Middle East Crisis: ਅਮਰੀਕੀ ਪਣਡੁੱਬੀ ਵਲੋਂ Sri Lanka ਕੋਲ Iran ਦੇ ਜੰਗੀ ਬੇੜੇ ’ਤੇ ਹਮਲਾ; 87 ਮੌਤਾਂ, ਦੇਖੋ ਵੀਡੀਓ:
ਜਹਾਜ਼ ਵਿਚ ਸਵਾਰ ਸਨ 180 ਜਣੇ; ਸ੍ਰੀਲੰਕਾ ਜਲ ਸੈਨਾ ਨੇ ਕਈ ਜਣਿਆਂ ਨੂੰ ਸੁਰੱਖਿਅਤ ਕੱਢਿਆ
ਅਮਰੀਕਾ, ਇਜ਼ਰਾਈਲ ਅਤੇ ਇਰਾਨ ਦਰਮਿਆਨ ਚੱਲ ਰਹੀ ਜੰਗ ਹੁਣ ਹੋਰ ਤੇਜ਼ ਹੋ ਗਈ ਹੈ ਅਤੇ ਅੱਜ ਇਸ ਜੰਗ ਦਾ ਪੰਜਵਾਂ ਦਿਨ ਹੈ। ਸ੍ਰੀਲੰਕਾ ਦੇ ਸਮੁੰਦਰੀ ਤਟ ਕੋਲ ਇੱਕ ਇਰਾਨੀ ਜੰਗੀ ਜਹਾਜ਼ IRIS Dena ‘ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਹੈ।
ਹਿੰਦ ਮਹਾਸਾਗਰ ਵਿੱਚ ਚੱਲ ਰਹੀ ਜੰਗ ਨੇ ਅੱਜ ਇੱਕ ਬਹੁਤ ਹੀ ਖ਼ਤਰਨਾਕ ਮੋੜ ਲੈ ਲਿਆ ਹੈ। ਸ੍ਰੀਲੰਕਾ ਦੇ ਉਪ ਵਿਦੇਸ਼ ਮੰਤਰੀ ਨੇ ਸਥਾਨਕ ਟੀਵੀ ਚੈਨਲ ਨੂੰ ਜਾਣਕਾਰੀ ਦਿੱਤੀ ਹੈ ਕਿ ਇੱਕ ਅਮਰੀਕੀ ਪਣਡੁੱਬੀ (Submarine) ਨੇ ਇਰਾਨੀ ਜੰਗੀ ਜਹਾਜ਼ ’ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਹੁਣ ਤੱਕ 87 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਘਟਨਾ ਸ੍ਰੀਲੰਕਾ ਦੇ ਸਮੁੰਦਰੀ ਖੇਤਰ ਦੇ ਨੇੜੇ ਵਾਪਰੀ ਹੈ, ਜਿਸ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਸ੍ਰੀਲੰਕਾ ਦੇ ਸਰਕਾਰੀ ਸੂਤਰਾਂ ਅਨੁਸਾਰ ਇਹ ਹਮਲਾ ਇੰਨਾ ਭਿਆਨਕ ਸੀ ਕਿ ਇਰਾਨੀ ਜਹਾਜ਼ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਹਮਲੇ ਤੋਂ ਤੁਰੰਤ ਬਾਅਦ ਸ੍ਰੀਲੰਕਾ ਦੀ ਨੇਵੀ ਅਤੇ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਉਹ ਸਮੁੰਦਰ ਵਿੱਚ ਰਾਹਤ ਕਾਰਜਾਂ ਵਿੱਚ ਜੁਟ ਗਏ ਹਨ। ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਕਈ ਜਣੇ ਹਾਲੇ ਵੀ ਲਾਪਤਾ ਹਨ।
ਇਸ ਤੋਂ ਪਹਿਲਾਂ ਸ੍ਰੀਲੰਕਾ ਜਲ ਸੈਨਾ ਨੇ ਕਿਹਾ ਸੀ ਕਿ ਜਹਾਜ਼ ’ਤੇ ਸਵਾਰ ਲਗਪਗ 180 ਲੋਕਾਂ ਵਿੱਚੋਂ 100 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ। ਹੁਣ ਤੱਕ 32 ਜ਼ਖਮੀਆਂ ਨੂੰ ਗਾਲੇ (Galle) ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਰਾਨ ਵਿੱਚ ਸੱਤਾ ਦੇ ਤਖਤਾਪਲਟ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੀ ‘ਅਸੈਂਬਲੀ ਆਫ਼ ਐਕਸਪਰਟਸ’ ਨੇ ਮਰਹੂਮ ਆਇਤੁੱਲਾ ਅਲੀ ਖਮੇਨੀ ਦੇ ਪੁੱਤਰ ਮੁਜਤਬਾ ਖਮੇਨੀ ਨੂੰ ਨਵਾਂ ਸੁਪਰੀਮ ਲੀਡਰ ਚੁਣ ਲਿਆ ਹੈ। ਮੁਜਤਬਾ ਨੂੰ ਇਰਾਨ ਦੀ ਫੌਜ (IRGC) ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਹਾਲਾਂਕਿ, ਇਸ ਬਾਰੇ ਅਧਿਕਾਰਤ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਰਾਨ ਸਰਕਾਰ ਨੇ ਖਮੇਨੀ ਦੀ ਮੌਤ ‘ਤੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਮਸ਼ਹਦ ਸ਼ਹਿਰ ਵਿੱਚ ਦਫ਼ਨਾਇਆ ਜਾਵੇਗਾ।
ਇਜ਼ਰਾਈਲ ਨੇ ਇਰਾਨ ਦੇ ਨਵੇਂ ਬਣਨ ਵਾਲੇ ਲੀਡਰ ਨੂੰ ਲੈ ਕੇ ਬਹੁਤ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਖਮੇਨੀ ਦੀ ਜਗ੍ਹਾ ਲਵੇਗਾ, ਉਹ ਇਜ਼ਰਾਈਲ ਦਾ ਅਗਲਾ ਨਿਸ਼ਾਨਾ ਹੋਵੇਗਾ। ਕਾਟਜ਼ ਨੇ ਸਪੱਸ਼ਟ ਕੀਤਾ ਕਿ ਨਵੇਂ ਨੇਤਾ ਦਾ ਨਾਮ ਕੁਝ ਵੀ ਹੋਵੇ ਜਾਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕਿਆ ਹੋਵੇ, ਇਜ਼ਰਾਈਲ ਉਸ ਨੂੰ ਲੱਭ ਕੇ ਖਤਮ ਕਰ ਦੇਵੇਗਾ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਇਰਾਨ ਦੀ ਪੂਰੇ ਲੀਡਰਸ਼ਿਪ ਨੂੰ ਤਬਾਹ ਕਰਨ ਦੀ ਨੀਤੀ ’ਤੇ ਕੰਮ ਕਰ ਰਿਹਾ ਹੈ। ਅਮਰੀਕਾ ਤੇ ਇਜ਼ਰਾਇਲ ਵਲੋਂ ਇਰਾਨ ’ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ।
Punjab Spectrum