Breaking News

US House Democrats: ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਡੈਮੋਕਰੈਟਿਕ ਪਾਰਟੀ ਨੂੰ ਇਤਿਹਾਸਕ ਬਹੁਮਤ; 258 ਸੀਟਾਂ ਜਿੱਤੀਆਂ

US House Democrats: ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਡੈਮੋਕਰੈਟਿਕ ਪਾਰਟੀ ਨੂੰ ਇਤਿਹਾਸਕ ਬਹੁਮਤ; 258 ਸੀਟਾਂ ਜਿੱਤੀਆਂ
1992 ਤੋਂ ਬਾਅਦ ਪਾਰਟੀ ਦੀ ਸਭ ਤੋਂ ਵੱਡੀ ਜਿੱਤ; ਰਿਪਬਲਿਕਨਾਂ ਨੂੰ ਮਿਲੀਆਂ 173 ਸੀਟਾਂ; ਡੈਮੋਕਰੈਟਿਕ ਪਾਰਟੀ ਨੇ ਜੀਵਨ-ਨਿਰਬਾਹ ਦੀਆਂ ਵਧਦੀਆਂ ਕੀਮਤਾਂ ਘਟਾਉਣ ਅਤੇ ਟਰੰਪ ਪ੍ਰਸ਼ਾਸਨ ਦੀ ਜਾਂਚ ਲਈ ਬਣਾਈ 100 ਦਿਨਾਂ ਦੀ ਯੋਜਨਾ

US Democrats Historic Victory: ਅਮਰੀਕਾ ਵਿੱਚ ਡੈਮੋਕਰੈਟਿਕ ਪਾਰਟੀ ਨੇ ਦਹਾਕਿਆਂ ਦੀ ਸਭ ਤੋਂ ਵੱਡੀ ਚੋਣ ਜਿੱਤ ਦਰਜ ਕਰਦਿਆਂ ਪ੍ਰਤੀਨਿਧੀ ਸਭਾ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਵਿੱਚ 258 ਸੀਟਾਂ ਹਾਸਲ ਕਰ ਲਈਆਂ ਹਨ। ਇਹ 1992 ਤੋਂ ਬਾਅਦ ਪਾਰਟੀ ਦਾ ਸਭ ਤੋਂ ਵਧੀਆ ਚੋਣ ਨਤੀਜਾ ਹੈ। ਇਸ ਜਿੱਤ ਨਾਲ ਡੈਮੋਕਰੈਟਿਕ ਪਾਰਟੀ ਨੂੰ ਸਰਕਾਰ ਦੇ ਕੰਮਕਾਜ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ ਪਰ ਇਸ ਦੇ ਨਾਲ ਹੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦਾ ਦਬਾਅ ਵੀ ਵਧੇਗਾ।

ਡੈਮੋਕਰੈਟਾਂ ਨੇ ਹੁਣ ਤੱਕ 44 ਸੀਟਾਂ ਦਾ ਵਾਧਾ ਕੀਤਾ ਹੈ ਜੋ 2018 ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਮੱਧਕਾਲੀ ਚੋਣ ਸਾਲ ਦੌਰਾਨ ਪਾਰਟੀ ਵੱਲੋਂ ਜਿੱਤੀਆਂ ਗਈਆਂ 40 ਵਾਧੂ ਸੀਟਾਂ ਤੋਂ ਚਾਰ ਵੱਧ ਹਨ।

ਐਤਵਾਰ ਨੂੰ ਉੱਤਰੀ ਕੈਰੋਲੀਨਾ ਵਿੱਚ ਡੈਮੋਕਰੈਟਿਕ ਉਮੀਦਵਾਰ ਚੱਕ ਹਬਾਰਡ ਨੇ ਰਿਪਬਲਿਕਨ ਸੰਸਦ ਮੈਂਬਰ ਵਰਜੀਨੀਆ ਫੌਕਸ ਨੂੰ ਹਰਾ ਕੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ 258 ਤੱਕ ਪਹੁੰਚਾ ਦਿੱਤੀ। ਪ੍ਰਤੀਨਿਧੀ ਸਭਾ ਦੀਆਂ ਚਾਰ ਸੀਟਾਂ ਦੇ ਨਤੀਜੇ ਹਾਲੇ ਬਾਕੀ ਹਨ। ਇਨ੍ਹਾਂ ਵਿੱਚ ਮਿਨੀਸੋਟਾ ਅਤੇ ਟੈਨੇਸੀ ਦੀ ਇਕ-ਇਕ ਅਤੇ ਲੂਈਜ਼ਿਆਨਾ ਦੀਆਂ ਦੋ ਸੀਟਾਂ ਸ਼ਾਮਲ ਹਨ, ਜਿੱਥੇ ਦਸੰਬਰ ਵਿੱਚ ਮੁੜ ਵੋਟਾਂ ਪੈਣਗੀਆਂ। ਰਿਪਬਲਿਕਨ ਪਾਰਟੀ ਨੂੰ ਘੱਟੋ-ਘੱਟ 173 ਸੀਟਾਂ ਮਿਲੀਆਂ ਹਨ।

ਟਰੰਪ ਸਾਹਮਣੇ ਡੈਮੋਕਰੈਟਾਂ ਦੀਆਂ ਚੁਣੌਤੀਆਂ
435 ਮੈਂਬਰੀ ਪ੍ਰਤੀਨਿਧੀ ਸਭਾ ਵਿੱਚ ਇਸ ਬਹੁਮਤ ਨਾਲ ਅਮਰੀਕਾ ਵਿੱਚ ਵੰਡੀ ਹੋਈ ਸਰਕਾਰ ਦੀ ਸਥਿਤੀ ਬਣੇਗੀ। ਸੈਨੇਟ ਵਿੱਚ ਵੀ ਡੈਮੋਕਰੈਟਾਂ ਦਾ ਬਹੁਮਤ ਹੈ ਜਦਕਿ ਵ੍ਹਾਈਟ ਹਾਊਸ ਵਿੱਚ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਹਨ।

ਡੈਮੋਕਰੈਟਾਂ ਨੇ ਜਨਵਰੀ ਵਿੱਚ ਦੋਵਾਂ ਸਦਨਾਂ ਦਾ ਕੰਟਰੋਲ ਸੰਭਾਲਣ ਦੀ ਤਿਆਰੀ ਕਰਦਿਆਂ ਪਹਿਲੇ 100 ਦਿਨਾਂ ਲਈ ਆਪਣਾ ਏਜੰਡਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਮਹਿੰਗਾਈ ਅਤੇ ਜੀਵਨ-ਨਿਰਬਾਹ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣਾ ਮੁੱਖ ਤਰਜੀਹ ਹੋਵੇਗੀ। ਪਾਰਟੀ ਨੇ ਰਿਪਬਲਿਕਨਾਂ ਵੱਲੋਂ ਮੈਡੀਕੇਡ ਸਿਹਤ ਸਹੂਲਤਾਂ ਵਿੱਚ ਕੀਤੀਆਂ ਕਟੌਤੀਆਂ ਵਾਪਸ ਲੈਣ ਅਤੇ ਅਫੋਰਡੇਬਲ ਕੇਅਰ ਐਕਟ ਤਹਿਤ ਟੈਕਸ ਰਿਆਇਤਾਂ ਮੁੜ ਬਹਾਲ ਕਰਨ ਲਈ ਛੇਤੀ ਵੋਟਿੰਗ ਕਰਵਾਉਣ ਦੀ ਯੋਜਨਾ ਬਣਾਈ ਹੈ।

ਇਸ ਤੋਂ ਇਲਾਵਾ ਡੈਮੋਕਰੈਟ ਸੰਸਦ ਮੈਂਬਰ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਵਿੱਤੀ ਗਤੀਵਿਧੀਆਂ ਦੀ ਜਾਂਚ ਕਰਨਗੇ। ਉਹ ਇਹ ਵੀ ਪਤਾ ਲਾਉਣਗੇ ਕਿ ਵ੍ਹਾਈਟ ਹਾਊਸ ਪਰਤਣ ਮਗਰੋਂ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੌਲਤ ਵਿੱਚ ਕਿਵੇਂ ਵਾਧਾ ਹੋਇਆ ਹੈ।

ਨਵੀਂ ਪੀੜ੍ਹੀ ਦੇ ਆਗੂਆਂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ
ਕੋਲੋਰਾਡੋ ਤੋਂ ਡੈਮੋਕਰੈਟ ਸੰਸਦ ਮੈਂਬਰ ਜੇਸਨ ਕ੍ਰੋਅ ਨੇ ਕਿਹਾ ਕਿ ਪਾਰਟੀ ਨੂੰ ਆਪਣੇ ਉੱਤੇ ਪਏ ਦਬਾਅ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕ ਆਪਣੀ ਸਿਹਤ ਸਹੂਲਤਾਂ, ਰੁਜ਼ਗਾਰ ਅਤੇ ਖੇਤੀਬਾੜੀ ਨਾਲ ਜੁੜੀਆਂ ਸਹੂਲਤਾਂ ਗੁਆ ਰਹੇ ਹਨ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੀਆਂ ਕਾਰਵਾਈਆਂ ਕਾਰਨ ਵੀ ਲੋਕ ਪ੍ਰੇਸ਼ਾਨ ਹਨ। ਅਜਿਹੇ ਹਾਲਾਤ ਵਿੱਚ ਲੋਕਾਂ ਲਈ ਕੰਮ ਕਰਨ ਦੀ ਤੁਰੰਤ ਲੋੜ ਹੈ।

ਨਿਊਯਾਰਕ ਤੋਂ ਡੈਮੋਕਰੈਟ ਆਗੂ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਨੇ ਇਸ ਜਿੱਤ ਨੂੰ ਦੇਸ਼ ਲਈ ਇਤਿਹਾਸਕ ਪਲ ਦੱਸਦਿਆਂ ਕਿਹਾ ਕਿ ਇਹ ਨਤੀਜੇ ਤਬਦੀਲੀ ਲਿਆਉਣ ਦਾ ਲੋਕਾਂ ਵੱਲੋਂ ਦਿੱਤਾ ਫ਼ਤਵਾ ਹਨ।

ਹਕੀਮ ਜੈਫਰੀਜ਼ ਤਿੰਨ ਜਨਵਰੀ 2027 ਨੂੰ ਪ੍ਰਤੀਨਿਧੀ ਸਭਾ ਦੇ ਸਪੀਕਰ ਚੁਣੇ ਜਾਣ ਦੀ ਸਥਿਤੀ ਵਿੱਚ ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਸਿਆਹਫਾਮ ਆਗੂ ਹੋਣਗੇ। ਮੌਜੂਦਾ ਸਪੀਕਰ ਮਾਈਕ ਜੌਹਨਸਨ ਨੂੰ ਪਿਛਲੇ ਦੋ ਸਾਲਾਂ ਦੌਰਾਨ ਰਿਪਬਲਿਕਨਾਂ ਦੇ ਮਾਮੂਲੀ ਬਹੁਮਤ ਕਾਰਨ ਸਦਨ ਦਾ ਕੰਮਕਾਜ ਚਲਾਉਣ ਵਿੱਚ ਮੁਸ਼ਕਲਾਂ ਆਈਆਂ ਸਨ। ਇਸ ਦੇ ਉਲਟ ਡੈਮੋਕਰੈਟਾਂ ਕੋਲ ਹੁਣ ਵੱਡਾ ਬਹੁਮਤ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਫ਼ੈਸਲੇ ਲਾਗੂ ਕਰਵਾਉਣ ਵਿੱਚ ਵਧੇਰੇ ਸਹੂਲਤ ਮਿਲੇਗੀ।

ਓਹਾਇਓ ਤੋਂ ਰਿਪਬਲਿਕਨ ਆਗੂ ਜਿਮ ਜੌਰਡਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੇ ਦੋ ਸਾਲਾਂ ਦੌਰਾਨ ਅਮਰੀਕੀ ਪਰਿਵਾਰਾਂ ਦੇ ਹਿੱਤਾਂ ਲਈ ਸੰਘਰਸ਼ ਕਰੇਗੀ ਅਤੇ ਮੁੜ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।