Breaking News

SGPC ਪ੍ਰਧਾਨ ਦੇ ਅਸਤੀਫੇ ਨਾਲ ਪੰਥਕ ਸੰਕਟ ਹੋਰ ਡੂੰਘਾ ਹੋਇਆ

SGPC ਪ੍ਰਧਾਨ ਦੇ ਅਸਤੀਫੇ ਨਾਲ ਪੰਥਕ ਸੰਕਟ ਹੋਰ ਡੂੰਘਾ ਹੋਇਆ

ਵਿਦਵਾਨ ਅਖਵਾਉਂਦੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਜੀ ਦੀ ਚਿੱਠੀ ਦਾ ਭਾਵ ਇਹ ਨਿਕਲਦਾ ਹੈ ਕਿ ਅਕਾਲ ਤਖ਼ਤ ਦਾ ਅਦਬ, ਸਤਿਕਾਰ ਅਤੇ ਸਨਮਾਨ ਹਮੇਸ਼ਾਂ ਕਾਇਮ ਰਹਿਣਾ ਚਾਹੀਦਾ ਹੈ ਪਰ ਇਹ ਉਨ੍ਹਾਂ ਦੀ ਆਪਣੀ ਜਿੰਮੇਵਾਰੀ ਨਹੀਂ ਹੈ।

ਉਹ ਅਕਾਲ ਤਖ਼ਤ ਦੇ ਉਲਟ ਨਹੀਂ ਜਾ ਸਕਦੇ ਪਰ ਉਮਰ ਦੇ ਆਖਰੀ ਪੜਾਅ ਵਿੱਚ ਵੀ ਉਹ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੇ ਅਹਿਸਾਨਾਂ ਥੱਲੇ ਦੱਬੇ ਹੋਣ ਕਾਰਨ ਬਾਦਲ ਟੋਲੇ ਦੀ ਇੱਛਾ ਦੇ ਉਲਟ ਨਹੀਂ ਜਾ ਸਕਦੇ, ਇਸ ਲਈ ਸਿਰ ਪਾਈ ਜਿੰਮੇਵਾਰੀ ਤੋਂ ਭਗੌੜੇ ਹੋ ਰਹੇ ਨੇ।

ਬਡੂੰਗਰ ਸਾਹਿਬ ਨੇ ਜੋ ਕਿਤਾਬਾਂ ਲਿਖੀਆਂ ਜਾਂ ਜੋ ਭਾਸ਼ਣ ਦਿੰਦੇ ਰਹੇ ਸਨ, ਉਹ ਸਿਰਫ ਦੂਜਿਆਂ ਲਈ ਸਨ, ਖ਼ੁਦ ਅਮਲ ਕਰਨ ਲਈ ਨਹੀਂ।

ਵਿਦਵਾਨ ਸਾਬਕਾ ਪ੍ਰਧਾਨ ਕੋਈ ਚੱਜ ਦਾ ਬਹਾਨਾ ਵੀ ਨਹੀਂ ਲਾ ਸਕੇ। ਮੀਟਿੰਗ ਦੀ ਪ੍ਰਧਾਨਗੀ ਕੌਣ ਕਰੇਗਾ ਕਿੰਨਾ ਕੁ ਵੱਡਾ ਮਸਲਾ ਸੀ ? ਸ਼ਾਇਦ ਇੰਨਾ ਹੌਲਾ ਬਹਾਨਾ ਵੀ ਖ਼ੁਦ ਨਹੀਂ ਲਿਖਿਆ, ਇਹ ਵੀ ਬਾਦਲ ਟੋਲੇ ਵਿਚੋਂ ਹੀ ਕਿਸੇ ਸਲਾਹਕਾਰ ਨੇ ਲਿਖਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦੇ ਇਵੇਂ ਆਪਣੀ ਜਿੰਮੇਵਾਰੀ ਤੋਂ ਪੈਰ ਖਿੱਚਣ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਕਮਜ਼ੋਰ ਬੰਦੇ ਇਨ੍ਹਾਂ ਸੰਸਥਾਵਾਂ ਦੇ ਸਿਖਰ ‘ਤੇ ਬੈਠੇ ਹਨ।
ਸ਼੍ਰੋਮਣੀ ਕਮੇਟੀ ਦਾ ਮੌਜੂਦਾ ਜਨਰਲ ਸਕੱਤਰ, ਕਿਨ੍ਹਾਂ ਨੇ ਬਣਾਇਆ, ਉਹ ਗੱਲ ਤਾਂ ਉਸਦੇ ਮੂੰਹੋਂ ਹੀ ਬਾਹਰ ਆ ਗਈ ਹੈ।

ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੂੰ ਰੋਜ਼ੀ ਬਰਕੰਦੀ, ਬੰਟੀ ਰੋਮਾਣਾ ਤੇ ਮਨਤਾਰ ਸਿੰਘ ਬਰਾੜ ਚੁਣਦੇ ਨੇ। ਉਹ ਅਗਾਂਹ ਸੁਖਬੀਰ ਸਿੰਘ ਬਾਦਲ ਦੇ ਕਰਿੰਦੇ ਨੇ।

ਇਨ੍ਹਾਂ ਤਿੰਨਾਂ ਦੀ ਕੀ ਧਾਰਮਿਕ ਤੇ ਸਿਆਸੀ ਸਮਝ ਹੈ, ਸਿਵਾਏ ਸੁਖਬੀਰ ਦੀ ਅੰਨ੍ਹੀ ਚਮਚਾਗਿਰੀ ਦੇ? ਆਪਣੇ ਚੌਖਟੇ ਦੀ ਅਕਲ, ਸਮਝ ਤੇ ਕਿਰਦਾਰ ਨਾਲ ਫਿੱਟ ਬੈਠਦਾ ਹੀ ਉਹ ਜਨਰਲ ਸਕੱਤਰ ਚੁਣਨਗੇ।
ਲੋਕ ਇਨ੍ਹਾਂ ਕੋਲੋਂ ਧਰਮ ਪ੍ਰਚਾਰ ਤੇ ਕੋਈ ਚੰਗੀ ਅਗਵਾਈ ਭਾਲਦੇ ਨੇ? ਉਹ ਕਿਉਂ ਨਹੀਂ MSB ਰਘੂਜੀਤ ਵਿਰਕ ਦੀ ਹਾਂ ‘ਚ ਹਾਂ ਮਿਲਾਏਗਾ?

ਇੱਥੋਂ ਹੀ ਸਮਝ ਆ ਜਾਂਦਾ ਹੈ ਤਿੰਨ ਮੈਂਬਰੀ ਇਨਕੁਆਰੀ ਕਮੇਟੀ ਵਿੱਚ ਉਹ ਕਿਉਂ ਸ਼ਾਮਲ ਕੀਤਾ ਗਿਆ। ਮਤਲਬ ਅਸਲ ਇਨਕੁਆਰੀ ਬਰਕੰਦੀ ਤੇ ਰੋਮਾਣਾ ਕਰ ਰਹੇ ਸਨ। ਇਹ ਜਨਰਲ ਸਕੱਤਰ ਅੰਗੂਠਾ ਛਾਪ ਦਾ ਕੰਮ ਹੀ ਕਰ ਰਿਹਾ ਸੀ।

ਬਾਕੀ ਇਹ ਸਮਝ ਲਓ ਕਿ ਦਮਦਮਾ ਸਾਹਿਬ ਦਾ ਅਸਲੀ ਜਥੇਦਾਰ ਰੋਜ਼ੀ ਬਰਕੰਦੀ ਹੀ ਹੈ ਤੇ ਸ਼੍ਰੋਮਣੀ ਕਮੇਟੀ ਦਾ ਅਸਲ ਜਨਰਲ ਸਕੱਤਰ ਵੀ।

ਕੋਰਟ ਜਾਣਾ ਜਾਂ ਨਾ ਜਾਣਾ ਅਲਹਿਦਾ ਸਵਾਲ ਹੈ, ਵੈਸੇ ਇਨ੍ਹਾਂ ਨਲਾਇਕਾਂ ਦੇ ਟੋਲੇ ਵੱਲੋਂ ਲਿਖੀ ਉਹ ਇਨਕੁਆਰੀ ਰਿਪੋਰਟ ਇੰਨੀ ਰੱਦੀ ਹੈ ਕਿ ਜੇ ਕਿਸੇ ਕੋਰਟ ਵਿੱਚ ਚੈਲੰਜ ਹੋ ਜਾਵੇ ਤਾਂ ਸਾਰਿਆਂ ਦਾ ਜਲੂਸ ਨਿਕਲ ਜਾਵੇ, ਥੋਥੀ ਪੜਤਾਲ ਕਰਨ ਵਾਲਿਆਂ ਦਾ ਵੀ ਤੇ ਉਸਤੇ ਬਰਖਾਸਤਗੀ ਵਰਗਾ ਐਕਸ਼ਨ ਲੈਣ ਵਾਲਿਆਂ ਦਾ ਵੀ। ਜੇ ਜਥੇਦਾਰ ਦੀ ਜਗ੍ਹਾ, ਸ਼੍ਰੋਮਣੀ ਕਮੇਟੀ ਦਾ ਸਧਾਰਨ ਮੁਲਾਜ਼ਮ ਹੁੰਦਾ ਤਾਂ ਇਹ ਬਰਖਾਸਤਗੀ ਪੱਕਾ ਕੋਰਟ ਵਿੱਚ ਚੈਲੰਜ ਹੋਣੀ ਸੀ ਤੇ ਉਲਟਾ ਕਮੇਟੀ ਨੂੰ ਹਰਜਾਨਾ ਪੈਣਾ ਸੀ।

ਇੱਕ ਸਵਾਲ ਬੰਟੀ ਰੋਮਾਣਾ ਲਈ ਵੀ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਠਿੰਡਾ ਵਿੱਚ ਖਰੀਦੇ ਛੇ ਮਰਲੇ ਦੇ ਘਰ ਨੂੰ ਕਰੋੜਾਂ ਦੀ ਪ੍ਰਾਪਰਟੀ ਦੱਸ ਰਹੇ ਸੀ, ਬਰਕੰਦੀ ਦੇ ਜਿਹੜੇ ਘਰ ਦੇ ਲਾਅਨ ਵਿੱਚ ਸੁਖਬੀਰ ਨੇ ਮਾਘੀ ਕਾਨਫਰੰਸ ਤੋਂ ਪਹਿਲਾਂ ਮੀਟਿੰਗ ਕੀਤੀ ਸੀ, ਉਹ ਕਿੰਨੇ ਕਨਾਲਾਂ ਵਿੱਚ ਹੈ? ਰੋਜ਼ੀ ਦੇ ਸਰਗਰਮ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਜਾਇਦਾਦ ਕਿੰਨੀ ਸੀ ਤੇ ਹੁਣ ਕਿੰਨੀ ਹੈ? ਇਹੋ ਜਿਹਿਆਂ ਦੀ ਜਿਸ ਦਿਨ ਇਨਕਮ ਟੈਕਸ ਜਾਂ ਕਿਸੇ ਹੋਰ ਮਹਿਕਮੇ ਨੇ ਮਾੜੀ ਜਿਹੀ ਬਾਂਹ ਮਰੋੜੀ, ਇਹ ਭਾਜਪਾ ਦੀ ਗੋਦੀ ਵਿੱਚ ਜਾ ਬੈਠ ਜਾਣੇ, ਮਨਜਿੰਦਰ ਸਿੰਘ ਸਿਰਸੇ ਵਾਂਗ।


## Unpopular_Opinions

ਕੀ ਕਾਰਨ ਹੈ ਕਿ ਭਾਜਪਾ ਨਾਲ ਲੜਨ ਦਾ ਦਾਅਵਾ ਕਰਨ ਵਾਲਾ ਬਾਦਲ ਟੋਲਾ ਸ਼ਰੇਆਮ ਭਾਜਪਾ ਨਾਲ ਗਠਜੋੜ ਦਾ ਐਲਾਨ ਕਰਨ ਵਾਲੀ ਦਮਦਮੀ ਟਕਸਾਲ ਬਾਰੇ ਕੁਝ ਨਹੀਂ ਬੋਲਦਾ? ਉਲਟਾ ਜਦੋਂ ਬਾਬਾ ਹਰਨਾਮ ਸਿੰਘ ਧੁੰਮਾ ਜੀ ਦੇ ਕੁੰਭ ਇਸ਼ਨਾਨ ‘ਤੇ ਕਈ ਸਿੱਖ ਧਿਰਾਂ ਨੇ ਰੌਲਾ ਪਾਇਆ ਤਾਂ ਬਾਬਾ ਜੀ ਦੀ ਹਮਾਇਤ ‘ਚ ਸਭ ਤੋਂ ਵੱਧ ਬਾਦਲ ਦਲ ਦੇ ਸਮਰਥਕ ਤੇ ਆਈਟੀ ਸੈੱਲ ਵਾਲੇ ਬੋਲੇ।
ਜਦਕਿ ਆਪਣੇ ਹਰ ਵਿਰੋਧੀ ਤੇ ਇਹ ਭਾਜਪਾ ਦੇ ਏਜੰਟ ਹੋਣ ਦਾ ਠੱਪਾ ਲਾਉਂਦੇ ਨੇ।
ਟਕਸਾਲ ਦਾ ਇਕ ਪਾਸੇ ਬਾਦਲ ਦਲ ਨਾਲ ਗੱਠਜੋੜ ਵੀ ਜਾਰੀ ਹੈ ਤੇ ਦੂਜੇ ਪਾਸੇ ਭਾਜਪਾ ਨਾਲ ਵੀ।
ਟਕਸਾਲ ਦੇ ਕਥਾਵਾਚਕਾਂ ਨੂੰ ਮੰਜੀ ਸਾਹਿਬ ਦੀ ਸਟੇਜ ‘ਤੇ ਵੀ ਖੁੱਲ੍ਹੀਆਂ ਵਾਰੀਆਂ ਮਿਲਦੀਆਂ ਨੇ, ਸਮੇਤ ਪਰਚੀਆਂ ਵੇਖ ਕੇ ਕਥਾ ਕਰਨ ਵਾਲੇ ਨੂੰ, ਜਿਹੜਾ ਕੁੰਭ ਇਸ਼ਨਾਨ ਦੇ ਮਾਮਲੇ ਵਿੱਚ ਬਾਬਾ ਜੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਆਪਣੇ ਹਿਸਾਬ ਨਾਲ ਜੁਆਬ ਦੇ ਰਿਹਾ ਸੀ।
ਕੀ ਸਮਝਿਆ ਜਾਏ ਕਿ ਭਾਜਪਾ ਨਾਲ ਅਸਲ ਵਿੱਚ ਕੌਣ ਹੈ? ਸਿੱਖ ਸੰਸਥਾਵਾਂ ਦੇ ਧੁਰ ਅੰਦਰ ਸੰਘ-ਭਾਜਪਾ ਦਾ ਵਿਚਾਰਧਾਰਕ ਏਜੰਡਾ ਕੌਣ ਲਾਗੂ ਕਰ ਰਿਹਾ ਹੈ?
ਕੀ ਭਾਜਪਾ ਦਾ ਇਹ ਵਿਰੋਧ ਸਿਰਫ ਉਹੋ ਜਿਹਾ ਨਹੀਂ, ਜਿਹੋ ਜਿਹਾ ਕਾਂਗਰਸ ਦਾ ਵਿਰੋਧ ਪ੍ਰਕਾਸ਼ ਸਿੰਘ ਬਾਦਲ ਕਰਦਾ ਸੀ ਪਰ ਅੰਦਰੋਂ ਉਹ ਨੀਤੀਆਂ ਕਾਂਗਰਸ ਵਾਲੀਆਂ ਹੀ ਲਾਗੂ ਕਰਦਾ ਸੀ ? ਜਿਵੇਂ 1997 ਅਤੇ ਬਾਅਦ ਵਿੱਚ ਉਹ ਪੂਰੀ ਤਰ੍ਹਾਂ ਉਨ੍ਹਾਂ ਵੱਲ ਭੁਗਤਿਆ, ਜਿਨ੍ਹਾਂ ‘ਤੇ ਕਾਂਗਰਸ ਰਾਜ ਵਿੱਚ ਗੰਭੀਰ ਦੋਸ਼ ਸਨ।
ਇਨ੍ਹਾਂ ਦੀ ਸੱਤਾ ਵੇਲੇ ਬਾਦਲਾਂ ਦੇ ਇਕ ਗੋਡੇ ਨਾਲ ਸੌਦਾ ਸਾਧ ਸੀ ਤੇ ਦੂਜੇ ਨਾਲ ਚੌਕ ਮਹਿਤਾ ਟਕਸਾਲ। ਹੁਣ ਭਾਜਪਾ ਦੇ ਇਕ ਗੋਡੇ ਨਾਲ ਸੌਦਾ ਸਾਧ ਹੈ ਤੇ ਦੂਜੇ ਬਾਰੇ ਆਪੇ ਹਿਸਾਬ ਲਾ ਲਓ।
#Unpopular_Opinions
#Unpopular_Ideas
#Unpopular_Facts