Canada – ਕੈਨੇਡੀਅਨ ਅਖ਼ਬਾਰ ਦਾ ਦਾਅਵਾ: ਨਿੱਝਰ ਦੇ ਕਤਲ ’ਚ ਭਾਰਤੀ ਖ਼ੁਫੀਆ ਅਧਿਕਾਰੀ ਸ਼ਾਮਲ
ਵੱਡੀ ਖਬਰ:
ਭਾਰਤੀ ਦਖਲਅੰਦਾਜ਼ੀ ਬਾਰੇ ਕੈਨੇਡੀਅਨ ਸੁਰੱਖਿਆ ਅਧਿਕਾਰੀਆਂ ਨੇ ਅੱਕ ਕੇ ਮੂੰਹ ਖੋਲ੍ਹਿਆ, ਕੀਤੇ ਵੱਡੇ ਖੁਲਾਸੇ
**********
ਪਿਛਲੇ ਹਫ਼ਤੇ ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਦੇ ਇੱਕ ਅਣਪਛਾਤੇ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਾਰਨੀ ਦੀ ਭਾਰਤ ਫੇਰੀ ਤੋਂ ਐਨ ਪਹਿਲਾਂ ਕਿਹਾ ਸੀ ਕਿ ਭਾਰਤੀ ਏਜੰਟ ਹੁਣ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਨਹੀਂ ਜੁੜੇ। ਇਸਤੋਂ ਵੀ ਅੱਗੇ ਜਾਂਦਿਆਂ ਕੈਨੇਡਾ ਵਿੱਚ ਭਾਰਤੀ ਰਾਜਦੂਤ ਦਿਨੇਸ਼ ਪਟਨਾਇਕ ਨੇ ਕਿਹਾ ਸੀ ਕਿ ਭਾਰਤੀ ਤਾਂ ਕਦੇ ਵੀ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਨਹੀਂ ਜੁੜੇ।
ਇਹ ਇੱਕ ਤਰੀਕੇ ਨਾਲ ਕੈਨੇਡੀਅਨ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਏਜੰਸੀਆਂ ਦੀ ਬੇਇੱਜ਼ਤੀ ਕਰਨਾ ਸੀ, ਜੋ ਪਿਛਲੇ ਚਾਰ ਸਾਲ ਤੋਂ ਵਾਰ-ਵਾਰ ਕਹਿ ਰਹੇ ਸਨ ਕਿ ਕੈਨੇਡਾ ‘ਚ ਕਤਲਾਂ, ਫਿਰੌਤੀਆਂ, ਧਮਕੀਆਂ, ਗੋਲੀਆਂ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ।
ਅੱਕ ਕੇ ਉਨ੍ਹਾਂ ਨੇ ਕੈਨੇਡੀਅਨ ਮੀਡੀਏ ਨੂੰ ਅਜਿਹੀ ਜਾਣਕਾਰੀ ਦਿੱਤੀ ਹੈ ਜੋ ਪਹਿਲਾਂ ਕਦੇ ਬਾਹਰ ਨਹੀਂ ਸੀ ਆਈ, ਜਿਸ ਵਿੱਚ ਭਾਰਤੀ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ।
1
ਕੈਨੇਡਾ ਦੀ ਕੌਮੀ ਅਖਬਾਰ “ਦਾ ਗਲੋਬ ਐਂਡ ਮੇਲ” ਨੇ ਇੱਕ ਬਹੁਤ ਵੱਡਾ ਖੁਲਾਸਾ ਕਰਦਿਆਂ ਲਿਖਿਆ ਹੈ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੂੰ ਇਹ ਸਬੂਤ ਪੇਸ਼ ਕੀਤੇ ਗਏ ਹਨ ਕਿ ਵੈਨਕੂਵਰ ਵਿੱਚ ਕੰਮ ਕਰ ਰਹੇ ਭਾਰਤੀ ਕੌਂਸਲਖਾਨੇ ਦੇ ਸਟਾਫ਼ ਨੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਮਦਦ ਲਈ ਜਾਣਕਾਰੀ ਮੁਹੱਈਆ ਕਰਵਾਈ। ਇਹ ਜਾਣਕਾਰੀ ਦੋ ਸਰੋਤਾਂ ਨੇ “ਦਾ ਗਲੋਬ ਐਂਡ ਮੇਲ” ਨੂੰ ਦਿੱਤੀ।
ਇੱਕ ਸੂਤਰ ਕੈਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਹੈ ਅਤੇ ਦੂਜਾ ਇੱਕ ਕੈਨੇਡੀਅਨ ਰਾਸ਼ਟਰੀ ਸੁਰੱਖਿਆ ਅਧਿਕਾਰੀ ਹੈ।
ਇਨ੍ਹਾਂ ਦੋਵਾਂ ਦੇ ਅਨੁਸਾਰ, ਕੰਵਲਜੀਤ ਸਿੰਘ ਨਾਮਕ ਇੱਕ ਅਧਿਕਾਰੀ, ਜੋ ਵੈਨਕੂਵਰ ਕੌਂਸਲਖਾਨੇ ਵਿੱਚ ਵੀਜ਼ਾ ਅਧਿਕਾਰੀ ਵਜੋਂ ਕੰਮ ਕਰਦਾ ਸੀ, ਆਪਣੇ ਅਹੁਦੇ ਦੀ ਵਰਤੋਂ ਕਰਕੇ ਸਰੀ, ਬੀ.ਸੀ. ਵਿੱਚ ਰਹਿੰਦੇ ਭਾਰਤੀ ਲੋਕਾਂ ਤੋਂ ਨਿੱਝਰ ਬਾਰੇ ਜਾਣਕਾਰੀ ਇਕੱਠੀ ਕਰਦਾ ਸੀ।

ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਬਾਹਰੀ ਖੁਫੀਆ ਏਜੰਸੀ RAW (ਰਿਸਰਚ ਐਂਡ ਐਨਾਲਿਸਿਸ ਵਿੰਗ) ਨਾਲ ਜੁੜਿਆ ਹੋਇਆ ਸੀ।
ਉਹ ਮਨੀਸ਼ ਨਾਮਕ ਇੱਕ ਭਾਰਤੀ ਡਿਪਲੋਮੈਟ ਨਾਲ ਮਿਲ ਕੇ ਕੰਮ ਕਰਦਾ ਸੀ, ਜੋ ਉਸ ਸਮੇਂ ਵੈਨਕੂਵਰ ਦਾ ਕੌਂਸਲ-ਜਨਰਲ ਸੀ। ਦੋਵੇਂ ਸਰੋਤਾਂ ਨੇ ਦੱਸਿਆ ਕਿ CSIS ਇੱਕ ਅੰਡਰਕਵਰ RAW ਏਜੰਟ ਦੀ ਨਿਗਰਾਨੀ ਕਰ ਰਹੀ ਸੀ, ਜੋ ਵੀਜ਼ਾ ਅਧਿਕਾਰੀ ਵਜੋਂ ਕੌਂਸਲਖਾਨੇ ਵਿੱਚ ਤਾਇਨਾਤ ਸੀ।
ਕੈਨੇਡਾ ਸਰਕਾਰ ਨੇ ਅਕਤੂਬਰ 2024 ਵਿੱਚ ਛੇ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀ, ਪਰ ਸਿਰਫ਼ ਉਸ ਵੇਲੇ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਦਾ ਨਾਮ ਹੀ ਜਨਤਕ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਦੀ ਪਾਰਕਿੰਗ ਲਾਟ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ। ਭਾਰਤ ਨੇ ਹਮੇਸ਼ਾ ਇਸ ਸਾਜ਼ਿਸ਼ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਤਾਂ ਹੁਣ ਇੱਥੋਂ ਤੱਕ ਕਿਹਾ ਕਿ ਕੈਨੇਡਾ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਨਹੀਂ ਹੋਈ।
ਕੈਨੇਡੀਅਨ ਅਧਿਕਾਰੀਆਂ ਅਨੁਸਾਰ, ਨਿੱਝਰ ਬਾਰੇ ਇਕੱਠੀ ਕੀਤੀ ਜਾਣਕਾਰੀ ਦਿੱਲੀ ਵਿੱਚ ਬੈਠੇ RAW ਅਧਿਕਾਰੀ ਵਿਕਾਸ਼ ਯਾਦਵ ਨੂੰ ਭੇਜੀ ਗਈ, ਜਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਪਰਕ ਕੀਤਾ, ਜਿਸ ‘ਤੇ ਕੈਨੇਡਾ ਵਿੱਚ ਜ਼ਬਰਦਸਤੀ ਵਸੂਲੀ ਅਤੇ ਹੋਰ ਅਪਰਾਧਾਂ ਦੀ ਲੜੀ ਲਈ ਦੋਸ਼ ਲਗਦੇ ਰਹੇ ਹਨ।
ਅਧਿਕਾਰੀਆਂ ਦਾ ਮੰਨਣਾ ਹੈ ਕਿ RAW ਅਧਿਕਾਰੀ ਮਿਸਟਰ ਯਾਦਵ ਨੇ ਇਹ ਖੁਫੀਆ ਜਾਣਕਾਰੀ ਅਤੇ ਪੈਸੇ ਬਿਸ਼ਨੋਈ ਗਰੁੱਪ ਤੱਕ ਪਹੁੰਚਾਏ ਅਤੇ ਇਸ ਗੈਂਗ ਦੇ ਕੈਨੇਡਾ ਅਧਾਰਿਤ ਮੈਂਬਰਾਂ ਨਾਲ ਫਿਰ ਹੱਤਿਆ ਦੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ।
ਰਾਅ ਦਾ ਏਜੰਟ ਵਿਕਾਸ਼ ਯਾਦਵ ਉਹੀ ਹੈ, ਜਿਸਨੂੰ ਅਮਰੀਕਾ ਵਿੱਚ ਇੱਕ ਹੋਰ ਸਿੱਖ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ FBI ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਹੈ। ਉਸ ਮਾਮਲੇ ‘ਚ ਫੜਿਆ ਗਿਆ ਭਾਰਤੀ ਏਜੰਟ ਨਿਖਿਲ ਗੁਪਤਾ ਵਿਕਾਸ਼ ਯਾਦਵ ਦੀ ਇਨ੍ਹਾਂ ਸਾਜਿਸ਼ਾਂ ਵਿੱਚ ਭੂਮਿਕਾ ਅਤੇ ਆਪਣਾ ਜੁਰਮ ਅਮਰੀਕਨ ਅਦਾਲਤ ਵਿੱਚ ਕਬੂਲ ਕਰ ਚੁੱਕਾ ਹੈ।
ਦੋਵਾਂ ਸੂਤਰਾਂ ਮੁਤਾਬਕ, ਆਰਸੀਐਮਪੀ ਨੇ ਇਹ ਸਬੂਤ ਇਕੱਠੇ ਕੀਤੇ ਹਨ ਕਿ ਵੀਜ਼ਾ ਅਧਿਕਾਰੀ ਕੰਵਲਜੀਤ ਸਿੰਘ ਭਾਰਤੀ ਭਾਈਚਾਰੇ ਵਿਚਲੇ ਆਪਣੇ ਏਜੰਟਾਂ ਰਾਹੀਂ ਕੰਮ ਕਰਦਿਆਂ ਜਬਰ ਅਤੇ ਰਿਸ਼ਵਤ ਦੇ ਜ਼ਰੀਏ ਭਾਈ ਨਿੱਝਰ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਸੀ।
ਕੰਵਲਜੀਤ ਸਿੰਘ ਭਾਰਤ ਜਾਣ ਲਈ ਵੀਜ਼ੇ ਜਾਰੀ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਉਨ੍ਹਾਂ ਲੋਕਾਂ ‘ਤੇ ਦਬਾਅ ਬਣਾਉਂਦਾ ਸੀ, ਜੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਭਾਰਤ ਜਾਣਾ ਚਾਹੁੰਦੇ ਸਨ। ਜਿਨ੍ਹਾਂ ਲੋਕਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕੀਤਾ, ਉਨ੍ਹਾਂ ਨੂੰ ਭਾਰਤ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਇਨ੍ਹਾਂ ਦੋਵੇਂ ਸੂਤਰਾਂ ਮੁਤਾਬਕ, ਮਿਸਟਰ ਯਾਦਵ ਨੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਚਾਰ ਕਥਿਤ ਸ਼ੂਟਰਾਂ ਨੂੰ ਕਿਰਾਏ ‘ਤੇ ਰੱਖਣ ਦਾ ਪ੍ਰਬੰਧ ਵੀ ਕੀਤਾ, ਜਿਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪਾਰਕਿੰਗ ਤੋਂ ਆਪਣਾ ਪਿਕਅੱਪ ਟਰੱਕ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਭਾਈ ਨਿੱਝਰ ‘ਤੇ ਗੋਲੀਆਂ ਚਲਾਈਆਂ।
ਜੁਲਾਈ 2023 ਦੇ ਅੰਤ ਵਿੱਚ ਕੈਨੇਡੀਅਨ ਅਧਿਕਾਰੀਆਂ ਨੂੰ ਨਿੱਝਰ ਕਤਲ ਕਾਂਡ ਵਿੱਚ ਭਾਰਤ ਸਰਕਾਰ ਦੀ ਕਥਿਤ ਭੂਮਿਕਾ ਬਾਰੇ ਸੂਚਿਤ ਕੀਤਾ ਗਿਆ ਕਿ ਨਵੀਂ ਦਿੱਲੀ ਵਿੱਚ ਮੌਜੂਦ ਭਾਰਤੀ ਅਧਿਕਾਰੀਆਂ ਨੇ ਭਾਈ ਨਿੱਝਰ ਅਤੇ ਹੋਰ ਸਿੱਖ ਆਗੂਆਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
ਇਨ੍ਹਾਂ ਦੋਵਾਂ ਅਧਿਕਾਰੀਆਂ ਅਨੁਸਾਰ, ਕੈਨੇਡੀਅਨ ਅਧਿਕਾਰੀਆਂ ਨੂੰ ਵਾਇਰਟੈਪ ਰਾਹੀਂ ਜਾਣਕਾਰੀ ਵੀ ਮਿਲੀ, ਜਿਸ ਵਿੱਚ ਇੱਕ ਗੱਲਬਾਤ ਰਿਕਾਰਡ ਹੋਈ ਸੀ, ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਸੀ ਕਿ ਨਿੱਝਰ ਨੂੰ ਕਿਵੇਂ ਸਫਲਤਾਪੂਰਵਕ ਮਾਰਿਆ ਗਿਆ।
ਇਸੇ ਕਾਰਨ ਸਤੰਬਰ 2023 ਵਿੱਚ, ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਅੰਦਰ ਨਿੱਝਰ ਕਤਲ ਕਾਂਡ ਵਿੱਚ ਭਾਰਤ ਦੇ ਹੱਥ ਬਾਰੇ ਖੁਲਾਸਾ ਕਰ ਦਿੱਤਾ ਸੀ।
ਉਸੇ ਦਿਨ, ਉਸ ਵੇਲੇ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲੇਨੀ ਜੋਲੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਭਾਰਤ ਦੀ ਵਿਦੇਸ਼ੀ ਖੁਫੀਆ ਏਜੰਸੀ ਦੇ ਮੁਖੀ ਪਵਨ ਕੁਮਾਰ ਰਾਇ ਨੂੰ ਕੈਨੇਡਾ ‘ਚੋਂ ਬਾਹਰ ਕੱਢ ਦਿੱਤਾ ਹੈ।
ਕਾਨੂੰਨ ਲਾਗੂ ਕਰਨ ਵਾਲੇ ਸਰੋਤ ਨੇ ਕਿਹਾ ਕਿ ਕੰਵਲਜੀਤ ਸਿੰਘ ਅਤੇ ਮਿਸਟਰ ਮਨੀਸ਼ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਮਿਲੀ ਕੂਟਨੀਤਕ ਛੋਟ (ਡਿਪਲੋਮੈਟਿਕ ਇਮਿਊਨਿਟੀ) ਦੇ ਕਾਰਨ ਮੁਕੱਦਮਾ ਚਲਾਉਣਾ ਅਸੰਭਵ ਸੀ।
2
ਕੈਨੇਡਾ ਦੀ ਦੂਜੀ ਕੌਮੀ ਅਖਬਾਰ “ਨੈਸ਼ਨਲ ਪੋਸਟ” ਦੇ ਖੁਲਾਸੇ ਮੁਤਾਬਕ ਖੁਫੀਆ ਏਜੰਸੀ ਸੀਸਸ ਦਾ ਕਹਿਣਾ ਹੈ ਕਿ ਭਾਰਤ ਅਜੇ ਵੀ ਕੈਨੇਡਾ ਖ਼ਿਲਾਫ਼ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਕਰਨ ਵਾਲੇ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਇਹ ਗੱਲ ਉਸ ਦਾਅਵੇ ਦੇ ਉਲਟ ਹੈ ਜੋ ਪਿਛਲੇ ਹਫ਼ਤੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕੀਤਾ ਸੀ ਕਿ ਭਾਰਤੀ ਏਜੰਟ ਹੁਣ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਨਹੀਂ ਜੁੜੇ।
ਸ਼ਨੀਵਾਰ ਨੂੰ “ਨੈਸ਼ਨਲ ਪੋਸਟ” ਨੂੰ ਭੇਜੀ ਗਈ ਇੱਕ ਈਮੇਲ ਵਿੱਚ ਕੈਨੇਡੀਅਨ ਸਕਿਉਰਟੀ ਇੰਟੈਲੀਜੈਂਸ ਸਰਵਿਸ (CSIS) ਦੇ ਬੁਲਾਰੇ ਐਰਿਕ ਬਾਲਸਮ ਨੇ ਪੁਸ਼ਟੀ ਕੀਤੀ ਕਿ ਭਾਰਤ ਵੱਲੋਂ ਦਖ਼ਲਅੰਦਾਜ਼ੀ ਦਾ ਖ਼ਤਰਾ ਬਰਕਰਾਰ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਕੈਨੇਡੀਅਨ ਸੁਰੱਖਿਆ ਏਜੰਸੀ ਨੇ ਇਸ ਮਾਮਲੇ ‘ਚ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਬਿਆਨ ਦਾ ਖੰਡਨ ਕੀਤਾ ਹੈ।
*****************
ਇਨ੍ਹਾਂ ਖੁਲਾਸਿਆਂ ਨੇ ਸਾਰੀ ਅਸਲੀਅਤ ਅੱਗੇ ਲੈ ਆਂਦੀ ਹੈ ਕਿ ਕਿਸਦਾ ਕਿੱਥੇ-ਕਿੱਥੇ ਹੱਥ ਸੀ ਤੇ ਸਾਰੀ ਸਾਜ਼ਿਸ਼ ਕਿਵੇਂ ਸਿਰੇ ਚਾੜ੍ਹੀ ਗਈ।
ਕੈਨੇਡੀਅਨ ਮੁੱਖ ਧਾਰਾ ਦੇ ਅਖਬਾਰਾਂ ਅਤੇ ਪੱਤਰਕਾਰਾਂ ਨੇ ਕੈਨੇਡੀਅਨ ਲੋਕਤੰਤਰ ਦਾ ਸੱਚਮੁੱਚ ਚੌਥਾ ਥੰਮ੍ਹ ਬਣਦਿਆਂ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ। ਕੈਨੇਡੀਅਨ ਨਾਗਰਿਕ ਦੇ ਡੁੱਲ੍ਹੇ ਖੂਨ ਬਦਲੇ ਕਾਰੋਬਾਰ ਕਰਨ ਵਾਲੇ ਕੈਨੇਡੀਅਨ ਸਿਆਸਤਦਾਨਾਂ ਨੂੰ ਬੇਨਕਾਬ ਕਰ ਦਿੱਤਾ ਹੈ।
ਅੱਗੇ ਚੱਲ ਕੇ ਹਾਲੇ ਅਜਿਹੇ ਹੋਰ ਬਹੁਤ ਸਾਰੇ ਸੱਚ ਬਾਹਰ ਆਉਣਗੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Punjab Spectrum
You must be logged in to post a comment.