Bengal: From Comrades to Mamata to Modi
ਬੰਗਾਲ : ਕਾਮਰੇਡਾਂ ਤੋਂ ਮਮਤਾ ਤੱਕ, ਫਿਰ ਮੋਦੀ ਤੱਕ:
ਬੰਗਾਲ ਦੀ ਯਾਤਰਾ ਅਤੇ ਰਾਜਨੀਤੀ ਦੀ ਹਕੀਕਤ
ਘੱਟ ਮਹਿੰਗਾਈ, ਗੁੰਡਾਗਰਦੀ ਅਤੇ ਭਾਜਪਾ ਦੀ ਲੇਟ ਜਿੱਤ
ਜੋਤੀ ਬਾਸੂ, ਮਮਤਾ ਤੇ ਮੋਦੀ — ਬੰਗਾਲ ਦਾ ਲੰਬਾ ਚੱਕਰ
ਬੰਗਾਲ ‘ਚ ਭਾਜਪਾ ਦੀ ਦੇਰੀ ਦੇ ਅਸਲ ਕਾਰਨ – Kamaldeep Singh Brar
ਸੰਨ 2015 ‘ਚ ਕੋਲਕਾਤਾ ਤੇ ਇਸ ਦੇ ਆਸੇ ਪਾਸੇ ਦੇ ਇਲਾਕਿਆਂ ‘ਚ ਜਾਣਾ ਹੋਇਆ। ਇਕ ਦਿਨ ਅਸੀਂ ਕੋਲਕਾਤਾ ਤੋਂ ਚਾਰ ਘੰਟੇ ਦੂਰ ਇਕ ਬੀਚ ‘ਤੇ ਗਏ। ਪਹਿਲਾਂ ਟਰੇਨ ‘ਚ 3 ਘੰਟੇ ਸਫ਼ਰ ਕੀਤਾ। ਫੇਰ ਬੱਸ ‘ਤੇ ਚੜੇ । ਫੇਰ ਕਿਸ਼ਤੀ ‘ਚ ਬੈਠੇ। ਫੇਰ ਇੱਕ ਯੋਂਗਾ ਕਿਰਾਏ ਤੇ ਲਿਆ। ਤਾਂ ਕਿਤੇ ਜਾ ਕੇ ਬੀਚ ਤੇ ਪਹੁੰਚੇ । ਜਿੱਥੇ ਬਹੁਤ ਜ਼ਿਆਦਾ ਲੋਕ ਨਹੀਂ ਸਨ। ਕਿਉਂ ਕਿ ਪਹੁੰਚਣਾ ਅਸਾਨ ਨਹੀਂ ਸੀ। ਇਸੇ ਤਰਾਂ ਦੀਆਂ ਅੜਚਨਾਂ ਭਾਜਪਾ ਵਾਸਤੇ ਸੀ ਜਿਸ ਕਾਰਨ ਉਹ ਬੰਗਾਲ ਲੇਟ ਪਹੁੰਚੀ।

ਸੱਭ ਤੋਂ ਪਹਿਲੀ ਗੱਲ ਜੋ ਧਿਆਨ ‘ਚ ਆਈ ਕਿ ਉੱਥੇ ਮਹਿੰਗਾਈ ਬਹੁਤ ਘੱਟ ਸੀ। ਹਰ ਚੀਜ਼ ਸਸਤੀ ਸੀ।
ਇਕ ਥਾਂ ‘ਤੇ ਅਸੀਂ ਕਿਸ਼ਤੀ ਰਾਹੀਂ ਨਦੀ ਪਾਰ ਕੀਤੀ । ਕਿਉਂ ਕਿ ਪੁਲ ਨਹੀਂ ਸੀ। ਕਿਸ਼ਤੀ ਵਾਲੇ ਨੇ ਸਿਰਫ 1 ਰੁਪਈਆ ਲਿਆ । ਇਹ ਕਾਮਰੇਡਾਂ ਦੇ ਲੰਬੇ ਰਾਜ ਦਾ ਅਸਰ ਸੀ। ਮਹਿੰਗਾਈ ਘੱਟ ਸੀ। ਪਰ ਉਹ ਇੱਕ ਨਦੀ ‘ਤੇ ਪੁੱਲ ਨਹੀਂ ਬਣਾ ਸਕੇ ਜਿਸ ਨੂੰ ਹਰ ਰੋਜ਼ ਲੋਕ ਵੱਡੀ ਗਿਣਤੀ ‘ਚ ਪਾਰ ਕਰਦੇ ਸਨ।
ਜਿਹੜੀ ਅਗਲੀ ਗੱਲ ਸਾਨੂੰ ਸਮਝ ਆਈ ਉਹ ਇਹ ਸੀ ਕਿ ਬੰਗਾਲ ‘ਚ ਹਰ ਇਲਾਕੇ ‘ਚ ਛੋਟੇ ਛੋਟੇ ਗੁੰਡਿਆਂ ਦਾ ਰਾਜ ਸੀ। ਇਹ ਗੁੰਡੇ ਪਹਿਲਾਂ ਕਾਮਰੇਡਾਂ ਨਾਲ ਸਨ। ਮਮਤਾ ਦੀ ਸਰਕਾਰ ਉਦੋਂ ਹੀ ਬਣੀ ਜਦੋਂ ਇਹ ਗੁੰਡੇ ਕਾਮਰੇਡਾਂ ਨੂੰ ਛੱਡ ਮਮਤਾ ਵੱਲ ਗਏ। ਬੰਗਾਲ ਤੇ ਕੇਰਲਾ ‘ਚ ਕਾਮਰੇਡਾਂ ਨੇ ਹਿੰਸਾ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ। ਦੋਵਾਂ ਰਾਜਾਂ ‘ਚ ਮੁੱਖ ਧਾਰਾ ਦੀਆਂ ਪਾਰਟੀਆਂ ਵਿਚਾਲੇ ਸਿਆਸੀ ਹਿੰਸਾ ਹੁੰਦੀ ਰਹੀ ਹੈ । ਇਸ ਹਿੰਸਾਂ ‘ਚ ਬੰਬ ਤੱਕ ਚੱਲਦੇ ਹਨ। ਭਾਜਪਾ ਨੇ ਬੰਗਾਲ ‘ਚ ਇਸ ਹਿੰਸਾ ਦੇ ਤਾਣੇ ਬਾਣੇ ਨੂੰ ਪੈਰਾਮਿਲਟਰੀ ਫੋਰਸ ਲਾ ਕੇ ਕਾਬੂ ਕਰ ਲਿਆ।
ਇਹ ਵੀ ਇਕ ਅਪਵਾਦ ਹੈ। ਜੇ ਦੇਖਿਆ ਜਾਵੇ ਤਾਂ ਭਾਜਪਾ ਦੀ ਸਰਕਾਰ ਸੱਭ ਤੋਂ ਪਹਿਲਾਂ ਬੰਗਾਲ ‘ਚ ਹੀ ਬਣਨੀ ਚਾਹੀਦੀ ਸੀ। ਹਿੰਦੂ ਚੇਤਨਾ ਨੂੰ ਜਗਾਉਣ ਵਾਲਾ ਬੰਗਾਲ ਹੀ ਸੀ। ਅੰਗਰੇਜ ਦੇ ਆਉਣ ਤੋਂ ਬਾਅਦ ਮੁਸਲਮਾਨਾਂ ਦਾ ਪਹਿਲਾ ਵਿਚਾਰਧਾਰਿਕ ਵਿਰੋਧ ਬੰਗਾਲ ‘ਚੋਂ ਹੀ ਹੋਇਆ। ਭਾਜਪਾ ਦੇ ਮਗਰ ਜੋ ਵਿਚਾਰ ਹੈ ਉਹ ਬੰਗਾਲ ਤੋਂ ਹੀ ਆਇਆ। ਬੰਗਾਲ ‘ਚ ਸਰਕਾਰ ਬਣਾ ਕੇ ਭਾਜਪਾ ਪੂਰੀ ਹੋ ਗਈ ਹੈ।
1947 ਤੋਂ ਲੈ ਕੇ ਹੁਣ ਤੱਕ ਬੰਗਾਲ ਧਰਮ ਨਿਰਪੱਖਤਾ ਨੂੰ ਬਚਾਉਣ ਲਈ ਲੜਦਾ ਰਿਹਾ। ਪਰ ਇਹ ਲੜਾਈ ਬੰਗਾਲ ਨੂੰ ਕਿਉਂ ਲੜਣੀ ਪਈ ? ਕਿਉਂਕਿ 1947 ਦੀ ਵੰਡ ਬਹੁਤ ਕੋਝੀ ਸੀ। ਜਾਂ ਤਾਂ ਵੰਡ ਹੁੰਦੀ ਹੀ ਨਾ। ਤੇ ਜੇ ਕਰ ਦਿੱਤੀ ਸੀ ਤਾਂ ਚੰਗੀ ਤਰਾਂ ਕਰ ਲੈਂਦੇ। ਅੱਧ ਵਿਚਾਲਾ ਕਰ ਕੇ ਜੋ ਛੱਡਿਆ ਹੈ। ਉਸ ਨਾਲ ਬਹੁਤ ਵੱਡੀ ਗਿਣਤੀ ਦੀ ਜਿੰਦਗੀ ਨਰਕ ਹੋ ਗਈ ਹੈ। ਭਾਜਪਾ ਇਸੇ ਨਰਕ ਨੂੰ ਸਵਰਗ ਬਣਾਉਣ ਦਾ ਸੁਪਨਾ ਦਿਖਾਉਂਦੀ ਹੈ।
ਇਹ ਬਿੱਲਕਲ ਸਹੀ ਜੈ ਕਿ SIR ਤੇ ਚੋਣ ਮਸ਼ਿਨਰੀ ਦੀ ਇਕ ਪਾਸੜ ਵਰਤੋਂ ਨੇ ਭਾਜਪਾ ਦੀ ਜਿੱਤ ‘ਚ ਇੱਕ ਵੱਡਾ ਰੋਲ ਨਿਭਾਇਆ ਹੈ। ਪਰ ਇਹ ਵੀ ਸੱਚ ਹੈ ਕਿ ਸਾਨੂੰ 2015 ‘ਚ ਵੀ ਮੋਦੀ ਦੇ ਪ੍ਰਸ਼ੰਸਕ ਮਿਲੇ ਸਨ ਜੋ ਅਣਸਰਦੇ ਨੂੰ ਪਹਿਲਾਂ ਕਾਮਰੇਡਾਂ ਤੇ ਫੇਰ ਮਮਤਾ ਨੂੰ ਵੋਟ ਪਾਉਂਦੇ ਸਨ।
ਜੇ ਧਿਆਨ ਨਾਲ ਦੇਖੋਂਗੇ ਤਾਂ ਤਹਾਨੂੰ ਜੋਤੀ ਬਾਸੂ, ਮਮਤਾ ਅਤੇ ਮੋਦੀ ‘ਚ ਕੋਈ ਬਹੁਤ ਫਰਕ ਨਜ਼ਰ ਨਹੀਂ ਆਵੇਗਾ। ਲੋਕਤੰਤਰ ‘ਚ 23 ਸਾਲ ਰਾਜ ਕਰਨ ਦਾ ਰਿਵਾਜ ਜੋਤੀ ਬਾਸੂ ਨੇ ਹੀ ਪਾਇਆ। ਇਕ ਬੰਦੇ ਦਾ 23 ਸਾਲ ਰਾਜ ਨਾ ਤਾਂ ਲੋਕਤੰਤਰ ਵਾਸਤੇ ਠੀਕ ਸੀ ਨਾ ਹੀ ਉਸ ਦੀ ਪਾਰਟੀ ਵਾਸਤੇ। ਕਾਮਰੇਡਾਂ ਨੂੰ ਬੰਗਾਲ ਚੋਂ ਖਤਮ ਕਰਨ ਦੀ ਨੀਂਹ ਜੋਤੀ ਬਾਸੂ ਨੇ ਧਰੀ। ਉਹੀ ਗਲਤੀ ਮਮਤਾ ਨੇ ਕੀਤੀ ਤੇ ਸ਼ਾਇਦ ਉਹੀ ਗਲਤੀ ਮੋਦੀ ਵੀ ਕਰ ਰਿਹਾ।
ਮੁਸਲਮਾਨ ਵੋਟਰਾਂ ਤੋਂ ਸਿਵਾ ਮਮਤਾ ਦਾ ਵੱਡਾ ਸਹਾਰਾ ਬੰਗਾਲੀ ਬੋਲੀ ਅਤੇ ਪਹਿਚਾਣ ਦੀ ਸਿਆਸਤ ਸੀ। ਇਸ ਕਾਰਨ ਵੋਟ ਸ਼ੇਅਰ ਵਿੱਚ ਮਮਤਾ ਕੋਈ ਬਹੁਤੀ ਪਿੱਛੇ ਨਹੀਂ ਰਹੀ। ਪਰ ਫੇਰ ਵੀ ਹਾਰ ਗਈ। ਇਸ ਵਾਸਤੇ ਭਾਜਪਾ ਨੂੰ ਕਾਂਗਰਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜੋ ਹਿੰਦੀਕਰਨ ਦੀ ਮੁਹਿੰਮ ਕਾਂਗਰਸ ਨੇ ਸ਼ੁਰੂ ਕੀਤੀ ਸੀ। ਹੁਣ ਉਹ ਮੁਹਿੰਮ ਬੋਲੀ ਤੇ ਪਹਿਚਾਣ ਦੀ ਸਿਆਸਤ ਨੂੰ ਕਮਜ਼ੋਰ ਕਰਦੀ ਬੰਗਾਲ ਤੱਕ ਪਹੁੰਚ ਗਈ ਹੈ। ਕਾਂਗਰਸ ਨੇ ਜੋ ਹਿੰਦੀ ਦੀ ਪਟੜੀ ਵਿਛਾਈ ਸੀ। ਭਾਜਪਾ ਦੀ ਗੱਡੀ ਉਸੇ ਪਟੜੀ ‘ਤੇ ਦੌੜ ਰਹੀ ਹੈ। ਇਹ ਗੱਲ ਪੰਜਾਬ ਦੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਸ਼ਾਇਦ ਹੀ ਸਮਝ ਆਵੇ ਜੋ ਅੰਗਰੇਜ਼ੀ ਸਕੂਲਾਂ ‘ਚੋਂ ਪੜੇ ਨੇ । ਉੱਨਾਂ ਤੋਂ ਭਗਵੰਤ ਮਾਨ ਦਾ ਮੁਕਾਬਲਾ ਇਸੇ ਕਰਕੇ ਨਹੀ ਹੋ ਰਿਹਾ ਕਿਉਂ ਕਿ ਢੰਗ ਦੀ ਪੰਜਾਬੀ ਹੀ ਬੋਲਣੀ ਨਹੀਂ ਆ ਰਹੀ। ਇਸੇ ਕਰਕੇ ਹੁਣ ਭਾਜਪਾ ਦੀ ਅੱਖ ਪੰਜਾਬ ‘ਤੇ ਹੈ।
Kamaldeep Singh Brar

Punjab Spectrum
You must be logged in to post a comment.