Epstein Files: Hardeep Puri ਦੀ ਧੀ ਨੂੰ ਜੈਫਰੀ ਐਪਸਟੀਨ ਨਾਲ ਜੋੜਨ ਵਾਲੀ ਸਮੱਗਰੀ 24 ਘੰਟੇ ਅੰਦਰ ਹਟਾਈ ਜਾਵੇ : ਹਾਈ ਕੋਰਟ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਦੀ ਧੀ ਹੋਣ ਕਰਕੇ ਮੈਨੂੰ ਬਣਾਇਆ ਜਾ ਰਿਹਾ ਨਿਸ਼ਾਨਾ : ਹਿਮਾਯਨੀ
Epstein Files: ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਬੇਟੀ ਹਿਮਾਯਨੀ ਪੁਰੀ ਨੂੰ ਸਜ਼ਾਯਾਫ਼ਤਾ ਅਮਰੀਕੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੋੜਨ ਵਾਲੀ ਸੋਸ਼ਲ ਮੀਡੀਆ ਸਮੱਗਰੀ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਮਿਨੀ ਪੁਸ਼ਕਰਨਾ ਨੇ ਕਈ ਉਪਭੋਗਤਾਵਾਂ (users) ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੀ ਸਮੱਗਰੀ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਕਾਸ਼ਿਤ ਕਰਨ, ਪ੍ਰਸਾਰਿਤ ਕਰਨ ਜਾਂ ਫੈਲਾਉਣ ਤੋਂ ਵੀ ਰੋਕ ਦਿੱਤਾ ਹੈ।
ਇਸ ਸਬੰਧੀ ਹਿਮਾਯਨੀ ਪੁਰੀ ਦੇ ਮੁਕੱਦਮੇ ਦੀ ਸੁਣਵਾਈ ਕਰਦਿਆਂ ਉੱਚ ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪੋਸਟਾਂ ਨਾ ਹਟਾਈਆਂ ਤਾਂ ਪਲੇਟਫਾਰਮ ਅਜਿਹੀ ਸਮੱਗਰੀ ਨੂੰ ਹਟਾ ਦੇਣਗੇ ਜਾਂ ਉਸ ਤੱਕ ਪਹੁੰਚ (access) ਨੂੰ ਬਲੌਕ ਕਰ ਦੇਣਗੇ। ਅਦਾਲਤ ਨੇ ਦੇਖਿਆ ਕਿ ਇਹ ਕੇਸ ਪਹਿਲੀ ਨਜ਼ਰੇ ਹਿਮਾਯਨੀ ਪੁਰੀ ਦੇ ਪੱਖ ਵਿੱਚ ਹੈ ਅਤੇ ਜੇਕਰ ਅੰਤਰਿਮ ਰਾਹਤ ਨਾ ਦਿੱਤੀ ਗਈ ਤਾਂ ਉਸ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਅਗਸਤ ਵਿੱਚ ਤੈਅ ਕੀਤੀ ਹੈ।
ਸ਼ਿਕਾਇਤਕਰਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਕਿਹਾ ਕਿ ਵਿੱਤੀ ਮਾਹਿਰ ਵਜੋਂ ਹਿਮਾਯਨੀ ਪੁਰੀ ਦੀ “ਆਲਮੀ ਸਾਖ” ਹੈ ਜਿਸ ਦੀ ਉਨ੍ਹਾਂ ਨੇ ਰੱਖਿਆ ਕਰਨੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਵਿਰੁੱਧ ਲਗਾਏ ਗਏ ਦੋਸ਼ “ਪੂਰੀ ਤਰ੍ਹਾਂ ਝੂਠੇ, ਬੇਬੁਨਿਆਦ ਅਤੇ ਬਦਨਾਮ ਕਰਨ ਵਾਲੇ” ਹਨ।
ਨੁਕਸਾਨ ਵਜੋਂ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਨ ਅਤੇ ਕਈ ਸੰਸਥਾਵਾਂ ਨੂੰ ਮਾਣਹਾਨੀ ਵਾਲੀ ਸਮੱਗਰੀ ਫੈਲਾਉਣ ਤੋਂ ਰੋਕਣ ਦੇ ਹੁਕਮ ਦੀ ਮੰਗ ਕਰਦਿਆਂ, ਹਿਮਾਯਨੀ ਪੁਰੀ ਨੇ ਕਿਹਾ ਕਿ ਉਸ ਨੂੰ ਐਪਸਟੀਨ ਅਤੇ ਉਸ ਦੇ ਅਪਰਾਧਾਂ ਨਾਲ ਜੋੜਨ ਲਈ ਇੱਕ “ਤਾਲਮੇਲ ਅਤੇ ਬਦਨਾਮ ਕਰਨ ਵਾਲੀ ਔਨਲਾਈਨ ਮੁਹਿੰਮ” ਚਲਾਈ ਗਈ ਸੀ। ਉਸ ਨੇ ਪ੍ਰਤੀਵਾਦੀ ਸੰਸਥਾਵਾਂ (defendant entities) ਤੋਂ ਬਿਨਾਂ ਸ਼ਰਤ ਮੁਆਫੀ ਅਤੇ ਦਾਅਵੇ ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ।
ਪਟੀਸ਼ਨ ਵਿੱਚ ਕਿਹਾ ਗਿਆ ਹੈ, “22.02.2026 ਦੇ ਆਸ-ਪਾਸ ਤੋਂ ਸ਼ੁਰੂ ਹੋ ਕੇ, X (ਪਹਿਲਾਂ ਟਵਿੱਟਰ), ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਲਿੰਕਡਇਨ, ਡਿਜੀਟਲ ਨਿਊਜ਼ ਪੋਰਟਲ ਤੇ ਹੋਰ ਵੈੱਬ-ਆਧਾਰਿਤ ਪ੍ਰਕਾਸ਼ਨਾਂ ‘ਤੇ ਝੂਠੀਆਂ, ਗੁਮਰਾਹਕੁਨ ਅਤੇ ਮਾਣਹਾਨੀ ਵਾਲੀਆਂ ਪੋਸਟਾਂ, ਲੇਖਾਂ, ਵੀਡੀਓਜ਼ ਅਤੇ ਡਿਜੀਟਲ ਸਮੱਗਰੀ ਦੀ ਇੱਕ ਲੜੀ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤੀ ਗਈ ਸੀ।”ਹਿਮਾਯਨੀ ਪੁਰੀ ਨੇ ਦਾਅਵਾ ਕੀਤਾ ਕਿ ਉਹ ਸਫਲ ਵਿੱਤੀ ਅਤੇ ਨਿਵੇਸ਼ ਮਾਹਿਰ ਹੈ, ਜਿਸ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਦੀ ਧੀ ਹੈ।
ਉਸ ਦੇ ਮੁਕੱਦਮੇ ਮੁਤਾਬਕ, ਪ੍ਰਤੀਵਾਦੀਆਂ ਨੇ “ਬੇਬੁਨਿਆਦ ਦੋਸ਼” ਲਾਏ ਹਨ ਕਿ ਹਿਮਾਯਨੀ ਪੁਰੀ ਨੇ ਐਪਸਟੀਨ ਦੇ ਨਾਲ ਸਿੱਧੇ ਜਾਂ ਅਸਿੱਧੇ ਵਪਾਰਕ, ਵਿੱਤੀ ਜਾਂ ਨਿੱਜੀ ਨੈੱਟਵਰਕ ਸਬੰਧ ਬਣਾਏ ਹੋਏ ਸਨ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਦੋਸ਼ ਪੂਰੀ ਤਰ੍ਹਾਂ ਝੂਠੇ, ਬਦਨਾਮ ਕਰਨ ਵਾਲੇ ਅਤੇ ਤੱਥਾਂ ਦੀ ਬੁਨਿਆਦ ਤੋਂ ਸੱਖਣੇ ਹਨ।
Punjab Spectrum