਸੰਸਥਾਵਾਂ ਨੂੰ ਵੀ ਰੋਸ ਵਜੋਂ ਬੰਦ ਰੱਖਿਆ ਗਿਆ। ਲੇਕਿਨ ਇਸ ਦੌਰਾਨ ਮੈਡੀਕਲ ਸਹੂਲਤਾਂ ਜਾਰੀ ਹਨ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਹਸਪਤਾਲਾਂ ਵਿੱਚ ਕੰਮ ਪਹਿਲਾਂ ਵਾਂਗ ਹੀ ਜਾਰੀ ਹੈ। ਅੰਮ੍ਰਿਤਸਰ ਵਿੱਚ ਫਿਲਹਾਲ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਨਿੱਜੀ ਵਿਦਿਅਕ ਸੰਸਥਾਵਾਂ ਵੱਲੋਂ ਬੀਤੇ ਕੱਲ ਹੀ ਪੰਜਾਬ ਬੰਦ ਦੇ ਸੱਦੇ ਤਹਿਤ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਸੀ ਅਤੇ ਅੱਜ ਸਕੂਲ ਬੰਦ ਰਹੇ ਹਨ। ਕੁੱਝ ਖੇਤਰਾਂ ਵਿੱਚ ਦੁਕਾਨਾਂ ਬੰਦ ਹਨ ਤੇ ਕਈ ਥਾਵਾਂ ਤੇ ਖੁੱਲੀਆਂ ਵੀ ਹਨ। ਆਵਾਜਾਈ ਪਹਿਲਾਂ ਵਾਂਗ ਹੀ ਨਿਰਵਿਘਨ ਜਾਰੀ ਹੈ। ਹਵਾਰਾ ਕਮੇਟੀ, ਦਿੱਲੀ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੂਨਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਤੇ ਰੋਸ ਮਾਰਚ ਕੀਤਾ ਗਿਆ ਹੈ। ਰੋਸ ਮਾਰਚ ਵਿੱਚ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਦਿੱਲੀ ਕਮੇਟੀ ਦੇ ਮਨਜੀਤ ਸਿੰਘ ਭੋਮਾ, ਅਕਾਲੀ ਆਗੂ ਭਾਈ ਮਨਜੀਤ ਸਿੰਘ ਤੇ ਹੋਰ ਆਬੂ ਸ਼ਾਮਲ ਸਨ। ਭੰਡਾਰੀ ਪੁੱਲ ਤੋਂ ਲੈ ਕੇ ਹਾਲ ਗੇਟ ਤੱਕ ਰੋਸ ਮਾਰਚ ਕੀਤਾ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਹੱਕ ਵਿੱਚ ਨਾਅਰੇ ਲਾਏ। ਇਸ ਦੌਰਾਨ ਪੁਲੀਸ ਵੱਲੋਂ ਵੀ ਕਰੜੇ ਪ੍ਰਬੰਧ ਕੀਤੇ ਗਏ ਹਨ। ਪੁਲੀਸ ਵੱਲੋਂ ਆਵਾਜਾਈ ਨੂੰ ਬਹਾਲ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਹਾਲਗੇਟ ,ਹਾਲ ਬਾਜ਼ਾਰ ਅਤੇ ਇਸ ਦੇ ਆਲੇ ਦੁਆਲੇ ਦੀਆਂ ਮਾਰਕੀਟ ਵਿੱਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ। ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਆਖਿਆ ਕਿ ਵਪਾਰੀਆਂ ਵੱਲੋਂ ਸਿੱਖ ਜਥੇਬੰਦੀਆਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ ਅਤੇ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਰੱਖੇ ਗਏ ਹਨ। ਉਹਨਾਂ ਆਖਿਆ ਕਿ ਇਸਤੋਂ ਸਪਸ਼ਟ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ।
ਮੁਹਾਲੀ ਦੇ ਆਸ ਪਾਸ ਦੀਆਂ ਸਡ਼ਕਾਂ ਬੰਦ
ਕੌਮੀ ਇਨਸਾਫ ਮੋਰਚੇ ਦੇ ਸੱਦੇ ਉੱਤੇ ਮੁਹਾਲੀ ਅਤੇ ਇਸ ਦੇ ਨਾਲ ਲੱਗਦੇ ਕਸਬਿਆਂ ਸੁਹਾਣਾ, ਕੁੰਬੜਾ, ਲਾਂਡਰਾਂ, ਭਾਗੋਮਾਜਰਾ,ਸਨੇਟਾ, ਬਨੂੜ ਵਿਖੇ ਸਮੁੱਚੇ ਬਾਜ਼ਾਰ ਮੁਕੰਮਲ ਤੌਰ ਉੱਤੇ ਬੰਦ ਹਨ। ਇਸੇ ਤਰ੍ਹਾਂ ਖਰੜ-ਮੁਹਾਲੀ ਕੌਮੀ ਮਾਰਗ ਉੱਤੇ ਗੋਪਾਲ ਸਵੀਟਸ ਦੇ ਨੇੜੇ ਮੋਰਚੇ ਦੇ ਸਮਰਥਕਾਂ ਵੱਲੋਂ ਜਾਮ ਲਗਾ ਕੇ ਆਵਾਜਾਈ ਠੱਪ ਕੀਤੀ ਹੋਈ ਹੈ। ਮੁਹਾਲੀ ਦੀ ਏਅਰਪੋਰਟ ਰੋਡ ਉੱਤੇ ਚੀਮਾ ਬਾਇਲਰਜ ਕੋਲ ਮੋਰਚੇ ਦੇ ਕਾਰਕੁਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ ਅਤੇ ਆਵਜਾਈ ਬੰਦ ਹੈ। ਇਸੇ ਤਰ੍ਹਾਂ ਹੀ ਫੇਜ਼ ਸੱਤ ਦੀਆਂ ਟਰੈਫਿਕ ਲਾਈਟਾਂ ਉੱਤੇ ਵੀ ਮੋਰਚੇ ਦੇ ਕਾਰਕੁਨਾਂ ਵੱਲੋਂ ਧਰਨਾ ਲਗਾ ਕੇ ਆਵਾਜਾਈ ਨੂੰ ਰੋਕਿਆ ਗਿਆ ਹੈ। ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਅਜੀਜ਼ਪੁਰ ਦੇ ਟੌਲ ਪਲਾਜ਼ਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ ਹੈ। ਬਨੂੜ ਤੋਂ ਲਾਂਡਰਾਂ ਵੱਲ ਨੂੰ ਆਉਂਦੇ ਕੌਮੀ ਮਾਰਗ ਉੱਤੇ ਦੈੜੀ ਦੇ ਏਅਰਪੋਰਟ ਰੋਡ ਦੇ ਚੌਕ ਉੱਤੇ ਧਰਨਾਕਾਰੀਆਂ ਵੱਲੋਂ ਜਾਮ ਲਗਾਇਆ ਹੋਇਆ ਹੈ। ਸਾਰੇ ਥਾਵਾਂ ਉੱਤੇ ਐਮਰਜੈਂਸੀ ਸੇਵਾਵਾਂ ਅਤੇ ਐਮਰਜੈਂਸੀ ਲਈ ਕਿਸੇ ਥਾਂ ਉੱਤੇ ਜਾ ਰਹੇ ਰਾਹਗੀਰਾਂ ਨੂੰ ਲੰਘਣ ਦੀ ਬਕਾਇਦਾ ਛੋਟ ਦਿੱਤੀ ਗਈ ਹੈ। ਬੱਸ ਆਵਾਜਾਈ ਬੰਦ ਹੋਣ ਕਾਰਨ ਸੜਕਾਂ ਉੱਤੇ ਪਹਿਲਾਂ ਹੀ ਆਵਾਜਾਈ ਨਾ ਮਾਤਰ ਚੱਲ ਰਹੀ ਹੈ।
ਹੁਸ਼ਿਆਰਪੁਰ ’ਚ ਵੀ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ
ਹੁਸ਼ਿਆਰਪੁਰ ’ਚ ਵੀ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਦੁਕਾਨਾਂ ਅਤੇ ਵਪਾਰਕ ਅਦਾਰੇ ਪੂਰੀ ਤਰਾਂ ਬੰਦ ਹਨ। ਪ੍ਰਾਈਵੇਟ ਸਕੂਲ ਵੀ ਬੰਦ ਹਨ। ਸਵੇਰ ਵੇਲੇ ਬੱਸ ਸਟੈਂਡ ਤੋਂ ਵੱਖ ਵੱਖ ਥਾਵਾਂ ਲਈ ਬੱਸਾਂ ਰਵਾਨਾ ਹੋਈਆਂ ਪਰ 9 ਵਜੇ ਤੋਂ ਬਾਅਦ ਇਹ ਆਵਾਜਾਈ ਰੁਕ ਗਈ ਜਿਸ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ ਵੱਖ ਸਿੱਖ, ਦਲਿਤ ਤੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਮਾਰਚ ਵੀ ਕੀਤਾ ਜਾ ਰਿਹਾ ਹੈ, ਇਸ ਤੋ ਇਲਾਵਾ ਜਗ੍ਹਾ ਜਗ੍ਹਾ ਤੇ ਪੁਲੀਸ ਵੀ ਤੈਨਾਤ ਹੈ ਤਾਂ ਕਿ ਕੋਈ ਅਣਸੁੱਖਾਵੀ ਘਟਨਾ ਨਾ ਵਾਪਰੇ। ਜਲੰਧਰ ਰੋਡ ’ਤੇ ਨਸਰਾਲਾ, ਟਾਂਡਾ ਰੋਡ ਤੇ ਬੁੱਲੋਵਾਲ, ਦਸੂਹਾ ਰੋਡ ਤੇ ਭੂੰਗਾ ਅਤੇ ਚੰਡੀਗੜ੍ਹ ਰੋਡ ਤੇ ਮਾਹਿਲਪੁਰ ਵਿਖੇ ਸੜਕਾਂ ਜਾਮ ਕੀਤੀਆਂ ਗਈਆਂ ਹਨ
ਸਮਰਾਲਾ ਵਿਚ ਪੰਜਾਬ ਬੰਦ ਦਾ ਅਸਰ
ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਮਰਾਲਾ ਵਿੱਚ ਪੂਰਨ ਹੁੰਗਾਰਾ ਮਿਲਿਆ ਹੈ। ਵੱਖ-ਵੱਖ ਵਿਦਿਅੱਕ ਅਦਾਰਿਆਂ, ਉਦਯੋਗਿਕ, ਵਪਾਰਕ ਅਤੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਮੁਕੰਮਲ ਬੰਦ ਰੱਖ ਕੇ ਪੰਜਾਬ ਬੰਦ ਦਾ ਪੂਰਨ ਸਮਰਥਨ ਕੀਤਾ ਹੈ। –
ਮੁਕਤਸਰ ’ਚ ਸਕੂਲ, ਬੱਸਾਂ ਤੇ ਬਾਜ਼ਾਰ ਮੁਕੰਮਲ ਬੰਦ
ਕੌਮੀ ਇਨਸਾਫ਼ ਮੋਰਚਾ ਦੇ ਬੰਦ ਦੇ ਸੱਦੇ ’ਤੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਮੂਹ ਸਰਕਾਰੀ ਤੇ ਨਿੱਜੀ ਸਕੂਲ-ਕਾਲਜ, ਮੁੱਖ ਬਾਜ਼ਾਰ ਅਤੇ ਬੱਸ ਸੇਵਾਵਾਂ ਪੂਰਨ ਤੌਰ ‘ਤੇ ਬੰਦ ਰਹੀਆਂ। ਬਾਜ਼ਾਰ ਮੁਕੰਮਲ ਬੰਦ ਰਹੇ, ਜਦੋਂ ਕਿ ਦਵਾਈਆਂ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਅਤੇ ਸ਼ਹਿਰ ਦੇ ਬਾਹਰੀ ਹਿੱਸਿਆਂ ਵਿੱਚ ਇੱਕਾ-ਦੁੱਕਾ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ। ਲੰਬੇ ਰੂਟ ਦੀਆਂ ਬੱਸਾਂ ਪੂਰੀ ਤਰ੍ਹਾਂ ਠੱਪ ਰਹੀਆਂ, ਜਦੋਂ ਕਿ ਸਥਾਨਕ ਰੂਟਾਂ ‘ਤੇ ਰੋਡਵੇਜ਼ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਇੱਕਾ-ਦੁੱਕਾ ਬੱਸਾਂ ਹੀ ਚੱਲੀਆਂ। ਸਰਕਾਰੀ ਦਫ਼ਤਰਾਂ ਵਿੱਚ ਵੀ ਆਮ ਲੋਕਾਂ ਦੀ ਆਮਦ ਨਾਮਾਤਰ ਰਹੀ। ਇਸ ਦੌਰਾਨ ਮੋਰਚੇ ਦੇ ਕਾਰਕੁਨਾਂ ਵੱਲੋਂ ਘਾਹ ਮੰਡੀ ਚੌਂਕ ਤੋਂ ਕੋਟਕਪੂਰਾ ਚੌਂਕ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ। ਪੁਲੀਸ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਸਥਿਤੀ ਸ਼ਾਂਤਮਈ ਰਹੀ ਅਤੇ ਕਿਸੇ ਟਕਰਾਅ ਦੀ ਖ਼ਬਰ ਨਹੀਂ ਹੈ। ਦੁਕਾਨਦਾਰਾਂ ਅਨੁਸਾਰ ਸ਼ਹਿਰ ਵਿੱਚ ਬੰਦ ਲਈ ਕੋਈ ਹੋਕਾ (ਮਨਿਆਦੀ) ਨਹੀਂ ਦਿੱਤਾ ਗਿਆ ਸੀ, ਬਲਕਿ ਖ਼ਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕਿਸੇ ਵੀ ਤਣਾਅ ਤੋਂ ਬਚਣ ਲਈ ਉਨ੍ਹਾਂ ਨੇ ਆਪ ਮੁਹਾਰੇ ਹੀ ਆਪਣੇ ਕਾਰੋਬਾਰ ਬੰਦ ਰੱਖੇ।
Punjab Spectrum