Breaking News

Gurudwara Bangla Sahib: ਦਿੱਲੀ ਗੁਰਦੁਆਰਾ ਕਮੇਟੀ ਨੇ ‘ਆਪ’ ਆਗੂਆਂ ਖ਼ਿਲਾਫ਼ ਪੁਲੀਸ ਸ਼ਿਕਾਇਤ ਕਰਵਾਈ ਦਰਜ

Gurudwara Bangla Sahib: ਦਿੱਲੀ ਗੁਰਦੁਆਰਾ ਕਮੇਟੀ ਨੇ ‘ਆਪ’ ਆਗੂਆਂ ਖ਼ਿਲਾਫ਼ ਪੁਲੀਸ ਸ਼ਿਕਾਇਤ ਕਰਵਾਈ ਦਰਜ

ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਵਫ਼ਦ ਨੇ ਡੀ ਸੀ ਪੀ ਦਫ਼ਤਰ ਪਹੁੰਚ ਕੇ ਸੌਂਪੀ ਸ਼ਿਕਾਇਤ; ਵੀਡੀਓ ਸਬੂਤ ਵੀ ਕੀਤੇ ਪੇਸ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐੱਸ ਜੀ ਐੱਮ ਸੀ) ਨੇ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਵਿਰੋਧੀ ਪ੍ਰਦਰਸ਼ਨਾਂ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਥਿਤ ਵਿਘਨ ਪਾਉਣ ਅਤੇ “ਗੁੰਮਰਾਹਕੁੰਨ” ਵੀਡੀਓਜ਼ ਫੈਲਾਉਣ ਦੇ ਦੋਸ਼ ਹੇਠ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਆਗੂਆਂ ਖ਼ਿਲਾਫ਼ ਪੁਲੀਸ ਸ਼ਿਕਾਇਤ ਦਰਜ ਕਰਵਾਈ ਹੈ।

ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜੰਤਰ-ਮੰਤਰ ਪਹੁੰਚਣ ਦੀ ਕੋਸ਼ਿਸ਼ ਦੌਰਾਨ ਸ਼ਨਿੱਚਰਵਾਰ ਨੂੰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਗੁਰਦੁਆਰੇ ਦੇ ਅੰਦਰ ਇਕੱਠੇ ਹੋ ਗਏ ਸਨ।

ਡੀ ਐੱਸ ਜੀ ਐੱਮ ਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਵਰਕਰ ਅਤੇ ਸਮਰਥਕ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਏ ਤੇ ਉੱਥੇ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਨਾਲ ਹਫੜਾ-ਦਫੜੀ ਦੇ ਨਾਲ ਵਿਘਨ ਪਿਆ ਅਤੇ ਇਸ ਤਰ੍ਹਾਂ ਸਿਆਸੀ ਗਤੀਵਿਧੀਆਂ ਲਈ ‘ਗੁਰੂ ਘਰ’ ਦੀ ਪਵਿੱਤਰਤਾ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਗਈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ, “ਪ੍ਰਦਰਸ਼ਨਕਾਰੀਆਂ ਨੇ ਪਵਿੱਤਰ ਸਥਾਨ ਦੇ ਅੰਦਰ ਸਿਆਸੀ ਨਾਅਰੇਬਾਜ਼ੀ ਵੀ ਕੀਤੀ, ਜਿਸ ਨਾਲ ਧਾਰਮਿਕ ਮਾਹੌਲ ਖ਼ਰਾਬ ਹੋਇਆ ਅਤੇ ਗੁਰੂ ਘਰ ਦੀ ਪਵਿੱਤਰਤਾ ਤੇ ਮਰਿਆਦਾ ਦੀ ਉਲੰਘਣਾ ਹੋਈ। ਇਸ ਪਵਿੱਤਰ ਅਸਥਾਨ ਦੇ ਅੰਦਰ ਅਜਿਹੀ ਜਾਣਬੁੱਝ ਕੇ ਕੀਤੀ ਗਈ ਸਿਆਸੀ ਗਤੀਵਿਧੀ ਨੇ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ।”

ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਡੀ ਐੱਸ ਜੀ ਐੱਮ ਸੀ ਅਹੁਦੇਦਾਰਾਂ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀ ਸੀ ਪੀ) ਦਫ਼ਤਰ, ਨਵੀਂ ਦਿੱਲੀ ਜ਼ਿਲ੍ਹਾ ਵਿਖੇ ਸ਼ਿਕਾਇਤ ਸੌਂਪੀ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਪ੍ਰਦਰਸ਼ਨਕਾਰੀਆਂ ਨੂੰ ਦਿਖਾਉਂਦੀਆਂ ਵੀਡੀਓਜ਼ ਵੀ ਪੇਸ਼ ਕੀਤੀਆਂ।

ਦਿੱਲੀ ਕਮੇਟੀ ਨੇ ਮੰਗ ਕੀਤੀ, “ਅਸੀਂ ਦਿੱਲੀ ਪੁਲੀਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀਡੀਓਜ਼ ਰਾਹੀਂ ਇਨ੍ਹਾਂ ਵਿਅਕਤੀਆਂ ਵਿੱਚੋਂ ਹਰੇਕ ਦੀ ਪਛਾਣ ਕਰੇ, ਇਹ ਪਤਾ ਲਗਾਵੇ ਕਿ ਕਿਸ ਨੇ ਉਨ੍ਹਾਂ ਨੂੰ ਲਾਮਬੰਦ ਕੀਤਾ, ਇਕੱਠਾ ਕੀਤਾ ਅਤੇ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਹੋਣ ਲਈ ਨਿਰਦੇਸ਼ ਦਿੱਤੇ। ਇਸ ਵਿੱਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇ।”

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘ਆਪ’ ਆਗੂਆਂ ਅਤੇ ਵਿਧਾਇਕਾਂ ਨੇ ਘਟਨਾ ਦਾ “ਤੋੜ-ਮਰੋੜ ਕੇ ਪੇਸ਼ ਕੀਤਾ ਰੂਪ” ਸੋਸ਼ਲ ਮੀਡੀਆ ‘ਤੇ ਵੀਡੀਓ ਰਾਹੀਂ ਫੈਲਾਇਆ ਅਤੇ ਖੁਦ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਦੋਸ਼ ਮੜ੍ਹ ਦਿੱਤਾ। ਸ਼ਿਕਾਇਤ ਮੁਤਾਬਕ, “ਅਰਵਿੰਦ ਕੇਜਰੀਵਾਲ ਨੇ ਵੀ ਜਨਤਕ ਤੌਰ ‘ਤੇ ਇਸ ਬਿਰਤਾਂਤ ਦਾ ਸਮਰਥਨ ਕੀਤਾ ਅਤੇ ਇਸ ਨੂੰ ਹਵਾ ਦਿੱਤੀ।”

ਕਾਲਕਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੰਗਲਾ ਸਾਹਿਬ ਗੁਰਦੁਆਰੇ ਆਏ ਸਨ ਤਾਂ ਉਨ੍ਹਾਂ ਨਾਲ ਆਏ ਪੁਲੀਸ ਮੁਲਾਜ਼ਮਾਂ ਨੇ ਜੁੱਤੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਦੇ ਮੁਲਾਜ਼ਮ, ਜੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਗੁਰਦੁਆਰੇ ਵਿੱਚ ਦਾਖ਼ਲ ਹੋਏ ਸਨ, ਉਨ੍ਹਾਂ ਨੇ ਕੰਪਲੈਕਸ ਦੇ ਅੰਦਰਲੇ ਰਸਤੇ ਦੀ ਵਰਤੋਂ ਕੀਤੀ ਅਤੇ ਉਹ ਬੰਗਲਾ ਸਾਹਿਬ ਦੇ ਦਰਬਾਰ ਹਾਲ ਵਿੱਚ ਨਹੀਂ ਗਏ ਸਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਨੂੰ ਵਰਦੀ ਪਾ ਕੇ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ ਸੀ।