Breaking News

The Mystery of the Adhian Border Murders: ਦੋਹਰੇ ਕਤਲ ਦੀ ਗੁੰਝਲ

The Mystery of the Adhian Border Murders:

ਦੋਹਰੇ ਕਤਲ ਦੀ ਗੁੰਝਲ
ਜ਼ਿਆਦਾਤਰ ਕਤਲ ਕੇਸ ਰਹੱਸਮਈ ਨਹੀਂ ਹੁੰਦੇ। ਕਤਲ ਕਰਨ ਦਾ ਕਾਰਨ ਅਸਾਨੀ ਨਾਲ ਸਮਝ ਆ ਜਾਂਦਾ ਹੈ। ਪਰ ਇਹ ਗੱਲ ਆਦੀਆਂ ਵਿਖੇ ਹੋਏ ਪੁਲਿਸ ਵਾਲਿਆਂ ਦੇ ਦੋਹਰੇ ਕਤਲ ਬਾਰੇ ਨਹੀਂ ਕਹੀ ਜਾ ਸਕਦੀ। ਇਹ ਕਤਲ ਕਿਸੇ ਸਾਂਚੇ ‘ਚ ਫਿੱਟ ਨਹੀਂ ਬੈਠ ਰਿਹਾ।
ਜੇ ਪੁਲਿਸ ਮੁਤਾਬਕ ਚੱਲੀਏ ਤਾਂ ਰਣਜੀਤ ਸਿੰਘ, ਇੰਦਰਜੀਤ ਸਿੰਘ ਤੇ ਦਿਲਾਵਰ ਸਿੰਘ ਨੇ ਕਤਲ ਕੀਤਾ ਹੈ।
ਰਣਜੀਤ ਅਤੇ ਇੰਦਰਜੀਤ ਸਿੰਘ ਇੱਕੋ ਪਿੰਡ ਦੇ ਹਨ। ਜਦੋਂ ਰਣਜੀਤ ਤੇ ਦਿਲਾਵਰ ਸਿੰਘ ਇੱਕੋ ਸਕੂਲ ‘ਚ ਪੜੇ ਸਨ। ਕਤਲ ਵਾਲੀ ਰਾਤ ਇਹ ਤਿੰਨੇ ਦੋਸਤ ਇਕੱਠੇ ਇੱਕ ਵਿਆਹ ਵਿੱਚ ਸ਼ਾਮਲ ਹੋਏ ਸਨ। ਬਾਅਦ ਵਿੱਚ, ਉਨ੍ਹਾਂ ਨੇ ਰਣਜੀਤ ਅਤੇ ਇੰਦਰਜੀਤ ਦੇ ਜੱਦੀ ਪਿੰਡ ਆਦੀਆਂ ਤੋਂ 2 ਕਿਲੋਮੀਟਰ ਦੂਰ ਪਿੰਡ ਅਲੀ ਨੰਗਲ ਵਿੱਚ ਦਿਲਾਵਰ ਦੇ ਘਰ ਰਾਤ ਬਿਤਾਈ ਸੀ।

 

 

 

 

 

 

ਰਣਜੀਤ ਸਿੰਘ ਦੇ ਖਿਲਾਫ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ। ਪਰ ਉਹ ਜੁਲਾਈ 2024 ਵਿੱਚ ਉਹ ਪੁਲਿਸ ਦੀ ਨਜ਼ਰ ਵਿੱਚ ਆਇਆ ਸੀ, ਜਦੋਂ ਉਸ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਇੱਕ ਰਾਤ ਪੁਲਿਸ ਹਿਰਾਸਤ ਵਿੱਚ ਬਿਤਾਈ ਸੀ।
ਰਣਜੀਤ ਉਸ ਸਮੇਂ ਇੰਦਰਜੀਤ ਅਤੇ ਉਸ ਦੇ ਛੋਟੇ ਭਰਾ ਸਵਰਨ ਨਾਲ ਸੀ। ਤਿੰਨਾਂ ਨੂੰ ਕਥਿਤ ਤੌਰ ‘ਤੇ ਚੋਰੀ ਦੇ ਮੋਟਰਸਾਈਕਲ ਸਮੇਤ ਫੜਿਆ ਗਿਆ ਸੀ। ਉਸ ਰਾਤ ਇੰਦਰਜੀਤ ਕਥਿਤ ਤੌਰ ‘ਤੇ ਚੋਰੀ ਦਾ ਮੋਟਰਸਾਈਕਲ ਚਲਾ ਰਿਹਾ ਸੀ। ਜਦੋਂ ਕਿ ਰਣਜੀਤ ਆਪਣਾ ਮੋਟਰਸਾਈਕਲ ਚਲਾ ਰਿਹਾ ਸੀ। ਅਗਲੀ ਸਵੇਰ ਪੁਲਿਸ ਨੇ ਰਣਜੀਤ ਅਤੇ ਸਵਰਨ ਦੋਵਾਂ ਨੂੰ ਛੱਡ ਦਿੱਤਾ । ਜਦੋਂ ਕਿ ਇੰਦਰਜੀਤ ‘ਤੇ ਮੋਟਰਸਾਈਕਲ ਚੋਰੀ ਦਾ ਪਰਚਾ ਪੈ ਗਿਆ। ਇਹ ਉਸ ਖਿਲਾਫ ਪਹਿਲਾ ਪਰਚਾ ਸੀ।

 

 

 

 

 

 

 

 

ਲੱਗਭੱਗ ਇਕ ਸੱਤ ਮਹੀਨਿਆਂ ਬਾਅਦ, ਇੰਦਰਜੀਤ ਵਿਰੁੱਧ ਫਰਵਰੀ 2025 ‘ਚ ਇੱਕ ਹੋਰ ਮੋਟਰਸਾਈਕਲ ਚੋਰੀ ਦਾ ਮਾਮਲਾ ਦੋਰਾਂਗਲਾ ਥਾਣੇ ਵਿੱਚ ਦਰਜ ਹੋ ਗਿਆ।
ਇਸ ਤੋਂ ਬਾਅਦ ਜੂਨ 2025 ਵਿੱਚ, ਨਸ਼ੀਲੇ ਕੈਪਸੂਲਾਂ ਦੇ ਮਾਮਲੇ ਵਿੱਚ ਫੜੇ ਗਏ ਇੱਕ ਵਿਅਕਤੀ ਸਾਹਿਲ ਮਸੀਹ ਦੇ ਕਥਿਤ ਇਕਬਾਲੀਆ ਬਿਆਨ ਵਿੱਚ ਇੰਦਰਜੀਤ ਦਾ ਨਾਮ ਸਾਹਮਣੇ ਆਇਆ ਸੀ। ਇੰਦਰਜੀਤ ਦਾ ਨਾਮ ਐਫ ਆਈ ਆਰ ਵਿੱਚ ਨਹੀਂ ਹੈ। ਉਸ ਨੂੰ ਬਾਅਦ ਵਿੱਚ ਨਾਮਜ਼ਦ ਕੀਤਾ ਗਿਆ।
ਇੰਦਰਜੀਤ ‘ਤੇ ਦੋ ਮੋਟਰਸਾਈਕਲ ਚੋਰੀ ਤੇ ਇੱਕ ਨਸ਼ਾ ਤਸਕਰੀ ਦਾ ਪਰਚਾ ਦਰਜ ਸੀ। ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਜ਼ਮਾਨਤ ‘ਤੇ ਬਾਹਰ ਸੀ। ਇਕ ਇੰਟਰਵਿਊ ਦੌਰਾਨ ਇੰਦਰਜੀਤ ਦੀ ਭੈਣ ਕਹਿੰਦੀ ਹੈ ਕਿ ਉਸ ਦੇ ਮਨ ‘ਚ ਇੰਨਾਂ ਪਰਚਿਆਂ ਕਰਕੇ ਗੁੱਸਾ ਸੀ।

 

 

 

 

 

 

 

 

 

ਹਾਲ ਹੀ ਵਿੱਚ ਇੰਦਰਜੀਤ ਅਤੇ ਉਸ ਦੇ ਭਰਾ ਸਵਰਨ ਦਾ ਐਕਸੀਡੈਂਟ ਹੋਇਆ ਸੀ ਅਤੇ ਦੋਵਾਂ ਦੀਆਂ ਲੱਤਾਂ ਵਿੱਚ ਫਰੈਕਚਰ ਸੀ। ਪਿੰਡ ਵਾਸੀ ਸਵਾਲ ਕਰਦੇ ਹਨ ਕਿ ਜੋ ਵਿਅਕਤੀ ਠੀਕ ਤਰ੍ਹਾਂ ਚੱਲ ਵੀ ਨਹੀਂ ਸਕਦਾ, ਉਹ ਅਜਿਹਾ ਅਪਰਾਧ ਕਿਵੇਂ ਕਰ ਸਕਦਾ ਹੈ?
ਹਾਲਾਂਕਿ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਗਈ ਹੈ। ਪਰ ਘਟਨਾਵਾਂ ਦੇ ਵੇਰਵਿਆਂ ਵਿੱਚ ਆਈ.ਐਸ.ਆਈ. (ISI) ਵੱਲੋਂ ਦਿੱਤੇ ਗਏ ਕਥਿਤ ਪੈਸਿਆਂ ਦੀ ਗੈਰ-ਮੌਜੂਦਗੀ ਅਤੇ ਕਤਲ ਵਿੱਚ ਵਰਤੇ ਗਏ ਹਥਿਆਰ ਬਾਰੇ ਸਪੱਸ਼ਟਤਾ ਦੀ ਘਾਟ ਹੈ।

 

 

 

 

 

 

 

 

 

 

 

ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਤਿੰਨਾਂ ਦੋਸਤਾਂ ਦਾ ਸੁਰਾਗ ਇਸ ਲਈ ਲਗਾਇਆ ਕਿਉਂਕਿ ਕਤਲ ਵਿੱਚ ਵਰਤਿਆ ਗਿਆ ਇੱਕ ਮੋਟਰਸਾਈਕਲ ਦਿਲਾਵਰ ਦੇ ਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰੇ ਵਿੱਚ ਦਿਖਾਈ ਦਿੱਤਾ ਸੀ। ਇਸ ਤੋਂ ਇਲਾਵਾ ਪੁਲਿਸ ਨੂੰ ਤਿੰਨਾਂ ਫੋਨਾ ਦੀ ਲੋਕੇਸ਼ਨ ਕਰਕੇ ਵੀ ਇੰਨਾਂ ‘ਤੇ ਸ਼ੱਕ ਹੋਇਆ ਸੀ।
ਪੁਲਿਸ ਦੀ ਕਹਾਣੀ ਵਿੱਚ ਇੱਕ ਹੋਰ ਵੱਡੀ ਕਮੀ ਕਤਲ ਕਰਨ ਦਾ ਤਰੀਕਾ ਹੈ, ਜੋ ਕਿਸੇ ਪੇਸ਼ੇਵਰ ਕਾਤਲ ਦਾ ਕੰਮ ਜਾਪਦਾ ਹੈ।
ਇਕ ਪਾਸੇ ਕਤਲ ਇੰਝ ਕੀਤਾ ਗਿਆ ਕਿ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਜਵਾਬ ਦੇਣ ਦਾ ਮੌਕਾ ਹੀ ਨਹੀਂ ਮਿਲਿਆ।

 

 

 

 

 

 

 

 

 

 

ਪਰ ਇਹ ਵੀ ਸਵਾਲ ਹੈ ਕਿ ਜੇ ਕਾਤਲ ਐਨੇ ਪੇਸ਼ੇਵਰ ਸਨ ਤੇ ਸਾਜ਼ਿਸ਼ ਤਹਿਤ ਕਤਲ ਕਰ ਰਹੇ ਸੀ ਤਾਂ ਉੱਨਾਂ ਸੀਸਿਟੀਵੀ ਤੇ ਮੁਬਾਇਲ ਲੋਕੇਸ਼ਨਾਂ ਦੇ ਰੂਪ ‘ਚ ਐਨੇ ਡਿਜੀਟਲ ਫੁੱਟਪ੍ਰਿੰਟ ਕਿਉਂ ਛੱਡੇ ?
ਪੁਲਿਸ ਨੇ ਪਹਿਲਾਂ ਦਿਲਾਵਰ ਨੂੰ ਹਿਰਾਸਤ ਵਿੱਚ ਲਿਆ ਅਤੇ ਉਸ ਕੋਲੋਂ ਰਣਜੀਤ ਨੂੰ ਫੋਨ ਕਰਵਾਇਆ। ਰਣਜੀਤ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਮੱਲ੍ਹੀ ਦਾ ਕਹਿਣਾ ਹੈ: “ਦਿਲਾਵਰ ਨੇ ਰਣਜੀਤ ਨੂੰ ਦੱਸਿਆ ਕਿ ਉਹ ਹਿਰਾਸਤ ਵਿੱਚ ਹੈ ਅਤੇ ਰਣਜੀਤ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਸ਼ਾਇਦ ਪੁਲਿਸ ਨੂੰ ਲੱਗਿਆ ਕਿ ਰਣਜੀਤ ਭੱਜ ਜਾਵੇਗਾ ਅਤੇ ਉਨ੍ਹਾਂ ਨੂੰ ਸਬੂਤ ਮਿਲ ਜਾਵੇਗਾ… ਪਰ ਰਣਜੀਤ ਘਰ ਹੀ ਰਿਹਾ। ਬਾਅਦ ਵਿੱਚ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।” ਮੱਲ੍ਹੀ ਕਹਿੰਦੇ ਹਨ: “ਜੇਕਰ ਰਣਜੀਤ ਨੇ ਇੰਨਾ ਵੱਡਾ ਗੁਨਾਹ ਕੀਤਾ ਹੁੰਦਾ, ਤਾਂ ਉਹ ਘਰ ਨਾ ਰੁਕਦਾ।” ਇੰਦਰਜੀਤ ਨੂੰ ਗੁਰਦਾਸਪੁਰ ਦੇ ਹੀ ਇੱਕ ਹੋਰ ਪਿੰਡ ਵਿੱਚੋਂ ਉਸਦੇ ਰਿਸ਼ਤੇਦਾਰ ਦੇ ਘਰੋਂ ਚੁੱਕਿਆ ਗਿਆ ਸੀ।

 

 

 

 

 

 

 

 

 

ਸਾਊਦੀ ਅਰਬ ਵਿੱਚ ਕੰਮ ਕਰਦੇ ਰਣਜੀਤ ਦੇ ਪਿਤਾ ਨੂੰ ਅਜੇ ਤੱਕ ਉਸਦੀ ਮੌਤ ਬਾਰੇ ਨਹੀਂ ਦੱਸਿਆ ਗਿਆ। ਉਸ ਦਾ ਪਿਤਾ ਪਿਛਲੇ 10 ਸਾਲ ਤੋਂ ਘਰ ਨਹੀਂ ਆਇਆ ਸੀ । ਕੀ ਇਸ ਦਾ ਕੋਈ ਰਣਜੀਤ ਦੀ ਮਾਨਸਿਕਤਾ ‘ਤੇ ਕੋਈ ਅਸਰ ਪਿਆ ਹੋ ਸਕਦਾ ਜਿਸ ਦਾ ਨਤੀਜਾ ਪੁਲਿਸ ਵਾਲਿਆਂ ਦਾ ਕਤਲ ਹੋ ਨਿੱਬੜਿਆ ?
ਆਦੀਆਂ ਦੇ ਪਿੰਡ ਵਾਸੀ ਪੁਲਿਸ ਦੇ ਉਸ ਦਾਅਵੇ ਦਾ ਵੀ ਵਿਰੋਧ ਕਰਦੇ ਹਨ ਕਿ ਇੰਦਰਜੀਤ, ਰਣਜੀਤ ਅਤੇ ਦਿਲਾਵਰ ਨੂੰ ਆਈ.ਐਸ.ਆਈ. ਨੇ ਕਤਲ ਲਈ “2 ਤੋਂ 4 ਲੱਖ ਰੁਪਏ” ਦਾ ਲਾਲਚ ਦਿੱਤਾ ਸੀ। ਇਹ ਪੈਸੇ ਤਾਂ ਹਾਲੇ ਪਹੁੰਚੇ ਹੀ ਨਹੀਂ ਸਨ।
ਦਿਲਬਾਗ ਇੱਕ ਸੇਵਾਮੁਕਤ ਫੌਜੀ ਹੈ ਜਿਸ ਨੂੰ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਮਿਲ ਗਈ ਸੀ, ਜਦਕਿ ਉਸਦਾ ਵੱਡਾ ਪੁੱਤਰ ਇੰਗਲੈਂਡ ਵਿੱਚ ਰਹਿੰਦਾ ਹੈ। ਪੁਲਿਸ ਅਨੁਸਾਰ ਦਿਲਾਵਰ ਨੂੰ ਨੂੰ 20,000 ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ 3,000 ਰੁਪਏ ਪੇਸ਼ਗੀ (ਐਡਵਾਂਸ) ਵਜੋਂ ਦਿੱਤੇ ਗਏ ਸਨ। ਜੇ ਕੋਈ ਕਹੇ ਕਿ ਯਾਰੀ ਦੋਸਤੀ ‘ਚ ਦਿਲਾਵਰ ਨੇ ਰਣਜੀਤ ਦਾ ਸਾਥ ਦਿੱਤਾ ਤਾਂ ਮੰਨਿਆ ਜਾ ਸਕਦਾ। ਪਰ ਪੈਸਿਆਂ ਵਾਲੀ ਹੱਲ ਫਿੱਟ ਨਹੀਂ ਬਹਿੰਦੀ।

 

 

 

 

 

 

 

 

 

 

 

 

ਮੁੱਖ ਮੁਲਜ਼ਮ ਵਜੋਂ ਨਾਮਜ਼ਦ ਰਣਜੀਤ ਅਤੇ ਇੰਦਰਜੀਤ ਨੂੰ ਕਥਿਤ ਤੌਰ ‘ਤੇ ਅਜੇ ਕੋਈ ਭੁਗਤਾਨ ਨਹੀਂ ਮਿਲਿਆ ਸੀ। ਪੁਲਿਸ ਕੋਲ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੂੰ ਆਈ.ਐਸ.ਆਈ. ਤੋਂ ਪੈਸੇ ਕਿਵੇਂ ਮਿਲਣੇ ਸਨ। ਆਪਣੇ ਪਿਤਾ ਦੀ ਕਮਾਈ ਤੋਂ ਇਲਾਵਾ ਰਣਜੀਤ ਦੇ ਪਰਿਵਾਰ ਕੋਲ ਢਾਈ ਏਕੜ ਵਾਹੀਯੋਗ ਜ਼ਮੀਨ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ 21 ਸਾਲਾ ਇੰਦਰਜੀਤ ਦੀ ਮਾਲੀ ਹਾਲਤ ਮਾੜੀ ਸੀ (ਜਿਸਦਾ ਪਿਤਾ ਦਿਹਾੜੀਦਾਰ ਮਜ਼ਦੂਰ ਹੈ), ਪਰ ਇਹ ਸੰਭਵ ਨਹੀਂ ਲੱਗਦਾ ਕਿ ਰਣਜੀਤ ਮਹਿਜ਼ ਪੈਸਿਆਂ ਲਈ ਇੰਨੇ ਵੱਡੇ ਅਪਰਾਧ ਵਿੱਚ ਸ਼ਾਮਲ ਹੋਵੇਗਾ। ਦਿਲਬਾਗ ਨੇ ਵੀ ਪੈਸਿਆਂ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ: “ਰਣਜੀਤ ਅਤੇ ਮੇਰਾ ਬੇਟਾ ਦਿੱਲੀ ਦੀ ਇੱਕ ਫਰਮ ਵਿੱਚ ਕੰਮ ਕਰਦੇ ਸਨ ਅਤੇ ਪਾਰਟ-ਟਾਈਮ ਡਿਲੀਵਰੀ ਬੁਆਏ ਵਜੋਂ ਵੀ ਕੰਮ ਕਰਦੇ ਸਨ।”
ਇਹ ਵੀ ਹੋ ਸਕਦਾ ਕਿ ਪੁਲਿਸ ਦਾ ਦਾਅਵਾ ਸਹੀ ਹੋਵੇ।

 

 

 

 

 

 

 

 

ਜਾਂ ਫੇਰ ਤਿੰਨਾਂ ਨੇ ਕਤਲ ਕਿਸੇ ਗੁੱਸੇ ‘ਚ ਕੀਤਾ ਹੋਵੇ।
ਹੋ ਸਕਦਾ ਕਤਲ ਇੰਨਾਂ ਨੇ ਨਾ ਕੀਤਾ ਹੋਵੇ ਪਰ ਕਿਸੇ ਹੋਰ ਦੀ ਕਤਲ ਕਰਨ ‘ਚ ਸਹਾਇਤਾ ਕੀਤੀ ਹੋਵੇ।
ਜਾਂ ਫੇਰ ਹੋ ਸਕਦਾ ਕਿ ਕਤਲ ਇੰਨਾਂ ਨੇ ਕੀਤਾ ਹੀ ਨਾ ਹੋਵੇ। ਪਰ ਕਿਉਂ ਕਿ ਰਣਜੀਤ ਦਾ ਇਨਕਾਊਟਰ ਹੋ ਗਿਆ। ਇਸ ਕਰਕੇ ਪੁਲਿਸ ਨੂੰ ਸਾਰਾ ਇਲਜ਼ਾਮ ਇੰਨਾਂ ‘ਤੇ ਲਾਉਣਾ ਪਿਆ।
ਮੇਰਾ ਨਿੱਜੀ ਅੰਦਾਜ਼ਾ ਇਹੀ ਹੈ ਕਿ ਤਿੰਨਾਂ ਦਾ ਕਤਲ ਨਾਲ ਸਬੰਧ ਤਾਂ ਹੈਗਾ। ਪਰ ਉੱਨਾਂ ਦੇ ਰੋਲ ਅਤੇ ਮਕਸਦ ਬਾਰੇ ਸਹੀ ਪਤਾ ਨਹੀਂ ਲੱਗ ਰਿਹਾ ।
Kamaldeep Singh Brar