Gurdas Mann – ਗੁਰਦਾਸ ਮਾਨ ਦੇ ਕੇਨੈਡਾ ਵਿੱਚ ਹੋਣ ਵਾਲੇ ਸ਼ੋਆਂ ਦੇ ਬਾਈਕਾਟ ਕਰਨ ਦਾ ਸੱਦਾ।
ਗਾਇਕ ਗੁਰਦਾਸ ਮਾਨ ਦੇ ਕੈਨੇਡਾ ਅੰਦਰ ਹੋਣ ਜਾ ਰਹੇ ਸ਼ੋਅਜ਼ ਸਬੰਧੀ ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਵੱਲੋਂ ਅੱਜ ਇਹ ਬਿਆਨ ਜਾਰੀ ਕੀਤਾ ਗਿਆ ਹੈ।

ਕੇਨੈਡਾ ਵਿੱਚ ਗੁਰਦਾਸ ਮਾਨ ਦੇ ਹੋਣ ਜਾ ਰਹੇ ਪ੍ਰੋਗਰਾਮਾਂ ਦੇ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਵਲੋਂ ਇੱਕ ਸਾਝਾਂ ਬਿਆਨ ਜਾਰੀ ਕੀਤਾ ਗਿਆ ਹੈ।
ਜਿਸ ਵਿੱਚ ਗੁਰਦਾਸ ਮਾਨ ਪ੍ਰੋਗਰਾਮਾਂ ਦਾ ਇੱਕਜੁੱਟਤਾ ਨਾਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।

_______________________
ਕੈਨੇਡਾ ਵਿੱਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ਬਾਰੇ ਸਿੱਖ ਭਾਈਚਾਰੇ ਦੀ ਸਪੱਸ਼ਟ ਸਥਿਤੀ।
ਕੈਨੇਡਾ ਵਿੱਚ ਗੁਰਦਾਸ ਮਾਨ ਦੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਗੰਭੀਰ ਚਿੰਤਾਵਾਂ ਉੱਭਰ ਰਹੀਆਂ ਹਨ।
ਇਹ ਚਿੰਤਾਵਾਂ ਸਿਰਫ ਕਿਸੇ ਵਿਅਕਤੀਗਤ ਕਲਾਕਾਰ ਨਾਲ ਨਹੀਂ, ਸਗੋਂ ਉਹਨਾਂ ਬਿਆਨਾਂ, ਰੁਝਾਨਾਂ ਅਤੇ ਸਰਕਾਰੀ ਨੈਰੇਟਿਵ ਨਾਲ ਹਨ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ, ਸਿੱਖ ਪਹਿਚਾਣ ਅਤੇ ਕੌਮੀ ਅਸੂਲਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ।
ਗੁਰਦਾਸ ਮਾਨ ਵਰਗੇ ਵਿਅਕਤੀਆਂ ਨੂੰ ਦਿੱਲੀ ਦਰਬਾਰ ਦੇ ਕਰਿੰਦਿਆਂ ਵੱਲੋਂ ਉਭਾਰਨਾ ਅਤੇ ਉਨ੍ਹਾਂ ਦੇ ਪ੍ਰੋਗਰਾਮ ਕਰਵਾਉਣਾ ਇੱਕ ਸੋਚਿਆ-ਸਮਝਿਆ ਕਦਮ ਲੱਗਦਾ ਹੈ, ਜਿਸਦਾ ਮਕਸਦ ਨੌਜਵਾਨ ਪੀੜ੍ਹੀ ਦੇ ਵਿਚਾਰਾਂ ਨੂੰ ਭਟਕਾਉਣਾ ਅਤੇ ਪੰਜਾਬ ਦੇ ਵਾਰਸਾਂ ਨੂੰ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣਾ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਗੁਰਦਾਸ ਮਾਨ ਵੱਲੋਂ ਦਿੱਤੇ ਗਏ ਬਿਆਨਾਂ ਜਿਵੇਂ ਕਿ ਇੱਕ ਰਾਸ਼ਟਰ, ਇੱਕ ਭਾਸ਼ਾ ਦੀ ਵਕਾਲਤ, ਪੰਜਾਬੀ ਭਾਸ਼ਾ ਨੂੰ ਹਾਸ਼ੀਏ ‘ਤੇ ਰੱਖਣ ਵਾਲੇ ਵਿਚਾਰ, ਅਤੇ ਕੈਨੇਡਾ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਅਪਮਾਨਜਨਕ ਵਰਤਾਅ-ਨੇ ਵਿਸ਼ਾਲ ਪੱਧਰ ‘ਤੇ ਨਾਰਾਜ਼ਗੀ ਪੈਦਾ ਕੀਤੀ ਹੈ। ਇਹ ਬਿਆਨ ਅਤੇ ਰਵੱਈਏ ਸਿੱਖ ਪਹਿਚਾਣ ਅਤੇ ਪੰਜਾਬੀ ਬੋਲੀ ਲਈ ਖ਼ਤਰਾ ਮੰਨੇ ਜਾਂਦੇ ਹਨ। ਸਾਡੇ ਲਈ ਇਹ ਮੁੱਦਾ ਸਿਰਫ਼ ਇੱਕ ਸ਼ੋਅ ਜਾਂ ਇੱਕ ਕਲਾਕਾਰ ਦਾ ਨਹੀਂ। ਇਹ ਸਾਡੀ ਮਾਂ ਬੋਲੀ ਪੰਜਾਬੀ ਦੀ ਇੱਜ਼ਤ, ਸਾਡੀ ਕੌਮੀ ਪਹਿਚਾਣ ਦੀ ਰੱਖਿਆ ਅਤੇ ਹਿੰਦੁਸਤਾਨ ਸਰਕਾਰ ਦੀਆਂ ਉਹਨਾਂ ਤਾਕਤਾਂ ਦੇ ਵਿਰੁੱਧ ਖੜ੍ਹਨ ਦਾ ਮੁੱਦਾ ਹੈ ਜੋ ਸਾਡੀ ਸਾਂਝ ਅਤੇ ਅਣਖ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸਾਡੀ ਸਥਿਤੀ ਸਪਸ਼ਟ ਹੈ।

ਪੰਜਾਬੀ ਮਾਂ ਬੋਲੀ ਅਤੇ ਸਿੱਖ ਅਸੂਲਾਂ ਦੇ ਵਿਰੁੱਧ ਕਿਸੇ ਵੀ ਰੁਝਾਨ ਨੂੰ ਕੈਨੇਡਾ ਦੀ ਧਰਤੀ ‘ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਕਲਾਕਾਰ ਸਮਾਜ ਦੀ ਸੋਚ ਨੂੰ ਦਿਸ਼ਾ ਦਿੰਦੇ ਹਨ; ਇਸ ਲਈ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਵੱਧਦੀ ਹੈ।
ਜਦੋਂ ਕੋਈ ਕਲਾਕਾਰ ਸਰਕਾਰੀ ਨੈਰੇਟਿਵ ਦੇ ਸਹਾਰੇ ਮਾਂ ਬੋਲੀ ਜਾਂ ਕੌਮੀ ਜਜ਼ਬਾਤਾਂ ਦੇ ਵਿਰੁੱਧ ਖੜ੍ਹਦਾ ਹੈ, ਤਾਂ ਭਾਈਚਾਰੇ
ਵੱਲੋਂ ਵਿਰੋਧ ਕਰਨਾ ਜਾਇਜ਼ ਅਤੇ ਲਾਜ਼ਮੀ ਹੈ।
ਅਸੀਂ ਕੈਨੇਡਾ ਭਰ ਦੇ ਸਿੱਖਾਂ, ਪੰਜਾਬੀਆਂ ਅਤੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ:
ਗੁਰਦਾਸ ਮਾਨ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਨਾ ਕਰੋ।
ਟਿਕਟਾਂ ਨਾ ਖਰੀਦੋ ਅਤੇ ਨਾ ਹੀ ਪ੍ਰਚਾਰ ਵਿੱਚ ਹਿੱਸਾ ਲਓ।
ਸੋਸ਼ਲ ਮੀਡੀਆ ਅਤੇ ਭਾਈਚਾਰਕ ਮੰਚਾਂ ਰਾਹੀਂ ਜਾਗਰੂਕਤਾ ਫੈਲਾਓ।
ਆਪਣੀ ਮਾਂ ਬੋਲੀ, ਪਹਿਚਾਣ ਅਤੇ ਅਸੂਲਾਂ ਦੀ ਰੱਖਿਆ ਲਈ ਇਕੱਠੇ ਖੜ੍ਹੋ।
ਇਹ ਸਿਰਫ ਕਿਸੇ ਵਿਅਕਤੀ ਦੇ ਵਿਰੁੱਧ ਨਹੀਂ—ਇਹ ਇੱਕ ਸੋਚ ਦੇ ਵਿਰੁੱਧ ਹੈ ਜੋ ਸਾਡੀ ਸਾਂਝ, ਸਾਡੀ ਭਾਸ਼ਾ ਅਤੇ ਸਾਡੀ ਕੌਮੀ ਅਣਖ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪੰਜਾਬ ਦੇ ਵਾਰਸ ਆਪਣੀ ਮਾਂ ਬੋਲੀ, ਆਪਣੀ ਪਹਿਚਾਣ ਅਤੇ ਸਿੱਖ ਅਸੂਲਾਂ ਨਾਲ ਕਿਸੇ ਵੀ ਤਰ੍ਹਾਂ ਦੀ ਗਦਾਰੀ ਬਰਦਾਸ਼ਤ ਨਹੀਂ ਕਰਨਗੇ।
ਸਮਾਂ ਆ ਗਿਆ ਹੈ ਕਿ ਅਸੀਂ ਸੱਚ ਅਤੇ ਝੂਠ ਵਿਚ ਫ਼ਰਕ ਪਛਾਣੀਏ, ਨਵੀਂ ਪੀੜ੍ਹੀ ਨੂੰ ਜਾਗਰੂਕ ਕਰੀਏ ਅਤੇ ਉਹਨਾਂ ਤਾਕਤਾਂ ਨੂੰ ਬੇਨਕਾਬ ਕਰੀਏ ਜੋ ਸਾਡੀ ਸਾਂਝ ਅਤੇ ਪਹਿਚਾਣ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇੱਕ ਜਾਗਦੀ ਜ਼ਮੀਰ ਵਾਲਾ ਸਿੱਖ ਜਾਣਦਾ ਹੈ ਕਿ ਮਾਂ ਬੋਲੀ ਪੰਜਾਬੀ ਅਤੇ ਸਿੱਖੀ ਦੀ ਅਣਖ ਸਭ ਤੋਂ ਪਹਿਲਾਂ ਆਉਂਦੀ ਹੈ। ਇਸ ਲਈ ਉਹ ਨਾ ਤਾਂ ਗੁਰਦਾਸ ਮਾਨ ਦੇ ਸ਼ੋਅ ਵਿੱਚ ਸ਼ਮੂਲੀਅਤ ਕਰੇਗਾ, ਨਾ ਉਸਦਾ ਪ੍ਰਚਾਰ ਕਰੇਗਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸਮਰਥਨ ਦੇਵੇਗਾ।
ਕਿਉਂਕਿ ਗੁਰਦਾਸ ਮਾਨ ਨੇ ਮੁੜ-ਮੁੜ ਉਹਨਾਂ ਅਸੂਲਾਂ ਤੋਂ ਮੂੰਹ ਮੋੜਿਆ ਹੈ, ਜਿਨ੍ਹਾਂ ‘ਤੇ ਸਾਡੀ ਸਿੱਖੀ ਪਹਿਚਾਣ ਦੀ ਨੀਂਹ ਮਜ਼ਬੂਤੀ ਨਾਲ ਕਾਇਮ ਹੈ।
ਅਕਾਲ ਸਹਾਇ।
ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ
ਓਂਟਾਰੀਓ ਗੁਰਦੁਆਰਾ ਕਮੇਟੀ
ਕਿਊਬੈਕ ਸਿੱਖ ਕੌਂਸਲ
Punjab Spectrum
You must be logged in to post a comment.