‘Sit together twice a year and … ’: Mehbooba Mufti’s suggestion to Amit Shah on bringing back PoK
ਅਮਿਤ ਸ਼ਾਹ ਨੂੰ ਕੰਟਰੋਲ ਰੇਖਾ ਦੇ ਦੋਹਾਂ ਪਾਸਿਆਂ ਦੇ ਲੋਕਾਂ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ: ਮਹਿਬੂਬਾ ਮੁਫ਼ਤੀ
ਕਿਹਾ, ਦੇਸ਼ ਦੇ ਹਿੱਤ ’ਚ ਅਪਣਾ ਹੰਕਾਰ ਛੱਡਣ ਅਮਿਤ ਸ਼ਾਹ
ਸ੍ਰੀਨਗਰ: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫਤੀ ਨੇ ਸਨਿਚਰਵਾਰ ਨੂੰ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ਦੇ ਦੋਹਾਂ ਪਾਸਿਆਂ ਦੇ ਲੋਕਾਂ ਦੇ ਨੁਮਾਇੰਦਿਆਂ ਦੀ ਇਕ ਕਮੇਟੀ ਬਣਾਉਣ ਦਾ ਸੱਦਾ ਦਿਤਾ ਹੈ।
ਪੀ.ਡੀ.ਪੀ. ਦੇ 25ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਦੋਹਾਂ ਧਿਰਾਂ ਦੇ 20 ਨੁਮਾਇੰਦਿਆਂ ਦੀ ਕਮੇਟੀ ਬਣਾਉਣ। ਉਨ੍ਹਾਂ ਕਿਹਾ, ‘‘ਅਮਿਤ ਸ਼ਾਹ ਕਹਿੰਦੇ ਹਨ ਕਿ ਉਹ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਨੂੰ ਵਾਪਸ ਲਿਆਉਣਗੇ, ਜਦਕਿ ਤੁਸੀਂ ਸਾਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਜਾਣ ਲਈ ਕਹਿੰਦੇ ਹੋ।’’
ਪੀ.ਡੀ.ਪੀ. ਪ੍ਰਧਾਨ ਨੇ ਕਿਹਾ, ‘‘ਪਰ ਮੇਰੇ ਕੋਲ ਤੁਹਾਡੇ ਲਈ ਇਕ ਬੇਨਤੀ ਹੈ। ਜਦੋਂ ਤਕ ਤੁਸੀਂ ਉਸ ਹਿੱਸੇ ਨੂੰ ਵਾਪਸ ਨਹੀਂ ਲਿਆਉਂਦੇ, ਇਸ ਕਸ਼ਮੀਰ ਅਤੇ ਉਸ ਕਸ਼ਮੀਰ ਦੇ ਨੁਮਾਇੰਦਿਆਂ ਦੀ ਇਕ ਕਮੇਟੀ ਬਣਾਓ ਅਤੇ ਸਾਨੂੰ ਇਕੱਠੇ ਲਿਆਉ। ਅਸੀਂ ਸਾਲ ’ਚ ਦੋ ਵਾਰ ਇਕੱਠੇ ਬੈਠਾਂਗੇ ਅਤੇ ਉਨ੍ਹਾਂ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਕਰਾਂਗੇ ਜਿਨ੍ਹਾਂ ਦਾ ਅਸੀਂ ਸਾਹਮਣਾ ਕਰਦੇ ਹਾਂ।’’
ਉਨ੍ਹਾਂ ਨੇ ਸ਼ਾਹ ਨੂੰ ਕਿਹਾ ਕਿ ਉਹ ਦੇਸ਼ ਦੇ ਹਿੱਤ ’ਚ ਅਪਣਾ ਹੰਕਾਰ ਛੱਡ ਕੇ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਦੋਵੇਂ ਪਾਸਿਆਂ ਦੇ ਲੋਕਾਂ ਦੇ ਨੁਮਾਇੰਦਿਆਂ ਦੀ ਬੈਠਕ ਕਰਨ, ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅਪਣੇ ਕਾਰਜਕਾਲ ਦੌਰਾਨ ਕੀਤਾ ਸੀ।
ਉਨ੍ਹਾਂ ਕਿਹਾ, ‘‘ਅਮਿਤ ਸ਼ਾਹ ਜੀ, ਕੀ ਤੁਹਾਡੇ ’ਚ ਹਿੰਮਤ ਹੈ? ਤੁਸੀਂ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਉਸ ਕਸ਼ਮੀਰ ਨੂੰ ਵਾਪਸ ਲਿਆਓਗੇ। ਉਹ ਕਸ਼ਮੀਰ ਬਹੁਤ ਦੂਰ ਹੈ, ਉਨ੍ਹਾਂ ਦੇ 20 ਨੁਮਾਇੰਦਿਆਂ ਅਤੇ ਸਾਡੇ 20 ਨੁਮਾਇੰਦਿਆਂ ਨੂੰ ਲਿਆਉ ਅਤੇ ਸਾਨੂੰ ਇਕੱਠੇ ਬੈਠਣ ਦਿਉ।’’
ਉਨ੍ਹਾਂ ਸਵਾਲ ਕੀਤਾ, ‘‘ਕੀ ਤੁਸੀਂ ਅਜਿਹਾ ਕਰ ਸਕਦੇ ਹੋ? ਕੀ ਤੁਹਾਡੇ ’ਚ ਅਜਿਹਾ ਕਰਨ ਦੀ ਹਿੰਮਤ ਹੈ? ਕੀ ਤੁਹਾਡੇ ’ਚ ਵਾਜਪਾਈ ਵਾਂਗ ਦੇਸ਼ ਭਗਤੀ ਹੈ ਜੋ ਜੰਮੂ-ਕਸ਼ਮੀਰ ਦੀ ਖਾਤਰ ਅਪਣੀ ਹਉਮੈ ਦੀ ਕੁਰਬਾਨੀ ਦਿੰਦੇ ਹਨ?’’ ਮਹਿਬੂਬਾ ਨੇ ਦੇਸ਼ ਭਰ ਦੀਆਂ ਜੇਲ੍ਹਾਂ ’ਚ ਬੰਦ ਕਸ਼ਮੀਰੀ ਨੌਜੁਆਨਾਂ ਦੀ ਰਿਹਾਈ ਦੀ ਵੀ ਮੰਗ ਕੀਤੀ।
You must be logged in to post a comment.